ਕਸ਼ਮੀਰ ਮੁੱਦੇ ਉਤੇ ਇਕ ਵਾਰ ਫਿਰ ਅੜਿਆ ਪਾਕਿਸਤਾਨ

ਲਾਹੌਰ: ਤਕਰੀਬਨ ਇਕ ਸਾਲ ਦੇ ਵਕਫ਼ੇ ਮਗਰੋਂ ਰੂਸ ਦੇ ਸ਼ਹਿਰ ਉਫਾ ਵਿਚ ਰੁਕੀ ਹੋਈ ਗੱਲਬਾਤ ਦੀ ਪ੍ਰਕਿਰਿਆ ਨੂੰ ਮੁੜ ਸੁਰਜੀਤ ਕਰਨ ਬਾਰੇ ਵਾਅਦੇ ਤੋਂ ਪਾਕਿਸਤਾਨ ਮੁੜ ਪਲਟੀ ਮਾਰ ਗਿਆ ਹੈ। ਪਾਕਿਸਤਾਨ ਨੇ ਵਾਅਦੇ ਤੋਂ ਮੁੱਕਰਦਿਆਂ ਮੁੰਬਈ ਹਮਲੇ ਦੇ ਮਾਮਲੇ ਵਿਚ ਭਾਰਤ ਤੋਂ ਵਾਧੂ ਸਬੂਤ ਤੇ ਹੋਰ ਜਾਣਕਾਰੀ ਮੰਗੀ ਹੈ।

ਇਹ ਵੀ ਜ਼ੋਰ ਦੇ ਕੇ ਕਿਹਾ ਕਿ ਏਜੰਡੇ ਉਤੇ ਕਸ਼ਮੀਰ ਮੁੱਦਾ ਰੱਖੇ ਬਿਨਾਂ ਭਾਰਤ ਨਾਲ ਕੋਈ ਵਾਰਤਾ ਨਹੀਂ ਹੋ ਸਕਦੀ। ਆਪਣੇ ਪੁਰਾਣੇ ਰਵਈਏ ਉਤੇ ਪਰਤਦਿਆਂ ਕੌਮੀ ਸੁਰੱਖਿਆ ਤੇ ਵਿਦੇਸ਼ ਮਾਮਲਿਆਂ ਬਾਰੇ ਸਲਾਹਕਾਰ ਸਰਤਾਜ ਅਜ਼ੀਜ਼ ਨੇ ਸਪਸ਼ਟ ਕੀਤਾ ਹੈ ਕਿ ਜਦੋਂ ਤੱਕ ਕਸ਼ਮੀਰ ਮੁੱਦਾ ਏਜੰਡੇ ਵਿਚ ਸ਼ਾਮਲ ਨਹੀਂ ਕੀਤਾ ਜਾਏਗਾ, ਭਾਰਤ ਨਾਲ ਕੋਈ ਗੱਲਬਾਤ ਨਹੀਂ ਹੋਏਗੀ।
ਪਾਕਿਸਤਾਨ ਹਾਈ ਕਮਿਸ਼ਨ ਨੇ 21 ਜੁਲਾਈ ਨੂੰ ਈਦ ਮਿਲਨ ਸਮਾਗਮ ਲਈ ਕਸ਼ਮੀਰੀ ਵੱਖਵਾਦੀ ਆਗੂਆਂ ਨੂੰ ਵੀ ਸੱਦਾ ਦਿੱਤਾ ਹੈ। ਦੱਸਣਯੋਗ ਹੈ ਕਿ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਤੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ਵਿਚਾਲੇ ਰੂਸ ਦੇ ਸ਼ਹਿਰ ਊਫਾ ਵਿਚ ਮੁਲਾਕਾਤ ਦੌਰਾਨ ਵੱਖ-ਵੱਖ ਮਾਮਲਿਆਂ ਉੱਤੇ ਗੱਲਬਾਤ ਨੂੰ ਅੱਗੇ ਵਧਾਉਣ ਦਾ ਫ਼ੈਸਲਾ ਹੋਇਆ ਸੀ। ਮੋਦੀ ਨੇ ਅਗਲੇ ਸਾਲ ਇਸਲਾਮਾਬਾਦ ਵਿਚ ਹੋਣ ਜਾ ਰਹੇ ਸਾਰਕ ਸੰਮੇਲਨ ਵਿਚ ਸ਼ਾਮਲ ਹੋਣ ਦੀ ਹਾਮੀ ਵੀ ਭਰੀ ਸੀ।
ਇਸੇ ਗੱਲਬਾਤ ਦੇ ਨਤੀਜੇ ਵਜੋਂ ਦੋਵੇਂ ਦੇਸ਼ਾਂ ਦੇ ਕੌਮੀ ਸੁਰੱਖਿਆ ਸਲਾਹਕਾਰ ਦਿੱਲੀ ਵਿਚ ਮਿਲਣਗੇ। ਬੀæਐਸ਼ਐਫ਼ ਤੇ ਪਾਕਿਸਤਾਨੀ ਰੇਂਜਰਾਂ ਦੀ ਡੀæਜੀæ ਪੱਧਰ ਦੀ ਮੀਟਿੰਗ ਤੇ ਪੰਦਰਾਂ ਦਿਨਾਂ ਦੇ ਅੰਦਰ ਦੋਵੇਂ ਦੇਸ਼ਾਂ ਦੇ ਮਛੇਰਿਆਂ ਨੂੰ ਛੱਡਣ ਦਾ ਫ਼ੈਸਲਾ ਹੋਵੇਗਾ ਪਰ ਪਾਕਿਸਤਾਨ ਦੇ ਇਸ ਪੈਂਤੜੇ ਨੇ ਗੱਲਬਾਤ ਨੂੰ ਲੀਹੋਂ ਲਾਹੁਣ ਵੱਲ ਕਦਮ ਵਧਾਇਆ ਹੈ। ਦੋਵਾਂ ਆਗੂਆਂ ਵਿਚ ਇਹ ਗੱਲ ਵੀ ਹੋਈ ਸੀ ਕਿ ਧਾਰਮਿਕ ਸੈਰ-ਸਪਾਟਾ ਵਧਾਉਣ ਅਤੇ 26/11 ਦੇ ਮੁੰਬਈ ਹਮਲਿਆਂ ਦੇ ਦੋਸ਼ੀਆਂ ਨੂੰ ਸਜ਼ਾ ਦੇਣ ਦਾ ਅਮਲ ਤੇਜ਼ ਕਰਨ ਲਈ ਸਾਜਿਸ਼ੀਆਂ ਦੀ ਆਵਾਜ਼ ਦੇ ਨਮੂਨੇ ਭਾਰਤ ਨੂੰ ਸੌਂਪੇਗਾ।
ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ਤੇ ਉਨ੍ਹਾਂ ਦੇ ਭਾਰਤੀ ਹਮਰੁਤਬਾ ਨਰੇਂਦਰ ਮੋਦੀ ਵਿਚਕਾਰ ਮਿਲਣੀ ਬਾਰੇ ਪਾਕਿਸਤਾਨ ਵਿਚ ਮਿਲੀ ਜੁਲੀ ਪ੍ਰਤੀਕਿਰਿਆ ਹੋਈ ਸੀ। ਜ਼ਿਆਦਾਤਰ ਸਿਆਸੀ ਪਾਰਟੀਆਂ ਨੇ ਸ਼ਰੀਫ਼ ਉਤੇ ਕਸ਼ਮੀਰ ਮੁੱਦਾ ਚੁੱਕਣ ਵਿਚ ਨਾਕਾਮ ਰਹਿਣ ਦਾ ਦੋਸ਼ ਲਾਇਆ ਸੀ। ਵਿਰੋਧੀ ਪਾਕਿਸਤਾਨ ਪੀਪਲਜ਼ ਪਾਰਟੀ (ਪੀæਪੀæਪੀæ) ਨੇ ਕਿਹਾ ਸੀ ਕਿ ਸ਼ਰੀਫ਼ ਪਾਕਿਸਤਾਨ ਦੀਆਂ ਚਿੰਤਾਵਾਂ ਦੀ ਸਪੱਸ਼ਟ ਅਤੇ ਸਹੀ ਅਰਥਾਂ ਵਿਚ ਨਿਸ਼ਾਨਦੇਹੀ ਕਰਨ ਵਿਚ ਨਾਕਾਮ ਰਹੇ।
ਪੀæਪੀæਪੀæ ਦੀ ਸੀਨੀਅਰ ਆਗੂ ਤੇ ਅਮਰੀਕਾ ਵਿਚ ਸਾਬਕਾ ਸਫ਼ੀਰ ਸ਼ੈਰੀ ਰਹਿਮਾਨ ਨੇ ਇਸ ਮੀਟਿੰਗ ਨੂੰ ਇਕਤਰਫ਼ਾ ਦੱਸਿਆ ਸੀ। ਇਸ ਤੋਂ ਪਹਿਲਾਂ ਪੀæਪੀæਪੀæ ਆਗੂ ਤੇ ਸਾਬਕਾ ਗ੍ਰਹਿ ਮੰਤਰੀ ਰਹਿਮਾਨ ਮਲਿਕ ਨੇ ਕਿਹਾ ਕਿ ਇਹ ਪਾਕਿਸਤਾਨ ਦੀ ਬੇਇੱਜ਼ਤੀ ਹੈ ਕਿਉਂਕਿ ਮੀਟਿੰਗ ਵਿਚ ਮੋਦੀ ਨੇ ‘ਹੈਂਕੜ ਭਰਿਆ’ ਤੇ ਰੂਸ ਦੇ ਜ਼ਾਰ ਵਰਗਾ ਵਰਤਾਓ ਕੀਤਾ।
ਮੋਦੀ ਵੱਲੋਂ ਆਪਣੀ ਸਰਕਾਰ ਦੇ ਹਲਫ਼ਦਾਰੀ ਸਮਾਗਮ ਵਿਚ ਦੱਖਣੀ ਏਸ਼ੀਆ ਦੇ ਮੁਲਕਾਂ ਦੇ ਮੁਖੀਆਂ ਨੂੰ ਸ਼ਾਮਲ ਹੋਣ ਦਾ ਸੱਦਾ ਦੇਣ ਦਾ ਭਰਵਾਂ ਸਵਾਗਤ ਹੋਇਆ ਸੀ ਪਰ ਇਸ ਰਸਮੀ ਕਾਰਵਾਈ ਤੋਂ ਬਾਅਦ ਪਾਕਿਸਤਾਨ ਨਾਲ ਸਬੰਧਾਂ ਵਿਚ ਖ਼ਟਾਸ ਲਗਾਤਾਰ ਵਧਦੀ ਜਾ ਰਹੀ ਸੀ। ਮਿਆਂਮਾਰ ਵਿਚ ਭਾਰਤੀ ਫ਼ੌਜ ਵੱਲੋਂ ਕੀਤੀ ਗਈ ਕਾਰਵਾਈ ਤੋਂ ਬਾਅਦ ਭਾਰਤ ਤੇ ਪਾਕਿਸਤਾਨ ਦੀ ਇਕ ਦੂਜੇ ਖ਼ਿਲਾਫ ਸਖ਼ਤ ਪ੍ਰਤੀਕਿਰਿਆ ਤੇ ਨਵੰਬਰ 2008 ਦੇ ਮੁੰਬਈ ਹਮਲੇ ਦੇ ਮੁੱਖ ਦੋਸ਼ੀ ਮੰਨੇ ਜਾ ਰਹੇ ਜ਼ਕੀ-ਉਰ-ਰਹਿਮਾਨ ਲਖਵੀ ਦੀ ਰਿਹਾਈ ਨੇ ਦੋਵਾਂ ਦੇਸ਼ਾਂ ਦੇ ਸਬੰਧਾਂ ਵਿਚ ਹੋਰ ਤਲਖ਼ੀ ਲੈ ਆਂਦੀ ਸੀ। ਭਾਰਤ ਨੇ ਪਾਕਿਸਤਾਨ ਉੱਤੇ ਅਤਿਵਾਦ ਦੀ ਹਮਾਇਤ ਕਰਨ ਦੇ ਦੋਸ਼ ਵਿਚ ਯੂæਐਨæਓæ ਦੀ ਇਕ ਕਮੇਟੀ ਕੋਲ ਪਟੀਸ਼ਨ ਵੀ ਦਾਇਰ ਕੀਤੀ ਸੀ ਪਰ ਚੀਨ ਦੇ ਪਾਕਿਸਤਾਨ ਦੇ ਪੱਖ ਵਿਚ ਖੜ੍ਹ ਜਾਣ ਕਰਕੇ ਇਸ ਉੱਤੇ ਫ਼ੈਸਲਾਨਹੀਂ ਹੋ ਸਕਿਆ ਸੀ।
ਪਹਿਲਾਂ ਵੀ ਭਾਰਤ ਸਰਕਾਰ ਵੱਲੋਂ ਅਤਿਵਾਦ ਤੇ ਗੱਲਬਾਤ ਨਾਲੋ-ਨਾਲ ਨਾ ਚੱਲ ਸਕਣ ਦੀ ਦਲੀਲ ਦੇ ਕੇ ਪਾਕਿਸਤਾਨ ਨਾਲ ਗੱਲਬਾਤ ਅੱਗੇ ਵਧਾਉਣ ਤੋਂ ਇਨਕਾਰ ਕਰ ਦਿੱਤਾ ਗਿਆ ਸੀ। ਨਵਾਜ਼ ਸ਼ਰੀਫ਼ ਤੇ ਨਰੇਂਦਰ ਮੋਦੀ ਸਾਹਮਣੇ ਆਪੋ-ਆਪਣੇ ਕੱਟੜਵਾਦੀ ਸਮਰਥਕਾਂ ਨੂੰ ਦੋਵੇਂ ਦੇਸ਼ਾਂ ਦੇ ਸਬੰਧਾਂ ਵਿਚ ਸੁਧਾਰ ਲਈ ਸਹਿਮਤ ਕਰਵਾਉਣਾ ਸਭ ਤੋਂ ਵੱਡੀ ਚੁਣੌਤੀ ਹੈ। ਦੋਵੇਂ ਹੀ ਅਜਿਹੀ ਸਿਆਸੀ ਜ਼ਮੀਨ ਉੱਤੇ ਖੜ੍ਹੇ ਹਨ ਜਿਥੇ ਜੰਗੀ ਮਾਨਸਿਕਤਾ ਦਾ ਕਾਫ਼ੀ ਬੋਲਬਾਲਾ ਹੈ। ਦੋਵਾਂ ਦੇਸ਼ਾਂ ਵੱਲੋਂ ਪਹਿਲਾਂ ਵੀ ਅਜਿਹੀਆਂ ਕੋਸ਼ਿਸ਼ਾਂ ਕੀਤੀਆਂ ਗਈਆਂ ਹਨ ਪਰ ਪਾਕਿਸਤਾਨ ਸਰਕਾਰ ‘ਤੇ ਫੌਜ ਦਾ ਹਾਵੀ ਹੋਣਾ ਇਨ੍ਹਾਂ ਕੋਸ਼ਿਸ਼ਾਂ ਨੂੰ ਬੂਰ ਨਹੀਂ ਪੈਣ ਦਿੰਦਾ। ਪਾਕਿ ਫੌਜ ਕੱਟੜਪੰਥੀਆਂ ਦੀ ਹਮਾਇਤੀ ਰਹੀ ਹੈ ਤੇ ਅਤਿਵਾਦ ਖਿਲਾਫ ਕੋਈ ਕਦਮ ਸਰਕਾਰ ਨੂੰ ਫੌਜ ਦੇ ਇਸ਼ਾਰੇ ‘ਤੇ ਹੀ ਚੁੱਕਣਾ ਪੈਂਦਾ ਹੈ।
__________________________________
ਸ਼ੰਘਾਈ ਕਾਰਪੋਰੇਸ਼ਨ ਦਾ ਸਥਾਈ ਮੈਂਬਰ ਬਣਿਆ ਭਾਰਤ
ਉਫਾ (ਰੂਸ): ਭਾਰਤ ਨੂੰ ਸ਼ੰਘਾਈ ਕਾਰਪੋਰੇਸ਼ਨ ਆਰਗੇਨਾਈਜੇਸ਼ਨ (ਐਸ਼ਸੀæਓæ) ਦੇ ਸਥਾਈ ਮੈਂਬਰ ਵਜੋਂ ਪ੍ਰਵਾਨ ਕਰ ਲਿਆ ਗਿਆ। ਇਸ ਛੇ ਮੈਂਬਰੀ ਖੇਤਰੀ ਗਰੁੱਪ ਵਿਚ ਚੀਨ ਤੇ ਰੂਸ ਵੀ ਸ਼ਾਮਲ ਹਨ। ਦਸ ਸਾਲਾਂ ਤੋਂ ਇਸ ਗਰੁੱਪ ਦਾ ਅਬਜ਼ਰਵਰ ਮੈਂਬਰ ਭਾਰਤ ਕੁਝ ਕਾਰਵਾਈ ਮੁਕੰਮਲ ਕਰਨ ਮਗਰੋਂ ਅਗਲੇ ਸਾਲ ਤਕਨੀਕੀ ਤੌਰ ਉਤੇ ਇਸ ਦਾ ਸਥਾਈ ਮੈਂਬਰ ਬਣ ਜਾਵੇਗਾ। ਪੇਈਚਿੰਗ ਆਧਾਰਤ ਐਸ਼ਸੀæਓæ ਵਿਚ ਕਜ਼ਾਖਸਤਾਨ, ਕਿਰਗਿਸਤਾਨ, ਉਜ਼ਬੇਕਿਸਤਾਨ ਅਤੇ ਤਜਾਕਿਸਤਾਨ ਵੀ ਸ਼ਾਮਲ ਹਨ।