ਇਨਸਾਨੀਅਤ ਨੂੰ ਸ਼ਰਮਸਾਰ ਕਰ ਗਿਆ ਜ਼ੁਲਫ਼ਿਕਾਰ ਦਾ ਕਾਰਾ

ਚੰਡੀਗੜ੍ਹ: ਤਕਰੀਬਨ 20 ਸਾਲ ਤੋਂ ਕਲਾ ਜਗਤ ਵਿਚ ਵੱਡਾ ਨਾਮ ਕਮਾ ਚੁੱਕੇ ਐਨæਜੀæਓæ ਥੀਏਟਰ ਏਜ ਦੇ ਸੰਸਥਾਪਕ ਜ਼ੁਲਫ਼ਿਕਾਰ ਖ਼ਾਨ ਦਾ ਸ਼ਰਮਨਾਕ ਕਾਰਾ ਸਾਹਮਣੇ ਆਇਆ ਹੈ। ਪੁਲਿਸ ਨੇ ਸ਼ਹਿਰ ਵਿਚ ਗਰੀਬ ਬੱਚਿਆਂ ਦਾ ਮਸੀਹਾ ਹੋਣ ਦਾ ਭੁਲੇਖਾ ਪਾਉਣ ਵਾਲੇ ਜ਼ੁਲਫ਼ੀਕਾਰ ਖਾਨ ਨੂੰ ਉਸ ਦੇ ਸਕੂਲ ਵਿਚ ਪੜ੍ਹਦੇ ਗਰੀਬ ਮੁੰਡਿਆਂ ਨਾਲ ਬਦਫੈਲੀ ਕਰਨ ਦੇ ਦੋਸ਼ ਹੇਠ ਗ੍ਰਿਫਤਾਰ ਕੀਤਾ ਸੀ।

ਪੁਲਿਸ ਅਨੁਸਾਰ ਜ਼ੁਲਫ਼ਿਕਾਰ ਖ਼ਾਨ ਪਹਿਲਾਂ ਆਪਣੇ ਉਤੇ ਲੱਗੇ ਦੋਸ਼ਾਂ ਨੂੰ ਲਗਾਤਾਰ ਨਕਾਰਦਾ ਰਿਹਾ, ਪਰ ਆਪਣੇ ‘ਕਾਰਨਾਮਿਆਂ’ ਦੀਆਂ ਤਸਵੀਰਾਂ ਅਤੇ ਵੀਡੀਓ ਕਲਿਪਿੰਗਜ਼ ਵਾਲੇ ਸਬੂਤ ਦੇਖਣ ਤੋਂ ਬਾਅਦ ਉਸ ਨੇ ਆਪਣਾ ਗੁਨਾਹ ਕਬੂਲ ਲਿਆ ਹੈ।
ਦੱਸਣਯੋਗ ਹੈ ਕਿ ਗਰੀਬ ਬੱਚਿਆਂ ਨੂੰ ਮੁਫ਼ਤ ਪੜ੍ਹਾਉਣ ਦੇ ਦਾਅਵੇ ਕਰ ਕੇ ਇਹ ਸਖ਼ਸ਼ ਤਾਰਾ ਚੰਦ ਸਾਬੂ ਐਕਸੀਲੈਂਸ ਐਵਾਰਡ ਸਮੇਤ ਹੋਰ ਕਈ ਪੁਰਸਕਾਰਾਂ ਨਾਲ ਨਿਵਾਜਿਆ ਜਾ ਚੁੱਕਾ ਹੈ। ਉਸ ਨੇ ਸਾਲ 1992 ਵਿਚ ਝੌਂਪੜਪੱਟੀਆਂ ਦੇ ਗਰੀਬ ਬੱਚਿਆਂ ਦੀ ਮਦਦ ਲਈ ਇਹ ਸੰਸਥਾ ਬਣਾ ਕੇ ਖੂਬ ਨਾਮ ਖੱਟਿਆ ਸੀ। ਉਸ ਦੀ ਸੰਸਥਾ ਵਿਚ 60 ਦੇ ਕਰੀਬ ਬੱਚੇ ਮੁਫ਼ਤ ਪੜ੍ਹਾਈ ਕਰਦੇ ਹਨ। ਚੰਡੀਗੜ੍ਹ ਪ੍ਰਸ਼ਾਸਨ ਸਮੇਤ ਕਈ ਸੰਸਥਾਵਾਂ ਅਤੇ ਹੋਰ ਲੋਕ ਵੀ ਜ਼ੁਲਫ਼ਿਕਾਰ ਦੀ ਇਸ ਸੰਸਥਾ ਨੂੰ ਵੱਡੀਆਂ ਰਕਮਾਂ ਦਾਨ ਵਜੋਂ ਦਿੰਦੇ ਆ ਰਹੇ ਹਨ। ਪਹਿਲਾਂ ਉਹ ਇਨ੍ਹਾਂ ਬੱਚਿਆਂ ਰਾਹੀਂ ਹਰ ਮਹੀਨੇ ਦਾਨੀਆਂ ਦੇ ਘਰੋਂ ਅਖਬਾਰਾਂ ਦੀ ਰੱਦੀ ਇਕੱਠੀ ਕਰ ਕੇ ਫੰਡਾਂ ਦਾ ਪ੍ਰਬੰਧ ਕਰਦਾ ਸੀ। ਦਾਨੀ ਇਸ ਕਾਰਜ ਲਈ ਖੁੱਲ੍ਹਦਿਲੀ ਨਾਲ ਦਾਨ ਦਿੰਦੇ ਸਨ। ਕੁਝ ਸਮਾਂ ਪਹਿਲਾਂ ਕੁਝ ਪੀੜਤ ਬੱਚਿਆਂ ਨੇ ਆਪਣੀ ਦਰਦ ਕਹਾਣੀ ਚੰਡੀਗੜ੍ਹ ਸਟੇਟ ਕਮਿਸ਼ਨ ਫਾਰ ਪ੍ਰੋਟੈਕਸ਼ਨ ਆਫ ਚਾਈਲਡ ਰਾਈਟਸ ਨੂੰ ਸੁਣਾਈ ਸੀ। ਇਸ ਤੋਂ ਬਾਅਦ ਕਮਿਸ਼ਨ ਦੀ ਚੇਅਰਪਰਸਨ ਦੇਵੀ ਸਰੋਹੀ ਨੇ ਇਹ ਮਾਮਲਾ ਐਸ਼ਐਸ਼ਪੀæ ਦੇ ਧਿਆਨ ਵਿਚ ਲਿਆਂਦਾ ਸੀ, ਜਿਸ ਤੋਂ ਬਾਅਦ ਪੁਲਿਸ ਵਲੋਂ ਕੀਤੀ ਲੰਮੀ-ਚੌੜੀ ਪੜਤਾਲ ਕਰਨ ਉਪਰੰਤ ਜ਼ੁਲਫ਼ਿਕਾਰ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਪੁੱਛ-ਪੜਤਾਲ ਦੌਰਾਨ ਪਹਿਲਾਂ ਜ਼ੁਲਫਿਕਾਰ ਪਰਾਂ ਉਪਰ ਪਾਣੀ ਹੀ ਨਹੀਂ ਪੈਣ ਦੇ ਰਿਹਾ ਸੀ। ਉਹ ਵਾਰ ਵਾਰ ਇਹੋ ਕਹਿ ਰਿਹਾ ਸੀ ਕਿ ਉਸ ਨੂੰ ਸਾਜ਼ਿਸ਼ ਦਾ ਸ਼ਿਕਾਰ ਬਣਾਇਆ ਜਾ ਰਿਹਾ ਹੈ, ਪਰ ਜਦੋਂ ਇਕ ਪੁਲਿਸ ਅਧਿਕਾਰੀ ਨੇ ਉਸ ਦੇ ਕਾਰਨਾਮਿਆਂ ਦੀਆਂ ਫੋਟੋਆਂ ਤੇ ਵੀਡੀਓਜ਼ ਉਸ ਦੇ ਮੂਹਰੇ ਰੱਖੀਆਂ ਤਾਂ ਉਹ ਲਾਜਵਾਬ ਹੋ ਗਿਆ। ਜਦੋਂ ਜ਼ੁਲਫਿਕਾਰ ਨੇ ਗੁਨਾਹ ਕਬੂਲਿਆ ਤਾਂ ਪੁਲਿਸ ਨੇ ਕੁਝ ਹਲਕਿਆਂ ਵਿਚ ਪੈਦਾ ਹੋ ਰਹੇ ਸ਼ੰਕਿਆਂ ਨੂੰ ਦੂਰ ਕਰਨ ਲਈ ਉਸ ਦੀ ਪਤਨੀ ਨੂੰ ਵੀ ਬੁਲਾਇਆ। ਅਧਿਕਾਰੀਆਂ ਨੇ ਪਤਨੀ ਨੂੰ ਸਾਹਮਣੇ ਬਿਠਾ ਕੇ ਉਸ ਦੇ ਗੁਨਾਹਾਂ ਦੀਆਂ ਪਰਤਾਂ ਖੋਲ੍ਹੀਆਂ। ਇਸ ਮਾਮਲੇ ਵਿਚ ਪੁਲਿਸ ਦੇ ਨਿਸ਼ਾਨੇ ਉਪਰ ਇਕ ਔਰਤ ਸਮੇਤ ਦੋ ਹੋਰ ਵਿਅਕਤੀ ਵੀ ਹਨ। ਫਿਲਹਾਲ ਭਾਵੇਂ 6-7 ਮੁੰਡਿਆਂ ਨੇ ਹੀ ਸ਼ਿਕਾਇਤ ਦਿੱਤੀ ਹੈ, ਪਰ 3-4 ਹੋਰ ਮੁੰਡੇ ਹਾਲੇ ਦੁਬਿਧਾ ਵਿਚ ਹਨ। ਉਹ ਸ਼ਰਮਿੰਦਗੀ ਕਾਰਨ ਅੱਗੇ ਨਹੀਂ ਆ ਰਹੇ। ਮੁਲਜ਼ਮ ਵੱਲੋਂ ਸੰਸਥਾ ਦੀ ਆੜ ਹੇਠ ਆਪਣੇ ਨਾਂ ਬਣਾਈ ਜਾਇਦਾਦ ਦੀ ਵੀ ਜਾਂਚ ਕੀਤੀ ਜਾ ਰਹੀ ਹੈ।