ਸਿਆਸਤ ਤੇ ਕਾਰੋਬਾਰ ਦਾ ਰਿਸ਼ਤਾ

ਪੰਜਾਬ ਵਿਚ ਸਿਆਸਤ ਅਤੇ ਕਾਰੋਬਾਰ ਦੇ ਆਪਸੀ ਰਿਸ਼ਤੇ ਬਾਰੇ ਚਰਚਾ ਇਕ ਵਾਰ ਫਿਰ ਛਿੜ ਪਈ ਹੈ। ਇਹ ਚਰਚਾ ਪਹਿਲਾਂ ਵੀ ਬਾਦਲ ਪਰਿਵਾਰ ਨਾਲ ਜੁੜ ਕੇ ਸ਼ੁਰੂ ਹੋਈ ਸੀ ਅਤੇ ਹੁਣ ਵੀ ਚਰਚਾ ਦੇ ਕੇਂਦਰ ਵਿਚ ਬਾਦਲ ਪਰਿਵਾਰ ਹੀ ਹੈ। ਚੰਡੀਗੜ੍ਹ ਦੇ ਪ੍ਰੈਸ ਕਲੱਬ ਵਿਚ ਜਦੋਂ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਪੱਤਰਕਾਰਾਂ ਨਾਲ ਗੱਲਾਂ-ਬਾਤਾਂ ਕਰ ਰਹੇ ਸਨ ਤਾਂ ਕਾਰੋਬਾਰ ਅਤੇ ਸਿਆਸਤ ਦੇ ਆਪਸੀ ਰਿਸ਼ਤੇ ਬਾਰੇ ਸਵਾਲ ਮੁੜ, ਮੁੱਖ ਰੂਪ ਵਿਚ ਉਭਰ ਕੇ ਸਾਹਮਣੇ ਆ ਗਿਆ।

ਪਹਿਲਾਂ ਤਾਂ ਮੁੱਖ ਮੰਤਰੀ ਨੇ ਆਪਣੇ ਸੁਭਾਅ ਅਤੇ ਸਿਆਸਤ ਮੁਤਾਬਕ ਇਹ ਸਵਾਲ ਟਾਲਣ ਦਾ ਯਤਨ ਕੀਤਾ ਪਰ ਪੱਤਰਕਾਰਾਂ ਵੱਲੋਂ ਲਗਾਤਾਰ ਕੁਰੇਦਣ ‘ਤੇ ਉਨ੍ਹਾਂ ਇਹ ਕਹਿ ਕੇ ਖਹਿੜਾ ਛੁਡਾ ਲਿਆ ਕਿ ਇਸ ਬਾਰੇ ਫੈਸਲਾ ਲੋਕਾਂ ਦੀ ਕਚਹਿਰੀ ਵਿਚ ਹੀ ਹੋਣਾ ਹੈ। ਸਿਆਸਤ ਅਤੇ ਕਾਰੋਬਾਰ ਬਾਰੇ ਚਰਚਾ ਮੋਗਾ ਬੱਸ ਕਾਂਡ ਤੋਂ ਬਾਅਦ ਤਿੱਖੇ ਰੂਪ ਵਿਚ ਚੱਲੀ ਸੀ। ਉਸ ਵੇਲੇ ਇਹ ਤੱਥ ਸਾਹਮਣੇ ਆਏ ਸਨ ਕਿ ਪੰਜਾਬ ਦੇ ਸਰਕਾਰੀ ਟਰਾਂਸਪੋਰਟ ਅਦਾਰਿਆਂ ਦਾ ਨੁਕਸਾਨ ਪ੍ਰਾਈਵੇਟ ਬੱਸ ਕੰਪਨੀਆਂ ਕਰਕੇ ਹੋ ਰਿਹਾ ਹੈ ਅਤੇ ਇਨ੍ਹਾਂ ਪ੍ਰਾਈਵੇਟ ਕੰਪਨੀਆਂ ਦੀਆਂ ਬੱਸਾਂ ਵਿਚੋਂ ਬਹੁਤੀਆਂ ਦੀ ਮਾਲਕੀ ਬਾਦਲ ਪਰਿਵਾਰ ਕੋਲ ਹੈ। ਸੱਤਾਧਾਰੀ ਹੋਣ ਕਰਕੇ ਇਸ ਪਰਿਵਾਰ ਨੇ ਆਪਣੀਆਂ ਪ੍ਰਾਈਵੇਟ ਬੱਸਾਂ ਲਈ ਸਮਾਂ ਸਾਰਨੀ ਇਸ ਤਰੀਕੇ ਨਾਲ ਬਣਾ ਲਈ ਸੀ ਕਿ ਬਾਦਲ ਪਰਿਵਾਰ ਦੀਆਂ ਬੱਸਾਂ ਦੇ ਵਾਰੇ-ਨਿਆਰੇ ਹੋ ਗਏ ਅਤੇ ਪੈਪਸੂ ਟਰਾਂਸਪੋਰਟ ਵਰਗੇ ਅਦਾਰੇ ਘੋਰ ਘਾਟੇ ਵਿਚ ਚਲੇ ਗਏ। ਮੋਗਾ ਬੱਸ ਕਾਂਡ ਤੋਂ ਬਾਅਦ ਇਹ ਸਵਾਲ ਬਹੁਤ ਵੱਡਾ ਬਣ ਗਿਆ ਸੀ ਕਿ ਬਾਦਲ ਪਰਿਵਾਰ ਜਨਤਕ ਹਿਤਾਂ ਦੀ ਥਾਂ ਆਪਣੇ ਕਾਰੋਬਾਰ ਨੂੰ ਪਹਿਲ ਦੇ ਰਿਹਾ ਹੈ, ਬਲਕਿ ਸਿਆਸਤ ਦੇ ਜ਼ੋਰ ਉਤੇ ਕਾਰੋਬਾਰ ਕਰ ਰਿਹਾ ਹੈ। ਉਸ ਵੇਲੇ ਮੁੱਖ ਮੰਤਰੀ ਬਾਦਲ ਨੇ ਜਵਾਬ ਦਿੱਤਾ ਸੀ ਕਿ ਸੂਬੇ ਦੇ ਹੋਰ ਲੋਕ ਵੀ ਕਾਰੋਬਾਰ ਕਰਦੇ ਹਨ, ਜੇ ਉਸ ਦਾ ਮੁੰਡਾ ਕੋਈ ਕਾਰੋਬਾਰ ਕਰ ਰਿਹਾ ਹੈ, ਤਾਂ ਕੋਈ ਅਲੋਕਾਰ ਗੱਲ ਤਾਂ ਨਹੀਂ ਹੋ ਗਈ। ਦਰਅਸਲ ਇਥੇ ਸਵਾਲਾਂ ਦਾ ਸਵਾਲ ਹੀ ਇਹ ਹੈ ਕਿ ਇਹ ਕਾਰੋਬਾਰ ਜਨਤਕ ਹਿਤਾਂ ਨੂੰ ਦਰੜ ਕੇ ਕੀਤਾ ਜਾ ਰਿਹਾ ਹੈ।
ਬਿਨਾਂ ਸ਼ੱਕ, ਭਾਰਤ ਵਰਗੇ ਜਮਹੂਰੀ ਨਿਜ਼ਾਮ ਵਿਚ ਹਰ ਕਿਸੇ ਨੂੰ ਆਪਣਾ ਕਾਰੋਬਾਰ ਕਰਨ ਦਾ ਹੱਕ ਹੈ। ਇਸ ਘੇਰੇ ਵਿਚੋਂ ਸਿਆਸਤਦਾਨ ਵੀ ਬਾਹਰ ਨਹੀਂ ਹਨ। ਉਂਜ ਵਿਚਾਰਨ ਵਾਲਾ ਮਸਲਾ ਤਾਂ ਇਹ ਹੈ ਕਿ ਜਿਸ ਤਰ੍ਹਾਂ ਦਾ ਸਿਆਸੀ ਢਾਂਚਾ ਮੁਲਕ ਵਿਚ ਉਸਰ ਚੁੱਕਾ ਹੈ ਤੇ ਹਰ ਖੇਤਰ ਵਿਚ ਜਿਸ ਤਰ੍ਹਾਂ ਸਿਆਸਤਦਾਨਾਂ ਦਾ ਦਖਲ ਵਧਿਆ ਹੈ, ਸਿਆਸਤ ਤੇ ਕਾਰੋਬਾਰ ਦੇ ਖੇਤਰਾਂ ਵਿਚ ਹਿਤਾਂ ਦੇ ਟਕਰਾਅ ਦਾ ਮੁੱਦਾ ਅਹਿਮ ਹੋ ਜਾਂਦਾ ਹੈ। ਸਿਆਸਤਦਾਨਾਂ ਨੂੰ ਕਾਰੋਬਾਰ ਕਰਨ ਦਾ ਹੱਕ ਤਾਂ ਹੈ, ਪਰ ਸੱਤਾ ਦੀ ਦੁਰਵਰਤੋਂ ਕਰ ਕੇ ਕਾਰੋਬਾਰ ਦੀ ਆਗਿਆ ਨਹੀਂ ਹੈ। ਸੱਤਾ ਦੀ ਦੁਰਵਰਤੋਂ ਉਤੇ ਸਵਾਲ ਹਰ ਵੇਲੇ ਤੇ ਹਰ ਪਾਸੇ ਉਠਦਾ ਰਿਹਾ ਹੈ ਅਤੇ ਇਹ ਸਵਾਲ ਉਠਣਾ ਜਾਇਜ਼ ਵੀ ਹੈ।
ਤੱਥ ਗਵਾਹ ਹਨ ਕਿ ਪੈਪਸੂ ਟਰਾਂਸਪੋਰਟ ਦੀ ਆਮਦਨ ਵਿਚ ਹੋਏ ਅਚਾਨਕ ਵਾਧੇ ਦੇ ਕੁਝ ਅਹਿਮ ਪੱਖ ਹਨ। ਇਹ ਤੱਥ ਤਾਂ ਸਾਬਤ ਹੋ ਹੀ ਗਿਆ ਹੈ ਕਿ ਇਸ ਸਰਕਾਰੀ ਅਦਾਰੇ ਨੂੰ ਪੈ ਰਿਹਾ ਘਾਟਾ ਮਸਨੂਈ ਸੀ ਅਤੇ ਇਸ ਦਾ ਵੱਡਾ ਕਾਰਨ ਬਾਦਲ ਪਰਿਵਾਰ ਦੀਆਂ ਬੱਸਾਂ ਹੀ ਸਨ। ਜਿਉਂ ਹੀ ਲੋਕ ਰੋਹ ਕਾਰਨ ਬਾਦਲਾਂ ਦੀਆਂ ਪ੍ਰਾਈਵੇਟ ਬੱਸਾਂ ਸੜਕਾਂ ਤੋਂ ਹੇਠਾਂ ਉਤਰੀਆਂ, ਇਸ ਸਰਕਾਰੀ ਅਦਾਰੇ ਦਾ ਘਾਟਾ ਇਕਦਮ ਮੁਨਾਫੇ ਵਿਚ ਬਦਲ ਗਿਆ। ਇਸ ਦੇ ਨਾਲ ਹੀ ਇਹ ਤੱਥ ਵੀ ਉਭਰਿਆ ਕਿ ਬਾਦਲ ਪਰਿਵਾਰ ਦੀਆਂ ਬੱਸਾਂ ਦੀ ਗਿਣਤੀ ਕਿਸ ਤਰ੍ਹਾਂ ਰਾਤੋ-ਰਾਤ ਵਧੀ ਅਤੇ ਦਿਨਾਂ-ਮਹੀਨਿਆਂ ਵਿਚ ਹੀ ਹੋਰ ਪ੍ਰਾਈਵੇਟ ਟਰਾਂਸਪੋਰਟ ਕੰਪਨੀਆਂ ਕਿਸ ਤਰ੍ਹਾਂ ਬਾਦਲ ਪਰਿਵਾਰ ਦੀਆਂ ਬੱਸ ਕੰਪਨੀਆਂ ਦਾ ਹਿੱਸਾ ਬਣ ਗਈਆਂ। ਇਨ੍ਹਾਂ ਕੰਪਨੀਆਂ ਉਤੇ ਜਬਜ਼ਾ ਕਰਨ ਲਈ ਬਿਨਾਂ ਸ਼ੱਕ ਮੁੱਖ ਮੰਤਰੀ ਬਾਦਲ ਦੇ ਪੁੱਤਰ ਉਪ ਮੁੱਖ ਮੰਤਰੀ ਨੇ ਸਿਆਸੀ ਦਾਬਾ ਹੀ ਵਰਤਿਆ। ਇਸ ਦਾ ਸਾਫ ਤੇ ਸਿੱਧਾ ਜਿਹਾ ਮਤਲਬ ਹੈ ਕਿ ਕਾਰੋਬਾਰ ਵਧਾਉਣ ਲਈ ਸਿਆਸਤ ਤੇ ਸੱਤਾ ਦਾ ਸਹਾਰਾ ਲਿਆ ਗਿਆ ਅਤੇ ਇਸ ਅਮਲ ਦੌਰਾਨ ਆਮ ਲੋਕਾਂ ਦੇ ਹਿਤ ਦਰਕਿਨਾਰ ਕਰ ਦਿੱਤੇ ਗਏ। ਫਿਰ ਮੁੱਖ ਰੂਪ ਵਿਚ ਸਵਾਲ ਵੀ ਤਾਂ ਇਸੇ ਨੁਕਤੇ ਉਤੇ ਹੀ ਉਠ ਰਹੇ ਹਨ। ਸਿਆਸਤ ਤੇ ਕਾਰੋਬਾਰ ਦੇ ਰਿਸ਼ਤੇ ਬਾਰੇ ਇਹੀ ਤਾਂ ਇਤਰਾਜ਼ ਹੈ ਕਿ ਸਿਆਸਤ ਦੇ ਜ਼ੋਰ ਨਾਲ ਨਿੱਜੀ ਹਿਤ ਪਾਲੇ ਜਾ ਰਹੇ ਹਨ।
ਅਸਲ ਵਿਚ ਪਿਛਲੇ ਕੁਝ ਦਹਾਕਿਆਂ ਦੌਰਾਨ ਜਿਸ ਤਰ੍ਹਾਂ ਦਾ ਸਿਆਸੀ ਅਤੇ ਆਰਥਿਕ ਢਾਂਚਾ ਮੁਲਕ ਵਿਚ ਨਮੂਦਾਰ ਹੋ ਗਿਆ ਹੈ, ਅਜਿਹੇ ਕਾਰੋਬਾਰ ਇਸ ਢਾਂਚੇ ਦੀਆਂ ਹੀ ਅਲਾਮਤਾਂ ਹਨ। ਮੁਲਕ ਦੇ ਹਰ ਖਿੱਤੇ ਦੇ ਸਿਆਸਤਦਾਨਾਂ ਦੀ ਜਵਾਬਦੇਹੀ ਸਿਰਫ ਵੋਟਾਂ ਵਾਲੇ ਦਿਨਾਂ ਤੱਕ ਸੀਮਤ ਹੋ ਗਈ ਹੈ। ਹੁਣ ਤਾਂ ਜਾਪਦਾ ਹੈ ਕਿ ਇਸ ਜਵਾਬਦੇਹੀ ਤੋਂ ਵੀ ਆਮ ਲੋਕਾਂ ਨੂੰ ਜਵਾਬ ਮਿਲ ਗਿਆ ਹੈ। ਖਬਰੇ ਇਹੀ ਇਕ ਕਾਰਨ ਹੋਵੇ ਕਿ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਸਿਆਸਤ ਅਤੇ ਕਾਰੋਬਾਰ ਦੇ ਆਪਸੀ ਰਿਸ਼ਤੇ ਬਾਰੇ ਫੈਸਲਾ ਲੋਕਾਂ ਉਤੇ ਛੱਡ ਦਿਤਾ ਹੈ; ਤੇ ਲੋਕ ਅੱਜ ਕੱਲ੍ਹ ਨਿੱਤ ਆਪਣਾ ਫੈਸਲਾ ਸੁਣਾ ਰਹੇ ਹਨ। ਹੁਣੇ ਹੁਣੇ ਰੂਪਨਗਰ ਵਿਚ ਹੋਇਆ ਸੜਕ ਹਾਦਸਾ ਇਸ ਦੀ ਮਿਸਾਲ ਹੈ। ਇਸ ਹਾਦਸੇ ਵਿਚ ਬਾਦਲਾਂ ਦੀ ਬੱਸ ਦੀ ਟੱਕਰ ਨਾਲ ਸਕੂਟਰ ਸਵਾਰ ਦੀ ਮੌਤ ਹੋ ਗਈ ਸੀ ਅਤੇ ਗੁੱਸੇ ਨਾਲ ਨੱਕੋ-ਨੱਕ ਭਰੇ ਲੋਕਾਂ ਨੇ ਦੋ ਦਿਨ ਟਰੈਫਿਕ ਜਾਮ ਕਰੀ ਰੱਖਿਆ। ਇਹ ਗੱਲ ਵੱਖਰੀ ਹੈ ਕਿ ਸਰਕਾਰ ਅਤੇ ਪ੍ਰਸ਼ਾਸਨ ਨੇ ਮਾਮਲਾ ਰਫਾ-ਦਫਾ ਕਰਨ ਲਈ ਪੂਰਾ ਟਿੱਲ ਲਾ ਦਿੱਤਾ। ਹੋਰ ਤਾਂ ਹੋਰ ਪੁਲਿਸ ਮੁਖੀ ਦਾ ਬਿਆਨ ਵੀ ਤੁਰੰਤ ਹੀ ਆ ਗਿਆ ਕਿ ਹਾਦਸਾ ਬੱਸ ਨਾਲ ਨਹੀਂ, ਸਗੋਂ ਕਾਰ ਨਾਲ ਹੋਇਆ ਹੈ। ਇਹੀ ਤਾਂ ਸਿਆਸੀ ਦਾਬੇ ਦੀ ਸਿਆਸਤ ਹੈ। ਸਿਆਸੀ ਦਾਬੇ ਨਾਲ ਜੇ ਹਾਦਸਿਆਂ ਬਾਰੇ ਤੱਥ ਬਦਲੇ ਜਾ ਸਕਦੇ ਹਨ, ਤਾਂ ਕਾਰੋਬਾਰ ਵਧਾਉਣ ਲਈ ਅਜਿਹਾ ਕਰਨਾ ਭਲਾ ਕਿੰਨਾ ਕੁ ਔਖਾ ਹੈ?