ਬਾਦਲ ਪਰਿਵਾਰ ਮੁੜ ਆਇਆ ਲੋਕ ਰੋਹ ਦੇ ਨਿਸ਼ਾਨੇ ਉਤੇ

ਚੰਡੀਗੜ੍ਹ: ਬਾਦਲ ਪਰਿਵਾਰ ਦੀ ਮਾਲਕੀ ਵਾਲੀ ਡੱਬਵਾਲੀ ਟਰਾਂਸਪੋਰਟ ਕੰਪਨੀ ਦੀ ਬੱਸ ਦੀ ਫੇਟ ਨਾਲ ਰੋਪੜ ਜ਼ਿਲ੍ਹੇ ਦੇ ਪਿੰਡ ਬਹਿਰਾਮਪੁਰ ਜ਼ਿਮੀਦਾਰਾ ਦੇ 34 ਸਾਲ ਦੇ ਵਿਅਕਤੀ ਸਵਰਨ ਸਿੰਘ ਦੀ ਮੌਤ ਤੋਂ ਬਾਅਦ ਇਕ ਵਾਰ ਮੁੜ ਸੱਤਾਧਾਰੀ ਪਰਿਵਾਰ ਲੋਕ ਰੋਹ ਦੇ ਨਿਸ਼ਾਨੇ ਉੱਤੇ ਆ ਗਿਆ ਹੈ। ਮੋਗਾ ਤੋਂ ਬਾਅਦ ਰੋਪੜ ਵਿਚ ਵਾਪਰੇ ਹਾਦਸੇ ਨੇ ਬਾਦਲ ਸਰਕਾਰ ਨੂੰ ਸਵਾਲਾਂ ਦੇ ਘੇਰੇ ਵਿਚ ਖੜ੍ਹਾ ਕੀਤਾ ਹੈ ਕਿਉਂਕਿ ਔਰਬਿਟ ਜਾਂ ਡੱਬਵਾਲੀ ਟਰਾਂਸਪੋਰਟ ਕੰਪਨੀ ਬਾਦਲ ਪਰਿਵਾਰ ਨਾਲ ਸਬੰਧਤ ਹੈ।

ਦੋਵਾਂ ਹੀ ਹਾਦਸਿਆਂ ਵਿਚ ਪੀੜਤ ਪਰਿਵਾਰ ਨੂੰ ਮੋਟਾ ਮੁਆਵਜ਼ਾ ਦਿੱਤਾ ਗਿਆ ਹੈ।
ਪੁਲਿਸ ਅਧਿਕਾਰੀਆਂ ਵੱਲੋਂ ਹਾਦਸੇ ਦਾ ਸ਼ਿਕਾਰ ਹੋਈ ਕਾਰ ਦੇ ਡਰਾਈਵਰ ਖ਼ਿਲਾਫ਼ ਕੇਸ ਦਰਜ ਕਰ ਦਿੱਤਾ ਗਿਆ ਹੈ ਜਦੋਂਕਿ ਮ੍ਰਿਤਕ ਦੇ ਪਰਿਵਾਰਕ ਮੈਂਬਰ ਤੇ ਹੋਰ ਲੋਕਾਂ ਦਾ ਦਾਅਵਾ ਹੈ ਕਿ ਸਵਰਨ ਸਿੰਘ ਦੀ ਮੌਤ ਬੱਸ ਦੀ ਫੇਟ ਕਾਰਨ ਹੋਈ। ਪੁਲਿਸ ਨੇ ਐਫ਼ਆਈæਆਰæ ਵਿਚ ਬੱਸ ਡਰਾਈਵਰ ਦਾ ਨਾਂ ਦਰਜ ਨਹੀਂ ਕੀਤਾ ਸੀ ਜਿਸ ਕਰਕੇ ਗੁੱਸੇ ਵਿਚ ਆਏ ਲੋਕਾਂ ਵੱਲੋਂ ਦੋ ਦਿਨ ਤੱਕ ਲਾਸ਼ ਨੂੰ ਸੜਕ ਉੱਤੇ ਰੱਖ ਕੇ ਚੰਡੀਗੜ੍ਹ-ਰੋਪੜ ਕੌਮੀ ਸ਼ਾਹਰਾਹ ਜਾਮ ਕਰ ਦਿੱਤਾ ਗਿਆ। ਸਿਆਸੀ ਆਗੂਆਂ ਨੇ ਵੀ ਇਸ ਰੋਸ ਵਿਚ ਸ਼ਮੂਲੀਅਤ ਕਰਕੇ ਬੱਸ ਸਟਾਫ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ। ਮਾਮਲੇ ਦੀ ਜਾਂਚ ਲਈ ਡੀæਜੀæਪੀæ ਵੱਲੋਂ ਏæਡੀæਜੀæਪੀæ ਪੱਧਰ ਦੇ ਅਧਿਕਾਰੀ ਦੀ ਅਗਵਾਈ ਵਿਚ ਇਕ ਵਿਸ਼ੇਸ਼ ਜਾਂਚ ਟੀਮ ਬਣਾਉਣ ਤੇ ਬੱਸ ਕਬਜ਼ੇ ਵਿਚ ਲੈਣ ਤੋਂ ਬਾਅਦ ਲੋਕਾਂ ਨੇ ਧਰਨਾ ਤਾਂ ਚੁੱਕ ਲਿਆ ਪਰ ਇਹ ਘਟਨਾ ਕਈ ਸੁਆਲ ਖੜ੍ਹੇ ਕਰ ਗਈ ਹੈ।
ਇਸ ਘਟਨਾ ਮੌਕੇ ਨੇੜੇ ਦੇ ਇਕ ਢਾਬੇ ਦੇ ਮਾਲਕ ਵੱਲੋਂ ਪ੍ਰਤੱਖਦਰਸ਼ੀ ਦੇ ਤੌਰ ਉੱਤੇ ਪੁਲਿਸ ਨੂੰ ਕਿਹਾ ਗਿਆ ਕਿ ਸਵਰਨ ਸਿੰਘ ਦੀ ਮੌਤ ਬੱਸ ਦੀ ਫੇਟ ਨਾਲ ਹੋਈ ਹੈ। ਪੁਲਿਸ ਵੱਲੋਂ ਜਾਂਚ ਸ਼ੁਰੂ ਕਰਨ ਤੋਂ ਪਹਿਲਾਂ ਐਫ਼ਆਈæਆਰæ ਦਰਜ ਕੀਤੀ ਗਈ ਪਰ ਅਜਿਹਾ ਕਰਨ ਵੇਲੇ ਪ੍ਰਤੱਖਦਰਸ਼ੀ ਦੇ ਬਿਆਨ ਨੂੰ ਨਜ਼ਰਅੰਦਾਜ਼ ਕਰ ਦਿੱਤਾ ਗਿਆ। ਬਾਅਦ ਦੀ ਜਾਂਚ ਵਿਚ ਤੱਥਾਂ ਦੇ ਆਧਾਰ ਉੱਤੇ ਰਿਪੋਰਟ ਜੋ ਵੀ ਸਾਹਮਣੇ ਆਏ, ਪਰ ਪੁਲਿਸ ਵੱਲੋਂ ਮੌਕੇ ਉੱਤੇ ਮੌਜੂਦ ਲੋਕਾਂ ਦੀ ਗੱਲ ਨਾ ਮੰਨਣਾ ਇਹ ਸ਼ੰਕੇ ਖੜ੍ਹੇ ਕਰਦਾ ਹੈ ਕਿ ਮਾਮਲੇ ਨੂੰ ਰਫਾ-ਦਫ਼ਾ ਕਰਨ ਦੀ ਕੋਸ਼ਿਸ ਕੀਤੀ ਜਾ ਰਹੀ ਹੈ। ਕੁਝ ਦਿਨ ਪਹਿਲਾਂ ਹੀ ਬਾਦਲ ਪਰਿਵਾਰ ਦੀ ਇਕ ਬੱਸ ਵਿਚ ਬਜ਼ੁਰਗ ਦੀ ਕੁਟਮਾਰ ਦੀ ਘਟਨਾ ਵੀ ਚਰਚਾ ਵਿਚ ਰਹੀ ਹੈ।
ਮੋਗਾ ਨੇੜੇ ਇਕ ਨਾਬਾਲਗ ਲੜਕੀ ਦੀ ਬੱਸ ਵਿਚੋਂ ਡਿੱਗਣ ਨਾਲ ਹੋਈ ਮੌਤ ਦਾ ਮਾਮਲਾ ਤਾਂ ਕਈ ਦਿਨਾਂ ਤੱਕ ਪੰਜਾਬ ਦੇ ਸਿਆਸੀ ਤੇ ਸਮਾਜਿਕ ਮੰਚ ਉੱਤੇ ਛਾਇਆ ਰਿਹਾ ਸੀ। ਆਖ਼ਰ ਗ਼ਰੀਬ ਪਰਿਵਾਰ ਨੂੰ ਮਾਇਕ ਮਦਦ ਦੇਣ ਤੋਂ ਬਾਅਦ ਮਾਮਲਾ ਰਫ਼ਾ-ਦਫ਼ਾ ਹੋ ਗਿਆ ਸੀ। ਇਸ ਘਟਨਾ ਬਾਅਦ ਉਪ ਮੁੱਖ ਮੰਤਰੀ ਨੇ ਬਾਦਲ ਪਰਿਵਾਰ ਦੀਆਂ ਬੱਸਾਂ ਦੇ ਸਟਾਫ਼ ਨੂੰ ਲੋਕਾਂ ਨਾਲ ਚੰਗੇ ਵਿਵਹਾਰ ਦੀ ਟਰੇਨਿੰਗ ਦੇਣ ਦਾ ਉਪਰਾਲਾ ਵੀ ਕੀਤਾ ਸੀ ਪਰ ਪਰਨਾਲਾ ਉੱਥੇ ਦਾ ਉੱਥੇ ਹੀ ਹੈ।
__________________________________
ਲਾਚਾਰ ਨਜ਼ਰ ਆਈ ਪੰਜਾਬ ਪੁਲਿਸ
ਡੱਬਵਾਲੀ ਟਰਾਂਸਪੋਰਟ ਕੰਪਨੀ ਦੀ ਬੱਸ ਦੇ ਚਾਲਕਾਂ ਉਤੇ ਕਾਰਵਾਈ ਕਰਨ ਵਿਚ ਪੁਲਿਸ ਦੀ ਲਾਚਾਰੀ ਸਾਫ਼ ਦੇਖਣ ਨੂੰ ਮਿਲੀ। ਤੜਕਸਾਰ ਹੀ ਇਸੇ ਹਾਦਸੇ ਵਿਚ ਹਾਦਸਾ ਗ੍ਰਸਤ ਹੋਈ ਆਈ-20 ਕਾਰ ਦੇ ਚਾਲਕਾਂ ਨੂੰ ਪੁਲਿਸ ਫੜ ਕੇ ਥਾਣੇ ਲੈ ਗਈ ਤੇ ਇਹ ਦਲੀਲਾਂ ਦਿੰਦੀ ਰਹੀ ਕਿ ਸਕੂਟਰ ਸਵਾਰ ਨੂੰ ਬੱਸ ਨੇ ਨਹੀਂ ਬਲਕਿ ਉਕਤ ਕਾਰ ਨੇ ਕੁਚਲਿਆ ਹੈ, ਹਾਲਾਂਕਿ ਇਸ ਮੌਕੇ ਕੋਈ ਵੀ ਪੁਲਿਸ ਅਧਿਕਾਰੀ ਮੌਕੇ ਉਤੇ ਮੌਜੂਦ ਨਹੀਂ ਸੀ। ਇਸ ਬਾਰੇ ਕਾਰ ਚਾਲਕ ਇਹ ਸਫਾਈ ਵੀ ਦਿੰਦੇ ਰਹੇ ਕਿ ਉਹ ਤਾਂ ਬੱਸ ਦੇ ਪਿੱਛੇ ਆ ਰਹੇ ਸਨ ਤੇ ਖੁਦ ਨੂੰ ਬਚਾਉਣ ਦੇ ਚੱਕਰ ਵਿਚ ਉਨ੍ਹਾਂ ਦੀ ਕਾਰ ਹਾਦਸਾ ਗ੍ਰਸਤ ਹੋਈ ਪਰ ਸਰਪੰਚ ਢਾਬੇ ਦੇ ਮਾਲਕ ਪ੍ਰਤੱਖਦਰਸ਼ੀ ਜਗਤਾਰ ਸਿੰਘ ਤੇ ਹਰਪ੍ਰੀਤ ਸਿੰਘ ਚੱਕਲਾਂ ਦੇ ਪੁਲਿਸ ਅਧਿਕਾਰੀਆਂ ਨੂੰ ਦਿੱਤੇ ਬਿਆਨਾਂ ਵਿਚ ਸਾਫ ਤੌਰ ਉਤੇ ਬੱਸ ਚਾਲਕਾਂ ਨੂੰ ਕਸੂਰਵਾਰ ਦੱਸਣ ਉਤੇ ਪੁਲਿਸ ਵੱਲੋਂ ਹੁਣ ਫੌਰੈਂਸਿਕ ਮਾਹਰਾਂ ਨੂੰ ਮਾਮਲੇ ਦੀ ਜਾਂਚ ਲਈ ਸੱਦਿਆ ਗਿਆ। ਏæਡੀæਜੀæਪੀæ (ਕਰਾਈਮ) ਇਕਬਾਲ ਪ੍ਰੀਤ ਸਿੰਘ ਸਹੋਤਾ ਵੱਲੋਂ ਪ੍ਰੈੱਸ ਕਾਨਫਰੰਸ ਕਰਕੇ ਡੱਬਵਾਲੀ ਟਰਾਂਸਪੋਰਟ ਬੱਸ ਦੇ ਚਾਲਕਾਂ ਨੂੰ ਕਲੀਨ ਚਿੱਟ ਦੇ ਦਿੱਤੀ ਗਈ।
________________________________
ਕਾਰੋਬਾਰ ਤੇ ਸਿਆਸਤ ਦੇ ਰਿਸ਼ਤੇ ਬਾਰੇ ਬਾਦਲ ਖ਼ਾਮੋਸ਼
ਚੰਡੀਗੜ੍ਹ: ਪੰਜਾਬ ਵਿਚ ਸੱਤਾਧਾਰੀਆਂ ਦੀਆਂ ਵਪਾਰਕ ਰੁਚੀਆਂ ਕਾਰਨ ‘ਹਿੱਤਾਂ ਦਾ ਟਕਰਾਅ’ ਦੇ ਪੈਦਾ ਹੋਏ ਵਿਵਾਦ ਦਾ ਫੈਸਲਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਲੋਕਾਂ ਦੀ ਕਚਹਿਰੀ ਉਤੇ ਛੱਡ ਦਿੱਤਾ ਹੈ। ਇਥੇ ਪ੍ਰੈੱਸ ਕਲੱਬ ਵੱਲੋਂ ਕਰਵਾਏ ‘ਮੀਟ ਦਿ ਪ੍ਰੈੱਸ’ ਪ੍ਰੋਗਰਾਮ ਦੌਰਾਨ ਮੁੱਖ ਮੰਤਰੀ ਨੂੰ ਬਾਦਲ ਪਰਿਵਾਰ ਅਤੇ ਮੰਤਰੀਆਂ ਦੇ ਵਪਾਰਕ ਕੰਮਾਂ ਬਾਰੇ ਤਿੱਖੇ ਸਵਾਲਾਂ ਦਾ ਸਾਹਮਣਾ ਕਰਨਾ ਪਿਆ। ਸ਼ ਬਾਦਲ ਨੇ ਪਹਿਲਾਂ ਤਾਂ ਇਸ ਵਿਵਾਦਤ ਮੁੱਦੇ ਬਾਰੇ ਪੁੱਛੇ ਸਵਾਲਾਂ ਨੂੰ ਟਾਲਣ ਦਾ ਯਤਨ ਕੀਤਾ ਪਰ ਅਖੀਰ ਕਿਹਾ, ”ਸਾਡੇ ਪਰਿਵਾਰ ਵੱਲੋਂ ਰਾਜਨੀਤੀ ਨਾਲ ਵਪਾਰ ਕਰਨ ਬਾਰੇ ਫੈਸਲਾ ਲੋਕਾਂ ਦੀ ਅਦਾਲਤ ਵਿਚ ਹੋਵੇਗਾ।” ਮੁੱਖ ਮੰਤਰੀ ਨੇ ਇਹ ਵੀ ਦਾਅਵਾ ਕੀਤਾ ਕਿ ਰੋਪੜ ਜ਼ਿਲ੍ਹੇ ਵਿਚ ਵਾਪਰੇ ਹਾਦਸੇ ਦੇ ਪੀੜਤ ਪਰਿਵਾਰ ਨੂੰ 22æ50 ਲੱਖ ਰੁਪਏ ਦੀ ਮੁਆਵਜ਼ਾ ਰਾਸ਼ੀ ਸਰਕਾਰ ਨੇ ਨਹੀਂ ਦਿੱਤੀ।