ਕਾਟ ਕਾਟ ਕੇ ਲਿਖਤਾ ਰਹਿਤਾ!

ਦੇਵਿੰਦਰ ਸਤਿਆਰਥੀ-7
ਗੁਰਬਚਨ ਸਿੰਘ ਭੁੱਲਰ
ਸਤਿਆਰਥੀ ਜੀ ਦੀ ਇਕ ਹਿੰਦੀ ਕਵਿਤਾ ਦਾ ਬੰਦ ਹੈ:
ਦੇਸ਼ਕਾਲ ਕੀ ਵਹੀ ਪੁਰਾਨੀ ਚਾਲ
ਸੁਨੀ-ਸੁਨਾਈ ਕਹਿਤਾ ਰਹਿਤਾ
ਕਾਟ ਕਾਟ ਕੇ ਲਿਖਤਾ ਰਹਿਤਾ
ਰਚਨਾ ਤੋ ਅਨੁਭਵ ਕੀ ਬਾਤ
ਨਾ ਵੇਤਨ ਨਾ ਭੱਤਾ
ਚੇਪੀ ਚੇਪੀ ਨਈ ਲਿਖਾਵਟ
ਕਾਗਜ਼ ਬਨ ਗਿਆ ਗੱਤਾ।

ਇਹ ਆਪਣੀ ਰਚਨਾ ਜੋ ਵੀ ਹੱਥ ਲਗੇ, ਉਸੇ ਨੂੰ ਸੁਣਾਉਂਦੇ ਰਹਿੰਦੇ ਸਨ। ਉਹ ਸਾਹਿਤਕਾਰ ਹੋਵੇ ਜਾਂ ਸਾਹਿਤ-ਰਸੀਆ, ਪਾਠਕ ਹੋਵੇ ਜਾਂ ਅਨਪੜ੍ਹ ਸਰੋਤਾ, ਮਿਹਤਰਾਨੀ ਹੋਵੇ ਜਾਂ ਮਿਸ਼ਰਾਨੀ, ਰੱਦੀ ਵਾਲਾ ਹੋਵੇ ਜਾਂ ਬਸ ਕੰਡਕਟਰ। ਇਨ੍ਹਾਂ ਦੀ ਇਹ ਆਦਤ ਏਨੀ ਪੱਕ ਚੁੱਕੀ ਸੀ ਕਿ ਸੁਣਨ ਵਾਲੇ ਦੇ ਪੜ੍ਹੇ-ਅਨਪੜ੍ਹ ਹੋਣ ਦਾ, ਸਾਹਿਤ ਵਿਚ ਕੋਈ ਰੁਚੀ ਹੋਣ ਜਾਂ ਨਾ ਹੋਣ ਦਾ, ਸਾਹਿਤ ਦੀ ਕੋਈ ਸਮਝ ਹੋਣ ਜਾਂ ਨਾ ਹੋਣ ਦਾ ਇਨ੍ਹਾਂ ਨੂੰ ਕੋਈ ਫ਼ਰਕ ਨਹੀਂ ਸੀ ਪੈਂਦਾ। ਸਾਹਿਤ ਤੋਂ ਪੂਰੀ ਤਰ੍ਹਾਂ ਅਭਿੱਜ, ਸਾਹਿਤ ਦੇ A-ਅ ਦੇ ਅਗਿਆਨੀ ਸਰੋਤਿਆਂ, ਜਿਹੋ ਜਿਹਿਆਂ ਨੂੰ ਲੋਕ ਇੱਲ੍ਹ ਤੇ ਕੁੱਕੜ ਦਾ ਫ਼ਰਕ ਪਤਾ ਨਾ ਹੋਣ ਦੀ ਗੱਲ ਕਰਦੇ ਹਨ, ਨੂੰ ਵੀ ਉਸੇ ਉਤਸਾਹ, ਦਿਲਚਸਪੀ ਅਤੇ ਚਾਅ ਨਾਲ ਸੁਣਾਉਂਦੇ ਜਿਸ ਨਾਲ ਲੇਖਕਾਂ ਨੂੰ।
ਪਹਿਲਾਂ ਇਹ ਲੰਮੇ ਕੋਟ ਦੀਆਂ ਵੱਡੀਆਂ ਜੇਬਾਂ ਵਿਚ ਰਬੜ, ਬਲੇਡ, ਪੈਨਸਿਲ ਅਤੇ ਪੈਨ ਰਖਦੇ ਸਨ। ਜਦੋਂ ਸਰੋਤਾ ਕਿਸੇ ਤਬਦੀਲੀ ਦਾ ਸੁਝਾਅ ਦਿੰਦਾ, ਇਹ ਪਾਠ ਉਥੇ ਹੀ ਰੋਕ ਦਿੰਦੇ ਸਨ। ਜੇ ਲਿਖਤ ਪੈਨਸਿਲ ਨਾਲ ਲਿਖੀ ਹੋਈ ਹੁੰਦੀ, ਜੇਬ ਵਿਚੋਂ ਰਬੜ ਕੱਢ ਕੇ ਸਬੰਧਿਤ ਸਤਰ ਮਿਟਾਉਂਦੇ ਅਤੇ ਸਰੋਤੇ ਦੇ ਦੱਸੇ ਹੋਏ ਸ਼ਬਦ ਪੈਨਸਿਲ ਨਾਲ ਲਿਖ ਲੈਂਦੇ। ਸਿਆਹੀ ਦੇ ਖਰੜੇ ਦੇ ਸ਼ਬਦ ਇਹ ਬਲੇਡ ਨਾਲ ਖੁਰਚਦੇ ਅਤੇ ਉਸੇ ਥਾਂ ਸਰੋਤੇ ਦੀ ਰਾਏ ਲਿਖ ਲੈਂਦੇ। ਕਈ ਲੋਕ ਕਹਿੰਦੇ ਸਨ ਕਿ ਮਗਰੋਂ ਇਹ ਸਰੋਤੇ ਦੀ ਪੈਨਸਿਲ ਨਾਲ ਲਿਖੀ ਰਾਏ ਮਿਟਾ ਕੇ ਜਾਂ ਸਿਆਹੀ ਨਾਲ ਲਿਖੀ ਰਾਏ ਖੁਰਚ ਕੇ ਆਪਣੇ ਪਹਿਲਾਂ ਵਾਲੇ ਸ਼ਬਦ ਹੀ ਫੇਰ ਲਿਖ ਲੈਂਦੇ ਹਨ।
ਇਸ ਮਿਹਣੇ ਤੋਂ ਬਚਣ ਵਾਸਤੇ ਇਹ ਜੇਬ ਵਿਚ ਛੋਟੇ-ਛੋਟੇ ਕੋਰੇ ਕਾਗਜ਼, ਨਿੱਕੀ ਜਿਹੀ ਕੈਂਚੀ ਅਤੇ ਲੇਵੀ ਦੀ ਸ਼ੀਸ਼ੀ ਰੱਖਣ ਲੱਗੇ। ਹੁਣ ਇਹ ਖਰੜੇ ਨੂੰ ਮੇਸਣ ਜਾਂ ਖੁਰਚਣ ਦੀ ਥਾਂ ਬਦਲਣ ਵਾਲੇ ਸ਼ਬਦਾਂ ਉਤੇ ਲਾਉਣ ਲਈ ਕੈਂਚੀ ਨਾਲ ਲੋੜੀਂਦੇ ਆਕਾਰ ਦਾ ਕਾਗ਼ਜ਼ ਕਟਦੇ ਤੇ ਲੇਵੀ ਨਾਲ ਸਰੋਤੇ ਦੀ ਰਾਇ ਦੀ ਚੇਪੀ ਲਾ ਦਿੰਦੇ। ਆਮ ਲੇਖਕਾਂ ਦੇ ਉਲਟ ਇਨ੍ਹਾਂ ਨੂੰ ਰਚਨਾ ਛਪਵਾਉਣ ਦੀ ਕਾਹਲ ਕਦੀ ਨਹੀਂ ਸੀ ਹੋਈ। ਖਰੜਾ ਸਾਲਾਂ ਤੱਕ ਹੀ ਨਹੀਂ, ਦਹਾਕਿਆਂ ਤੱਕ ਇਨ੍ਹਾਂ ਦੀ ਕੁੱਛੜ ਵਾਲੀ ਆਫ਼ਰੀ ਹੋਈ ਫ਼ਾਈਲ ਵਿਚ ਰਹਿ ਸਕਦਾ ਸੀ। ਇਸ ਸਮੇਂ ਵਿਚ ਹਰ ਰਚਨਾ ਨੂੰ ਸੁਣ ਕੇ ਰਾਏ ਦੇਣ ਵਾਲੇ ਸਰੋਤਿਆਂ ਦੀ ਗਿਣਤੀ ਦਾ ਹਿਸਾਬ ਲਾਉਣਾ ਕੋਈ ਔਖੀ ਗੱਲ ਨਹੀਂ। ਤੇ ਇਨ੍ਹਾਂ ਅਨਗਿਣਤ ਸਰੋਤਿਆਂ ਦੀ ਰਾਏ ਦੇ ਸਤਿਕਾਰ ਵਜੋਂ ਹਰ ਸਤਰ ਵਿਚ ਚੇਪੀ ਉਤੇ ਚੇਪੀ ਅਤੇ ਉਸ ਚੇਪੀ ਉਤੇ ਹੋਰ ਚੇਪੀ ਲੱਗ ਕੇ ਕਾਗਜ਼ ਅੰਤ ਨੂੰ ਗੱਤਾ ਬਣ ਜਾਂਦਾ ਸੀ। ਇਸ ਲੇਖ ਦੇ ਸ਼ੁਰੂ ਵਿਚ ਦਿੱਤੀਆਂ ਗਈਆਂ ਇਨ੍ਹਾਂ ਦੀ ਇਕ ਹਿੰਦੀ ਕਵਿਤਾ ਦੀਆਂ ਸਤਰਾਂ ਇਸੇ ਅਮਲ ਦਾ ਪ੍ਰਗਟਾਵਾ ਹਨ। ਇਸੇ ਕਰਕੇ ਲੋਕ ਮਾਤਾ ਇਨ੍ਹਾਂ ਦੇ ਖਰੜਿਆਂ ਵੱਲ ਦੇਖ ਕੇ ਨੱਕ ਚਾੜ੍ਹਦੀ ਸੀ, “ਇਹ ਮੇਰਾ ਮੈਦੇ ਦਾ ਪੀਪਾ ਖਾ ਗਏ, ਅਜੇ ਇਨ੍ਹਾਂ ਦਾ ਢਿੱਡ ਨਹੀਂ ਭਰਿਆ।”
ਸੋਧ-ਦਰ-ਸੋਧ ਹੋਣ ਨਾਲ ਬਹੁਤ ਵਾਰ ਵਾਕ-ਬਣਤਰ ਵਿਗੜ ਜਾਂਦੀ ਅਤੇ ਵਿਆਕਰਣ ਵਿਚ ਗੜਬੜ ਹੋ ਜਾਂਦੀ। ਕਈ ਵਾਰ ਕਿਸੇ ਇਸਤਰੀ-ਲਿੰਗ ਸ਼ਬਦ ਦੀ ਥਾਂ ਪੁਲਿੰਗ ਜਾਂ ਪੁਲਿੰਗ ਸ਼ਬਦ ਦੀ ਥਾਂ ਇਸਤਰੀ-ਲਿੰਗ ਸ਼ਬਦ ਪਾ ਦਿੰਦੇ ਸਨ, ਪਰ ਬਾਕੀ ਵਾਕ ਉਵੇਂ ਹੀ ਰਹਿ ਜਾਂਦਾ ਸੀ। ਕਿਉਂਕਿ ਖਰੜੇ ਦੀ ਸੋਧ-ਸੁਧਾਈ ਨਿਰੰਤਰ ਚਲਦੀ ਰਹਿੰਦੀ ਸੀ, ਇਹ ਦੁਬਾਰਾ ਕਦੀ ਉਹਨੂੰ ਪੂਰਾ ਪੜ੍ਹ ਕੇ ਠੀਕ ਨਹੀਂ ਸਨ ਕਰਦੇ। ਸੋਧ-ਸੁਧਾਈ ਪੂਰੀ ਹੋਵੇ, ਤਦ ਹੀ ਸਹਿਜ ਨਾਲ ਬੈਠ ਕੇ ਸੰਪੂਰਨ ਪਾਠ ਕਰਨ ਅਤੇ ਵਿਆਕਰਣ ਠੀਕ ਹੋਵੇ!
ਇਕ ਵਾਰ ਇਨ੍ਹਾਂ ਨੇ ਇਕ ਕਹਾਣੀ ਸੁਣਾਉਣੀ ਸ਼ੁਰੂ ਕੀਤੀ। ਇਕ ਵਾਕ ਆਇਆ: “ਮਾਇਆ ਝੱਟ ਛਲੀਏ ਨੂੰ ਘੂਰਨ ਲੱਗੀ, ਅਸੀਂ ਬੜੇ-ਬੜੇ ਦੇਖੇ ਨੇ, ਹਜ਼ੂਰ, ਤੁਸੀਂ ਕਿਸ ਬਾਗ਼ ਦੀ ਮੂਲੀ ਹੋ!” ਮੈਂ ਕਿਹਾ, “ਸਤਿਆਰਥੀ ਜੀ, ਛਲੀਆ ਨਾਂ ਦਾ ਪਾਤਰ ਤਾਂ ਮਰਦ ਹੈ, ਮੂਲੀ ਜ਼ਨਾਨੀ ਹੈ। ਇਹ ਠੀਕ ਨਹੀਂ। ਮਰਦ ਪਾਤਰ ਦੀ ਤੁਲਨਾ ਕਰਨ ਵਾਸਤੇ ਜ਼ਨਾਨੀ ਮੂਲ਼ੀ ਦੀ ਥਾਂ ਮਰਦਾਵਾਂ ਸ਼ਲਗਮ ਕਰ ਦੇਵੋ।” ਉਨ੍ਹਾਂ ਨੇ ਖ਼ੁਸ਼ ਹੋ ਕੇ ਪੂਰੀ ਲੰਮੀ ਦਾੜ੍ਹੀ ਉਤੇ ਹੱਥ ਫੇਰਿਆ ਅਤੇ ਬੋਲੇ, “ਵਾਹ!” ਮੂਲੀ ਦੀ ਥਾਂ ਸ਼ਲਗਮ ਕਰ ਕੇ ਵਾਕ ਦੁਬਾਰਾ ਸੁਣਾਉਣ ਲਗੇ, “ਅਸੀਂ ਬੜੇ-ਬੜੇ ਦੇਖੇ ਨੇ, ਹਜ਼ੂਰ, ਤੁਸੀਂ ਕਿਸ ਬਾਗ਼ ਦੀ ਸ਼ਲਗ਼ææਆਂ ਾਂ ਾਂ ਾਂ (ਭਾਵ, ਕੁਛ ਗੜਬੜ ਹੋ ਗਈ)æææ ਨਹੀਂ (ਭਾਵ, ḔਦੀḔ ਠੀਕ ਨਹੀਂ)æææਹਾਂ (ਪੈਨ ਖੋਲ੍ਹ ਕੇ ḔਦੀḔ ਨੂੰ ḔਦੇḔ ਬਣਾਉਂਦਿਆਂ ਅਤੇ ਇਹ ਸੋਚ ਕੇ ਖੁਸ਼ ਹੁੰਦਿਆਂ ਕਿ ਵਾਕ ਠੀਕ ਹੋ ਗਿਆ, ਹੁਣ ਗੱਡੀ ਅੱਗੇ ਤੁਰ ਪਵੇਗੀ)æææਕਿਸ ਬਾਗ਼ ਦੇ ਸ਼ਲਗਮ ਹੋ!
ਤੁਸੀਂ ਇਨ੍ਹਾਂ ਦੀ ਕੋਈ ਰਚਨਾ ਸੁਣਦੇ ਸੀ, ਹਰ ਵਾਕ ਵਿਚ ਵਾਕੋਂ-ਬਾਹਰਲੀ ਆਂæææਨਹੀਂæææਹਾਂ ਜੀæææਉਂ…ਅੱਛਾ ਜੀæææਸ਼ਾਮਲ ਹੁੰਦੀ ਸੀ। ਤਾਰਾ ਸਿੰਘ ਠੀਕ ਹੀ ਕਹਿੰਦਾ ਸੀ, “ਸਤਿਆਰਥੀ ਕਹਾਣੀ ਇਸ ਤਰ੍ਹਾਂ ਸੁਣਾਉਂਦਾ ਹੈ, ਜਿਵੇਂ ਘੱਟ ਪੜ੍ਹਿਆ ਪੰਡਿਤ ਕਥਾ ਕਰ ਰਿਹਾ ਹੋਵੇ।”
ਮੈਂ ਪੁੱਛਿਆ, “ਲੋਕਾਂ ਕੋਲ ਤੁਹਾਡਾ ਖਰੜੇ ਪੜ੍ਹਨ ਦਾ ਰਹੱਸ ਕੀ ਹੈ? ਤੁਸੀਂ ਸਰੋਤੇ ਦੀ ਰਾਏ ਨੂੰ ਅਸਲ ਵਿਚ ਕਿੰਨਾ ਮਹੱਤਵ ਦਿੰਦੇ ਹੋ?”
ਇਨ੍ਹਾਂ ਦੀ ਉਹੋ ਖਚਰੀ ਮੁਸਕਰਾਹਟ, “ਦੇਖੋ ਭੁੱਲਰ ਜੀ, ਪਾਠਕ ਹੋਵੇ ਜਾਂ ਸਰੋਤਾ, ਉਹ ਤਾਂ ਲੇਖਕ ਵਾਸਤੇ ਭਗਵਾਨ ਹੋਇਆ। ਉਹਦਾ ਵਚਨ ਕਿਵੇਂ ਟਾਲ਼ਿਆ ਜਾ ਸਕਦਾ ਹੈ!”
“ਤੇ ਫੇਰ ਇਹ ਰਬੜ, ਬਲੇਡ, ਚੇਪੀਆਂ? ਜਦੋਂ ਦੂਜੇ ਸਰੋਤੇ ਦੀ ਰਾਏ ਦੀ ਚੇਪੀ ਲਾਉਂਦੇ ਹੋ, ਉਹਦੇ ਹੇਠ ਦੱਬੀ ਗਈ ਪਹਿਲੇ ਸਰੋਤੇ ਦੀ ਰਾਏ ਦੀ ਕੀ ਕੀਮਤ ਰਹਿ ਜਾਂਦੀ ਹੈ? ਤੁਹਾਡੀ ਇਹ ਸਾਰੀ ਮਿਹਨਤ ਤਾਂ ਫੇਰ ਨਿਹਫਲ ਹੋਈ? ਇਹ ਸਭ ਖਿੱਚ-ਧੂਹ ਕਾਹਦੇ ਲਈ?” ਮੈਂ ਇਸ ਬਹੁਚਰਚਿਤ ਅਤੇ ਚਿਰਾਂ-ਪੁਰਾਣੇ ਰਹੱਸ ਦਾ ਵੀ ਉਦਘਾਟਨ ਕਰਵਾ ਲੈਣਾ ਚਾਹਿਆ।
ਮੇਰੀ ਆਸ ਦੇ ਉਲਟ ਉਨ੍ਹਾਂ ਨੂੰ ਇਹ ਭੇਤ ਖੋਲ੍ਹਣ ਵਿਚ ਕੋਈ ਬਹੁਤਾ ਸੰਕੋਚ ਨਹੀਂ ਸੀ। ਕਹਿੰਦੇ, “ਦਰਅਸਲ ਜੀ ਲੋਕ ਮਾਤਾ ਤਾਂ ਇਹਨੂੰ ਮੇਰੀ ਆਤਮ-ਵਿਸ਼ਵਾਸ ਦੀ ਘਾਟ ਆਖਦੀ ਹੈ। ਰਬੜ, ਬਲੇਡ ਤਾਂ ਹੁਣ ਮੈਂ ਛਡ ਦਿਤੇ। ਲੋਕ ਕਹਿ ਦਿੰਦੇ ਸੀ ਕਿ ਮੈਂ ਮਗਰੋਂ ਫੇਰ ਮੇਸ ਜਾਂ ਖੁਰਚ ਦਿੰਦਾ ਹਾਂ। ਹੁਣ ਤਾਂ ਪੱਕੀ ਚੇਪੀ ਲਾਉਂਦਾ ਹਾਂ।”
ਮੈਂ ਉਨ੍ਹਾਂ ਦੀ ਗੱਲ ਵਿਚੋਂ ਘੁੰਡੀ ਫੜੀ, “ਪਰ ਚੇਪੀ ਉਤੇ ਵੀ ਤਾਂ ਤੁਸੀਂ ਚੇਪੀ ਲਾਉਂਦੇ ਹੋ, ਤੇ ਉਸ ਉਤੇ ਹੋਰ ਚੇਪੀ? ਫੇਰ ਸਰੋਤਿਆਂ ਦੀਆਂ ਹੇਠ-ਉਤੇ ਲਗੀਆਂ ਸਾਰੀਆਂ ਚੇਪੀਆਂ ਉਤੇ ਅੰਤ ਨੂੰ ਤੁਹਾਡੀ ਆਪਣੀ ਚੇਪੀ ਲੱਗਣੀ ਕੀ ਮੁਸ਼ਕਿਲ ਹੋ ਸਕਦੀ ਹੈ?”
ਉਹ ਥੋੜੀ ਜਿਹੀ ਝੇਪ ਨਾਲ ਮੁਸਕਰਾਏ, “ਗੱਲ ਇਹ ਹੈ ਭੁੱਲਰ ਜੀ, ਇਨ੍ਹਾਂ ਬਰੀਕੀਆਂ ਦਾ ਤਾਂ ਆਪਾਂ ਭਦੌੜ-ਪਿਥੋ ਵਾਲਿਆਂ ਨੂੰ ਹੀ ਪਤਾ ਹੈ, ਆਮ ਸਰੋਤਾ ਇਹ ਗੱਲਾਂ ਨਹੀਂ ਸਮਝਦਾ। ਨਾਲੇ ਜੀ ਮੈਨੂੰ ਤਾਂ ਮੁੜ-ਮੁੜ ਵਿਚਾਰ ਆਉਂਦਾ ਹੈ ਕਿ ਸਾਡਾ ਸਰੋਤਾ ਤੇ ਪਾਠਕ ਕੌਣ ਹੈ ਤੇ ਕਿਥੇ ਹੈ! ਇਸ ਸਵਾਲ ਦਾ ਜਵਾਬ ਲੱਭਣ ਲਈ ਹੀ ਮੈਂ ਪਤਾ ਨਹੀਂ ਕਿੰਨੇ ਵਰ੍ਹਿਆਂ ਤੋਂ ਅੱਜ ਤਕ ਛਾਪਣ ਤੋਂ ਪਹਿਲਾਂ ਆਪਣੀ ਰਚਨਾ ਜਣੇ-ਖਣੇ ਨੂੰ ਸੁਣਾਉਣ ਦਾ ਰੋਗ ਪਾਲ ਰਖਿਆ ਹੈ। ਕਿਸੇ ਦਾ ਸੁਝਾਅ ਲਿਖ ਲੈਣਾ ਤੇ ਫੇਰ ਰਬੜ ਜਾਂ ਬਲੇਡ ਨਾਲ ਮੇਸ ਦੇਣਾ ਜਾਂ ਚੇਪੀ ਨਾਲ ਢੱਕ ਦੇਣਾ ਠੀਕ ਹੀ ਤਾਂ ਹੈ ਕਿਉਂਕਿ ਅੰਤਿਮ ਫੈਸਲਾ ਤਾਂ ਲੇਖਕ ਦਾ ਅੰਤਰ-ਮਨ ਹੀ ਕਰਦਾ ਹੈ। ਅੰਤਿਮ ਚੇਪੀ ਦਾ ਅਧਿਕਾਰ ਤਾਂ ਜੀ ਆਖ਼ਰ ਲੇਖਕ ਦਾ ਹੀ ਹੋਇਆ ਨਾ! ਵੈਸੇ ਜੀ ਮੈਂ ਕਈ ਵਾਰ ਫੈਸਲਾ ਕਰਦਾ ਹਾਂ ਕਿ ਅੱਜ ਤੋਂ ਬਾਅਦ ਕਿਸੇ ਨੂੰ ਆਪਣੀ ਰਚਨਾ ਨਹੀਂ ਸੁਣਾਵਾਂਗਾ, ਪਰ ਹੋਰ ਫੈਸਲਿਆਂ ਵਾਂਗ ਇਹ ਫੈਸਲਾ ਵੀ ਮੁੜ-ਮੁੜ ਟੁੱਟ ਜਾਂਦਾ ਹੈ।”
ਇਕ ਪਲ ਰੁਕ ਕੇ ਇਨ੍ਹਾਂ ਨੇ ਇਕ ਕਾਰਨ ਹੋਰ ਵੀ ਦੱਸਿਆ, “ਇਕ ਗੱਲ ਇਹ ਵੀ ਹੈ ਜੀ ਕਿ ਇੰਡੀਅਨ ਕੌਂਸਲ ਆਫ਼ ਐਗਰੀਕਲਚਰਲ ਰੀਸਰਚ ਤੇ ‘ਆਜ ਕਲḔ ਵਿਚ ਸੰਪਾਦਨ ਦੇ ਕੰਮ ਵਿਚ ਲਾਏ ਦਸ ਕੁ ਵਰ੍ਹਿਆਂ ਨੇ ਜੋ ਸੰਪਾਦਕੀ ਸੂਝ ਮੇਰੇ ਅੰਦਰ ਪੈਦਾ ਕਰ ਦਿੱਤੀ, ਉਹ ਜਿਥੇ ਮੇਰੀ ਮਦਦ ਕਰਦੀ ਐ, ਉਥੇ ਮੇਰੀ ਦੁਸ਼ਮਣ ਵੀ ਬਣ ਗਈ ਹੈ। ਹੋਰਾਂ ਦੀਆਂ ਰਚਨਾਵਾਂ ਦੀ ਗੱਲ ਤਾਂ ਛੱਡੋ, ਛੇਤੀ ਕੀਤਿਆਂ ਮੈਨੂੰ ਆਪਣੀ ਹੀ ਕੋਈ ਰਚਨਾ ਪਸੰਦ ਨਹੀਂ ਆਉਂਦੀ। ਮੁੜਮੁੜ ਇਕੋ ਰਚਨਾ ਨੂੰ ਲਿਖੀ ਜਾਣ ਦੀ ਵਾਦੀ ਮੇਰੇ ਅੰਦਰਲੇ ਆਲੋਚਕ ਤੇ ਸੰਪਾਦਕ ਦੇ ਡਰ ਦਾ ਸਿੱਟਾ ਹੈ। ਆਪਣਾ ਆਲੋਚਕ ਵੀ ਤਾਂ ਜੀ ਆਪ ਹੀ ਬਣਨਾ ਪੈਂਦਾ ਹੈ!”
ਛੇਤੀ ਹੀ ਉਹ ਪਹਿਲਾਂ ਵਾਲੇ ਰਉਂ ਵਿਚ ਆ ਗਏ, “ਜਿਥੋਂ ਤਕ ਦੂਜਿਆਂ ਨੂੰ ਰਚਨਾ ਸੁਣਾਉਣ ਤੇ ਉਨ੍ਹਾਂ ਦੀ ਰਾਏ ਲੈਣ ਦੀ ਗੱਲ ਹੈ, ਜੀ ਮੈਂ ਤਾਂ ਸਭ ਨੂੰ ਇਕੋ ਸਰੋਤਾ ਮੰਨਦਾ ਹਾਂ, ਇਕੋ ਸਮੂਹਿਕ ਸਰੋਤਾ। ਉਸੇ ਨੂੰ ਮੈਂ ਰਚਨਾ ਵਾਰ-ਵਾਰ ਸੁਣਾਉਂਦਾ ਰਹਿੰਦਾ ਹਾਂ। ਮੈਂ ਤਾਂ ਜੀ ਸਾਰੇ ਸਰੋਤਿਆਂ ਵਿਚੋਂ ਇਕੋ ਸਰੋਤੇ ਦਾ ਸਾਂਝਾ ਚਿਹਰਾ ਦੇਖਦਾ ਹਾਂ।”
ਮੈਂ ਪੈਂਤਰਾ ਬਦਲਿਆ, “ਗੁਰੂਦੇਵ, ਰਚਨਾ ਤਾਂ ਰਚਨਾਕਾਰ ਵਾਸਤੇ, ਸਰੀਰੋਂ ਜਾਈ ਔਲਾਦ ਵਾਂਗ, ਮਨੋਂ ਜਾਈ ਔਲਾਦ ਹੁੰਦੀ ਹੈ। ਤੁਸੀਂ ਬੇਪਰਵਾਹੀ ਨਾਲ, ਸਗੋਂ ਲਾਪਰਵਾਹੀ ਨਾਲ ਉਸ ਉਤੇ ਰਬੜ, ਬਲੇਡ, ਚੇਪੀ ਜਿਹੇ ਭਾਂਤ ਭਾਂਤ ਦੇ ਸ਼ਸਤਰ ਕਿਵੇਂ ਚਲਾ ਲੈਂਦੇ ਹੋ?”
ਉਹ ਇਕਦਮ ਗੰਭੀਰ ਹੋ ਗਏ, “ਰਚਨਾਕਾਰੀ ਬੜੀਆਂ ਕੁਰਬਾਨੀਆ ਮੰਗਦੀ ਹੈ, ਭੁੱਲਰ ਜੀ, ਭਾਂਤ ਭਾਂਤ ਦੀਆਂ ਕੁਰਬਾਨੀਆਂ! ਅਸੀਂ ਤਾਂ ਜੀ ਉਹ ਹਾਂ ਜੋ ਖਿੜੇ-ਮੱਥੇ ਰਚਨਾ ਦੇ ਬੰਦ-ਬੰਦ ਕਟਾਉਂਦੇ ਹਾਂ। ਰਚਨਾ ਨੂੰ ਰਬੜ ਤੇ ਬਲੇਡ ਨਾਲ ਰਗੜਨਾ ਘੋਟਣੇ ਨਾਲ ਮਹਿੰਦੀ ਰਗੜਨ ਵਾਂਗ ਹੈ। ਜਿੰਨੀ ਰਗੜੋ, ਓਨਾ ਰੰਗ ਫੜਦੀ ਹੈ, ਓਨੀ ਲਿਸ਼ਕਦੀ ਹੈ।…ਦੇਖੋ ਭੁੱਲਰ ਜੀ, ਮੇਰੇ ਬੂਟਾਂ ਉਤੇ ਪਾਲਿਸ਼ ਨਹੀਂ, ਪਰ ਰਚਨਾ ਨੂੰ ਲਿਸ਼ਕਾਉਣ ਲਈ ਉਸ ਦੇ ਸ਼ਬਦ-ਸ਼ਬਦ ਉਤੇ ਮੈਂ ਵਾਰ-ਵਾਰ ਪਾਲਿਸ਼ ਕਰਦਾ ਹਾਂ!”