ਅਮਰ ਸਿੰਘ ਚਮਕੀਲਾ ਤੇ ਅਮਰਜੋਤ ਦੇ ਧਾਰਮਿਕ ਗੀਤ

ਧਾਰਮਿਕ ਗਾਇਕੀ ਦੀ ਗੱਲ ਕਰੀਏ ਤਾਂ ਅਮਰ ਸਿੰਘ ਚਮਕੀਲਾ ਅਤੇ ਅਮਰਜੋਤ ਨੇ ਨਰਿੰਦਰ ਬੀਬਾ, ਯਮਲਾ ਜੱਟ, ਕੁਲਦੀਪ ਮਾਣਕ, ਸਰੂਪ ਸਿੰਘ ਸਰੂਪ ਵਾਂਗ ਸਿੱਖ ਇਤਿਹਾਸ ਨਾਲ ਸਬੰਧਤ ਵਧੀਆ ਗੀਤ ਗਾਏ ਜੋ ਪ੍ਰਸਿੱਧ ਵੀ ਹੋਏ। ਅਮਰ ਸਿੰਘ ਚਮਕੀਲਾ ਅਤੇ ਅਮਰਜੋਤ ਦੀ ਆਵਾਜ਼ ਵਿਚ ਪਹਿਲਾ ਧਾਰਮਿਕ ਗੀਤ ‘ਤਲਵਾਰ ਮੈਂ ਕਲਗੀਧਰ ਦੀ ਹਾਂ’ 1985 ਵਿਚ ਐਚæ ਐਮæ ਵੀæ ਕੰਪਨੀ ਨੇ ਰਿਕਾਰਡ ਕੀਤਾ।

ਮਰਹੂਮ ਗੀਤਕਾਰ ਸਨਮੁੱਖ ਸਿੰਘ ਆਜ਼ਾਦ ਦਾ ਲਿਖਿਆ ਇਹ ਧਾਰਮਿਕ ਗੀਤ ਬਹੁਤ ਹਿੱਟ ਹੋਇਆ ਅਤੇ ਉਸ ਸਮੇਂ ਹਰ ਧਾਰਮਿਕ ਸਥਾਨ ਵਿਚ ਵੱਜਿਆ। ਸਿਰਫ ‘ਤਲਵਾਰ ਮੈਂ ਕਲਗੀਧਰ ਦੀ ਹਾਂ’ ਗੀਤ ਕਰ ਕੇ ਹੀ ਸਾਰਾ ਐਲ਼ ਪੀæ ਰਿਕਾਰਡ ਵਿਕਿਆ। 1986 ਵਿਚ ਇਸ ਜੋੜੀ ਦਾ 11 ਧਾਰਮਿਕ ਗੀਤਾਂ ਦਾ ਵੱਡਾ ਐਲ਼ ਪੀæ ‘ਨਾਮ ਜਪ ਲੈ’ ਸੋਨੋਟੋਨ ਕੰਪਨੀ ਵਿਚ ਰਿਕਾਰਡ ਹੋਇਆ। ਧਾਰਮਿਕ ਟੇਪ ‘ਬਾਬਾ ਤੇਰਾ ਨਨਕਾਣਾ’ 1987 ਵਿਚ ਐਚæ ਐਮæ ਵੀæ ਕੰਪਨੀ ਵਿਚ ਰਿਕਾਰਡ ਹੋਈ ਜਿਸ ਵਿਚ ਕੁੱਲ 9 ਗੀਤ ਸਨ। ਇਸ ਟੇਪ ਵਿਚਲਾ ਗੀਤ ‘ਸਾਥੋਂ ਬਾਬਾ ਖੋਹ ਲਿਆ ਤੇਰਾ ਨਨਕਾਣਾ’ ਜੋ ਪ੍ਰਸਿੱਧ ਗੀਤਕਾਰ ਸਵਰਨ ਸੀਵੀਆ ਦਾ ਲਿਖਿਆ ਹੋਇਆ ਹੈ, ਦੀ ਤਰਜ਼ ਚਮਕੀਲੇ ਨੇ ਖੁਦ ਬਣਾਈ ਸੀ। ਇਹ ਗੀਤ ਅੱਜ ਵੀ ਮਕਬੂਲ ਹੈ।
ਚਮਕੀਲੇ ਦੇ ਗਾਏ ਧਾਰਮਿਕ ਗੀਤ ‘ਨੀ ਤੂੰ ਨਰਕਾਂ ਨੂੰ ਜਾਵੇਂ ਸਰਹਿੰਦ ਦੀ ਦੀਵਾਰੇ’, ‘ਬਾਬਾ ਦੀਪ ਸਿੰਘ’, ‘ਕਾਲਜੇ ਨੂੰ ਚੀਸ ਪੈ ਗਈ’ ਸੁਣ ਕੇ ਮਨ ਅੰਦਰ ਜੋਸ਼ ਭਰ ਜਾਂਦਾ ਹੈ। ਧਾਰਮਿਕ ਗੀਤ ਆਉਣ ਨਾਲ ਚਮਕੀਲਾ ਧਾਰਮਿਕ ਸਫ਼ਾਂ ਵਿਚ ਵੀ ਚਰਚਿਤ ਹੋ ਗਿਆ ਸੀ। ਅਮਰਜੋਤ ਦਾ ਵੀ ਚਮਕੀਲੇ ਦੇ ਹਿੱਟ ਹੋਣ ਵਿਚ ਬਹੁਤ ਵੱਡਾ ਯੋਗਦਾਨ ਸੀ। ਅਮਰਜੋਤ ਦੇ ਗਾਏ ਸੋਲੋ ਧਾਰਮਿਕ ਗੀਤ ‘ਪਟਨੇ ਸ਼ਹਿਰ ਵਿਚ ਚੰਨ ਚੜ੍ਹਿਆ’, ‘ਦਸਤਾਰਾਂ ਕੇਸਰੀ’, ‘ਕੰਧੇ ਸਰਹਿੰਦ ਦੀਏ’, ‘ਪੀਰਾਂ ਦਾ ਪੀਰ ਕੁੜੇ, ਸੁੱਤਾ ਜੰਡ ਦੇ ਥੱਲੇ’, ‘ਨੀ ਆਓ ਭੈਣੋਂ ਵੀਰਾਂ ਦੀਆਂ ਗਾਈਏ ਘੋੜੀਆਂ’, ‘ਲੈ ਲਓ ਚੁੰਨੀਆਂ ਸਿਰਾਂ ‘ਤੇ, ਅਸੀਂ ਕਰਨ ਲੜਾਈ ਆਪੇ ਚੱਲੀਆਂ’ ਬਹੁਤ ਹਿੱਟ ਹੋਏ।
ਭਾਈ ਚਤਰ ਸਿੰਘ ਜੀਵਨ ਸਿੰਘ ਪੁਸਤਕਾਂ ਵਾਲਿਆਂ ਦੇ ਦੱਸਣ ਮੁਤਾਬਿਕ ਚਮਕੀਲੇ ਦੀਆਂ ਲਿਖੀਆਂ ਧਾਰਮਿਕ ਤੇ ਹੋਰ ਪੁਸਤਕਾਂ ਨੂੰ ਪਸੰਦ ਕਰਨ ਵਾਲਿਆਂ ਦੀ ਗਿਣਤੀ ਬਹੁਤ ਜ਼ਿਆਦਾ ਸੀ। ਅੱਜ ਵੀ ਲੋਕ ਚਮਕੀਲੇ ਦੀਆਂ ਪੁਸਤਕਾਂ ਦੀ ਮੰਗ ਕਰਦੇ ਹਨ। ਚਮਕੀਲੇ ਦੇ ਧਾਰਮਿਕ ਗੀਤ ਇੰਨੇ ਹਿੱਟ ਹੋਏ ਸਨ ਕਿ ਅੱਜ ਵੀ ਇਹ ਗੀਤ ਸੁਣਨ ਨੂੰ ਮਿਲ ਜਾਂਦੇ ਹਨ। ਇਨ੍ਹਾਂ ਗੀਤਾਂ ਵਿਚ ਅਧਿਆਤਮਿਕਤਾ ਦਾ ਪੱਖ ਪੇਸ਼ ਕੀਤਾ ਗਿਆ ਸੀ ਜੋ ਮਨੁੱਖ ਨੂੰ ਕੁਝ ਕਰਨ ਦੀ ਪ੍ਰੇਰਨਾ ਦਿੰਦੇ ਹਨ:
-ਨਾਮ ਜਪ ਲੈ ਨਿਮਾਣੀ ਜਿੰਦੇ ਮੇਰੀਏ,
ਔਖੇ ਵੇਲੇ ਕੰਮ ਆਊਗਾ।
ਚਮਕੀਲੇ ਦੇ ਗਾਏ ਧਾਰਮਿਕ ਗੀਤਾਂ ਵਿਚ ਸੰਸਾਰ ਦੀ ਨਾਸ਼ਮਾਨਤਾ ਤੇ ਮਨੁੱਖੀ ਜੀਵਨ ਦੀ ਅਸਥਿਰਤਾ ਨੂੰ ਬਿਆਨ ਕੀਤਾ ਗਿਆ ਹੈ:
-ਕੀ ਮੁਨਿਆਦਾਂ ਤੇਰੀਆਂ,
ਪਾਣੀ ਦਿਆ ਬੁਲਬੁਲਿਆ।
-ਢਾਈ ਦਿਨ ਦੀ ਪ੍ਰਾਹੁਣੀ ਇਥੇ ਤੂੰ,
ਐਵੇਂ ਨਾ ਜਿੰਦੇ ਮਾਣ ਕਰੀਂ।
ਮਾਤਾ ਗੁਜਰੀ ਦੀ ਉਪਮਾ ਨੂੰ ਵੀ ਚਮਕੀਲੇ ਨੇ ਵੱਖਰੇ ਹੀ ਢੰਗ ਨਾਲ ਪੇਸ਼ ਕੀਤਾ ਸੀ:
-ਪਤੀ ਦਿੱਤਾ, ਪੁੱਤ ਗਿਆ,
ਪੋਤਰੇ ਵੀ ਤੋਰ ਦਿੱਤੇ,
ਕੀਤੀ ਮਾਤਾ ਗੁਜਰੀ ਕਮਾਲ।
ਅਮਰ ਸਿੰਘ ਚਮਕੀਲਾ ਅਤੇ ਅਮਰਜੋਤ ਨੇ ਸਰਹਿੰਦ ਦੀ ਦੀਵਾਰ ਨੂੰ ਪਾਤਰ ਦੇ ਰੂਪ ਵਿਚ ਖੜ੍ਹਾ ਕਰ ਕੇ ਵਧੀਆ ਤਸਵੀਰ ਪੇਸ਼ ਕੀਤੀ ਹੈ:
-ਨੀ ਤੂੰ ਨਰਕਾਂ ਨੂੰ ਜਾਵਂੇ
ਸਰਹਿੰਦ ਦੀ ਦੀਵਾਰੇ,
ਤੂੰਹੀਓਂ ਕਤਲ ਕਰਾਏ
ਦਸਮੇਸ਼ ਦੇ ਦੁਲਾਰੇ।
ਚਮਕੀਲੇ ਨੇ ਬਹੁਤੇ ਧਾਰਮਿਕ ਗੀਤ ਗੀਤਕਾਰ ਸਵਰਨ ਸੀਵੀਆ ਦੇ ਲਿਖੇ ਹੋਏ ਗਾਏ ਹਨ। ਕੁਝ ਗੀਤ ਚਮਕੀਲੇ ਨੇ ਸਨਮੁੱਖ ਸਿੰਘ ਆਜ਼ਾਦ, ਦਲਜੀਤ ਦਰਦੀ, ਗਿੱਲ ਨੱਥੋਹੇੜੀ, ਸੇਵਾ ਸਿੰਘ ਨੌਰਥ, ਦੇਬੀ ਮਖਸੂਸਪੁਰੀ ਤੇ ਕਰਮ ਸਿੰਘ ਮਹਾਲਵੀ ਦੇ ਲਿਖੇ ਗਾਏ। ਉਸ ਨੇ ਕੁਝ ਧਾਰਮਿਕ ਗੀਤ ਆਪ ਵੀ ਲਿਖੇ। ਉਸ ਦੇ ਕੁਝ ਧਾਰਮਿਕ ਗੀਤ ‘ਪੰਡਤੋ ਪੱਟੇ ਗਏ ਤਰ ਗਈ ਰਵੀਦਾਸ ਦੀ ਪੱਥਰੀ’, ‘ਦੇਗ ‘ਚ ਉਬਾਲੇ ਖਾਵੇ ਬੈਠ ਕੇ ਦਿਆਲਾ ਭਾਈ, ਮੁੱਖ ਵਿਚੋਂ ਰਾਮ ਨਾਮ ਬੋਲਦਾ’, ‘ਸੱਚ ਦੀਆਂ ਕੱਤ ਪੂਣੀਆਂ ਰੱਬ ਚਰਖਾ ਕੱਤੇ ਨੀ ਜਿੰਦੇ ਤੇਰਾ’ ਰਿਕਾਰਡ ਨਹੀਂ ਹੋਏ।
ਚਮਕੀਲੇ ਨੂੰ ਮਾਰਨ ਵਾਲਿਆਂ ਅਤੇ ਵਿਰੋਧੀਆਂ ਨੇ ਜੇ ਉਸ ਦੇ ਗਾਏ ਧਾਰਮਿਕ ਗੀਤ ਸੁਣੇ ਹੁੰਦੇ, ਤਾਂ ਉਸ ਦੀ ਇੰਨੀ ਆਲੋਚਨਾ ਨਾ ਹੁੰਦੀ ਤੇ ਇਸ ਜੋੜੀ ਨੂੰ ਮਾਰਨ ਤੱਕ ਦੀ ਨੌਬਤ ਨਾ ਆਉਂਦੀ ਤੇ ਅੱਜ ਸਾਨੂੰ ਉਹ ਆਵਾਜ਼ਾਂ ਸੁਣਨ ਨੂੰ ਮਿਲਦੀਆਂ ਜੋ ਅੱਜ ਕੱਲ੍ਹ ਦੀ ਗਾਇਕੀ ਵਿਚੋਂ ਲੋਪ ਹੋ ਚੁੱਕੀਆਂ ਹਨ।
ਇਹ ਜੋੜੀ ਭਾਵੇਂ 8 ਮਾਰਚ 1988 ਨੂੰ ਪੰਜਾਬ ਵਿਚ ਛਾਏ ਕਾਲੇ ਦੌਰ ਦਾ ਸ਼ਿਕਾਰ ਹੋ ਗਈ, ਪਰ ਅੱਜ ਵੀ ਇਸ ਜੋੜੀ ਦੇ ਗਾਏ ਗੀਤਾਂ ਨੂੰ ਸਰੋਤੇ ਪਸੰਦ ਕਰਦੇ ਹਨ।
-ਸ਼ਮਸ਼ੇਰ ਸਿੰਘ ਸੋਹੀ
ਫੋਨ: +91-98764-74671