ਪਰਵਾਸੀ ਬਣੇ ਸਰਕਾਰੀ ਅਫਸਰ ਹੁਣ ਵਤਨ ਪਰਤਣ ਲਈ ਹੋਏ ਤਿਆਰ

ਚੰਡੀਗੜ੍ਹ: ਪੰਜਾਬ ਸਰਕਾਰ ਵੱਲੋਂ ਵਿਦੇਸ਼ਾਂ ਦੀ ਸਥਾਈ ਰਿਹਾਇਸ਼ (ਪੀæਆਰæ), ਇਮੀਗਰੇਸ਼ਨ ਜਾਂ ਸਿਟੀਜ਼ਨਸ਼ਿਪ ਹਾਸਲ ਕਰਨ ਵਾਲੇ ਅਫ਼ਸਰਾਂ ਅਤੇ ਕਰਮਚਾਰੀਆਂ ਵਿਰੁੱਧ ਕਾਰਵਾਈ ਦੀ ਤਿਆਰੀ ਖਿੱਚਣ ਤੋਂ ਬਾਅਦ ਵਿਦੇਸ਼ ਬੈਠੇ ਅਫ਼ਸਰਾਂ ਅਤੇ ਕਰਮਚਾਰੀਆਂ ਨੂੰ ਵਤਨ ਦਾ ਮੋਹ ਜਾਗ ਪਿਆ ਹੈ।

ਯਾਦ ਰਹੇ ਕਿ ਗ੍ਰਹਿ, ਪਸ਼ੂ ਪਾਲਣ ਵਿਭਾਗ, ਸਿੰਜਾਈ, ਲੋਕ ਨਿਰਮਾਣ, ਸਿਹਤ, ਸਿੱਖਿਆ, ਖੇਤੀਬਾੜੀ, ਪੰਜਾਬ ਖੇਤੀਬਾੜੀ ਯੂਨੀਵਰਸਿਟੀ ਤੇ ਹੋਰ ਕਈ ਵਿਭਾਗਾਂ ਦੇ ਤਿੰਨ ਦਰਜਨ ਅਫ਼ਸਰਾਂ ਅਤੇ ਕਰਮਚਾਰੀਆਂ ਨੇ ਆਪੋ-ਆਪਣੇ ਵਿਭਾਗਾਂ ਦੇ ਮੁਖੀਆਂ ਨੂੰ ਬੇਨਤੀ ਕੀਤੀ ਹੈ ਕਿ ਉਨ੍ਹਾਂ ਦੀ ਵਿਦੇਸ਼ ਛੁੱਟੀ ਵਿਚ ਤੁਰੰਤ ਕੱਟ ਲਾ ਕੇ ਨੌਕਰੀਆਂ ‘ਤੇ ਜੁਆਇਨ ਕਰਾਇਆ ਜਾਵੇ। ਇਨ੍ਹਾਂ ਵਿਭਾਗਾਂ ਦੇ ਅਧਿਕਾਰੀਆਂ ਨੇ ਦੱਸਿਆ ਕਿ ਬਰਖ਼ਾਸਤਗੀ ਤੋਂ ਡਰਦਿਆਂ ਵੱਡੀ ਗਿਣਤੀ ਅਫ਼ਸਰਾਂ ਨੇ 20 ਸਾਲ ਦਾ ਸੇਵਾ ਕਾਲ ਖ਼ਤਮ ਹੋਣ ਤੋਂ ਬਾਅਦ ਸਮੇਂ ਤੋਂ ਪਹਿਲਾਂ ਸੇਵਾ ਮੁਕਤੀ ਲਈ ਵੀ ਵਿਭਾਗਾਂ ਤੱਕ ਪਹੁੰਚ ਕਰਨੀ ਸ਼ੁਰੂ ਕਰ ਦਿੱਤੀ ਹੈ। ਉਧਰ ਵਿਜੀਲੈਂਸ ਵਿਭਾਗ ਨੇ ਸੇਵਾ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਅਫ਼ਸਰਾਂ ਤੇ ਕਰਮਚਾਰੀਆਂ ਵਿਰੁੱਧ ਕਾਰਵਾਈ ਲਈ ਇਹ ਸਾਰਾ ਮਾਮਲਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਹਵਾਲੇ ਕਰਨ ਦਾ ਫ਼ੈਸਲਾ ਕੀਤਾ ਹੈ। ਵਿਭਾਗ ਦੇ ਅਧਿਕਾਰੀਆਂ ਮੁਤਾਬਕ ਮੁੱਖ ਮੰਤਰੀ ਦੀ ਪ੍ਰਵਾਨਗੀ ਤੋਂ ਬਾਅਦ ਜਲਦੀ ਕਾਰਵਾਈ ਕੀਤੀ ਜਾਵੇਗੀ।
ਪੰਜਾਬ ਸਰਕਾਰ ਵੱਲੋਂ ਮੁਲਾਜ਼ਮਾਂ ਅਤੇ ਅਫ਼ਸਰਾਂ ਨੂੰ ਦਿੱਤੀ 5 ਸਾਲਾ ਛੁੱਟੀ ਦੀ ਸਹੂਲਤ ਦਾ ਲਾਹਾ ਲੈਂਦਿਆਂ 500 ਤੋਂ ਵੱਧ ਮੁਲਾਜ਼ਮ ਵਿਦੇਸ਼ਾਂ ਵਿਚ ਸਥਾਈ ਰਿਹਾਇਸ਼, ਇਮੀਗਰੇਸ਼ਨ ਜਾਂ ਸਿਟੀਜ਼ਨਸ਼ਿਪ ਦਾ ਸਟੇਟਸ ਹਾਸਲ ਕਰ ਕੇ ਬੈਠੇ ਹਨ। ਸਰਕਾਰ ਵੱਲੋਂ ਲਏ ਤਾਜ਼ਾ ਫ਼ੈਸਲੇ ਮੁਤਾਬਕ 5 ਸਾਲਾ ਛੁੱਟੀ ਦੀ ਸਹੂਲਤ ਖ਼ਤਮ ਕਰ ਦਿੱਤੀ ਗਈ ਹੈ ਅਤੇ ਜਿਹੜੇ ਮੁਲਾਜ਼ਮ 5 ਸਾਲਾਂ ਲਈ ਛੁੱਟੀ ‘ਤੇ ਗਏ ਹਨ, ਉਨ੍ਹਾਂ ਨੇ ਹੁਣ ਛੁੱਟੀ ਵਿਚ ਕਟੌਤੀ ਕਰਨ ਦੀ ਬੇਨਤੀ ਕੀਤੀ ਹੈ।
ਪਸ਼ੂ ਪਾਲਣ ਵਿਭਾਗ ਦੇ ਮੁਲਾਜ਼ਮ ਹਰਪਾਲ ਸਿੰਘ ਦੀ ਵਿਦੇਸ਼ ਛੁੱਟੀ 19 ਮਈ 2017 ਨੂੰ ਖਤਮ ਹੋਣੀ ਹੈ। ਹੁਣ ਇਸ ਮੁਲਾਜ਼ਮ ਨੇ ਵਾਪਸ ਆਉਣ ਦੀ ਇੱਛਾ ਪ੍ਰਗਟਾਈ ਹੈ। ਇਸੇ ਵਿਭਾਗ ਦੇ ਡਾਕਟਰ ਗੁਰਪਾਲ ਸਿੰਘ ਵਾਲੀਆ ਦੀ ਛੁੱਟੀ ਵੀ 31 ਜੁਲਾਈ 2016 ਖਤਮ ਹੋਣੀ ਹੈ ਪਰ ਵਿਭਾਗ ਨੂੰ ਛੁੱਟੀਆਂ ਘਟਾਉਣ ਲਈ ਕਿਹਾ ਹੈ। ਲੋਕ ਨਿਰਮਾਣ ਵਿਭਾਗ ਦੇ ਕਾਰਜਕਾਰੀ ਇੰਜੀਨੀਅਰ (ਐਕਸੀਅਨ) ਮਲਕੀਤ ਸਿੰਘ ਦੀ ਛੁੱਟੀ 16 ਫਰਵਰੀ 2017 ਨੂੰ ਖਤਮ ਹੋਣੀ ਹੈ ਪਰ ਇਸ ਅਫ਼ਸਰ ਨੇ ਵੀ ਆਪਣੇ ਵਿਭਾਗ ਨੂੰ ਛੁੱਟੀਆਂ ਘਟਾਉਣ ਲਈ ਕਿਹਾ ਹੈ ਤਾਂ ਜੋ ਵਾਪਸ ਆ ਕੇ ਨੌਕਰੀ ਕਰ ਸਕੇ। ਇਨ੍ਹਾਂ ਮੁਲਾਜ਼ਮਾਂ ਵਿਚ ਪੰਜਾਬ ਪੁਲਿਸ ਦੇ ਹੌਲਦਾਰ ਰਘਬੀਰ ਸਿੰਘ ਤੇ ਸਿਹਤ ਵਿਭਾਗ ਦੀ ਨਰਸ ਜਸਵਿੰਦਰ ਕੌਰ ਦਾ ਨਾਮ ਵੀ ਸ਼ਾਮਲ ਹੈ। ਵੱਖ ਵੱਖ ਵਿਭਾਗਾਂ ਨਾਲ ਸਬੰਧਤ ਅਧਿਕਾਰੀਆਂ ਨੇ ਦੱਸਿਆ ਕਿ ਤਿੰਨ ਦਰਜਨ ਦੇ ਕਰੀਬ ਅਜਿਹੇ ਦਰਜਾ ਇਕ ਅਫ਼ਸਰ ਤੇ ਕਰਮਚਾਰੀ ਹਨ ਜਿਨ੍ਹਾਂ ਨੇ ਵਾਪਸ ਵਤਨ ਪਰਤਣ ਦੀ ਤਰੀਕੇ ਲੱਭਣੇ ਸ਼ਰੂ ਕਰ ਦਿੱਤੇ ਹਨ ਤਾਂ ਜੋ ਨੌਕਰੀਆਂ ਬਚੀਆਂ ਰਹਿਣ।
ਵਿਦੇਸ਼ ਗਏ ਅਫ਼ਸਰਾਂ ਨੇ ਛੁੱਟੀ ਵਧਾਉਣ ਲਈ ਆਪਣੇ ਪਿਤਰੀ ਵਿਭਾਗਾਂ ਤੱਕ ਪਹੁੰਚ ਹੀ ਨਹੀਂ ਕੀਤੀ ਸਗੋਂ ਦੋਸ਼ਾਂ ਵਿਚ ਘਿਰੇ ਅਫ਼ਸਰਾਂ ਅਤੇ ਕਰਮਚਾਰੀਆਂ ਵੱਲੋਂ ਯਤਨ ਕੀਤੇ ਜਾ ਰਹੇ ਹਨ ਕਿ ਉਹ (ਵਿਦੇਸ਼ ਬੈਠੇ ਅਫ਼ਸਰ ਤੇ ਕਰਮਚਾਰੀ) ਕਿਸੇ ਨਾ ਕਿਸੇ ਤਰੀਕੇ ਪੰਜਾਬ ਆ ਕੇ ਨੌਕਰੀਆਂ ਜੁਆਇਨ ਕਰ ਲੈਣ ਤੇ ਫਿਰ ਅਗਾਊਂ ਸੇਵਾ ਮੁਕਤੀ ਲੈ ਕੇ ਇਸ ਦੇ ਲਾਭ ਅਤੇ ਪੈਨਸ਼ਨ ਆਦਿ ਦੀ ਸਹੂਲਤ ਲੈ ਲੈਣ।