ਬਰਸੁ ਘਨਾ ਮੇਰਾ ਪਿਰੁ ਘਰਿ ਆਇਆ

ਵਰਖਾ ਦੀ ਰੁੱਤ ਦਾ ਇਹ ਸੁਹਾਵਣਾ ਸਾਉਣ ਮਹੀਨਾ, ਤੇ ਇਸ ਦੇ ਅਲੌਕਿਕ ਨਜ਼ਾਰੇ ਵੇਖ ਕੇ ਜੀਵ ਆਤਮਾ ਨੂੰ ਸਰਸ਼ਾਰ ਤੇ ਆਨੰਦਿਤ ਕਰ ਦੇਣ ਵਾਲਾ ਪਾਵਨ ਸ਼ਬਦ ‘ਬਰਸੁ ਘਨਾ ਮੇਰਾ ਪਿਰੁ ਘਰਿ ਆਇਆ’ ਰਾਗ ਮਲਹਾਰ ਵਿਚ ਸ੍ਰੀ ਗੁਰੂ ਨਾਨਕ ਦੇਵ ਦਾ ਉਚਾਰਨ ਕੀਤਾ ਹੋਇਆ ਹੈ। ਗੁਰਬਾਣੀ ਵਿਚ ਸਤਿਗੁਰਾਂ ਨੇ ਸਾਵਣ ਦੇ ਸੁਹੱਪਣ ਅਤੇ ਤਪ ਰਹੀ ਲੁਕਾਈ ਨੂੰ ਸ਼ਾਂਤ ਤੇ ਸਹਿਜ ਦੇਣ ਦੀ ਖੁੱਲ੍ਹ ਕੇ ਪ੍ਰਸ਼ੰਸਾ ਕੀਤੀ ਹੈ।

ਸਾਉਣ ਮਹੀਨਾ ਰੀਝਾਂ, ਉਮੰਗਾਂ ਅਤੇ ਪਿਆਰ ਨਾਲ ਭਰਿਆ ਹੋਇਆ ਜਦ ਪੂਰੇ ਜਲੌਅ-ਜਲਵੇ ਨਾਲ ਆ ਬੂਹਾ ਖੜਕਾਉਂਦਾ ਹੈ ਤਾਂ ਸਾਉਣ ਦੇ ਸੋਹਣੇ ਨਜ਼ਾਰਿਆਂ ਦਾ ਅਨੰਦ ਮਾਨਣ ਲਈ ਕਾਇਨਾਤ ਉਤਾਵਲੀ ਹੋ ਉਠਦੀ ਹੈ। ਜੇਠ-ਹਾੜ੍ਹ ਦੀਆਂ ਸਾੜਦੀਆਂ ਧੁੱਪਾਂ ਤੇ ਅੱਗ ਵਰਗੀ ਲੋਅ ਮਗਰੋਂ ਜਦ ਸਾਉਣ ਆਉਂਦਾ ਹੈ ਤਾਂ ਜੀਵ ਤੇ ਬਨਸਪਤੀ ਖਿੜ ਉਠਦੇ ਹਨ।
ਉਧਰ, ਸਾਵਣ ਵੀ ਪੂਰੀ ਤਿਆਰੀ ਨਾਲ ਮੇਘੜੇ ਦੀਆਂ ਫੌਜਾਂ ਨਾਲ ਲੈ, ਗੜ ਗੜ ਕਰਦਾ ਆਸਮਾਨ ਉਤੇ ਆ ਡੇਰਾ ਜਮਾਉਂਦਾ ਹੈ। ਧਰਤੀ ਉਤੇ ਤੁਰਦਾ-ਫਿਰਦਾ ਤੇ ਰੀਂਗਦਾ ਹਰ ਇਕ ਜੀਵ-ਜੰਤੂ ਮੇਘੜੇ ਨੂੰ ਆਇਆ ਵੇਖ ਝੂਮ ਉਠਦਾ ਹੈ। ਜਦੋਂ ਸਾਵਣ ਵਿਚ ਮੇਘੜੇ ਦੀਆਂ ਫੌਜਾਂ ਸੂਰਜ ਨੂੰ ਪਿੱਛੇ ਕਰ ਕੇ ਆਪਣਾ ਜਲਵਾ ਦਿਖਾਉਣ ਦੀ ਤਿਆਰੀ ਕਰਦੀਆਂ ਹਨ, ਤਾਂ ਚੰਚਲ ਸ਼ੋਖ ਹਵਾਵਾਂ ਵੀ ਬੰਦ ਕੀਤੇ ਸਾਰੇ ਬੂਹੇ ਖੋਲ੍ਹ ਕੇ ਬਾਹਰ ਵੱਲ ਦੌੜ ਪੈਂਦੀਆਂ ਹਨ। ਰਿਮ-ਝਿਮ ਕਣੀਆਂ ਦਾ ਧਰਤੀ ਵੱਲ ਆਉਣਾ ਵੇਖ ਹਵਾਵਾਂ ਵੀ ਨਹਾ-ਧੋ ਕੇ ਠੰਢੀਆਂ ਠਾਰ ਹੋ ਮਸਤਾਨੀਆਂ ਅਦਾਵਾਂ ਨਾਲ ਧਰਤੀ ਦੇ ਜੀਵਾਂ ਦੀਆਂ ਉਮੰਗਾਂ ਨੂੰ ਜੀਵਨ ਬਖਸ਼ਦੀਆਂ ਹਨ। ਕਾਲੀਆਂ ਘੋਰ ਘਟਾਵਾਂ, ਠੰਢੀਆਂ ਮਸਤ ਹਵਾਵਾਂ ਨੂੰ ਵੇਖ ਧਰਤੀ ਵੀ ਆਪਾ ਖੋ ਬੈਠਦੀ ਹੈ ਤੇ ਇਨ੍ਹਾਂ ਮਨਮੋਹਕ ਨਜ਼ਾਰਿਆਂ ਨੂੰ ਆਪਣੀ ਬੁੱਕਲ ਵਿਚ ਸਮੇਟਣ ਲਈ ਉਤਾਵਲੀ ਹੋ ਉਠਦੀ ਹੈ।
ਫਿਰ ਜਦ ਮੀਂਹ ਵਰ੍ਹਦਾ ਹੈ ਤਾਂ ਸਾਰੀ ਬਨਸਪਤੀ ਹਰੀ-ਭਰੀ ਹੋ ਜਾਂਦੀ ਹੈ। ਕਾਲੀਆਂ ਘਟਾਵਾਂ ਵਿਚ ਚਾਨਣੀ ਦਾ ਚਮਕਣਾ ਤੇ ਕੜਕਣਾ, ਨਿੱਕੀ ਨਿੱਕੀ ਵਰਖਾ, ਠੰਢੀ ਹਵਾ ਅਤੇ ਹਰੀ-ਭਰੀ ਬਨਸਪਤੀ ਨਾਲ ਝੂਮਦੇ ਖੇਤ ਵੇਖ ਕੇ ਭਲਾ ਕੌਣ ਨਾ ਨੱਚੇ ਤੇ ਗਾਵੇ! ਮੋਰ ਪੈਲਾਂ ਪਾਉਂਦੇ ਹਨ ਅਤੇ ਕੋਇਲ ਦੀ ਬਿਰਹਾ ਭਰੀ ਹੂਕ, ਫਲਾਂ ਤੇ ਫਸਲਾਂ ਉਤੇ ਖੇਡਦੀਆਂ ਰੰਗ-ਬਰੰਗੀਆਂ ਤਿਤਲੀਆਂ, ਸਾਰੰਗ ਅਤੇ ਮਲਹਾਰ ਦੀਆਂ ਸੁਰਾਂ ਲਾਉਂਦੇ ਬੀਂਡੇ, ਆਪਣੇ ਪੀਆ ਨੂੰ ਆਵਾਜ਼ਾਂ ਮਾਰਦੇ ਪਪੀਹੇ, ਇਨ੍ਹਾਂ ਸਾਰੇ ਅਲੌਕਿਕ ਨਜ਼ਾਰਿਆਂ ਨੂੰ ਵੇਖ ਸਤਿਗੁਰੂ ਨਾਨਕ ਦੇਵ ਭਲਾ ਸਾਵਣ ਦੇ ਸੁਹੱਪਣ ਦੀ ਕਿਵੇਂ ਸਿਫ਼ਤ ਨਾ ਕਰਦੇ। ਗੁਰਦੇਵ ਆਖਦੇ ਹਨ,
ਬਰਸੁ ਘਨਾ ਮੇਰਾ ਪਿਰੁ ਘਰਿ ਆਇਆ॥
ਹੇ ਸਾਵਣ! ਹੁਣ ਥੋੜ੍ਹਾ ਥੋੜ੍ਹਾ ਨਹੀਂ, ਪੂਰੇ ਜਲਾਲ ਵਿਚ ਵਰ੍ਹ, ਤੇ ਲਗਾਤਾਰ ਵਰ੍ਹ, ਕਿਉਂਕਿ ਮੇਰਾ ਪਿਆਰਾ ਪਿਰੁ ਪ੍ਰਭੂ ਘਰ ਆ ਬੈਠਾ ਹੈ। ਸਤਿਗੁਰੂ ਜੀ ਮਲਹਾਰ ਦੇ ਹੀ ਇਕ ਹੋਰ ਸ਼ਬਦ ਵਿਚ ਆਖਦੇ ਹਨ, ਬਰਸ ਘਨਾ ਮੇਰਾ ਮਨੁ ਭੀਨਾ॥
ਮਲਹਾਰ ਦੇ ਹੀ ਇਕ ਸ਼ਬਦ ਵਿਚ ਗੁਰੂ ਅਰਜਨ ਦੇਵ ਵੀ ਆਖਦੇ ਹਨ, ਬਰਸੁ ਮੇਘ ਜੀ ਤਿਲੁ ਬਿਲਮੁ ਨਾ ਲਾਉ॥ ਹੇ ਮੇਘੜੇ! ਹੁਣ ਤੂੰ ਛੇਤੀ ਬਰਸ, ਇਕ ਪਲ ਦੀ ਵੀ ਦੇਰੀ ਨਾ ਕਰ, ਬਸ ਛੇਤੀ ਬਰਸ ਤੇ ਬਰਸਦਾ ਹੀ ਰਹਿ। ਵਰਖਾ ਦੀ ਰੁੱਤ, ਸਾਉਣ ਦਾ ਮਹੀਨਾ, ਵਰਖਾ ਦਾ ਰਾਗ ਮਲਹਾਰ ਤੇ ਗੁਰੂ ਨਾਨਕ ਦੇਵ ਦੀ ਇਲਾਹੀ ਬਾਣੀæææ ਕਿਹੜੀ ਰੂਹ ਹੋਵੇਗੀ ਜੋ ਇਸ ਨੂੰ ਸੁਣ ਕੇ ਵਿਸਮਾਦ ਨਾ ਹੋ ਜਾਵੇ।
ਸਾਉਣ ਮਹੀਨਾ ਆ ਗਿਆ ਹੈ। ਆਓ, ਇਸ ਦੇ ਨਜ਼ਾਰਿਆਂ ਦਾ ਅਨੰਦ ਵੀ ਮਾਣੀਏ ਤੇ ਆਪਣੇ ਬੀਤੇ ਸਮੇਂ ਵੱਲ ਵੀ ਫੇਰਾ ਮਾਰ ਲਈਏ। ਉਦੋਂ ਦੇ ਸਾਵਣ ਤੇ ਹੁਣ ਦੇ ਸਾਵਣ ਦਾ ਆਪਸ ਵਿਚ ਕੋਈ ਮੇਲ ਨਹੀਂ ਹੈ। ਪਰਿਵਰਤਨ ਕੁਦਰਤ ਦਾ ਹੀ ਨਿਯਮ ਹੈ। ਉਸ ਵੇਲੇ ਦੀ ਸਾਦਗੀ ਭਰੀ ਜ਼ਿੰਦਗੀ ਤੇ ਅੱਜ ਦੀ ਨਵੀਨਤਮ ਸਹੂਲਤਾਂ ਨਾਲ ਨੱਕੋ-ਨੱਕ ਭਰੀ ਜ਼ਿੰਦਗੀ ਨੂੰ ਲੈ ਕੇ ਅਸੀਂ ਸਾਉਣ ਨੂੰ ਵਿਸਾਰ ਹੀ ਛੱਡਿਆ ਹੈ। ਹੁਣ ਕਿਸਾਨ ਵੀ ਸਾਉਣ ਦੇ ਬੱਦਲਾਂ ਦੀ ਬਹੁਤੀ ਉਡੀਕ ਨਹੀਂ ਕਰਦਾ। ਸਾਉਣ ਦੀ ਉਡੀਕ ਵਿਚ ਹੁਣ ਨਿੱਕੀਆਂ ਨਿੱਕੀਆਂ ਕੁੜੀਆਂ ਗੁੱਡੀ ਸਾੜਨ ਨਹੀਂ ਜਾਂਦੀਆਂ। ਨਿੱਕੇ ਨਿੱਕੇ ਮੁੰਡੇ ਵੀ ਸਾਉਣ ਦੇ ਮੀਂਹ ਵਿਚ ਨਹਾਉਂਦੇ ਹੋਏ ਇਹ ਨਹੀਂ ਗਾਉਂਦੇ- ਕਾਲੀਆਂ ਇੱਟਾਂ ਕਾਲੇ ਰੋੜ, ਮੀਂਹ ਵਰ੍ਹਾ ਦੇ ਜ਼ੋਰੋ ਜ਼ੋਰ। ਸੱਜ ਵਿਆਹੀਆਂ ਪੜ੍ਹੀਆਂ-ਲਿਖੀਆਂ ਮੁਟਿਆਰਾਂ ਹੁਣ ਪਿੱਪਲਾਂ ਉਤੇ ਪੀਂਘਾਂ ਨਹੀਂ ਝੂਟਦੀਆਂ ਤੇ ਨਾ ਹੀ ਆਪਣੇ ਕੰਤ ਦੀ ਉਡੀਕ ਵਿਚ ਗੀਤ ਗਾਉਂਦੀਆਂ ਹਨ। ਘਰਾਂ ਵਿਚ ਵੀ ਹੁਣ ਖੀਰ ਤੇ ਪੂੜੇ ਨਹੀਂ ਪੱਕਦੇ ਅਤੇ ਸਾਉਣ ਵੀ ਹੁਣ ਪਹਿਲਾਂ ਵਾਂਗ ਛਮ-ਛਮ ਨਹੀਂ ਵਰਸਦਾ। ਨਿੱਕੀਆਂ ਬਾਲੜੀਆਂ ਕੋਲ ਹੁਣ ਕੱਪੜੇ ਦੀ ਗੁੱਡੀ ਦੀ ਥਾਂ ਰਿਮੋਟ ਕੰਟਰੋਲ ਗੁੱਡੀਆਂ ਤੇ ਖਿਡੌਣੇ ਹਨ, ਉਹ ਹੁਣ ਗੁੱਡੀ ਸਾੜ ਕੇ ਸਾਵਣ ਦੇ ਮੀਂਹ ਵਿਚ ਨਹੀਂ ਨਹਾਉਂਦੀਆਂ, ਸ਼ਾਵਰ ਥੱਲੇ ਨਹਾ ਲੈਂਦੀਆਂ ਹਨ।
ਇਸੇ ਤਰ੍ਹਾਂ ਨਿੱਕੇ ਨਿੱਕੇ ਮੁੰਡੇ ਮੀਂਹ ਵਿਚ ਨਹਾਉਣ ਦੀ ਥਾਂ ਅੰਦਰੀਂ ਬੈਠ ਕੇ ਇੰਟਰਨੈਟ ‘ਤੇ ਗੇਮਾਂ ਖੇਡਣ ਵਿਚ ਲੀਨ ਹਨ। ਪੜ੍ਹੀਆਂ-ਲਿਖੀਆਂ ਮੁਟਿਆਰਾਂ ਪੀਂਘ ‘ਤੇ ਚੜ੍ਹ ਕੇ, ਜਾਂ ਗਿੱਧੇ ਵਿਚ ਗੀਤ ਗਾ ਕੇ ਆਪਣੇ ਦਿਲ ਦੇ ਵਲਵਲੇ ਨਹੀਂ ਕੱਢਦੀਆਂ। ਉਨ੍ਹਾਂ ਦੇ ਹੱਥਾਂ ਵਿਚ ਫੋਨ ਫੜੇ ਹੋਏ ਹਨ ਤੇ ਉਹ ਜਦੋਂ ਵੀ ਚਾਹੁਣ, ਆਪਣੇ ਜੀਵਨ ਸਾਥੀ ਨਾਲ ਗੱਲ ਕਰ ਸਕਦੀਆਂ ਹਨ। ਇਸ ਤੋਂ ਇਲਾਵਾ ਇੰਟਰਨੈਟ ਰਾਹੀਂ ਫੇਸ-ਟੂ-ਫੇਸ ਕਾਲ ਵੀ ਉਪਲਬਧ ਹੈ। ਘਰਾਂ ਵਿਚ ਖੀਰ-ਪੂੜੇ ਬਣਾਉਣਾ ਬੀਤੇ ਦੀ ਗੱਲ ਹੋ ਗਈ ਹੈ। ਸਾਡੇ ਡਾਕਟਰ ਹਰ ਆਦਮੀ ਨੂੰ ਮਸ਼ਵਰਾ ਦੇ ਰਹੇ ਹਨ ਕਿ ਖੰਡ ਵੀ ਘੱਟ ਅਤੇ ਘਿਓ ਵੀ ਘੱਟ, ਫਿਰ ਭਲਾ ਕਿਸ ਦੀ ਮਜਾਲ ਹੈ, ਫੈਟ ਵਾਲੀ ਖੀਰ ਅਤੇ ਫਰਾਈ ਕੀਤੇ ਪੂੜੇ ਢਿੱਡ ਭਰ ਕੇ ਖਾ ਸਕੇ!
ਇਨ੍ਹਾਂ ਸਭ ਗੱਲਾਂ ਦੀ ਖ਼ਬਰ ਸਾਉਣ ਨੂੰ ਵੀ ਹੋ ਚੁੱਕੀ ਹੈ। ਇਸ ਲਈ ਉਸ ਨੇ ਵੀ ਆਪਣਾ ਸਾਰਾ ਸਿਸਟਮ ਆਪਣੀ ਮਰਜ਼ੀ ਮੁਤਾਬਕ ਤਿਆਰ ਕਰ ਲਿਆ ਹੈ। ਵਾਤਾਵਰਣ ਦੇ ਗੰਧਲੇ ਪਾਣੀ ਨੇ ਸਉਣ ਦੇ ਬੱਦਲਾਂ ਨੂੰ ਵੀ ਗੰਧਲਾ ਕਰ ਛੱਡਿਆ ਹੈ। ਅਸੀਂ ਪੂਰੇ ਦੇ ਪੂਰੇ ਬਦਲ ਚੁੱਕੇ ਹਾਂ ਅਤੇ ਸਾਉਣ ਮਹੀਨੇ ਦੇ ਕੁਦਰਤੀ ਨਜ਼ਾਰਿਆਂ ਨੂੰ ਵਿਸਾਰ ਕੇ ਸਿਰਫ ਦਿਖਾਵੇ ਮਾਤਰ ਨਾਲ ਆ ਜੁੜੇ ਹਾਂ, ਅਸਲੀਅਤ ਤੋਂ ਹਜ਼ਾਰਾਂ ਮੀਲ ਦੂਰ ਨਿਕਲ ਆਏ ਹਾਂ। ਹੁਣ ਤੀਆਂ ਬਰੋਟਿਆਂ ਥੱਲੇ ਨਹੀਂ, ਬੈਂਕੁਇਟ ਹਾਲਾਂ ਵਿਚ ਜੁੜਦੀਆਂ ਹਨ।
ਕਦੀ ਕਦੀ ਸੋਚਦੇ ਹਾਂ ਕਿ ਸ਼ੁਕਰ ਹੈ ਪਰਮਾਤਮਾ ਦਾ, ਪਰਦੇਸਾਂ ਵਿਚ ਬੈਠੀਆਂ ਸਾਡੀਆਂ ਧੀਆਂ-ਭੈਣਾਂ ਅਜੇ ਵੀ ਤੀਆਂ ਦੇ ਮੇਲੇ ਲਾ ਕੇ ਸਾਉਣ ਨੂੰ ਯਾਦ ਕਰਦੀਆਂ ਹਨ ਤੇ ਪੂਰੇ ਸਾਉਣ ਮਹੀਨੇ ਦੇ ਨਜ਼ਾਰਿਆਂ ਦਾ ਅਨੰਦ ਮਾਣ ਲੈਂਦੀਆਂ ਹਨ ਪਰ ਅਗਲੀ ਪੀੜ੍ਹੀ ਦਾ ਕੀ ਹੋਵੇਗਾ, ਰੱਬ ਜਾਣੇ ਜਾਂ ਸਾਉਣ ਦਾ ਮਹੀਨਾ ਆਪੇ ਪਿਆ ਜਾਣੇ! ਉਂਜ, ਮੇਰਾ ਵਿਸ਼ਵਾਸ ਹੈ ਕਿ ਅਜੇ ਵੀ ਰੱਬ ਦੇ ਰੰਗ ਵਿਚ ਰੰਗੀਆਂ ਐਸੀਆਂ ਰੂਹਾਂ ਬੈਠੀਆਂ ਹਨ ਜੋ ਸਾਉਣ ਦੇ ਸੋਹਣੇ ਨਜ਼ਾਰੇ ਵੇਖ ਕੇ ਆਪਣੇ ਉਸ ਪਰਮਾਤਮਾ ਪ੍ਰਭੂ ਨੂੰ ਯਾਦ ਕਰਦੀਆਂ ਹਨ ਤੇ ਆਤਮ ਵਿਭੋਰ ਹੋ ਆਖਦੀਆਂ ਹਨ, ਬਰਸੁ ਘਨਾ ਮੇਰਾ ਪਿਰੁ ਘਰਿ ਆਇਆ॥
-ਬੀਬੀ ਸੁਰਜੀਤ ਕੌਰ ਸੈਕਰਾਮੈਂਟੋ
ਫੋਨ: 916-687-3536