ਨਵੀਂ ਦਿੱਲੀ: ਸੁਪਰੀਮ ਕੋਰਟ ਨੇ ਭਾਵੇਂ ਮੱਧ ਪ੍ਰਦੇਸ਼ ‘ਪ੍ਰੋਫੈਸ਼ਨਲ ਇਗਜ਼ਾਮੀਨੇਸ਼ਨ ਬੋਰਡ’ (ਵਿਆਪਮ) ਦੇ ਵਿਆਪਕ ਘੁਟਾਲੇ ਦੀ ਜਾਂਚ ਸੀæਬੀæਆਈæ ਹਵਾਲੇ ਕਰ ਦਿੱਤੀ ਹੈ ਪਰ ਇਸ ਘੁਟਾਲੇ ਦੀ ਜਾਂਚ ਪ੍ਰਤੀ ਭਾਜਪਾ ਦੀ ਨੀਤੀ ਤੇ ਨੀਅਤ ਨੇ ਨਰੇਂਦਰ ਮੋਦੀ ਸਰਕਾਰ ਦੀ ਪਾਕ ਸਾਫ ਸਰਕਾਰ ਵਾਲੇ ਦਾਅਵੇ ਨੂੰ ਵੱਡਾ ਧੱਕਾ ਦਿੱਤਾ ਹੈ। ਕੇਂਦਰ ਵਿਚ ਮੋਦੀ ਸਰਕਾਰ ਨੇ ਆਪਣੇ ਕਾਰਜਕਾਲ ਦਾ ਅਜੇ ਮਸਾਂ ਇਕ ਸਾਲ ਹੀ ਪੂਰਾ ਕੀਤਾ ਹੈ।
ਪਹਿਲਾਂ ਉਸ ਨੂੰ ਲਲਿਤ ਗੇਟ ਨੇ ਚੰਗੀ ਤਰ੍ਹਾਂ ਮਧੋਲਿਆ ਤੇ ਹੁਣ ਵਿਆਪਮ ਘੁਟਾਲੇ ਨੇ ਉਸ ਦੀ ਸਾਖ਼ ਨੂੰ ਹੋਰ ਵੀ ਖੋਰਾ ਲਾ ਦਿੱਤਾ ਹੈ। ਪ੍ਰਧਾਨ ਮੰਤਰੀ ਨੇ ਕੌਮੀ ਚਰਚਾ ਦਾ ਰੁਖ਼ ਘੁਟਾਲਿਆਂ ਤੋਂ ਵਿਕਾਸ ਵੱਲ ਮੋੜਨ ਤੇ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦੀ ਅਗਵਾਈ ਵਾਲੇ ਸਾਂਝੇ ਪ੍ਰਗਤੀਸ਼ੀਲ ਗੱਠਜੋੜ ਦੀ ਸਰਕਾਰ ਨਾਲ ਮੌਜੂਦਾ ਸਥਿਤੀ ਦੀ ਤੁਲਨਾ ਕਰਨ ਵਿਚ ਮਾਣ ਮਹਿਸੂਸ ਕੀਤਾ ਸੀ ਪਰ ਕੇਂਦਰ ਵਿਚ ਭਾਜਪਾ ਦੀ ਸਰਕਾਰ ਬਣਨ ਤੋਂ ਮਹਿਜ਼ ਇਕ ਸਾਲ ਮਗਰੋਂ ਕਹਾਣੀ ਵਿਚ ਨਵਾਂ ਮੋੜ ਉਦੋਂ ਆਇਆ ਜਦੋਂ ਭਾਜਪਾ ਨਾਲ ਸਬੰਧਤ ਵੱਖ-ਵੱਖ ਘੁਟਾਲੇ ਸਿਆਸੀ ਸਫ਼ਾਂ ਵਿਚ ਚਰਚਾ ਦਾ ਵਿਸ਼ਾ ਬਣ ਗਏ।
ਭਾਜਪਾ ਸਰਕਾਰ ਦੀ ਮਹਿਲਾ ਮੰਤਰੀ ਮੰਤਰੀ ਸੁਸ਼ਮਾ ਸਵਰਾਜ ਤੇ ਰਾਜਸਥਾਨ ਦੀ ਮੁੱਖ ਮੰਤਰੀ ਵਸੁੰਧਰਾ ਰਾਜੇ ਕ੍ਰਿਕਟ ਜਗਤ ਦੇ ਬੇਤਾਜ ਬਾਦਸ਼ਾਹ ਲਲਿਤ ਮੋਦੀ ਦੀ ਮਦਦ ਕਰਨ ਖ਼ਾਤਿਰ ਆਪੋ-ਆਪਣੇ ਅਹੁਦੇ ਤੇ ਰੁਤਬੇ ਦੀ ਮਰਿਆਦਾ ਦਾਅ ਉਤੇ ਲਾਈ। ਸੁਸ਼ਮਾ ਸਵਰਾਜ ਨੇ ਭਾਰਤੀ ਕਾਨੂੰਨ ਏਜੰਸੀਆਂ ਤੋਂ ਭਗੌੜੇ ਹੋਏ ਲਲਿਤ ਮੋਦੀ ਨੂੰ ਯਾਤਰਾ ਦਸਤਾਵੇਜ਼ ਦਿਵਾਉਣ ਲਈ ਬਰਤਾਨਵੀ ਸਰਕਾਰ ਕੋਲ ਸਿਫ਼ਾਰਸ਼ ਕੀਤੀ ਸੀ। ਗ਼ੌਰਤਲਬ ਹੈ ਕਿ ਲੰਡਨ ਵਿਖੇ ਰਹਿ ਰਿਹਾ ਲਲਿਤ ਮੋਦੀ ਭਾਰਤੀ ਨਿਆਂ ਪ੍ਰਣਾਲੀ ਦਾ ਭਗੌੜਾ ਹੈ ਤੇ ਉਸ ਖ਼ਿਲਾਫ਼ ਜਾਂਚ ਚੱਲ ਰਹੀ ਹੈ।
ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਇਨ੍ਹਾਂ ਦੋਵਾਂ ਮਾਮਲਿਆਂ ਵਿਚੋਂ ਕਿਸੇ ਇਕ ਬਾਰੇ ਵੀ ਜਨਤਕ ਤੌਰ ਉਤੇ ਕੁਝ ਨਹੀਂ ਕਿਹਾ। ਆਮ ਤੌਰ ਉਤੇ ਸੋਸ਼ਲ ਮੀਡੀਆ ਰਾਹੀਂ ਲੋਕਾਂ ਦੇ ਰੂ-ਬਰੂ ਹੋਕੇ ਖੁੱਲ੍ਹ ਕੇ ਵਿਚਾਰ ਪ੍ਰਗਟਾਉਣ ਵਾਲੇ ਪ੍ਰਧਾਨ ਮੰਤਰੀ ਵੱਲੋਂ ਪਾਰਟੀ ਆਗੂਆਂ ਦੀਆਂ ਅਜਿਹੀਆਂ ਕਾਰਵਾਈਆਂ ਬਾਰੇ ਧਾਰੀ ਚੁੱਪ ਦੇ ਮੁੱਦੇ ਉਤੇ ਵਿਰੋਧੀ ਧਿਰ ਨੇ ਕਾਫ਼ੀ ਤਨਜ਼ੀਆ ਬਾਣ ਛੱਡੇ। ਜਿਨ੍ਹਾਂ ਦਾ ਪ੍ਰਧਾਨ ਮੰਤਰੀ ਉਤੇ ਅਜੇ ਤੱਕ ਅਸਰ ਨਹੀਂ ਹੋਇਆ।
ਮੱਧ ਪ੍ਰਦੇਸ਼ ਦੇ ਭਾਜਪਾ ਦੇ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਵਿਆਪਕ ਪੱਧਰ ਉੱਤੇ ਵਿਆਪਮ ਭਰਤੀ ਘੁਟਾਲੇ ਕਾਰਨ ਸਭ ਪਾਸਿਉਂ ਘਿਰੇ ਹਨ। ਜਿਉਂ-ਜਿਉਂ ਵਿਆਪਮ ਘੁਟਾਲੇ ਨਾਲ ਕਿਸੇ ਨਾ ਕਿਸੇ ਰੂਪ ਵਿਚ ਪ੍ਰਭਾਵਿਤ ਵਿਅਕਤੀਆਂ ਦੀਆਂ ਭੇਦਭਰੀਆਂ ਮੌਤਾਂ ਦੀਆਂ ਖ਼ਬਰਾਂ ਬਾਹਰ ਆਉਣ ਲੱਗੀਆਂ, ਸ੍ਰੀ ਚੌਹਾਨ ਦੇ ਚਿਹਰੇ ਉਤੇ ਚਿੰਤਾ ਦੀਆਂ ਲਕੀਰਾਂ ਦਿਨ-ਬ-ਦਿਨ ਗਹਿਰੀਆਂ ਹੋਣ ਲੱਗੀਆਂ। ਆਖ਼ਰਕਾਰ ਉਨ੍ਹਾਂ ਨੂੰ ਘੁਟਾਲੇ ਦੀ ਜਾਂਚ ਸੀæਬੀæਆਈæ ਤੋਂ ਕਰਵਾਉਣ ਲਈ ਸਹਿਮਤ ਹੋਣਾ ਪਿਆ।
ਭਾਜਪਾ ਉੱਤੇ ਡਿੱਗੀ ਘੁਟਾਲਿਆਂ ਦੀ ਗਾਜ ਪ੍ਰਧਾਨ ਮੰਤਰੀ ਨੂੰ ਇਹ ਦੱਸਣ ਲਈ ਕਾਫ਼ੀ ਸੀ ਕਿ ਘੁਟਾਲਿਆਂ ਉੱਤੇ ਕਿਸੇ ਇਕ ਹੀ ਪਾਰਟੀ ਜਾਂ ਗੱਠਜੋੜ ਦਾ ਏਕਾਧਿਕਾਰ ਨਹੀਂ ਹੁੰਦਾ ਤੇ ਸਰਕਾਰ ਬਦਲਣ ਨਾਲ ਭ੍ਰਿਸ਼ਟਾਚਾਰ ਦਾ ਖ਼ਾਤਮਾ ਨਹੀਂ ਹੋਇਆ। ਰਾਸ਼ਟਰੀ ਸਵੈਮਸੇਵਕ ਸੰਘ (ਆਰਐੱਸਐੱਸ) ਦੀ ਵਿਚਾਰਧਾਰਾ ਨੂੰ ਪ੍ਰਣਾਈ ਹੋਣ ਦੇ ਬਾਵਜੂਦ ਭਾਜਪਾ ਕਿਸੇ ਵੀ ਹੋਰ ਪਾਰਟੀ ਵਾਂਗ ਜੋੜ-ਤੋੜ ਦੀ ਸਿਆਸਤ ਦੇ ਚਿੱਕੜ ਵਿਚ ਪੂਰੀ ਤਰ੍ਹਾਂ ਖੁੱਭ ਗਈ ਹੈ। ਮੌਜੂਦਾ ਘਟਨਾਵਾਂ ਸ੍ਰੀ ਨਰੇਂਦਰ ਮੋਦੀ ਦੀਆਂ ਸਿਆਸੀ ਮਜਬੂਰੀਆਂ ਨੂੰ ਪ੍ਰਗਟ ਕਰ ਰਹੀਆਂ ਹਨ ਜਿਨ੍ਹਾਂ ਕਾਰਨ ਉਹ ਮੁਸੀਬਤਾਂ ਨੂੰ ਸਿੱਧਾ ਟੱਕਰਨ ਦੀ ਥਾਂ ਆਪਣੀਆਂ ਅੱਖਾਂ ਬੰਦ ਕਰਨ ਲਈ ਮਜਬੂਰ ਹੋ ਗਏ ਹਨ।
ਪਿਛਲੇ ਕਿੰਨੇ ਹੀ ਦਿਨਾਂ ਤੋਂ ਕੌਮੀ ਪੱਧਰ ਉਤੇ ਇਹ ਘੁਟਾਲਾ ਚਰਚਾ ਦਾ ਵਿਸ਼ਾ ਬਣਿਆ ਹੋਇਆ ਸੀ। ਬਹੁਤ ਸਾਰੀਆਂ ਵਿਰੋਧੀ ਪਾਰਟੀਆਂ ਇਹ ਮੰਗ ਕਰ ਰਹੀਆਂ ਸਨ ਕਿ ਇਸ ਦੀ ਜਾਂਚ ਸੀæਬੀæਆਈæ ਤੋਂ ਕਰਵਾਈ ਜਾਏ। ਸੁਪਰੀਮ ਕੋਰਟ ਵਿਚ ਇਸ ਸਬੰਧੀ ਕਾਂਗਰਸ, ਆਮ ਆਦਮੀ ਪਾਰਟੀ ਤੇ ਇਸ ਘੁਟਾਲੇ ਦਾ ਪਰਦਾਫਾਸ਼ ਕਰਨ ਵਾਲੇ ਕਈ ਹੋਰ ਨਾਗਰਿਕਾਂ ਨੇ ਅਜਿਹੀ ਜਾਂਚ ਦੀ ਮੰਗ ਲਈ ਜਨਤਕ ਹਿੱਤ ਵਿਚ ਪਟੀਸ਼ਨਾਂ ਦਾਇਰ ਕੀਤੀਆਂ ਹੋਈਆਂ ਸਨ, ਜਿਨ੍ਹਾਂ ਉਤੇ ਸੁਣਵਾਈ ਕਰਦਿਆਂ ਸੁਪਰੀਮ ਕੋਰਟ ਨੇ ਵਿਆਪਮ ਘੁਟਾਲੇ ਤੇ ਇਸ ਨਾਲ ਕਿਸੇ ਨਾ ਕਿਸੇ ਰੂਪ ਵਿਚ ਜੁੜੇ ਹੋਏ ਬਹੁਤ ਸਾਰੇ ਲੋਕਾਂ ਦੀਆਂ ਹੋਈਆਂ ਮੌਤਾਂ ਦੀ ਜਾਂਚ ਸੀæਬੀæਆਈæ ਨੂੰ ਕਰਨ ਦੇ ਆਦੇਸ਼ ਦੇ ਦਿੱਤੇ ਹਨ। ਇਸ ਦੇ ਨਾਲ ਹੀ ਸੁਪਰੀਮ ਕੋਰਟ ਨੇ ਮੱਧ ਪ੍ਰਦੇਸ਼ ਦੇ ਗਵਰਨਰ ਨਰੇਸ਼ ਯਾਦਵ ਦੇ ਵੀ ਇਸ ਘਪਲੇ ਵਿਚ ਸ਼ਾਮਲ ਹੋਣ ਦੇ ਲੱਗੇ ਦੋਸ਼ਾਂ ਨੂੰ ਮੁੱਖ ਰੱਖ ਕੇ ਉਨ੍ਹਾਂ ਨੂੰ, ਮੱਧ ਪ੍ਰਦੇਸ਼ ਸਰਕਾਰ ਤੇ ਕੇਂਦਰ ਸਰਕਾਰ ਨੂੰ ਵੀ ਨੋਟਿਸ ਜਾਰੀ ਕਰ ਦਿੱਤੇ ਹਨ।
________________________________
ਕਿੰਨਾ ਵੱਡਾ ਹੈ ਵਿਆਪਮ ਘੁਟਾਲਾ?
ਵਿਆਪਮ ਘੁਟਾਲਾ ਮੈਡੀਕਲ ਇੰਜੀਨੀਅਰਿੰਗ ਤੇ ਹੋਰ ਪੇਸ਼ਾਵਾਰਾਨਾ ਕੋਰਸਾਂ ਵਿਚ ਵਿਦਿਆਰਥੀਆਂ ਦੇ ਦਾਖ਼ਲੇ ਤੇ ਵੱਖ-ਵੱਖ ਸਰਕਾਰੀ ਵਿਭਾਗਾਂ ਵਿਚ ਮੁਲਾਜ਼ਮਾਂ ਦੀ ਭਰਤੀ ਬਾਰੇ ਇਕ ਬਹੁਤ ਹੀ ਵੱਡਾ ਘੁਟਾਲਾ ਹੈ। ਇਸ ਵਿਚ ਸਿਆਸਤਦਾਨਾਂ, ਅਫ਼ਸਰਸ਼ਾਹਾਂ ਤੇ ਮੱਧ ਪ੍ਰਦੇਸ਼ ਦੇ ਵੱਡੇ-ਵੱਡੇ ਵਪਾਰੀਆਂ ਤੇ ਕਾਰੋਬਾਰੀਆਂ ਦਾ ਹੱਥ ਦੱਸਿਆ ਜਾ ਰਿਹਾ ਹੈ। ਦੋਸ਼ ਇਹ ਹਨ ਕਿ ਉਕਤ ਬੋਰਡ ਰਾਹੀਂ ਪ੍ਰਭਾਵਸ਼ਾਲੀ ਲੋਕਾਂ ਨੇ ਪੈਸੇ ਤੇ ਸਿਫ਼ਾਰਸ਼ਾਂ ਰਾਹੀਂ ਅਯੋਗ ਵਿਦਿਆਰਥੀਆਂ ਨੂੰ ਮੈਡੀਕਲ ਤੇ ਇੰਜੀਨੀਅਰਿੰਗ ਕਾਲਜਾਂ ਵਿਚ ਦਾਖਲੇ ਦੁਆਏ ਹਨ। ਇਸੇ ਤਰ੍ਹਾਂ ਅਯੋਗ ਲੋਕਾਂ ਨੂੰ ਵੱਖ-ਵੱਖ ਸਰਕਾਰੀ ਵਿਭਾਗਾਂ ਵਿਚ ਨੌਕਰੀਆਂ ਦੁਆਈਆਂ ਗਈਆਂ ਹਨ। ਇਹ ਘੁਟਾਲਾ 4000 ਕਰੋੜ ਦੇ ਲੈਣ-ਦੇਣ ਨਾਲ ਸਬੰਧਤ ਹੈ। ਇਹ ਘੁਟਾਲਾ 2007 ਤੋਂ ਚੱਲਿਆ ਆ ਰਿਹਾ ਸੀ ਤੇ ਇਸ ਸਬੰਧੀ ਵਧੇਰੇ ਜਾਣਕਾਰੀ 2013 ਵਿਚ ਸਾਹਮਣੇ ਆਈ ਸੀ। ਇਸ ਦੀ ਜਾਂਚ ਲਈ ਜਬਲਪੁਰ ਹਾਈਕੋਰਟ ਦੀ ਨਜ਼ਰਸਾਨੀ ਹੇਠ ਇਕ ਵਿਸ਼ੇਸ਼ ਜਾਂਚ ਦਲ ਦਾ ਗਠਨ ਕੀਤਾ ਗਿਆ ਸੀ ਅਤੇ ਦੋਸ਼ੀਆਂ ਵਿਰੁੱਧ ਕਾਰਵਾਈ ਲਈ ਵਿਸ਼ੇਸ਼ ਟਾਸਕ ਫੋਰਸ ਵੀ ਬਣਾਈ ਗਈ ਸੀ। ਦੋਸ਼ੀਆਂ ਦੀ ਗ੍ਰਿਫ਼ਤਾਰੀ ਲਈ ਪੁਲਿਸ ਦੀਆਂ 1397 ਟੀਮਾਂ ਬਣਾਈਆਂ ਗਈਆਂ ਸਨ। 2590 ਲੋਕਾਂ ਖਿਲਾਫ਼ ਮੁਢਲੇ ਤੌਰ ਉਤੇ ਕੇਸ ਦਰਜ ਕੀਤੇ ਗਏ ਤੇ ਇਨ੍ਹਾਂ ਵਿਚੋਂ 2099 ਲੋਕਾਂ ਨੂੰ ਗ੍ਰਿਫ਼ਤਾਰ ਵੀ ਕੀਤਾ ਗਿਆ। ਹੁਣ ਤੱਕ ਇਸ ਬਾਰੇ 1194 ਗਵਾਹਾਂ ਦੇ ਬਿਆਨ ਦਰਜ ਕੀਤੇ ਗਏ ਹਨ। 755 ਮਾਮਲਿਆਂ ਵਿਚ ਅਦਾਲਤਾਂ ਵਿਚ ਦੋਸ਼ ਪੱਤਰ ਵੀ ਦਾਖ਼ਲ ਕੀਤੇ ਜਾ ਚੁੱਕੇ ਹਨ ਤੇ 421 ਭਗੌੜੇ ਦੋਸ਼ੀਆਂ ਦੀ ਗ੍ਰਿਫ਼ਤਾਰੀ ਲਈ ਇਨਾਮ ਵੀ ਐਲਾਨੇ ਗਏ ਹਨ।
__________________________________
ਘੁਟਾਲੇ ਨਾਲ ਸਬੰਧਤ 45 ਵਿਅਕਤੀਆਂ ਦੀ ਗਈ ਜਾਨ
2013 ਤੋਂ ਆਰੰਭ ਹੋਈ ਜਾਂਚ ਦੌਰਾਨ ਇਸ ਘੁਟਾਲੇ ਨਾਲ ਸਬੰਧਤ ਤਕਰੀਬਨ 45 ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ ਤੇ ਇਨ੍ਹਾਂ ਵਿਚੋਂ ਬਹੁਤ ਸਾਰੀਆਂ ਮੌਤਾਂ ਗ਼ੈਰ-ਕੁਦਰਤੀ ਹੋਣ ਦੇ ਵੀ ਦੋਸ਼ ਲੱਗੇ ਹਨ। ਪਿਛਲੇ ਦਿਨੀਂ ਜਬਲਪੁਰ ਯੂਨੀਵਰਸਿਟੀ ਦੇ ਡੀਨ ਅਰੁਣ ਮਿਸ਼ਰਾ ਜੋ ਇਸ ਮਾਮਲੇ ਦੀ ਜਾਂਚ ਨਾਲ ਸਬੰਧਤ ਸਨ ਤੇ ‘ਇੰਡੀਆ ਟੂਡੇ’ ਗਰੁੱਪ ਦੇ ਪੱਤਰਕਾਰ ਅਕਸ਼ੈ ਕੁਮਾਰ, ਜੋ ਇਸ ਘਪਲੇ ਦੀ ਕਵਰੇਜ ਕਰਨ ਗਏ ਸਨ, ਦੀਆਂ ਭੇਦਭਰੇ ਢੰਗ ਨਾਲ ਹੋਈਆਂ ਮੌਤਾਂ ਨਾਲ ਇਹ ਮੰਗ ਹੋਰ ਵੀ ਜ਼ੋਰ ਫੜ ਗਈ ਸੀ ਕਿ ਇਸ ਦੀ ਜਾਂਚ ਸੀæਬੀæਆਈæ ਤੋਂ ਕਰਵਾਈ ਜਾਏ। ਪਿਛਲੇ ਦਿਨੀਂ ਇਹ ਵੀ ਖ਼ਬਰਾਂ ਆਈਆਂ ਸਨ ਕਿ ਵਿਸ਼ੇਸ਼ ਜਾਂਚ ਦਲ ਦੇ ਕੁਝ ਮੈਂਬਰ ਵੀ ਆਪਣੇ-ਆਪ ਨੂੰ ਅਸੁਰੱਖਿਅਤ ਮਹਿਸੂਸ ਕਰ ਰਹੇ ਹਨ। ਵਿਸ਼ੇਸ਼ ਟਾਸਕ ਫੋਰਸ ਦੇ ਕੰਮਕਾਜ ਦੀ ਵੀ ਆਲੋਚਨਾ ਹੋ ਰਹੀ ਸੀ।