ਪੰਜਾਬ ਦੀਆਂ ਸਿਆਸੀ ਧਿਰਾਂ ਵੱਲੋਂ ਏਮਜ਼ ਦੀ ਖਿੱਚ-ਧੂਹ

ਬਠਿੰਡਾ: ਆਲ ਇੰਡੀਆ ਮੈਡੀਕਲ ਇੰਸਟੀਚਿਊਟ ਆਫ਼ ਸਾਇੰਸਿਜ਼ (ਏਮਜ਼) ਦੀ ਸਥਾਪਨਾ ਦੇ ਮੁੱਦੇ ਉਤੇ ਸਿਆਸਤ ਹੋਣ ਲੱਗੀ ਹੈ। ਬਾਦਲ ਪਰਿਵਾਰ ਇਸ ਇੰਸਟੀਚਿਊਟ ਨੂੰ ਕਿਸੇ ਸੂਰਤ ਵਿਚ ਵੀ ਬਠਿੰਡਾ ਤੋਂ ਬਾਹਰ ਨਹੀਂ ਜਾਣ ਦੇਣਾ ਚਾਹੁੰਦਾ ਹੈ। ਪੰਜਾਬ ਕਾਂਗਰਸ ਨੇ ਏਮਜ਼ ਨੂੰ ਦੋਆਬੇ ਵਿਚ ਬਣਾਉਣ ਦੀ ਥਾਂ ਬਠਿੰਡਾ ਵਿਚ ਤਬਦੀਲ ਕੀਤੇ ਜਾਣ ਦੇ ਫੈਸਲੇ ਵਿਰੁੱਧ ਹਾਈਕੋਰਟ ਜਾਣ ਦਾ ਫ਼ੈਸਲਾ ਕੀਤਾ ਹੈ।

ਇਸ ਮੁੱਦੇ ਉਤੇ ਕਾਂਗਰਸੀ ਆਗੂਆਂ ਵੱਲੋਂ ਡਿਪਟੀ ਕਮਿਸ਼ਨਰ ਦਫ਼ਤਰ ਅੱਗੇ ਰੋਸ ਧਰਨੇ ਵੀ ਦਿੱਤੇ ਗਏ। ਦੱਸਣਯੋਗ ਹੈ ਕਿ ਬਾਦਲ ਪਰਿਵਾਰ ਦੀ ਨੂੰਹ ਹਰਸਿਮਰਤ ਕੌਰ ਬਾਦਲ ਬਠਿੰਡਾ ਤੋਂ ਐਮæਪੀæ ਹਨ ਤੇ ਪਿਛਲੇ ਕੁਝ ਸਮੇਂ ਤੋਂ ਸੂਬਾ ਸਰਕਾਰ ਇਸ ਇਲਾਕੇ ‘ਤੇ ਜ਼ਿਆਦਾ ਹੀ ਮਿਹਰਬਾਨ ਰਹੀ ਹੈ। ਬਠਿੰਡਾ ਵਿਚ ਪਹਿਲਾਂ ਹੀ ਬਾਦਲਾਂ ਨੇ ਤੇਲ ਰਿਫਾਇਨਰੀ, ਪਿੰਡ ਘੁੱਦਾ ਵਿਖੇ ਕੇਂਦਰੀ ਯੂਨੀਵਰਸਿਟੀ, ਤਲਵੰਡੀ ਸਾਬੋ ਥਰਮਲ ਪਲਾਂਟ, ਪਿੰਡ ਬਾਦਲ ਵਿਚ ਸ਼ੂਟਿੰਗ ਰੇਂਜ ਤੇ ਸਪੋਰਟਸ ਅਕੈਡਮੀ ਆਦਿ ਸਥਾਪਤ ਕੀਤੀਆਂ ਹੋਈਆਂ ਹਨ।
ਪੰਜਾਬ ਦੇ ਸਿਹਤ ਮੰਤਰੀ ਸੁਰਜੀਤ ਕੁਮਾਰ ਜਿਆਣੀ ਵੀ ਇਸ ਮਾਮਲੇ ਉਤੇ ਬਾਦਲ ਪਰਿਵਾਰ ਨਾਲ ਡਟੇ ਹੋਏ ਹਨ। ਸਿਹਤ ਮੰਤਰੀ ਦਾ ਕਹਿਣਾ ਹੈ ਕਿ ਏਮਜ਼ ਬਠਿੰਡਾ ਵਿਚ ਹੀ ਬਣੇਗਾ। ਇਸ ਬਾਰੇ ਫੈਸਲਾ ਹੋ ਚੁੱਕਿਆ ਹੈ ਤੇ ਇਸ ਵਿੱਚ ਕੋਈ ਬਦਲਾਅ ਨਹੀਂ ਹੋਵੇਗਾ। ਉਨ੍ਹਾਂ ਇਸ ਗੱਲ ਨੂੰ ਰੱਦ ਕੀਤਾ ਕਿ ਏਮਜ਼ ਪੰਜਾਬ ਵਿਚੋਂ ਤਬਦੀਲ ਵੀ ਹੋ ਸਕਦਾ ਹੈ। ਦੱਸਣਯੋਗ ਹੈ ਕਿ ਕਾਂਗਰਸ ਨੇਤਾਵਾਂ ਵੱਲੋਂ ਏਮਜ਼ ਨੂੰ ਬਠਿੰਡਾ ਦੀ ਥਾਂ ਦੋਆਬੇ ਵਿਚ ਬਣਾਉਣ ਦੀ ਮੰਗ ਕੀਤੀ ਜਾ ਰਹੀ ਹੈ। ਮਾਲਵਾ ਖਿੱਤੇ ਦੇ ਭਾਜਪਾ ਆਗੂ ਵੀ ਬਠਿੰਡਾ ਵਿਚ ਏਮਜ਼ ਬਣਾਉਣ ਦੀ ਹਮਾਇਤ ਕਰ ਰਹੇ ਹਨ। ਪੰਜਾਬ ਸਰਕਾਰ ਨੇ ਏਮਜ਼ ਵਾਸਤੇ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਨੂੰ ਬਠਿੰਡਾ ਵਿਚਲੀ ਜ਼ਮੀਨ ਦੇਣ ਲਈ ਰਾਜ਼ੀ ਕਰ ਲਿਆ ਹੈ। ਸਰਕਾਰ ਨੇ ਪੇਸ਼ਕਸ਼ ਕੀਤੀ ਹੈ ਕਿ ‘ਵਰਸਿਟੀ ਆਪਣੀ ਬਠਿੰਡਾ ਵਿਚਲੀ ਜ਼ਮੀਨ ਦੇ ਦੇਵੇ, ਜਿਸ ਬਦਲੇ ਸਰਕਾਰ ਸ਼ਹਿਰ ਤੋਂ ਦੂਰ ਬਦਲਵੀਂ ਜ਼ਮੀਨ ਦੇ ਦੇਵੇਗੀ। ਯੂਨੀਵਰਸਿਟੀ ਦੇ ਉਪ ਕੁਲਪਤੀ ਡਾæ ਬਲਦੇਵ ਸਿੰਘ ਢਿੱਲੋਂ ਪਹਿਲਾਂ ਹੀ ਆਖ ਚੁੱਕੇ ਹਨ ਕਿ ਜੇ ਸਰਕਾਰ ਉਨ੍ਹਾਂ ਨੂੰ ਬਦਲਵੀਂ ਜਗ੍ਹਾ ਦਿੰਦੀ ਹੈ ਤਾਂ ਉਹ ਰਜ਼ਾਮੰਦ ਹੋਣਗੇ। ਡਿਪਟੀ ਕਮਿਸ਼ਨਰ ਵਰਿੰਦਰ ਕੁਮਾਰ ਸ਼ਰਮਾ ਦਾ ਕਹਿਣਾ ਹੈ ਕਿ ਮਈ ਵਿਚ ਕੇਂਦਰੀ ਸਿਹਤ ਮੰਤਰਾਲੇ ਦੀ ਟੀਮ ਨੇ ਏਮਜ਼ ਵਾਸਤੇ ਬਠਿੰਡਾ ਵਿਚ ਜਗ੍ਹਾ ਵੇਖੀ ਸੀ ਪਰ ਉਸ ਮਗਰੋਂ ਪ੍ਰਸ਼ਾਸਨ ਕੋਲ ਕੋਈ ਪੱਤਰ ਨਹੀਂ ਆਇਆ। ਕਾਂਗਰਸ ਦੇ ਸੀਨੀਅਰ ਆਗੂ ਸੁਖਪਾਲ ਸਿੰਘ ਖਹਿਰਾ ਨੇ ਕਿਹਾ ਕੇਂਦਰ ਸਰਕਾਰ ਨੇ ਪੰਜਾਬ ਵਾਸਤੇ ਇਕ ਆਲ ਇੰਡੀਆ ਇੰਸਟੀਚਿਊਟ ਆਫ ਮੈਡੀਕਲ ਸਾਇੰਸਜ਼ (ਏਮਜ਼) ਦਾ ਐਲਾਨ ਕੀਤਾ ਸੀ। ਪਿਛਲੇ ਸਾਲ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਏਮਜ਼ ਨੂੰ ਦੋਆਬੇ ਵਿਚ ਬਣਾਏ ਜਾਣ ਦਾ ਜਨਤਕ ਵਾਅਦਾ ਕੀਤਾ ਸੀ ਤੇ ਉਨ੍ਹਾਂ ਨੇ ਕਪੂਰਥਲਾ ਤੇ ਜਲੰਧਰ ਦੇ ਅਧਿਕਾਰੀਆਂ ਨੂੰ 200 ਏਕੜ ਜ਼ਮੀਨ ਦਾ ਇੰਤਜ਼ਾਮ ਕਰਨ ਲਈ ਕਿਹਾ ਸੀ। ਡੀæਸੀæ ਕਪੂਰਥਲਾ ਨੇ ਅੰਮ੍ਰਿਤਸਰ-ਜਲੰਧਰ ਹਾਈਵੇਅ ਉੱਪਰ ਸੁਭਾਨਪੁਰ ਨੇੜੇ ਪਿੰਡ ਰਮੀਦੀ ਦੀ 200 ਏਕੜ ਜ਼ਮੀਨ ਦਾ ਪ੍ਰਸਤਾਵ ਭੇਜ ਦਿੱਤਾ ਸੀ। ਪਿੰਡ ਰਮੀਦੀ ਦੇ ਸਰਪੰਚ ਨੇ ਪੰਚਾਇਤੀ ਜ਼ਮੀਨ ਮੁਫਤ ਦੇਣ ਲਈ ਮਤਾ ਵੀ ਪਾਸ ਕਰ ਦਿੱਤਾ ਸੀ। ਇਹ ਜਗ੍ਹਾ ਨਾ ਸਿਰਫ ਦੋਆਬੇ ਦੇ ਚਾਰ ਜ਼ਿਲ੍ਹਿਆਂ ਲਈ ਲਾਭਦਾਇਕ ਸੀ ਬਲਕਿ ਇਸ ਨਾਲ ਮਾਝੇ ਦੇ ਸਾਰੇ ਜ਼ਿਲ੍ਹਿਆਂ ਦੇ ਨਾਲ-ਨਾਲ ਬਾਰਡਰ ਦਾ ਇਲਾਕਾ ਵੀ ਕਵਰ ਕੀਤਾ ਜਾ ਸਕਦਾ ਸੀ।
ਉਨ੍ਹਾਂ ਦੋਸ਼ ਲਾਇਆ ਕਿ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਦੇ ਸਿਆਸੀ ਦਬਾਅ ਹੇਠ ਮੁੱਖ ਸਕੱਤਰ ਨੇ ਏਮਜ਼ ਨੂੰ ਬਠਿੰਡਾ ਵਿਚ ਬਣਾਏ ਜਾਣ ਦਾ ਐਲਾਨ ਕਰ ਦਿੱਤਾ। ਅਜਿਹਾ ਕਰਕੇ ਨਾ ਸਿਰਫ ਦੋਆਬੇ ਤੇ ਮਾਝੇ ਦੇ ਹਿੱਤਾਂ ਨੂੰ ਬਲਕਿ ਬਠਿੰਡਾ ਤੋਂ ਦੂਰੀ ਨੂੰ ਦੇਖਦੇ ਹੋਏ ਆਨੰਦਪੁਰ ਸਾਹਿਬ, ਰੋਪੜ, ਮੁਹਾਲੀ, ਫਤਿਹਗੜ੍ਹ ਸਾਹਿਬ, ਪਟਿਆਲਾ ਆਦਿ ਨੂੰ ਵੀ ਨਜ਼ਰ-ਅੰਦਾਜ਼ ਕੀਤਾ ਹੈ।
__________________________________________
ਭਾਰਤੀ ਜਨਤਾ ਪਾਰਟੀ ਨੇ ਬਦਲੀ ਸੁਰ
ਚੰਡੀਗੜ੍ਹ: ਭਾਜਪਾ ਨੇ ਏਮਜ਼ ਦੀ ਸਥਾਪਨਾ ਦੇ ਮੁੱਦੇ ਉਤੇ ਸੁਰ ਬਦਲਿਆਂ ਇਸ ਵੱਕਾਰੀ ਸੰਸਥਾ ਦੇ ਬਠਿੰਡਾ ਵਿਚ ਸਥਾਪਤ ਕੀਤੇ ਜਾਣ ਦੇ ਪ੍ਰਸਤਾਵ ਦਾ ਵਿਰੋਧ ਕਰਨਾ ਛੱਡ ਦਿੱਤਾ ਹੈ। ਕੇਂਦਰੀ ਮੰਤਰੀ ਵਿਜੇ ਕੁਮਾਰ ਸਾਂਪਲਾ ਦਾ ਕਹਿਣਾ ਹੈ ਕਿ ਅਜਿਹੀ ਸੰਸਥਾ ਪੰਜਾਬ ਵਿਚ ਕਿਧਰੇ ਵੀ ਸਥਾਪਤ ਹੋਵੇ, ਕੋਈ ਇਤਰਾਜ਼ ਨਹੀਂ। ਭਾਜਪਾ ਵੱਲੋਂ ਵਿਰੋਧ ਕੀਤੇ ਜਾਣ ਬਾਰੇ ਉਨ੍ਹਾਂ ਕਿਹਾ ਕਿ ਹਰ ਇਕ ਸਿਆਸਤਦਾਨ ਚਾਹੁੰਦਾ ਹੈ ਕਿ ਸਰਕਾਰੀ ਕੰਟਰੋਲ ਹੇਠਲੀ ਸੰਸਥਾ ਉਸ ਦੇ ਖੇਤਰ ਵਿਚ ਲੱਗੇ। ਸੂਤਰਾਂ ਅਨੁਸਾਰ ਏਮਜ਼ ਨੂੰ ਦੁਆਬੇ ਵਿਚ ਸਥਾਪਤ ਕਰਨ ਦੀ ਮੰਗ ਛੱਡਣ ਬਦਲੇ ਵਿਜੇ ਕੁਮਾਰ ਸਾਂਪਲਾ ਨੇ ਆਦਮਪੁਰ ਹਵਾਈ ਦਾ ਵਿਸਥਾਰ ਮੰਗਿਆ ਹੈ। ਸ਼ ਬਾਦਲ ਨੇ ਇਸ ਪ੍ਰੋਜੈਕਟ ਲਈ ਪੂਰਾ ਸਹਿਯੋਗ ਦੇਣ ਦੀ ਹਾਮੀ ਭਰੀ ਹੈ।