ਅਕਾਲੀਆਂ ਵੱਲੋਂ ਪਰਵਾਸੀ ਪੰਜਾਬੀਆਂ ਦੀ ਹਮਾਇਤ ਲਈ ਕਮਰ ਕੱਸੇ

ਚੰਡੀਗੜ੍ਹ: ਅਗਲੀਆਂ ਵਿਧਾਨ ਸਭਾ ਚੋਣਾਂ ਵਿਚ ਪਰਵਾਸੀ ਪੰਜਾਬੀਆਂ ਦੀ ਹਮਾਇਤ ਜੁਟਾਉਣ ਲਈ ਅਕਾਲੀ ਦਲ ਨੇ ਹੁਣੇ ਤੋਂ ਕਮਰ ਕੱਸ ਲਈ ਹੈ। ਅਕਾਲੀ ਦਲ ਪੰਥਕ ਏਜੰਡੇ ਦਾ ਪੱਤਾ ਖੇਡ ਕੇ ਸਰਕਾਰ ਵਿਰੋਧੀ ਲਹਿਰ ਦਾ ਮੁਕਾਬਲਾ ਕਰਨ ਦੇ ਰੌਂਅ ਵਿਚ ਹੈ। ਪੰਜਾਬ ਸਰਕਾਰ ਨੇ ਪਰਵਾਸੀ ਪੰਜਾਬੀਆਂ ਵਿਚ ਆਪਣੀ ਪੈਂਠ ਬਣਾਉਣ ਲਈ ਹੁਣ ਦੇਸ਼ ਤੋਂ ਬਾਹਰ ਜੇਲ੍ਹਾਂ ਵਿਚ ਬੰਦ ਸਿੱਖ ਕੈਦੀਆਂ ਨੂੰ ਪੰਜਾਬ ਲਿਆਉਣ ਦੀ ਮੁਹਿੰਮ ਆਰੰਭੀ ਹੈ।

ਇਨ੍ਹਾਂ ਕੈਦੀਆਂ ਨੂੰ ਪੰਜਾਬ ਵਿਚ ਸਲਾਖਾਂ ਪਿੱਛੇ ਉਸ ਸਮੇਂ ਤਕ ਬੰਦ ਰੱਖਿਆ ਜਾਵੇਗਾ ਜਦੋਂ ਤੱਕ ਉਨ੍ਹਾਂ ਦੀ ਸਜ਼ਾ ਮੁੱਕ ਨਹੀਂ ਜਾਂਦੀ।
ਦੋ ਸਿੱਖ ਕੈਦੀਆਂ ਨੂੰ ਇੰਗਲੈਂਡ ਤੇ ਇਕ ਨੂੰ ਥਾਈਲੈਂਡ ਤੋਂ ਲਿਆਉਣ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਭਾਰਤ ਸਰਕਾਰ ਦਾ ਇਨ੍ਹਾਂ ਮੁਲਕਾਂ ਨਾਲ ਸਜ਼ਾਯਾਫ਼ਤਾ ਕੈਦੀਆਂ ਦੇ ਤਬਾਦਲੇ ਬਾਰੇ ਸਮਝੌਤਾ ਹੋਇਆ ਹੈ ਅਤੇ ਇਸੇ ਤਹਿਤ ਉਨ੍ਹਾਂ ਨੂੰ ਪੰਜਾਬ ਦੀਆਂ ਜੇਲ੍ਹਾਂ ਵਿਚ ਤਬਦੀਲ ਕੀਤਾ ਜਾ ਰਿਹਾ ਹੈ। ਸਰਕਾਰੀ ਸੂਤਰਾਂ ਨੇ ਦੱਸਿਆ ਕਿ ਹਰਦਿਆਲ ਸਿੰਘ ਢੀਂਡਸਾ ਥਾਈਲੈਂਡ, ਜਸਕਰਨ ਸਿੰਘ ਬਲ ਅਤੇ ਹਰਵੀਰ ਸਿੰਘ ਇੰਗਲੈਂਡ ਦੀਆਂ ਜੇਲ੍ਹਾਂ ਵਿਚ ਉਮਰ ਕੈਦ ਦੀ ਸਜ਼ਾ ਭੁਗਤ ਰਹੇ ਹਨ। ਉਨ੍ਹਾਂ ਪੰਜਾਬ ਦੀਆਂ ਜੇਲ੍ਹਾਂ ਵਿਚ ਤਬਾਦਲੇ ਦੀ ਕੇਂਦਰੀ ਗ੍ਰਹਿ ਮੰਤਰਾਲੇ ਕੋਲ ਫਰਿਆਦ ਕੀਤੀ ਸੀ ਜਿਸ ਨੂੰ ਹੁਣ ਪੰਜਾਬ ਕੋਲ ਭੇਜਿਆ ਗਿਆ ਹੈ। ਸੂਬਾ ਸਰਕਾਰ ਕੋਲੋਂ ਇਸ ਬਾਰੇ ‘ਕੋਈ ਇਤਰਾਜ਼ ਨਹੀਂ’ ਦਾ ਸਰਟੀਫਿਕੇਟ ਮੰਗਿਆ ਗਿਆ ਹੈ ਅਤੇ ਇਹ ਜਾਰੀ ਹੋਣ ਨਾਲ ਇਨ੍ਹਾਂ ਕੈਦੀਆਂ ਨੂੰ ਆਪਣੇ ਗ੍ਰਹਿ ਸੂਬੇ ਵਿਚ ਲਿਆਉਣ ਦਾ ਰਾਹ ਸਾਫ਼ ਹੋ ਜਾਏਗਾ।
ਸਿੱਖ ਕੈਦੀਆਂ ਨੂੰ ਪੰਜਾਬ ਲਿਆਉਣ ਦੇ ਫ਼ੈਸਲੇ ਨਾਲ ਹੁਕਮਰਾਨ ਅਕਾਲੀ ਦਲ ਦੀ ਸਾਖ ਪਰਵਾਸੀ ਪੰਜਾਬੀਆਂ ਵਿਚ ਸੁਧਰੇਗੀ। ਅਕਾਲੀ ਦਲ ਦੇ ਆਗੂਆਂ ਦੀ ਟੀਮ ਵੱਲੋਂ ਅਮਰੀਕਾ ਅਤੇ ਕੈਨੇਡਾ ਵਿਚ ਪਹਿਲਾਂ ਹੀ ਦੌਰੇ ਕੀਤੇ ਜਾ ਰਹੇ ਹਨ। ਸੀਨੀਅਰ ਸਰਕਾਰੀ ਅਹੁਦੇਦਾਰ ਨੇ ਕਿਹਾ ਕਿ ਆਮ ਆਦਮੀ ਪਾਰਟੀ ਨੂੰ ਪਰਵਾਸੀ ਪੰਜਾਬੀਆਂ ਤੋਂ ਚੰਗੀ ਹਮਾਇਤ ਮਿਲ ਰਹੀ ਹੈ ਅਤੇ ਉਨ੍ਹਾਂ ਦਾ ਅਕਾਲੀ ਦਲ ਖ਼ਿਲਾਫ਼ ਗੁੱਸਾ ਵਧਦਾ ਜਾ ਰਿਹਾ ਹੈ। ਉਸ ਨੇ ਕਿਹਾ ਕਿ ਸਰਕਾਰ ਉਨ੍ਹਾਂ ਦਾ ਭਰੋਸਾ ਜਿੱਤਣ ਲਈ ਹਰ ਹੀਲਾ ਵਰਤ ਰਹੀ ਹੈ। ਇਸੇ ਰਣਨੀਤੀ ਤਹਿਤ ਦਵਿੰਦਰ ਪਾਲ ਸਿੰਘ ਭੁੱਲਰ ਤੇ ਗੁਰਪ੍ਰੀਤ ਸਿੰਘ ਖੇੜਾ ਨੂੰ ਪਿਛਲੇ ਮਹੀਨੇ ਅੰਮ੍ਰਿਤਸਰ ਜੇਲ੍ਹ ਵਿਚ ਤਬਦੀਲ ਕਰਵਾ ਲਿਆ ਗਿਆ। ਰਾਜ ਸਰਕਾਰ ਵੱਲੋਂ ਹੁਣ ਬਰੇਲੀ ਦੀ ਜੇਲ੍ਹ ਵਿਚ ਬੰਦ ਵਰਿਆਮ ਸਿੰਘ ਦੇ ਤਬਾਦਲੇ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ।
ਪੰਜਾਬ ਪੁਲਿਸ ਦੇ ਸਾਬਕਾ ਮੁਖੀ ਕੇ ਪੀæਐਸ਼ ਗਿੱਲ ਨੇ ਖਾੜਕੂਆਂ ਦੀ ਰਿਹਾਈ ਤੇ ਉਨ੍ਹਾਂ ਨੂੰ ਮਾਨਵੀ ਆਧਾਰ ਉਤੇ ਸੂਬੇ ਦੀਆਂ ਜੇਲ੍ਹਾਂ ਵਿਚ ਤਬਾਦਲਾ ਕਰਾਉਣ ਦੀ ਰਣਨੀਤੀ ਦਾ ਤਿੱਖਾ ਵਿਰੋਧ ਕੀਤਾ ਹੈ। ਉਨ੍ਹਾਂ ਕਿਹਾ ਕਿ ਦੂਜੇ ਵਿਅਕਤੀ ਦੀ ਜਾਨ ਲੈਣ ਵਾਲੇ ਨਾਲ ਨਰਮੀ ਵਾਲਾ ਵਤੀਰਾ ਨਹੀਂ ਅਪਣਾਇਆ ਜਾਣਾ ਚਾਹੀਦਾ। ਅਜਿਹੇ ਮਾਮਲਿਆਂ ਵਿਚ ਉਨ੍ਹਾਂ ਨੂੰ ਛੱਡਣਾ ਨਹੀਂ ਚਾਹੀਦਾ ਅਤੇ ਜੇਲ੍ਹ ਵਿਚ ਰੱਖਣਾ ਚਾਹੀਦਾ ਹੈ। ਸ੍ਰੀ ਗਿੱਲ ਨੇ ਕਿਹਾ ਕਿ ਸਿਆਸੀ ਪਾਰਟੀਆਂ ਬੇਰੁਜ਼ਗਾਰੀ ਦੀ ਸਮੱਸਿਆ ਹੱਲ ਕਰਨ ਵਿਚ ਨਾਕਾਮ ਰਹੀਆਂ ਹਨ ਤੇ ਇਸੇ ਕਾਰਨ ਅਤਿਵਾਦ ਫੈਲਦਾ ਹੈ। ਉਨ੍ਹਾਂ ਖਾੜਕੂਆਂ ਦੇ ਤਬਾਦਲੇ ਪਿੱਛੇ ਅਕਾਲੀ ਦਲ ਦੀ ਖਾਸ ਰਣਨੀਤੀ ਤੋਂ ਇਨਕਾਰ ਕੀਤਾ ਪਰ ਭਾਜਪਾ ਆਗੂਆਂ ਵੱਲੋਂ ਵਿਰੋਧ ਕੀਤੇ ਜਾਣ ਉਤੇ ਉਨ੍ਹਾਂ ਹੈਰਾਨੀ ਪ੍ਰਗਟ ਕੀਤੀ।