ਮ੍ਰਿਤਕ ਮਛਲੀਆਂ ਤੇ ਜੀਵਤ ਜਲਪਰੀਆਂ ਦੀ ਗੱਲ

ਗੁਲਜ਼ਾਰ ਸਿੰਘ ਸੰਧੂ
ਖਬਰਾਂ ਅਨੁਸਾਰ ਹਿਮਾਚਲ ਪ੍ਰਦੇਸ਼ ਦੇ ਰਿਵਾਲਸਰ ਦੀ ਮਿੰਨੀ ਝੀਲ ਦੀਆਂ ਮੱਛੀਆਂ ਆਕਸੀਜਨ ਦੀ ਘਾਟ ਕਾਰਨ ਮਰ ਰਹੀਆਂ ਹਨ। ਪਿਛਲੇ ਦਿਨਾਂ ਵਿਚ ਮੱਛੀ ਪਾਲਣ ਵਿਭਾਗ ਦੇ ਮੁਲਾਜ਼ਮਾਂ ਨੇ ਇਕ ਕੁਇੰਟਲ ਮਰੀਆਂ ਹੋਈਆਂ ਮੱਛੀਆਂ ਕੱਢੀਆਂ ਸਨ। ਇਹ ਝੀਲ ਰਿਵਾਲਸਰ ਦੇ ਗੁਰਦਵਾਰਾ ਸਾਹਿਬ ਦੇ ਸਾਹਮਣੇ ਹੈ ਤੇ ਇਸ ਦੀਆਂ ਮੱਛੀਆਂ ਨੂੰ ਸ਼ਰਧਾਵਾਨ ਲੋਕ ਖਾਣੇ ਦੀਆਂ ਵਸਤਾਂ ਪਾਉਂਦੇ ਰਹਿੰਦੇ ਹਨ।

ਜਿਹੜਾ ਖਾਣਾ ਮੱਛੀਆਂ ਦੀ ਪਕੜ ਵਿਚ ਨਹੀਂ ਆਉਂਦਾ ਥੱਲੇ ਗਿਰ ਕੇ ਗਲ ਸੜ ਜਾਂਦਾ ਹੈ ਤੇ ਇਸ ਨਾਲ ਗੰਧਲਾਏ ਹੋਏ ਪਾਣੀ ਦੀ ਆਕਸੀਜਨ ਘਟ ਜਾਂਦੀ ਹੈ। ਆਕਸੀਜਨ ਦੀ ਘਾਟ ਮੱਛੀਆਂ ਦੀ ਮੌਤ ਦਾ ਕਾਰਣ ਬਣਦੀ ਹੈ।
ਉਂਜ ਵੀ ਰਿਵਾਲਸਰ ਦੀਆਂ ਮੱਛੀਆਂ ਨੂੰ ਇਥੋਂ ਦੇ ਵਸਨੀਕ ਪਾਕਿ-ਪਵਿਤਰ ਮੰਨਦੇ ਹੋਣ ਕਾਰਨ ਇਨ੍ਹਾਂ ਨੂੰ ਖਾਣ ਵਾਸਤੇ ਕੁੰਡੀ ਨਹੀਂ ਲਾਉਂਦੇ। ਨਤੀਜੇ ਵਜੋਂ ਇਨ੍ਹਾਂ ਦੀ ਗਿਣਤੀ ਬਹੁਤ ਜ਼ਿਆਦਾ ਹੋ ਚੁੱਕੀ ਹੈ ਜਿਸ ਨੂੰ ਝੀਲ ਦਾ ਪਾਣੀ ਸਾਂਭਣ ਦੇ ਸਮਰੱਥ ਨਹੀਂ। ਮੱਛੀਆਂ ਦਾ ਮਰਨਾ ਕੁਦਰਤੀ ਹੈ। ਮੱਛੀ ਪਾਲਣ ਵਾਲਿਆਂ ਨੂੰ ਚਾਹੀਦਾ ਹੈ ਕਿ ਇਨ੍ਹਾਂ ਵਿਚੋਂ ਬਹੁਤ ਸਾਰੀਆਂ ਮੱਛੀਆਂ ਨੂੰ ਕਿਧਰੇ ਹੋਰ ਬਦਲਣ ਦੀ ਸੋਚਣ। ਇਹ ਸਬੱਬ ਦੀ ਗੱਲ ਹੈ ਕਿ ਮੇਰੇ ਕਵੀ ਮਿੱਤਰ ਤੇ ਦੂਰਦਰਸ਼ਨ ਦੇ ਸਾਬਕਾ ਅਧਿਕਾਰੀ ਜਸਵੰਤ ਦੀਦ ਨੇ ਕੈਨੇਡਾ ਰਹਿੰਦੇ ਇਕਬਾਲ ਰਾਮੂਵਾਲੀਆ ਦੀ ਕਹਾਣੀ ‘ਜਲਪਰੀ’ ਦੀ ਇਕ ਫਿਲਮ ਤਿਆਰ ਕੀਤੀ ਹੈ ਜਿਸ ਨੂੰ ਸਾਹਿਤ ਅਕਾਡਮੀ ਨੇ ਪੰਜਾਬ ਯੂਨੀਵਰਸਿਟੀ ਦੇ ਸਿਲਵਰ ਜੁਬਲੀ ਆਡੀਟੋਰੀਅਮ ਵਿਚ ਦਿਖਾਇਆ ਹੈ। ਮੇਰੀਆਂ ਅੱਖਾਂ ਸਾਹਮਣੇ ਰਿਵਾਲਸਰ ਦੀਆਂ ਮੱਛੀਆਂ ਘੁੰਮਣ ਲਗ ਪਈਆਂ।
ਫਿਲਮ ਵਿਚ ਇੰਦਰ ਤੇ ਸਿਮਰਨ ਨਾਂ ਦੀ ਇੱਕ ਜੋੜੀ ਨੇ ਘਰ ਵਿਚ ਮੱਛੀਆਂ ਪਾਲ ਰੱਖੀਆਂ ਹਨ। ਉਹ ਦੋਵੇਂ ਅੱਠ ਦਸ ਦਿਨ ਲਈ ਘਰੋਂ ਬਾਹਰ ਜਾਂਦੇ ਹਨ ਤਾਂ ਆਕਸੀਜਨ ਵਾਲੀ ਮੋਰੀ ਵਿਚ ਆਏ ਨੁਕਸ ਕਾਰਣ ਸਭ ਦੀਆਂ ਸਭ ਪਾਲਤੂ ਮੱਛੀਆਂ ਮਰ ਜਾਂਦੀਆਂ ਹਨ। ਸਿਮਰਨ ਨੂੰ ਉਨ੍ਹਾਂ ਦੀ ਮੌਤ ਏਨਾ ਝੰਬ ਸੁਟਦੀ ਹੈ ਕਿ ਉਹ ਸਮਾਂ ਪਾ ਕੇ ਬਿਸਤਰ ਨਾਲ ਬਿਸਤਰ ਹੋ ਜਾਂਦੀ ਹੈ ਤੇ ਮੱਛੀ ਦੀ ਗੰਧ ਉਕਾ ਹੀ ਬਰਦਾਸ਼ਤ ਨਹੀਂ ਕਰ ਸਕਦੀ। ਇਸ ਦੇ ਉਲਟ ਉਸ ਦਾ ਪਤੀ ਇੰਦਰ ਮੀਟ ਮੱਛੀ ਦਾ ਏਨਾ ਆਦੀ ਹੋ ਚੁੱਕਿਆ ਹੈ ਕਿ ਮੱਛੀ ਬਿਨਾ ਖਾਣਾ ਹੀ ਨਹੀਂ ਖਾ ਸਕਦਾ। ਸਿਮਰਨ ਅਪਣੇ ਘਰ ਵਿਚ ਮੱਛੀ ਦੀ ਗੰਧ ਬਰਦਾਸ਼ਤ ਨਹੀਂ ਕਰ ਸਕਦੀ ਤਾਂ ਇੰਦਰ ਨੂੰ ਮੱਛੀ ਤਲਣ ਤੇ ਖਾਣ ਵਾਸਤੇ ਦਿਨ ਦਾ ਬਹੁਤਾ ਹਿੱਸਾ ਬੇਸਮੈਂਟ ਵਿਚ ਹੀ ਰਹਿਣਾ ਪੈਂਦਾ ਹੈ ਜਿਥੇ ਪੈਮ ਨਾਂ ਦੀ ਇਕ ਚਾਲੂ ਮਹਿਲਾ ਉਹਦਾ ਦੁਖ ਵੰਡਾਉਂਦੀ ਘਰ ਦੀ ਮਾਲਕ ਬਣ ਬਹਿੰਦੀ ਹੈ। ਸਮਾਂ ਪਾ ਕੇ ਉਹ ਇੰਦਰ ਨੂੰ ਏਨਾ ਆਪਣਾ ਸਮਝਣ ਲੱਗ ਜਾਂਦੀ ਹੈ ਕਿ ਇੰਦਰ ਨੂੰ ਸਿਮਰਨ ਤੋਂ ਬੇਮੁਖ ਹੋਣ ਦਾ ਹੁਕਮ ਦੇ ਦਿੰਦੀ ਹੈ।
ਪੈਮ ਨੂੰ ਇੰਦਰ ਮੌਜ ਮੇਲੇ ਦੇ ਬਦਲ ਵਜੋਂ ਤਾਂ ਠੀਕ ਸਮਝਦਾ ਸੀ ਪਰ ਇੱਕ ਨਵੇਂ ਅਵਤਾਰ ਵਜੋਂ ਉਕਾ ਹੀ ਨਹੀਂ। ਪੈਮ ਦੀ ਇਹ ਰੁੱਚੀ ਇੰਦਰ ਦੇ ਮਨ ਵਿਚ ਧੁਰ ਅੰਦਰ ਤੱਕ ਵਸੀ ਹੋਈ ਸਿਮਰਨ ਨੂੰ ਮੁੜ ਜੀਵਤ ਕਰ ਦਿੰਦੀ ਹੈ। ਬਿਸਤਰ ਨਾਲ ਬਿਸਤਰ ਹੋਈ ਸਿਮਰਨ ਉਸ ਨੂੰ ਉਸ ਜਲਪਰੀ ਦਾ ਰੂਪ ਲੱਗਣ ਲਗ ਜਾਂਦੀ ਹੈ ਜਿਸ ਦੇ ਧੜ ਦਾ ਹੇਠਲਾ ਹਿੱਸਾ ਤਾਂ ਮੱਛੀ ਹੈ ਤੇ ਉਪਰਲਾ ਖੁਬਸੂਰਤ ਮਹਿਲਾ ਵਾਲਾ। ਉਹ ਪੈਮ ਨੂੰ ਦੁਰਕਾਰ ਕੇ ਅਪਣੀ ਅਪੰਗ ਹੋਈ ਸਿਮਰਨ ਵਲ ਪਰਤ ਆਉਂਦਾ ਹੈ। ਅਨਿਸਚਿਤ ਵਰਖਾ ਦੀ ਮਾਰੀ ਏਸ ਵਰ੍ਹੇ ਦੀ ਬਰਸਾਤ ਮੈਨੂੰ ਇਹੋ ਜਿਹੀਆਂ ਮੱਛੀਆਂ ਤੇ ਜਲਪਰੀਆਂ ਵਿਚ ਘੁਮਾਉਂਦੀ ਫਿਰੇਗੀ, ਮੈਂ ਸੋਚਿਆ ਹੀ ਨਹੀਂ ਸੀ।
ਫੋਰਲੇਨ ਹਾਈਵੇਅ ਬਨਾਮ ਮੁਰੰਮਤ ਮੰਗਦੇ ਮਾਰਗ: ਖੰਨਾ-ਨਵਾਂ ਸ਼ਹਿਰ ਸ਼ਾਹ ਰਾਹ ਉਤੇ ਉਧੇਵਾਲ ਪਿੰਡ ਦੇ ਨੇੜੇ ਸਾਢੇ ਚਾਰ ਸੌ ਰਸੋਈ ਗੈਸ ਸਿਲੰਡਰਾਂ ਵਾਲੇ ਟਰੱਕ ਨੂੰ ਅੱਗ ਲਗਣ ਦਾ ਹਾਦਸਾ ਅੰਤਾਂ ਦਾ ਭਿਆਨਕ ਰੂਪ ਧਾਰ ਸਕਦਾ ਸੀ। ਇੱਕ ਇੱਕ ਕਰਕੇ ਸਿਲੰਡਰਾਂ ਦਾ ਫਟਣਾ ਤੇ ਉਨ੍ਹਾਂ ਦੇ ਟੁਕੜੇ ਵਸਦੇ ਘਰਾਂ ਵਿਚ ਗਿਰਨਾ ਵਸਨੀਕਾਂ ਦੇ ਸਾਹ ਸੂਤਣ ਤੋਂ ਘਟ ਨਹੀਂ। ਰਸੋਈ ਗੈਸ ਦੇ ਮਾਮੂਲੀ ਲੀਕ ਕਰਨ ਨਾਲ ਮਰਨ ਦੀਆਂ ਵਾਰਦਾਤਾਂ ਆਮ ਹੀ ਹੁੰਦੀਆਂ ਰਹਿੰਦੀਆਂ ਹਨ। ਸੈਂਕੜੇ ਸਿਲੰਡਰਾਂ ਦਾ ਹਵਾ ਵਿਚ ਉੜਨਾ ਤੇ ਫਟਣਾ ਕਿਤੇ ਵੱਧ ਭਿਆਨਕ ਹੈ। ਖੇਤਾਂ ਦੀ ਖੁਲ੍ਹੀ ਹਵਾ ਨਾ ਮਿਲਦੀ ਤਾਂ ਜਾਨੀ ਤੇ ਮਾਲੀ ਨੁਕਸਾਨ ਦਾ ਅੰਤ ਨਹੀਂ ਸੀ ਰਹਿਣਾ।
ਮਾੜੀ ਗਲ ਇਹ ਕਿ ਹਾਦਸੇ ਦਾ ਕਾਰਨ ਸ਼ਾਹ ਰਾਹ ਵਿਚ ਪਏ ਖੱਡੇ ਹਨ ਜਿਸ ਦੇ ਝਟਕੇ ਨਾਲ ਸਲੰਡਰ ਇਕ ਦੂਜੇ ਵਿਚ ਟਕਰਾਏ ਤੇ ਘਟਨਾ ਵਾਪਰੀ। ਮੈਂ ਇਨ੍ਹਾ ਖੱਡਿਆਂ ਵਿਚੋਂ ਪਿਛਲੇ ਹਫਤੇ ਬੜੀ ਮੁਸ਼ਕਲ ਨਾਲ ਅਪਣੀ ਕਾਰ ਕੱਢੀ ਸੀ। ਉਸ ਦਿਨ ਵੀ ਦੋ ਵੱਡੇ ਟਰੱਕਾਂ ਦੀਆਂ ਕਮਾਨੀਆਂ ਟੁੱਟਣ ਕਾਰਨ ਉਹ ਸੜਕ ਦੇ ਅੱਧ ਵਿਚਕਾਰ ਲੱਦੇ ਲਦਾਏ ਟੇਢੇ ਮੇਢੇ ਖੜੇ ਸਨ।
ਕੇਂਦਰ ਦੀ ਵਰਤਮਾਨ ਸਰਕਾਰ ਇੱਕ ਇੱਕ ਕਰਕੇ ਕਈ ਸੜਕਾਂ ਨੂੰ ਚਹੁੰ-ਮਾਰਗੀ ਤੇ ਛੇ-ਮਾਰਗੀ ਕਰਨ ਦੇ ਐਲਾਨਾਂ ਨਾਲ ਅਪਣੀ ਕਾਰਗੁਜ਼ਾਰੀ ਪਾਈ ਜਾ ਰਹੀ ਹੈ ਪਰ ਉਨ੍ਹਾਂ ਸੜਕਾਂ ਨੂੰ ਭੁਲਾਈ ਬੈਠੀ ਹੈ ਜਿਹੜੀਆਂ ਬੁਰੀ ਤਰ੍ਹਾਂ ਟੁੱਟ ਚੁੱਕੀਆਂ ਹਨ। ਰਾਹੋਂ ਤੇ ਮਾਛੀਵਾੜੇ ਦਾ ਇਹ ਟੋਟਾ ਪਹਿਲਾਂ ਵੀ ਟੁੱਟਦਾ ਫੁਟਦਾ ਰਿਹਾ ਹੈ ਪਰ ਉਦੋਂ ਇਨ੍ਹਾਂ ਦੀ ਮੁਰੱਮਤ ਵਲ ਏਨੀ ਅਣਗਹਿਲੀ ਨਹੀਂ ਸੀ ਵਰਤੀ ਜਾਂਦੀ। ਏਸ ਘਟਨਾ ਤੋਂ ਇਹ ਸਬਕ ਸਿੱਖਣ ਦੀ ਲੋੜ ਹੈ ਕਿ ਨਵੇਂ ਐਲਾਨਾਂ ਨਾਲ ਨੰਬਰ ਬਣਾਉਣ ਦੀ ਥਾਂ ਪੁਰਾਣੇ ਮਾਰਗਾਂ ਦੀ ਮੁਰੱਮਤ ਵਧੇਰੇ ਧਿਆਨ ਦੀ ਮੰਗ ਕਰਦੀ ਹੈ।
ਚਲੋ ਚਲੀ ਦੀ ਰੁੱਤ: ਸਾਹਿਤ, ਕਲਾ ਤੇ ਪਤਰਕਾਰੀ ਦੀ ਦੁਨੀਆਂ ਲਈ ਇਸ ਵਰ੍ਹੇ ਦੀ ਵਰਖਾ ਰੁੱਤ ਬਹੁਤ ਹੀ ਮੰਦਭਾਗੀ ਰਹੀ ਹੈ। ਬਹੁ-ਪੱਖੀ ਸ਼ਖਸੀਅਤ ਜਗਜੀਤ ਸਿੰਘ ਆਨੰਦ, ਸ਼ਿਲਪਕਾਰ ਸ਼ਿਵ ਸਿੰਘ ਅਤੇ ਕਵੀ ਤੇ ਫਿਲਮਕਾਰ ਸਰਦਾਰ ਅੰਜੁਮ ਦੇ ਚਲਾਣੇ ਦੀ ਖਬਰ ਹਾਲੀ ਠੰਢੀ ਨਹੀਂ ਸੀ ਹੋਈ ਕਿ ਤਿੰਨ ਦਹਾਕੇ ਪੰਜਾਬੀ ਟ੍ਰਿਬਿਊਨ ਨਾਲ ਕੰਮ ਕਰ ਚੁਕਿਆ ਅਸ਼ੋਕ ਸ਼ਰਮਾ ਵੀ ਉਸੇ ਰਾਹ ਤੁਰ ਗਿਆ ਹੈ। ਇਸ ਦੁਨੀਆਂ ਨੂੰ ਅਲਵਿਦਾ ਕਹਿਣ ਤੋਂ ਥੋੜ੍ਹੇ ਦਿਨ ਪਹਿਲਾਂ ਉਹ ਪ੍ਰਤਾਪ ਸਿੰਘ ਕੈਰੋਂ ਸਰਕਾਰ ਵਿਚ ਗ੍ਰਹਿ ਮੰਤਰੀ ਰਹਿ ਚੁੱਕੇ ਪੰਡਤ ਮੋਹਨ ਲਾਲ ਨਾਲ ਸਬੰਧਤ ਇੱਕ ਰਚਨਾ ‘ਪੰਜਾਬ ਦੀ ਵੰਡ’ ਦਾ ਪੰਜਾਬੀ ਰੂਪ ਮੈਨੂੰ ਦੇਣ ਆਇਆ ਸੀ। ਸਾਨੂੰ ਦੋਨਾਂ ਨੂੰ ਇਹ ਨਹੀਂ ਸੀ ਪਤਾ ਕਿ ਇਹ ਸਾਡੀ ਆਖਰੀ ਮਿਲਣੀ ਸੀ। ਮੇਰੀ ਇੱਛਾ ਹੈ ਕਿ ਚਲੋ ਚਲੀ ਦੇ ਇਸ ਪੈਂਡੇ ਨੂੰ ਠਲ੍ਹ ਪਵੇ ਤੇ ਅਸੀਂ ਭਲੇ ਦਿਨਾਂ ਨੂੰ ਚੇਤੇ ਕਰ ਸਕੀਏ।
ਅੰਤਿਕਾ: (ਸੁਲੱਖਣ ਸਰਹੱਦੀ)
ਬੰਦਾ ਹੈ ਕਿ ਅਪਣੀ ਅੱਖ ਦਾ ਪਾਣੀ ਮਾਰ ਕੇ ਰਖਦਾ ਏ,
ਔਰਤ ਹੈ ਕਿ ਛਾਤੀ ਅੰਦਰ ਦੁੱਧ ਸਮਾਈ ਰਖਦੀ ਹੈ।