ਮੇਜਰ ਕੁਲਾਰ ਬੋਪਾਰਾਏ ਕਲਾਂ
ਫੋਨ: 916-273-2856
ਪੰਜਾਬੀ ਅਖਬਾਰਾਂ ਤੇ ਰੇਡੀਓ ਅਕਸਰ ਇਹੀ ਸੁਣਾਉਂਦੇ ਨੇ ਕਿ ਪੰਜਾਬ ਵਿਚ ਨਸ਼ਿਆਂ ਦਾ ਛੇਵਾਂ ਦਰਿਆ ਵਗ ਰਿਹਾ ਹੈ। ਨੌਜਵਾਨ ਜਾਣੇ-ਅਨਜਾਣੇ ਇਸ ਦਰਿਆ ਵਿਚ ਛਾਲਾਂ ਮਾਰ ਰਹੇ ਹਨ ਤੇ ਕਿਨਾਰਾ ਮਿਲਣਾ ਔਖਾ ਹੈ। ਅਮੀਰ ਘਰ ਦੇ ਕਾਕੇ ਤੇ ਗਰੀਬ ਘਰਾਂ ਦੇ ਬੇਰੁਜ਼ਗਾਰ ਨੌਜਵਾਨ ਇਸ ਦਰਿਆ ਵਿਚ ਡਿੱਗ ਰਹੇ ਹਨ।
ਨਸ਼ਿਆਂ ਦੀ ਮਾਰ ਜਿਥੇ ਮਾਪਿਆਂ ਲਈ ਉਮਰਾਂ ਭਰ ਦਾ ਤਸੀਹਾ ਬਣ ਰਹੀ ਹੈ, ਉਥੇ ਕੌਮ ਦੀਆਂ ਜੜ੍ਹਾਂ ‘ਤੇ ਦਾਤੀ ਫਿਰ ਰਹੀ ਹੈ। ਇਹ ਕੋਈ ਮਿਲੀਭੁਗਤ ਹੈ ਜਾਂ ਹਵਾ ਹੀ ਇਸ ਤਰ੍ਹਾਂ ਦੀ ਵਗ ਗਈ ਹੈ? ਜਦੋਂ ਬਾਗ ਦਾ ਮਾਲੀ ਹੀ ਬੇਈਮਾਨ ਹੋ ਜਾਵੇ, ਫਿਰ ਉਸ ਬਾਗ ਦੇ ਫਲ ਹੀ ਨਹੀਂ, ਪੱਤੇ ਵੀ ਨਹੀਂ ਬਚਦੇ। ਖੈਰ! ਪੰਜੇ ਉਂਗਲਾਂ ਬਰਾਬਰ ਨਹੀਂ ਹੁੰਦੀਆਂ ਹਨ। ਨੌਜਵਾਨਾਂ ਨੂੰ ਨਸ਼ਿਆਂ ਦੀ ਦਲਦਲ ਵਿਚੋਂ ਕੱਢਣ ਲਈ ਡਟਣ ਵਾਲਾ ਇਕ ਨੌਜਵਾਨ ਹੈ ਇੰਦਰਪ੍ਰੀਤ ਸਿੰਘ ਜੋ ਵਕਾਲਤ ਦੀ ਪੜ੍ਹਾਈ ਕਰ ਰਿਹਾ ਹੈ।
ਇੰਦਰ ਤਿੰਨ ਭੈਣਾਂ ਦਾ ਇਕਲੌਤਾ ਭਰਾ ਹੈ। ਚਾਚੇ-ਤਾਇਆਂ ਦਾ ਸਾਂਝਾ ਪਰਿਵਾਰ ਹੈ। ਇੰਦਰ ਬਚਪਨ ਤੋਂ ਹੀ ਸਿੱਖੀ ਤੋਂ ਪ੍ਰਭਾਵਿਤ ਸੀ। ਛੋਟਾ ਹੁੰਦਾ ਹੀ ਦਾਦੀ ਨਾਲ ਗੁਰਦੁਆਰੇ ਜਾਣ ਲੱਗ ਪਿਆ ਸੀ। ਪਹਿਲਾਂ ਤਾਂ ਸ਼ਾਇਦ ਉਸ ਨੂੰ ਗੁਰੂ ਘਰ ਦਾ ਪ੍ਰਸ਼ਾਦ ਖਿੱਚ ਲਿਜਾਂਦਾ ਹੋਵੇਗਾ, ਪਰ ਜਦੋਂ ਜਵਾਨ ਹੋਇਆ ਤਾਂ ਉਸ ਨੂੰ ਨਾਮ ਦੀ ਖਿੱਚ ਗੁਰੂ ਘਰ ਲਿਜਾਣ ਲੱਗੀ। ਉਹਨੇ ਕਦੀ ਕੋਈ ਨਸ਼ਾ ਮੂੰਹ ‘ਤੇ ਨਹੀਂ ਰੱਖਿਆ। ਜਦੋਂ ਉਹ ਦਸਵੀਂ ਵਿਚ ਸੀ ਤਾਂ ਉਸ ਨੂੰ ਤਾਏ ਦੀ ਡੋਡੇ ਅਤੇ ਚਾਚੇ ਦੀ ਘਰ ਦੀ ਕੱਢੀ ਦਾਰੂ ਪੀਣ ਦੀ ਆਦਤ ਨੇ ਝੰਜੋੜਿਆ। ਉਹਨੇ ਨਸ਼ਿਆਂ ਦਾ ਖਾਤਮਾ ਆਪਣੇ ਘਰ ਤੋਂ ਸ਼ੁਰੂ ਕਰਨ ਦਾ ਮਨ ਬਣਾ ਲਿਆ। ਆਪਣੇ ਨਾਲ ਚਾਰ ਮੁੰਡੇ ਹੋਰ ਲਏ, ਤੇ ਚਾਚੇ ਨੂੰ ਮੋਟਰ ਉਤੇ ਹੀ ਘੇਰ ਲਿਆ। ਬੜੇ ਪਿਆਰ ਨਾਲ ਸਮਝਾਇਆ ਕਿ ਇਹ ਆਦਤ ਛੱਡ ਦੇ, ਪਰ ਉਸ ਦੇ ਕੰਨ ‘ਤੇ ਜੂੰ ਨਾ ਸਰਕੀ। ਫਿਰ ਇੰਦਰ ਹੋਰੀਂ ਟਰਾਲੀ ਵਿਚ ਦਾਰੂ ਕੱਢਣ ਦਾ ਸਾਮਾਨ ਰੱਖ ਕੇ ਥਾਣੇ ਲੈ ਗਏ, ਤੇ ਚਾਚੇ ਖਿਲਾਫ ਰਿਪੋਰਟ ਲਿਖਵਾ ਦਿੱਤੀ।
ਇੰਦਰ ਦੇ ਇਸ ਕਦਮ ਨੇ ਘਰ ਵਿਚ ਭੂਚਾਲ ਲੈ ਆਂਦਾ। ਸਾਰਾ ਪਰਿਵਾਰ ਇਕ ਪਾਸੇ ਤੇ ਇੰਦਰ ਇਕੱਲਾ ਇਕ ਪਾਸੇ। ਇੰਦਰ ਦੇ ਕਦਮ ਨਾਲ ਹੋਰ ਕਦਮ ਰਲਣ ਲੱਗੇ ਤਾਂ ਚਾਚਾ ਇਕੱਲਾ ਰਹਿ ਗਿਆ। ਐਸ਼ਐਸ਼ਪੀæ ਦੇ ਪੇਸ਼ ਹੋ ਕੇ ਮੁਆਫੀ ਮੰਗੀ, ਦਾਰੂ ਨਾ ਕੱਢੂੰ ਤੇ ਨਾ ਪੀਊਂ। ਇੰਦਰ ਦੀ ਇਹ ਪਹਿਲੀ ਜਿੱਤ ਸੀ। ਫਿਰ ਉਹਨੇ ਤਾਏ ਨੂੰ ਸਮਝਾਇਆ। ਉਹ ਆਖੇ, ਪੁੱਤ ਇਹ ਡੋਡੇ ਤਾਂ ਮਰਨ ਤੋਂ ਬਾਅਦ ਹੀ ਖਹਿੜਾ ਛੱਡਣਗੇ। ਇੰਦਰ ਨੇ ਤਾਏ ਨੂੰ ਵਧੀਆ ਅਫ਼ੀਮ ਮੰਗਵਾ ਕੇ ਆਪਣੇ ਹੱਥੀਂ ਦੇਣੀ ਸ਼ੁਰੂ ਕਰ ਦਿੱਤੀ। ਤਾਇਆ, ਡੋਡਿਆਂ ਤੋਂ ਅਫੀਮ ਉਤੇ ਆ ਗਿਆ, ਤੇ ਅਫ਼ੀਮ ਤੋਂ ਘਟਦਾ ਘਟਦਾ ਇਹ ਵੀ ਛੱਡ ਗਿਆ। ਇੰਦਰ ਦੇ ਇਨ੍ਹਾਂ ਕਦਮਾਂ ਦੀ ਪੈੜਚਾਲ ਪਿੰਡ ਨੂੰ ਵੀ ਸੁਣਾਈ ਦੇਣ ਲੱਗੀ।
ਦਸਵੀਂ ਤੋਂ ਬਾਅਦ ਉਹਨੇ ਕਾਲਜ ਦਾਖਲਾ ਲੈ ਲਿਆ। ਉਥੇ ਵੀ ਉਸ ਦੀ ਮੁਲਾਕਾਤ ਉਨ੍ਹਾਂ ਮੁੰਡਿਆਂ ਨਾਲ ਹੋਈ ਜੋ ਨਸ਼ਿਆਂ ਖਿਲਾਫ ਆਪਾ ਵਾਰਨ ਨੂੰ ਤਿਆਰ ਸਨ। ਹੌਲੀ ਹੌਲੀ ਇਨ੍ਹਾਂ ਦੀ ਗਿਣਤੀ ਪੰਦਰਾਂ ਹੋ ਗਈ। ਇੰਦਰ ਨੇ ਇਕ ਦਿਨ ਆਪਣੇ ਪਿੰਡ ਦੀਆਂ ਸਾਰੀਆਂ ਹੱਟੀਆਂ ‘ਤੇ ਜਾ ਕੇ ਬੜੀ ਨਿਮਰਤਾ ਨਾਲ ਕਿਹਾ ਕਿ ਅੱਜ ਤੋਂ ਬਾਅਦ ਹੱਟੀ ਵਿਚ ਜਰਦਾ, ਬੀੜੀ ਤੇ ਸਿਗਰੇਟ ਨਹੀਂ ਹੋਣੀ ਚਾਹੀਦੀ। ਇਕ ਦੋ ਤਾਂ ਮੰਨ ਗਏ, ਜਿਹੜੇ ਨਾ ਮੰਨੇ, ਉਨ੍ਹਾਂ ਨੂੰ ਸੋਧਾ ਲਾ ਦਿੱਤਾ। ਤਿੰਨ ਮਹੀਨਿਆਂ ਵਿਚ ਸਾਰੀਆਂ ਹੱਟੀਆਂ ਤੋਂ ਕੋਈ ਨਸ਼ਾ ਪੱਤਾ ਨਾ ਲੱਭਿਆ। ਫਿਰ ਇੰਦਰ ਹੋਰਾਂ ਨੇ ਪਿੰਡ ਦੇ ਉਨ੍ਹਾਂ ਚਾਰ ਬੰਦਿਆਂ ਨੂੰ ਸਮਝਾਇਆ ਜਿਹੜੇ ਪਿੰਡ ਨਸ਼ਾ ਲਿਆ ਕੇ ਵੇਚਦੇ ਸਨ। ਉਨ੍ਹਾਂ ਵਿਚੋਂ ਤਿੰਨ ਤਾਂ ਮੰਨ ਗਏ ਪਰ ਇਕ ਵਿਚ ਇਲਾਕੇ ਦਾ ਐਮæ ਐਲ਼ ਏæ ਬੋਲਦਾ ਸੀ। ਜਦੋਂ ਉਸ ਨੂੰ ਰਤਾ ਕੁ ਹਲੂਣਾ ਮਾਰਿਆ, ਉਹ ਐਮæ ਐਲ਼ ਏæ ਦੇ ਪੈਰੀਂ ਡਿੱਗ ਪਿਆ। ਐਮæ ਐਲ਼ ਏæ ਨੇ ਇੰਦਰ ਹੋਰੀਂ ਪੁਲਿਸ ਨੂੰ ਚੁਕਾ ਦਿੱਤੇ। ਕਾਲਜ ਦੇ ਮੁੰਡਿਆਂ ਨੇ ਕਾਲਜ ਬੰਦ ਕਰਵਾ ਕੇ ਥਾਣੇ ਦਾ ਘਿਰਾਓ ਕਰ ਦਿੱਤਾ। ਐਮæ ਐਲ਼ ਏæ ਦੀਆਂ ਅੱਖਾਂ ਖੁੱਲ੍ਹ ਗਈਆਂ। ਉਸ ਨੇ ਖੁਦ ਇੰਦਰ ਨੂੰ ਛੁਡਾ ਕੇ ਆਪਣੀ ਕੋਠੀ ਸੱਦ ਲਿਆ।
ਪਹਿਲਾਂ ਤਾਂ ਇੰਦਰ ਨੂੰ ਡਰਾਇਆ-ਧਮਕਾਇਆ, ਜਦੋਂ ਦੇਖਿਆ ਕਿ ਇੰਦਰ ਤਾਂ ਅਡੋਲ ਖੜ੍ਹਾ ਹੈ, ਫਿਰ ਪਿਆਰ ਦਾ ਚੋਗਾ ਪਾਉਣ ਲੱਗਿਆ, ਪਰ ਬਾਜ਼ ਤਲੀਆਂ ਤੋਂ ਦਾਣੇ ਨਹੀਂ ਚੁਗਦੇ, ਉਹ ਤਾਂ ਸ਼ਿਕਾਰ ਦੀ ਖੁਦ ਭਾਲ ਕਰਦੇ ਨੇ। ਇੰਦਰ ਮਗਰ ਨੌਜਵਾਨਾਂ ਦਾ ਇਕੱਠ ਦੇਖ ਕੇ ਐਮæ ਐਲ਼ ਏæ ਇੰਦਰ ਹੋਰਾਂ ਵੱਲ ਹੋ ਗਿਆ ਤੇ ਉਹ ਬੰਦਾ ਵੀ ਨਸ਼ਾ ਵੇਚਣੋਂ ਹਟ ਗਿਆ। ਪਿੰਡ ਵਿਚ ਇਕ-ਦੋ ਅਜਿਹੇ ਬੰਦੇ ਹੁੰਦੇ ਹੀ ਹਨ ਜਿਨ੍ਹਾਂ ਨੇ ਚੰਗੇ ਕੰਮਾਂ ਵਿਚ ਵੀ ਲੱਤ ਅੜਾਉਣੀ ਹੁੰਦੀ ਹੈ। ਇੰਦਰ ਦਾ ਵੀ ਇਨ੍ਹਾਂ ਬੰਦਿਆਂ ਨਾਲ ਵਾਹ ਪਿਆ। ਇੰਦਰ ਨੇ ਪਿਆਰ ਦਾ ਟੀਕਾ ਲਾਇਆ ਤਾਂ ਇਨ੍ਹਾਂ ਬੰਦਿਆਂ ਦੇ ਫੁਕਰਪੁਣੇ ਦਾ ਬੁਖਾਰ ਨਾ ਉਤਰਿਆ; ਫਿਰ ਸੋਧਾ ਲਾਇਆ ਤਾਂ ਝੱਟ ਹਾਂ ਵਿਚ ਹਾਂ ਰਲਾ ਗਏ।
ਨਸ਼ਿਆਂ ਤੋਂ ਬਾਅਦ ਹੁਣ ਵਾਰੀ ਆ ਗਈ ਟਰੈਕਟਰਾਂ ਉਤੇ ਵੱਜਦੀਆਂ ਟੇਪਾਂ ਤੇ ਡੈੱਕਾਂ ਦੀ। ਜਿਹੜੇ ਮੱਸ-ਫੁੱਟ ਗੱਭਰੂਆਂ ਨੂੰ ਜ਼ਿਆਦਾ ਸ਼ੌਕ ਸੀ, ਉਚੀ ਟੇਪ ਲਾਉਣ ਦਾ, ਉਨ੍ਹਾਂ ਨੂੰ ਪਿਆਰ ਨਾਲ ਸਮਝਾਇਆ। ਕਈ ਤਾਂ ਮੰਨ ਗਏ, ਦੋ-ਤਿੰਨਾਂ ਨੂੰ ਡਾਂਗਾਂ ਨਾਲ ਸੋਧਾ ਲਾਇਆ, ਤੇ ਇਕ ਦਾ ਨਵਾਂ ਟਰੈਕਟਰ ਭੰਨ ਦਿੱਤਾ। ਗੱਲ ਫਿਰ ਥਾਣੇ ਪਹੁੰਚ ਗਈ। ਇੰਦਰ ਦੀ ਪਿੱਠ ‘ਤੇ ਐਮæ ਐਲ਼æ ਏæ ਦਾ ਹੱਥ ਆ ਗਿਆ ਸੀ। ਇੰਦਰ ਹੋਰੀਂ ਫਿਰ ਬਾਹਰ ਆ ਗਏ। ਇੰਦਰ ਦੀ ਜਾਣ-ਪਛਾਣ ਵੱਡੇ ਘਰਾਂ ਦੇ ਕਾਕਿਆਂ ਨਾਲ ਹੋ ਗਈ ਜੋ ਲਗਜ਼ਰੀ ਕਾਰਾਂ ਵਿਚ ਕਾਲਜ ਆਉਂਦੇ ਸਨ। ਇੰਦਰ ਨੇ ਉਨ੍ਹਾਂ ਦੇ ਮਾਪਿਆਂ ਨੂੰ ਕੁਝ ਦਾਨ ਲੋੜਵੰਦਾਂ ਲਈ ਕੱਢਣ ਲਈ ਪ੍ਰੇਰਿਆ। ਆਪਣੇ ਪਿੰਡ ਦੇ ਉਨ੍ਹਾਂ ਲੋੜਵੰਦਾਂ ਦੇ ਘਰ ਛੱਤ ਪੁਆ ਕੇ ਦਿੱਤੀ ਜਿਨ੍ਹਾਂ ਦੇ ਕਾਨਿਆਂ ਦੀ ਛੱਤ ਸੀ। ਲੋੜਵੰਦਾਂ ਦਾ ਮਸੀਹਾ ਬਣੇ ਇੰਦਰ ਨੂੰ ਚਾਰੇ ਪਾਸਿਓਂ ਲੋਕਾਂ ਦਾ ਸਤਿਕਾਰ ਮਿਲਣ ਲੱਗਾ। ਇਲਾਕੇ ਦੇ ਰਾਜਨੀਤਕ ਬੰਦਿਆਂ ਦੀ ਮਹਿਫਿਲ ਵਿਚ ਇੰਦਰ ਦਾ ਨਾਂ ਗੂੰਜਣ ਲੱਗਾ।
ਫਿਰ ਇੰਦਰ ਨੇ ਅਗਲਾ ਕਦਮ, ਪਿੰਡ ਦੀ ਮੁੰਡੀਰ ਜੋ ਮੋੜਾਂ ਉਤੇ ਖੜ੍ਹਦੀ ਸੀ ਅਤੇ ਔਰਤਾਂ, ਕੁੜੀਆਂ ਨੂੰ ਗੁਰਦੁਆਰੇ ਜਾਂਦਿਆਂ ਮਾੜੀ ਨਿਗ੍ਹਾ ਨਾਲ ਤੱਕਦੀ ਸੀ, ਨੂੰ ਹਟਾਇਆ। ਗੁਰਦੁਆਰਿਆਂ ਵਿਚ ਮੱਸਿਆ, ਪੁੰਨਿਆ ਤੇ ਸੰਗਰਾਂਦ ਨੂੰ ਹੁੰਦੇ ਇਕੱਠ ਵਿਚ ਮੁੰਡੀਰ ਨੂੰ ਸੇਵਾ ਵਾਲੇ ਪਾਸੇ ਲਾਇਆ। ਚਾਰ ਸਾਲ ਦੀ ਘਾਲਣਾ ਨੇ ਪਿੰਡ ਦੇ ਅੱਧੇ ਮੁੰਡੇ ਸਿੰਘ ਸਜਾ ਦਿੱਤੇ। ਇੰਦਰ ਦਾ ਮਕਸਦ ਪਹਿਲਾਂ ਘਰ-ਮੁਹੱਲਾ ਤੇ ਫਿਰ ਪਿੰਡ ਦੀ ਸਮਾਜਕ ਕੁਰੀਤੀਆਂ ਤੋਂ ਮੁਕਤੀ ਬਣ ਗਿਆ। ਪਿੰਡ ਦੇ ਜਿਹੜੇ ਨੌਜਵਾਨ ਚਿੱਟੇ ਦਾ ਨਸ਼ਾ ਕਰਨ ਲੱਗ ਪਏ ਸਨ, ਉਨ੍ਹਾਂ ਨੂੰ ਆਪਣੇ ਕੋਲ ਰੱਖ ਕੇ ਉਨ੍ਹਾਂ ਦਾ ਨਸ਼ਾ ਛੁਡਾਇਆ। ਕਿਸੇ ਨੌਜਵਾਨ ਦਾ ਨਸ਼ੇ ਕਰਨ ਬਾਰੇ ਪਤਾ ਲੱਗਦਾ ਤਾਂ ਇੰਦਰ ਉਹਦੇ ਮਾਪਿਆਂ ਨੂੰ ਘਰ ਜਾ ਕੇ ਦੱਸਦਾ। ਹਰ ਕੋਈ ਇਹੀ ਕਹਿੰਦਾ ਹੈ ਕਿ ਇੰਦਰ ਨੂੰ ਪਿੰਡ ਦਾ ਸਰਪੰਚ ਹੋਣਾ ਚਾਹੀਦਾ ਹੈ। ਚੌਵੀ ਸਾਲ ਦਾ ਇੰਦਰ ਹਰ ਇਕ ਦੀ ਅੱਖ ਦਾ ਤਾਰਾ ਬਣ ਗਿਆ।
ਪੰਜਾਬ ਵਿਚ ਨਸ਼ਿਆਂ ਖਿਲਾਫ ਚੱਲੀ ਹਰ ਮੁਹਿੰਮ ਵਿਚ ਇੰਦਰ ਅੱਗੇ ਰਿਹਾ। ਫਰੀਦਕੋਟ ਹੋਸਟਲ ਵਿਚ ਰਹਿੰਦੇ ਨਸ਼ਾ ਤਸਕਰ, ਇੰਦਰ ਦੇ ਇਕ ਮਿੱਤਰ ਨੂੰ ਚੁੱਕ ਕੇ ਲੈ ਗਏ। ਇੰਦਰ ਹੋਰਾਂ ਨੇ ਚੌਵੀ ਘੰਟਿਆਂ ਵਿਚ ਉਸ ਨੂੰ ਛੁਡਾ ਲਿਆ ਤੇ ਸਾਹਮਣੇ ਆ ਕੇ ਦੇਖਣ ਲਈ ਕਿਹਾ। ਤਸਕਰਾਂ ਨੇ ਇੰਦਰ ਹੋਰਾਂ ਨਾਲ ਟਾਈਮ ਬੰਨ੍ਹ ਲਿਆ। ਪੁਲਿਸ ਦੀ ਹਾਜ਼ਰੀ ਤੋਂ ਮੁਕਤ, ਅਣਖ ਪਰਖਣ ਦਾ ਸਮਾਂ ਤੈਅ ਹੋ ਗਿਆ। ਵੀਹ ਤਸਕਰ ਲਗਜ਼ਰੀ ਗੱਡੀਆਂ ਵਿਚ ਆਏ। ਇੰਦਰ ਇਕੱਲਾ ਹੀ ਗਿਆ। ਇੰਦਰ ਦੀ ਦਲੇਰੀ ਦੇਖ ਕੇ ਉਹ ਡਰ ਗਏ ਤੇ ਉਸ ਨੂੰ ਇਕੱਲੇ ਹੋਣ ਦਾ ਮਿਹਣਾ ਮਾਰਿਆ। ਇੰਦਰ ਦੀ ਇਕ ਫੋਨ ਕਾਲ ਨਾਲ ਦੋ ਸੌ ਮੁੰਡੇ ਜੀਪਾਂ-ਕਾਰਾਂ ਤੇ ਮੋਟਰਸਾਈਕਲ ਉਤੇ ਆ ਗਏ। ਤਸਕਰ ਵਾੜ ਵਿਚ ਬਿੱਲੇ ਵਾਂਗ ਘਿਰ ਗਏ। ਇੰਦਰ ਨੇ ਉਨ੍ਹਾਂ ਨੂੰ ਮਾੜੇ ਕੰਮਾਂ ਦਾ ਮਾੜਾ ਨਤੀਜਾ ਕੱਢ ਕੇ ਦਿਖਾਇਆ। ਤਸਕਰਾਂ ਨਾਲ ਹੁੰਦੀ ‘ਕੁੱਤੇ ਖਾਣੀ’ ਦੀਆਂ ਤਸਵੀਰਾਂ ਤੇ ਖ਼ਬਰਾਂ ਪੜ੍ਹਾਈਆਂ। ਤਸਕਰਾਂ ਨੇ ਆਪਣੀ ਗਲਤੀ ਮੰਨੀ ਤੇ ਅਗਾਂਹ ਤੋਂ ਇਸ ਧੰਦੇ ਤੋਂ ਤੋਬਾ ਕੀਤੀ। ਸਾਦਾ ਲਿਬਾਸ ਪਹਿਨਣ ਵਾਲਾ ਇੰਦਰ ਸਾਰਿਆਂ ‘ਤੇ ਭਾਰੂ ਹੋ ਗਿਆ। ਗੁਰਬਾਣੀ ਦਾ ਜਾਪ ਉਸ ਦੇ ਮੁੱਖ ‘ਤੇ ਹਮੇਸ਼ਾ ਨੂਰ ਲਿਆਉਂਦਾ ਹੈ। ਉਸ ਦੀਆਂ ਅੱਖਾਂ ਵਿਚ ਨਿਮਰਤਾ ਤੇ ਸਹਿਜ ਹਮੇਸ਼ਾ ਝਲਕਦਾ ਰਹਿੰਦਾ ਹੈ।
ਵਿਧਾਨ ਸਭਾ ਦੀਆਂ ਚੋਣਾਂ ਵਿਚ ਮੌਜੂਦਾ ਐਮæ ਐਲ਼ ਏæ ਹਾਰ ਗਿਆ। ਉਸ ਨੇ ਇੰਦਰ ਨੂੰ ਉਲਾਂਭਾ ਦਿੱਤਾ, “ਤੇਰੇ ਪਿੰਡ ਤੋਂ ਸਾਡੀ ਪਾਰਟੀ ਨੂੰ ਦੋ ਸੌ ਵੋਟ ਪਈ ਹੈ।” ਇੰਦਰ ਨੇ ਸਹਿਜ ਨਾਲ ਉਤਰ ਦਿੱਤਾ, “ਬਾਈ ਜੀ! ਹੁਣ ਲੋਕ ਸਿਆਣੇ ਹੋ ਗਏ ਹਨ। ਵੋਟਾਂ ਬੰਗਲਿਆਂ ਵਿਚ ਰਹਿ ਕੇ ਨਹੀਂ ਮਿਲਦੀਆਂ, ਲੋਕਾਂ ਵਿਚ ਜਾ ਕੇ ਖੜ੍ਹਨਾ ਨਹੀਂ, ਸਗੋਂ ਬਹਿਣਾ ਪੈਂਦਾ ਹੈ। ਪਿੰਡ ਵਿਚ ਤੁਹਾਡੇ ਦੋ-ਤਿੰਨ ਚਮਚੇ ਹੀ ਮੰਤਰੀ ਬਣੇ ਫਿਰਦੇ ਨੇ, ਉਨ੍ਹਾਂ ਨੂੰ ਨੱਥ ਪਾਓ। ਲੋਕਾਂ ਦੀਆਂ ਮੁਸ਼ਕਿਲਾਂ ਸੁਣੋ, ਫਿਰ ਸ਼ਾਇਦ ਅਗਲੀ ਵਾਰੀ ਲਾਲ ਬੱਤੀ ਵਾਲੀ ਕਾਰ ਮਿਲ ਜਾਵੇ।” ਇੰਦਰ ਦੀਆਂ ਗੱਲਾਂ ਸੁਣ ਕੇ ਐਮæ ਐਲ਼ ਏæ ਸੋਚੀਂ ਪੈ ਗਿਆ। ਉਸ ਨੂੰ ਲੱਗਾ, ਜਿਵੇਂ ਖੁਦ ਹੀ ਪੈਰ ਕੁਹਾੜਾ ਮਾਰ ਲਿਆ ਹੋਵੇ।
ਇੰਦਰ ਹੋਰਾਂ ਦਾ ਅਗਲਾ ਕਦਮ ਸੀ, ਪਿੰਡ ਵਿਚ ਕੇਸ ਕੱਟਣ ਵਾਲੀਆਂ ਦੁਕਾਨਾਂ ਬੰਦ ਕਰਵਾਉਣਾ। ਇੰਦਰ ਨੇ ਇਕੱਲਿਆਂ ਜਾ ਕੇ ਇਕ ਨੂੰ ਦੁਕਾਨ ਬੰਦ ਕਰਨ ਲਈ ਕਿਹਾ। ਉਹ ਕਹਿੰਦਾ, ਮੈਂ ਬੱਚੇ ਕਿੰਜ ਪਾਲੂੰਗਾ। ਇੰਦਰ ਹੋਰਾਂ ਨੇ ਇਕ ਲੱਖ ਰੁਪਏ ਇਕੱਠਾ ਕਰ ਕੇ ਉਸ ਨੂੰ ਉਸੇ ਥਾਂ ਉਤੇ ਕਰਿਆਨੇ ਦੀ ਦੁਕਾਨ ਖੋਲ੍ਹ ਦਿੱਤੀ ਜਿਹੜੀ ਥੋੜ੍ਹੇ ਸਮੇਂ ਵਿਚ ਹੀ ਵਧੀਆ ਚੱਲਣ ਲੱਗ ਪਈ ਤੇ ਉਹ ਬੰਦਾ ਵੀ ਬਾਗੋ-ਬਾਗ ਹੋ ਗਿਆ। ਫਿਰ ਦੂਜੇ ਨੂੰ ਵੀ ਇਸੇ ਤਰ੍ਹਾਂ ਪੁੱਛਿਆ, ਪਰ ਉਹ ਨਾ ਮੰਨਿਆ। ਫਿਰ ਦੁਕਾਨ ਦੇ ਮਾਲਕ ਨੂੰ ਕਹਿ ਕੇ ਉਸ ਦਾ ਕੰਘਾ-ਉਸਤਰਾ ਚੁੱਕਾ ਦਿੱਤਾ ਤੇ ਉਸ ਨੇ ਕਿਸੇ ਹੋਰ ਪਿੰਡ ਜਾ ਕੇ ਸ਼ੀਸ਼ੇ ਚੜ੍ਹਾ ਲਏ। ਜਿਸ ਦਿਨ ਤੋਂ ਇੰਦਰ ਨੇ ਸਮਾਜ ਸੁਧਾਰ ਲਹਿਰ ਨੂੰ ਤੋਰਿਆ ਹੈ, ਸਾਰਾ ਪਿੰਡ ਖੁਸ਼ ਹੈ। ਇੰਦਰ ਆਪਣੀ ਪੜ੍ਹਾਈ ਵੀ ਪੂਰੀ ਲਗਨ ਨਾਲ ਕਰ ਰਿਹਾ ਹੈ। ਅਮਰੀਕਾ, ਕੈਨੇਡਾ ਤੋਂ ਉਸ ਲਈ ਕਈ ਰਿਸ਼ਤੇ ਆਏ, ਪਰ ਉਹ ਕਹਿੰਦਾ ਹੈ ਕਿ ਗੁਰੂਆਂ ਪੀਰਾਂ ਦੀ ਪਵਿੱਤਰ ਧਰਤੀ ਛੱਡ ਕੇ ਉਹਨੇ ਕਿਤੇ ਨਹੀਂ ਜਾਣਾ। ਇਥੇ ਰਹਿ ਕੇ ਲੋਕਾਂ ਦੀ ਸੇਵਾ ਕਰਨੀ ਹੈ।
ਨੇਪਾਲ ਵਿਚ ਆਈ ਕੁਦਰਤੀ ਕਰੋਪੀ ਨੂੰ ਜਿਥੇ ਲੋਕਾਂ ਨੇ ਆਪਣੇ ਘਰਾਂ ਵਿਚ ਟੀæਵੀæ ਉਤੇ ਦੇਖਿਆ, ਉਥੇ ਇੰਦਰ ਹੋਰੀਂ ਵੀਹ ਜਣੇ ਨੇਪਾਲ ਪਹੁੰਚ ਗਏ। ਲੋਕਾਂ ਨੂੰ ਮਲਬੇ ਵਿਚੋਂ ਕੱਢਿਆ। ਜ਼ਖਮੀਆਂ ਨੂੰ ਹਸਪਤਾਲ ਵਿਚ ਪਹੁੰਚਾਉਣ ਵਿਚ ਮਦਦ ਕੀਤੀ। ਰੋਂਦੇ-ਕਰਲਾਉਂਦੇ ਲੋਕਾਂ ਨੂੰ ਹਿੱਕ ਨਾਲ ਲਾਇਆ। ਪੰਦਰਾਂ ਦਿਨ ਨਿਸ਼ਕਾਮ ਸੇਵਾ ਕੀਤੀ। ਇੰਦਰ ਹੋਰਾਂ ਨਾਲ ਇਕ ਐਸ਼ ਐਸ਼ ਪੀæ ਦਾ ਮੁੰਡਾ ਵੀ ਸੀ ਜੋ ਉਥੇ ਬਿਮਾਰ ਹੋ ਗਿਆ। ਵਾਪਸ ਆ ਕੇ ਉਸ ਲੜਕੇ ਦਾ ਇਲਾਜ ਕਰਵਾਇਆ। ਧੰਨ ਉਹ ਐਸ਼ ਐਸ਼ ਪੀæ ਜਿਹੜਾ ਗੁੱਸੇ ਹੋਣ ਦੀ ਬਜਾਏ ਇੰਦਰ ਹੋਰਾਂ ਨੂੰ ਸਲੂਟ ਮਾਰ ਗਿਆ ਤੇ ਆਪਣੇ ਪੁੱਤ ‘ਤੇ ਮਾਣ ਮਹਿਸੂਸ ਕੀਤਾ।
ਇੰਦਰ ਹੋਰਾਂ ਦਾ ਅਗਲਾ ਕਦਮ ਹੈ ਕਿ ਵਿਆਹਾਂ ਵਿਚ ਲੋੜੋਂ ਵੱਧ ਖਰਚਾ ਬੰਦ ਕਰਨਾ, ਪਿੰਡ ਦੇ ਰਾਹ ਉਤੇ ਖੁੱਲ੍ਹਿਆ ਸ਼ਰਾਬ ਦਾ ਠੇਕਾ ਬੰਦ ਕਰਵਾਉਣ। ਇਹ ਕਦਮ ਪੁੱਟਣ ਲਈ ਉਸ ਨੂੰ ਹੋਰ ਕਦਮ ਨਾਲ ਰਲਾਉਣੇ ਪੈਣਗੇ। ਜੋ ਲੋਕ ਵੀ ਖੁਦਕੁਸ਼ੀਆਂ ਤੋਂ ਬਚਣਾ ਚਾਹੁੰਦੇ ਨੇ, ਇੰਦਰ ਨਾਲ ਜ਼ਰੂਰ ਤੁਰਨਗੇ। ਇਕ ਨਾਲ ਇਕ ਰਲਣ ਨਾਲ ਕਾਫਲਾ ਬਣਦਾ ਹੈ। ਇੰਦਰ ਵਰਗੇ ਨੌਜਵਾਨਾਂ ਦੀ ਜ਼ਰੂਰਤ ਹੁਣ ਹਰ ਪਿੰਡ ਨੂੰ ਹੈ। ਇੰਦਰ ਨੂੰ ਜਨਮ ਦੇਣ ਲਈ ਮਾਂ ਨੂੰ ਸਲਾਮ!