ਬਿਬੇਕ ਦਾਨ ਦੇ ਗਿਆ ਵਿਵੇਕ ਦਾ ਵਿਛੋੜਾ

ਤਰਲੋਚਨ ਸਿੰਘ ਦੁਪਾਲਪੁਰ
ਫੋਨ: 408-915-1268
ਸੋਗਮਈ ਸਮਾਗਮਾਂ ਮੌਕੇ ਭਾਣਾ ਮੰਨਣ ਦਾ ਉਪਦੇਸ਼ ਦਿੰਦਿਆਂ ਪ੍ਰਚਾਰਕ ਤੇ ਕਥਾਵਾਚਕ ਇਹ ਸਾਖੀ ਅਕਸਰ ਸੁਣਾਉਂਦੇ ਹਨ ਕਿ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਦੇ ਗੁਰਮੁਖ ਨਾਂ ਦੇ ਇਕ ਸਿੱਖ ਨੇ ਗੁਰੂ ਸਾਹਿਬ ਨੂੰ ਬੇਨਤੀ ਕੀਤੀ ਕਿ ਰੱਬ ਦੀ ਰਜ਼ਾ ਵਿਚ ਹਰ ਹਾਲ ਰਾਜ਼ੀ ਰਹਿਣ ਵਾਲੇ ਕਿਸੇ ਸਿੱਖ ਦੇ ਦਰਸ਼ਨ ਹੋ ਸਕਦੇ ਨੇ? ਸਤਿਗੁਰਾਂ ਨੇ ਉਸ ਨੂੰ ਗੁਜਰਾਤ (ਹੁਣ ਪਾਕਿਸਤਾਨ ਵਿਚ) ਨਿਵਾਸੀ ਭਾਈ ਭਿਖਾਰੀ ਕੋਲ ਭੇਜਿਆ।

ਜਦੋਂ ਇਹ ਸਿੱਖ, ਭਾਈ ਭਿਖਾਰੀ ਦੇ ਘਰੇ ਪਹੁੰਚਦਾ ਹੈ ਤਾਂ ਦੇਖਦਾ ਹੈ ਕਿ ਉਹ ਬਾਲਣ ਇਕੱਠਾ ਕਰਨ ਦੇ ਆਹਰ ਵਿਚ ਰੁੱਝਾ ਹੋਇਆ ਹੈ, ਰਾਤ ਨੂੰ ਸੌਣ ਵੇਲੇ ਭਾਈ ਭਿਖਾਰੀ ਤੱਪੜ ਗੰਢਣ ਲੱਗ ਪਿਆ। ਗਈ ਰਾਤ ਗੁਜਰਾਤ ਤੋਂ ਆਏ ਡਾਕੂਆਂ ਦੇ ਗਰੋਹ ਨੇ ਪਿੰਡ ‘ਤੇ ਹਮਲਾ ਕਰ ਦਿੱਤਾ। ਭਾਈ ਭਿਖਾਰੀ ਦੇ ਪਿੰਡ ਦੀ ਵਾਹਰ ਨੇ ਧਾੜਵੀਆਂ ਦਾ ਪਿੱਛਾ ਕੀਤਾ ਅਤੇ ਡਾਕੂਆਂ ਨਾਲ ਤਕੜੀ ਟੱਕਰ ਹੋਈ। ਇਸ ਖੂਨੀ ਝੜਪ ਵਿਚ ਭਾਈ ਭਿਖਾਰੀ ਦਾ ਪੁੱਤਰ ਮਾਰਿਆ ਜਾਂਦਾ ਹੈ।
ਕਹਿੰਦੇ ਨੇ, ਭਾਈ ਭਿਖਾਰੀ ਨੇ ਅਡੋਲ ਚਿੱਤ ਰਹਿੰਦਿਆਂ ਦਿਨੇ ਇਕੱਠੇ ਕੀਤੇ ਬਾਲਣ ਨਾਲ ਪੁੱਤਰ ਦਾ ਦਾਹ ਸਸਕਾਰ ਕਰ ਦਿੱਤਾ, ਤੇ ਇਕ ਰਾਤ ਪਹਿਲੋਂ ਸਿਉਂ ਕੇ ਰੱਖੇ ਹੋਏ ਤੱਪੜ ਅੰਤਿਮ ਸੰਸਕਾਰ ਮੌਕੇ ਇਕੱਠੇ ਹੋਏ ਲੋਕਾਂ ਥੱਲੇ ਵਿਛਾ ਦਿੱਤੇ। ਬਗੈਰ ਕਿਸੇ ਰੋਣ-ਧੋਣ ਪਿੱਟ-ਸਿਆਪੇ ਦੇ ਲੜਕੇ ਦਾ ਦਾਹ ਸਸਕਾਰ ਕਰ ਦਿੱਤਾ ਗਿਆ।
ਗੁਰੂ ਦਰਬਾਰੋਂ ਆਏ ਭਾਈ ਗੁਰਮੁਖ ਨੇ ਇਹ ਸਾਰਾ ਕੁਝ ਦੇਖਦਿਆਂ ਬੜੀ ਨਿਮਰਤਾ ਨਾਲ ਭਿਖਾਰੀ ਜੀ ਨੂੰ ਪੁੱਛਿਆ ਕਿ ਜੇ ਤੁਹਾਨੂੰ ਇਸ ਅਣਹੋਣੀ ਦੇ ਵਾਪਰਨ ਦਾ ਪਹਿਲੋਂ ਹੀ ਗਿਆਤ ਸੀ ਤਾਂ ਤੁਸੀਂ ਆਪਣੇ ਪੁੱਤਰ ਦੀ ਲੰਮੇਰੀ ਉਮਰ ਲਈ ਗੁਰੂ ਮਹਾਰਾਜ ਅੱਗੇ ਅਰਦਾਸ ਯਾਚਨਾ ਕਿਉਂ ਨਾ ਕੀਤੀ? ਸਭ ਕੁਝ ਜਾਣਦਿਆਂ ਹੋਇਆਂ ਤੁਸੀਂ ਆਪਣੇ ਲੜਕੇ ਨੂੰ ਡਾਕੂਆਂ ਨਾਲ ਲੜਨ ਜਾਣ ਤੋਂ ਕਿਉਂ ਨਾ ਵਰਜਿਆ? ਸਤਿ-ਚਿੱਤ ਅਨੰਦ ਭਾਈ ਭਿਖਾਰੀ ਬੋਲੇ ਕਿ ਭਾਈ ਸਿੱਖਾ! ਕਰਤਾਰ ਦੇ ਭਾਣੇ ਵਿਚ ਅੜਿੱਕਾ ਡਾਹੁਣਾ ਪਾਪ ਹੈ। ਸਤਿਗੁਰਾਂ ਪਾਸੋਂ ਆਤਮ ਵਿਚਾਰ ਤੇ ਗੁਰਮਤਿ ਦੀ ਦਾਤ ਹੀ ਮੰਗਣੀ ਚਾਹੀਦੀ ਹੈ। ਦੁਨਿਆਵੀ ਮਿਥਿਆ ਪਦਾਰਥਾਂ ਲਈ ਅਰਦਾਸਾਂ ਕਰਨੀਆਂ ਸੋਭਦੀਆਂ ਨਹੀਂ।
ਭਾਣਾ ਮੰਨਣ ਅਤੇ ਸਬਰ ਸਬੂਰੀ ਨਾਲ ਜ਼ਿੰਦਗੀ ਬਿਤਾਉਣ ਲਈ ਧਰਵਾਸ ਦੇਣ ਵਾਲੀਆਂ ਅਜਿਹੀਆਂ ਸਾਖੀਆਂ ਪੜ੍ਹਨੀਆਂ-ਸੁਣਨੀਆਂ ਬਹੁਤ ਸੁਖਾਲੀਆ ਨੇ, ਪਰ ਜਿਸ ਤਨੁ ਲਾਗੇ, ਸੋ ਤਨੁ ਜਾਣੇ। ਪੁੱਤਰ ਦੀ ਮੌਤ ਦਾ ਸਦਮਾ ਹਿਮਾਲਿਆ ਪਰਬਤ ਜਿੱਡੇ ਸਬਰਾਂ ਨੂੰ ਵੀ ਪਲਾਂ ਵਿਚ ਰੋੜ੍ਹ ਦਿੰਦਾ ਹੈ। ਇਥੇ ਮੈਂ ਪੁੱਤਰਾਂ ਦੀ ਮੌਤ ਦੇ ਸੱਲ ਵਿਚ ਆਪਣੀ ਸੁੱਧ-ਬੁੱਧ ਭੁਲਾਉਣ ਵਾਲੇ ਇਤਿਹਾਸ ਦਾ ਹਿੱਸਾ ਬਣ ਚੁੱਕੇ ਮਾਪਿਆਂ ਦਾ ਜ਼ਿਕਰ ਨਹੀਂ ਕਰਨਾ ਚਾਹੁੰਦਾ। ਹਾਂ, ਇਕ ਪੰਜਾਬੀ ਸ਼ਾਇਰ ਬਾਰੇ ਇੰਨਾ ਕੁ ਲਿਖਣਾ ਚਾਹੁੰਦਾ ਹਾਂ ਕਿ ਉਹ ਆਪਣੇ ਪੁੱਤਰ ਦੇ ਸਦੀਵੀ ਵਿਛੋੜੇ ਨੂੰ ਨਾ ਸਹਾਰਦਿਆਂ ਕੱਟੜ ਨਾਸਤਿਕ ਬਣ ਗਿਆ ਸੀ ਤੇ ਆਪਣੀ ਕਵਿਤਾ ਵਿਚ ਧਾਰਮਿਕ ਵਿਸ਼ਵਾਸਾਂ ਦਾ ਮਖੌਲ ਉਡਾਉਂਦਾ ਰਿਹਾ।
ਮੈਂ ਅਜਿਹੇ ਪੰਜਾਬੀ ਸਾਹਿਤਕਾਰ ਦੇ ਸਬਰ ਦੀ ਬਾਤ ਕਹਿਣ ਜਾ ਰਿਹਾਂ ਜਿਸ ਦੇ ਪਰਬਤ ਜਿੱਡੇ ਜੇਰੇ ਨੇ ਦੱਸ ਦਿੱਤਾ ਕਿ ਭਾਈ ਭਿਖਾਰੀ ਹਰ ਕਾਲ-ਖੰਡ ਵਿਚ ਮੌਜੂਦ ਰਹਿੰਦਾ ਹੈ। ਜੋ ਗੁਰਬਾਣੀ ਆਸ਼ੇ, Ḕਨਾਨਕ ਭਾਣੈ ਆਪਣੈ ਜਿਉ ਭਾਵੈ ਤਿਵੈ ਚਲਾਵੈਗੋḔ ਦੇ ਪਦ-ਚਿੰਨ੍ਹਾਂ ‘ਤੇ ਚੱਲਦਾ ਹੋਇਆ ਭਾਈ ਭਿਖਾਰੀ ਦਾ ਸੰਗੀ ਸਾਥੀ ਹੋ ਨਿਬੜਦਾ ਹੈ।
ਦੋ ਜੁਲਾਈ 2015 ਦੀ ਰਾਤ ਨੂੰ ਲੁਧਿਆਣੇ ਵਿਚ ਸੁੱਖੀਂ-ਸਾਂਦੀਂ ਵਸਦੇ ਸ਼ ਜਸਵੰਤ ਸਿੰਘ ਜ਼ਫਰ ਨੂੰ ਪਤਾ ਲੱਗਦਾ ਹੈ ਕਿ ਉਨ੍ਹਾਂ ਦਾ ਕੈਨੇਡਾ ਵਿਚ ਇੰਜੀਨੀਅਰਿੰਗ ਕਰ ਰਿਹਾ ਪੁੱਤਰ ਵਿਵੇਕ ਸਿੰਘ ਹਸਪਤਾਲ ਵਿਚ ਗੰਭੀਰ ਹਾਲਤ ਵਿਚ ਦਾਖ਼ਲ ਹੈ। ਉਸ ਵੇਲੇ ਸ਼ ਜ਼ਫਰ ਆਪਣੀ ਪਤਨੀ ਤੇ ਬੇਟੀ ਨੂੰ ਲੈ ਕੇ ਦਿੱਲੀ ਹਵਾਈ ਅੱਡੇ ਨੂੰ ਚੱਲ ਪਏ। ਚਾਰ ਜੁਲਾਈ ਨੂੰ ਪੱਥਰ ਵਰਗਾ ਜਿਗਰਾ ਕਰ ਕੇ ਸ਼ ਜ਼ਫ਼ਰ ਆਪਣੇ ਲਖਤਿ-ਜਿਗਰ ਬਾਬਤ ਬੜੇ ਧੀਰਜ ਨਾਲ ਲਿਖਦੇ ਹਨ,
“æææਤਿੰਨ ਜੁਲਾਈ 2015 ਦੀ ਸ਼ਾਮ ਨੂੰ ਹਸਪਤਾਲ ਪਹੁੰਚਣ ਤੇ ਵਿਵੇਕ ਦੀ ਸਿਹਤ ਵਿਚ ਸੁਧਾਰ ਹੋਣ ਦਾ ਪਤਾ ਲੱਗਾ। ਮਾਤਾ-ਪਿਤਾ, ਭਰਾ, ਚਾਚੇ-ਚਾਚੀਆਂ, ਬਹੁਤ ਸਾਰੇ ਭਤੀਜੇ-ਭਤੀਜੀਆਂ ਅਤੇ ਕੁਝ ਦੋਸਤ ਪਰਿਵਾਰ ਚਾਈਂ ਚਾਈਂ ਮਿਲੇ। ਸਵੇਰੇ ਡਾਕਟਰ ਨੇ ਉਨ੍ਹਾਂ ਨੂੰ ਸੁਧਾਰ ਬਾਰੇ ਦੱਸਿਆ ਸੀ। ਸਾਡੇ ਪਹੁੰਚਣ ਤੋਂ ਪਹਿਲਾਂ ਉਨ੍ਹਾਂ ਆਈæਸੀæਯੂæ ਦੇ ਮੁਖੀ ਡਾæ ਮਾਈਪਿੰਦਰ ਸਿੰਘ ਸੇਖੋਂ ਤੋਂ ਦੁਬਾਰਾ ਪੁੱਛਿਆ, ਤਾਂ ਡਾਕਟਰ ਨੇ ਕਿਹਾ ਕਿ ਤੁਸੀਂ ਸਾਰੇ ਜਣੇ ਹਸਪਤਾਲ ਹੀ ਆ ਜਾਣਾ, ਮੈਂ ਮਾਂ-ਬਾਪ ਸਮੇਤ ਸਾਰਿਆਂ ਨੂੰ ਇਕੋ ਵਾਰੀ ਵਿਸਥਾਰ ਨਾਲ ਦੱਸ ਦਿਆਂਗਾ।æææਅਸੀਂ ਹਸਪਤਾਲ ਪਹੁੰਚ ਕੇ ਵਿਵੇਕ ਨੂੰ ਦੇਖਿਆ, ਛੂਹਿਆ ਤੇ ਬੁਲਾਇਆ। ਸਾਹ, ਨਬਜ਼ ਠੀਕ, ਪਿੰਡਾ ਕੋਸਾ, ਪਰ ਬੇਹੋਸ਼। ਇਕ ਕਮਰੇ ਵਿਚ ਸਾਨੂੰ ਬਿਠਾਇਆ ਗਿਆ। ਡਾæ ਸੇਖੋਂ ਨੇ ਉਸ ਦੇ ਦਿਮਾਗ ਦੀ ਸੋਜ਼ਿਸ਼ ਘਟਣ-ਵਧਣ ਬਾਰੇ ਵਿਸਥਾਰ ਨਾਲ ਦੱਸਦਿਆਂ ਕਿਹਾ, ਜਦੋਂ ਸੋਜ਼ਿਸ਼ ਦਿਮਾਗ ਦੇ ਉਪਰਲੇ ਹਿੱਸੇ ਤੋਂ ਹੇਠਲੇ ਭਾਗ ‘ਤੇ ਜ਼ਿਆਦਾ ਆ ਜਾਵੇ, ਤਾਂ ਇਹ ਡੈਡ ਹੋ ਜਾਂਦਾ ਹੈ, ਜਾਣੀ ਬੰਦਾ ḔਡੈਡḔ ਹੋ ਜਾਂਦਾ ਹੈ। æææਸਾਡੇ ਉਥੇ ਪਹੁੰਚਣ ਤੋਂ ਕੁਝ ਸਮਾਂ ਪਹਿਲਾਂ ਵਿਵੇਕ ਨਾਲ ਇਹ ਹੋ ਚੁੱਕਾ ਸੀ। ਸਭ ਨੇ ਇਸ ਨੂੰ ਬੜੇ ਧੀਰਜ ਨਾਲ ਸੁਣਿਆ ਤੇ ਪ੍ਰਵਾਨ ਕੀਤਾ।”
ਅਣਹੋਣੀ ਵਰਤ ਗਈ, ਪਰ ਜ਼ਫਰ ਜੀ ਦੇਖੋ ਆਪਣੀ ḔਵਾਲḔ ਉਤੇ ਕਿਸ ਧੀਰਜ ਨਾਲ ਵਾਪਰੇ ਭਾਣੇ ਦੀ ਤਫ਼ਸੀਲ ਦੇ ਰਹੇ ਨੇ,
“ਡਾਕਟਰ ਦਾ ਇੰਨੇ ਸੋਹਣੇ ਤਰੀਕੇ ਨਾਲ ਦੱਸਣ ਲਈ ਧੰਨਵਾਦ ਕੀਤਾ। ਇੰਨੀ ਸ਼ਿੱਦਤ ਨਾਲ ਉਸ ਨੂੰ ਬਚਾਉਣ ਲਈ ਕੀਤੇ ਸਿਰਤੋੜ ਯਤਨਾਂ ਲਈ ਵੀ ਧੰਨਵਾਦ ਕੀਤਾæææ ਸਭ ਨੇ ਵਿਵੇਕ ਦੇ ਗੁਣਾਂ ਦੀ ਚਰਚਾ ਕੀਤੀæææ ਸਭ ਨੇ ਇਹ ਫੈਸਲਾ ਕੀਤਾ ਕਿ ਰੋਣ ਜਾਂ ਵਿਰਲਾਪ ਦੀ ਜਗ੍ਹਾ ਉਸ ਦੇ ਚੰਗੇ ਗੁਣਾਂ, ਉਦਮਾਂ ਅਤੇ ਕੰਮਾਂ ਦੀ ਚਰਚਾ ਕਰਾਂਗੇ। æææ ਵਿਵੇਕ ਪੁੱਤਰ ਜਿਹਾ ਕਮਾਲ ਦਾ ਤੋਹਫ਼ਾ ਦੇਣ ਲਈ ਪਰਮਾਤਮਾ/ਕੁਦਰਤ ਦਾ ਧੰਨਵਾਦ ਕੀਤਾ ਗਿਆ। ਆਪਣੀ ਲਗਭਗ 23 ਸਾਲ ਦੀ ਉਮਰ ਦੌਰਾਨ ਉਸ ਨੇ ਜਿੰਨੀ ਖੁਸ਼ੀ ਅਤੇ ਤਾਜ਼ਗੀ ਆਪਣੇ ਨਾਲ ਸਬੰਧਤ ਸਾਰੇ ਲੋਕਾਂ ਨੂੰ ਦਿੱਤੀ, ਉਸ ‘ਤੇ ਬੇਹੱਦ ਸੰਤੁਸ਼ਟੀ ਪ੍ਰਗਟ ਕੀਤੀ ਗਈ।”
ਆਪਣੇ ਪੁੱਤਰ ਦੀ ਲਿਆਕਤ, ਨਿਮਰਤਾ, ਦਲੇਰੀ, ਵਿਰਸੇ ਨਾਲ ਮੋਹ ਤੇ ਆਗਿਆਕਾਰਤਾ ਦੀ ਸਿਫ਼ਤ ਕਰਦਿਆਂ ਸ਼ ਜਫ਼ਰ ਅੱਗੇ ਲਿਖਦੇ ਨੇ,
“ਹਸਪਤਾਲ ਵਿਚ ਬੈਠਿਆਂ ਸਾਨੂੰ ਡਾæ ਸੇਖੋਂ ਨੇ ਹੋਰ ਦੱਸਿਆ ਕਿ ਵਿਵੇਕ ਪਿਛਲੇ ਸਾਲ ਇਸੇ ਹਸਪਤਾਲ ਵਿਚ ਆਪਣੇ ਸਰੀਰ ਦੇ ਸਾਰੇ ਵਰਤੋਂ ਯੋਗ ਅੰਗ ਦਾਨ ਕਰ ਗਿਆ ਸੀ। (ਸਾਨੂੰ ਇਸ ਗੱਲ ਦਾ ਨਹੀਂ ਸੀ ਪਤਾ) ਸੁਣ ਕੇ ਸਭ ਦਾ ਮਨ ਗਦ-ਗਦ ਹੋ ਗਿਆæææ ਸਭ ਨੇ ਤਾੜੀਆਂ ਵਜਾ ਕੇ ਉਸ ਦੀ ਪ੍ਰਸੰਸਾ ਕੀਤੀ। ਡਾæ ਸੇਖੋਂ ਨੇ ਉਸ (ਵਿਵੇਕ) ਵੱਲੋਂ ਹੱਥੀਂ ਭਰਿਆ ਤੇ ਦਸਤਖ਼ਤ ਕੀਤਾ ਫਾਰਮ ਦਿਖਾਇਆ।æææਵਿਵੇਕ ਦੇ ਮਾਂ-ਪਿਓ ਹੋਣ ‘ਤੇ ਬਹੁਤ ਮਾਣ ਹੋਇਆ। ਇਸ ਤਰ੍ਹਾਂ ਦੀਆਂ ਗੱਲਾਂ ਕਰਦੇ ਰਾਤ ਦੇ ਸਾਢੇ ਦਸ ਵੱਜ ਗਏ।æææਅਸੀਂ ਡਾæ ਸੇਖੋਂ ਨੂੰ ਕਿਹਾ ਕਿ ਵਿਵੇਕ ਦੇ ਦਾਨ ਕੀਤੇ ਅੰਗਾਂ ਨੂੰ ਲੈਣ ਵਾਲੇ ਸੱਜਣ ਜੇ ਹੁਣੇ ਆ ਸਕਦੇ ਨੇ ਤਾਂ ਅਸੀਂ ਇਸ ਕਾਰਜ ਨੂੰ ਹੁਣੇ ਮੁਕੰਮਲ ਕਰਕੇ ਖੁਸ਼ ਹੋਵਾਂਗੇ।æææਘਰ ਆ ਕੇ ਸਾਰੇ ਜੀਆਂ ਨੇ ਮਤਾ ਪਾਸ ਕੀਤਾ ਕਿ ਵਿਵੇਕ ਦੇ ਰੂਪ ਵਿਚ ਪ੍ਰਾਪਤ ਹੋਏ ਸ਼ਾਨਦਾਰ ਸਾਥ ਲਈ ਪਰਮਾਤਮਾ ਦਾ ਸ਼ੁਕਰਾਨਾ ਹੀ ਕੀਤਾ ਜਾਵੇਗਾ, ਕੋਈ ਰੋਣ-ਵਿਰਲਾਪ ਨਹੀਂ ਕੀਤਾ ਜਾਵੇਗਾ। ਅਜਿਹੀ ਸੂਚਨਾ ਘਰ ਦੇ ਦਰਵਾਜ਼ੇ Ḕਤੇ ਮੋਟੇ ਅੱਖਰਾਂ ਵਿਚ ਲਿਖ ਦਿੱਤੀ ਗਈ, ਇਕ ਪਾਸੇ Ḕਚੜ੍ਹਦੀ ਕਲਾ’ ਤੇ ਦੂਜੇ ਪਾਸੇ Ḕਵਿਰਲਾਪ ਦੀ ਸਖ਼ਤ ਮਨਾਹੀ ਹੈ’। æææ ਇੰਡੀਆ ਅਤੇ ਇਥੋਂ ਦਾ ਦਿਨ ਰਾਤ ਦਾ ਫਰਕ ਹੋਣ ਕਾਰਨ ਸਾਨੂੰ ਨੀਂਦ ਨਹੀਂ ਆਈ, ਇਸ ਕਰ ਕੇ ਮੈਂ ਸਾਰੇ ਮਿੱਤਰਾਂ ਦੋਸਤਾਂ ਦੀ ਜਾਣਕਾਰੀ ਲਈ ਇਹ ਅੱਖਰ ਲਿਖ ਦਿੱਤੇ ਹਨ।”
ਪੰਜਾਬੀ ਸਾਹਿਤ ਦੀ ਨਾਮਵਰ ਸ਼ਖਸੀਅਤ ਹੋਣ ਸਦਕਾ ਦੁਨੀਆਂ ਭਰ ਵਿਚ ਵਸਦੇ ਉਨ੍ਹਾਂ ਦੇ ਪ੍ਰਸੰਸਕਾਂ, ਸ਼ੁਭ ਚਿੰਤਕਾਂ ਦੇ ਸੋਗ ਸੁਨੇਹਿਆਂ ਦੀ ਲੜੀ ਦਾ ਅੰਤ ਨਹੀਂ ਰਿਹਾ। ਇਸੇ ਕਰ ਕੇ ਸ਼ ਜ਼ਫਰ ਨੇ ਇਹ ਸ਼ਬਦ ਵੀ ਲਿਖੇ ਨੇ,
“æææਸਾਡੇ ਜੋ ਜਾਣਕਾਰ ਫੇਸਬੁੱਕ ‘ਤੇ ਨਹੀਂ ਹਨ, ਉਨ੍ਹਾਂ ਨੂੰ ਪੜ੍ਹ ਕੇ ਸੁਣਾ ਦੇਣਾæææ ਤੁਹਾਡੀ ਹਮਦਰਦੀ ਅਤੇ ਅਫ਼ਸੋਸ ਵਾਲੇ ਬੋਲ ਬਿਨ ਬੋਲਿਆਂ ਸਾਡੇ ਤੱਕ ਪਹੁੰਚ ਰਹੇ ਹਨ। ਆਪਣੀ ਅਤੇ ਸਾਡੀ ਚੜ੍ਹਦੀ ਕਲਾ ਲਈ ਕਾਮਨਾ ਕਰਨਾ। ਵਿਵੇਕ ਸਬੰਧੀ ਜੇ ਕੋਈ ਚੰਗੀਆਂ ਗੱਲਾਂ, ਯਾਦਾਂ ਸਾਂਝੀਆਂ ਕਰਨ ਨੂੰ ਮਨ ਕਰਦਾ ਹੋਵੇ, ਤਾਂ ਉਹ ਕਿਸੇ ਨਾ ਕਿਸੇ ਰੂਪ ਵਿਚ ਸਾਡੇ ਲਈ ਅਮਾਨਤ ਵਾਂਗ ਲਿਖ ਰੱਖਣਾ। ਇਸ ਭਿਆਨਕ ਲਗਦੇ ਹਾਦਸੇ ਨੂੰ ਸਹਿਜ ਨਾਲ ਸਹਿਣ ਦੀ ਸ਼ਕਤੀ ਕਿਥੋਂ ਆਈ? ਇਹ ਕਦੀ ਫਿਰ ਸਾਂਝੀ ਕਰਾਂਗੇ।”
ਆਪਣੇ ਭਰ ਜਵਾਨ ਪੁੱਤਰ ਦੇ ਅੰਤਿਮ ਸਸਕਾਰ ਲਈ ਨਿਯਤ ਹੋਈ ਮਿਤੀ ਤੋਂ ਪੰਜ ਦਿਨ ਪਹਿਲਾਂ ਛੇ ਜੁਲਾਈ ਨੂੰ ਭਾਈ ਭਿਖਾਰੀ ਜਿਹੇ ਸਿਦਕੀ ਜਾਪਦੇ ਸ਼ ਜ਼ਫਰ ਨੇ Ḕਸੇਵਕ ਕੋ ਸੇਵਾ ਬਨ ਆਈḔ ਦੇ ਸਿਰਲੇਖ ਹੇਠ ਇਹ ਹੋਰ ਸ਼ਬਦ ਵੈਰਾਗ ਦੀ ਕਲਮ, ਆਪਣੇ ਜਿਗਰ ਦੇ ਲਹੂ ਵਿਚ ਡੁਬੋ ਡੁਬੋ ਲਿਖੇ ਹੋਏ ਮਹਿਸੂਸ ਹੁੰਦੇ ਹਨ,
“ਇਹ ਬਹੁਤ ਤਸੱਲੀ ਅਤੇ ਪ੍ਰਸੰਨਤਾ ਵਾਲੀ ਖਬਰ ਹੈ ਕਿ ਵਿਵੇਕ ਵੱਲੋਂ ਦਾਨ ਕੀਤੇ ਸਾਰੇ ਅੰਦਰੂਨੀ ਅੰਗ ਬਹੁਤ ਨਰੋਈ ਹਾਲਤ ਵਿਚ ਅਤੇ ਇਨ੍ਹਾਂ ਦੀ ਉਡੀਕ ਕਰਦੇ ਲੋੜਵੰਦ ਮਰੀਜ਼ਾਂ ਦੇ ਅਨੁਕੂਲ ਪਾਏ ਗਏ। ਜਿਨ੍ਹਾਂ ਮਰੀਜ਼ਾਂ ਦੇ ਸਰੀਰ ਵਿਚ ਵਿਵੇਕ ਦੇ ਅੰਗ ਲਗਾਏ ਜਾ ਚੁੱਕੇ ਹਨ, ਅਸੀਂ ਉਨ੍ਹਾਂ ਸਾਰਿਆਂ ਦੀ ਲੰਮੀ ਅਤੇ ਸਿਹਤਮੰਦ ਆਯੂ ਦੀ ਕਾਮਨਾ ਕਰਦੇ ਹਾਂæææ।”
ਇਕ ਵੱਖਰੀ ਇੰਟਰਵਿਊ ਵਿਚ ਸ਼ ਜ਼ਫਰ ਨੇ ਦਸਮੇਸ਼ ਪਿਤਾ ਜੀ ਨੂੰ ਯਾਦ ਕਰਦਿਆਂ ਕਿਹਾ ਕਿ ਜੇ ਅਸੀਂ ਆਪਣੇ ਵਿਰਸੇ ਅਨੁਸਾਰ ਚੱਲਣਾ ਨਹੀਂ, ਤਾਂ ਫਿਰ ਜ਼ੁਬਾਨੀ-ਕਲਾਮੀ ਕਹਾਣੀਆਂ ਪਾਈ ਜਾਣ ਦਾ ਕੀ ਫਾਇਦਾ? ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਦੇ ਵੇਰਵੇ ਦਸਮੇਸ਼ ਪਿਤਾ ਜੀ ਨੂੰ ਨੂਰੇ ਮਾਹੀ ਨੇ ਸੁਣਾਏ ਸਨ। ਅੱਜ ਸ਼ ਜ਼ਫਰ ਆਪਣੇ ਸਾਬਤ ਸੂਰਤ ਸਰਦਾਰ ਪੁੱਤਰ ਦੀ ਬੇਵਕਤੀ ਮੌਤ ਦੀ ਭਿਆਨਕ ਗਾਥਾ, ਭਾਣੇ ਵਿਚ ਰਾਜ਼ੀ ਰਹਿੰਦਿਆਂ ਖੁਦ ਸੁਣਾ ਰਿਹਾ ਹੈ। ਬਿਬੇਕ ਬੁੱਧ ਮਾਤਾ-ਪਿਤਾ ਦੇ ਲਾਡਲੇ ਵਿਵੇਕ ਦਾ ਸਦੀਵੀ ਵਿਛੋੜਾ, ਸਮਾਜ ਲਈ ਵਿਵੇਕ ਦਾਨ ਵੰਡ ਗਿਆ ਹੈ।