ਡਾæ ਗੁਰਨਾਮ ਕੌਰ ਕੈਨੇਡਾ
ਪਿਛਲੇ ਲੇਖਾਂ ਵਿਚ ਅਸੀਂ ਸ਼ਬਦ ਗੁਰੂ ਦੀ ਗੱਲ ਕੀਤੀ ਸੀ ਕਿ ਗੁਰੂ ਨਾਨਕ ਸਾਹਿਬ ਅਨੁਸਾਰ ਉਨ੍ਹਾਂ ਦਾ ਗੁਰੂ ਸ਼ਬਦ ਹੈ ਅਤੇ ਸ਼ਬਦ ਅਕਾਲ ਪੁਰਖ ਦਾ ਰੂਪ ਹੋ ਕੇ ਸਭ ਵਿਚ ਵਿਚਰ ਰਿਹਾ ਹੈ, ਸ਼ਬਦ ਹੀ ਗੁਰੂ ਹੈ। ਇਸ ਲੇਖ ਵਿਚ ਅਸੀਂ ਸਿੱਖ ਧਰਮ ਵਿਚ ਸੰਗਤ ਦੇ ਸੰਕਲਪ ਨੂੰ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿਉਂਕਿ ਭਾਈ ਗੁਰਦਾਸ ਦੀਆਂ ਵਾਰਾਂ ਵਿਚ ਗੁਰੂ ਨਾਨਕ ਸਾਹਿਬ ਦੀ ਸਿੱਧਾਂ ਨਾਲ ਵਿਚਾਰ ਚਰਚਾ ਦੇ ਸਬੰਧ ਵਿਚ ਅਕਾਲ ਪੁਰਖ, ਸੰਗਤ ਅਤੇ ਬਾਣੀ ਦੇ ਓਟ ਆਸਰੇ ਦਾ ਹਵਾਲਾ ਦਿੱਤਾ ਮਿਲਦਾ ਹੈ।
‘ਸਿਧ ਗੋਸਟਿ’ ਗੁਰੂ ਨਾਨਕ ਸਾਹਿਬ ਦੇ ਸਿੱਧਾਂ ਨਾਲ ਸਿਧਾਂਤਕ ਵਾਰਤਾਲਾਪ ‘ਤੇ ਆਧਾਰਤ ਬਾਣੀ ਹੈ। ਗੁਰੂ ਨਾਨਕ ਸਾਹਿਬ ਤੋਂ ਪਹਿਲਾਂ ਪ੍ਰਾਪਤ ਭਾਰਤ ਵਿਚਲੀਆਂ ਧਾਰਮਕ ਪਰਿਪਾਟੀਆਂ ਏਕਾਂਤਕ ਹਨ ਅਤੇ ਅਧਿਆਤਮਕ ਪ੍ਰਾਪਤੀ ਲਈ ਸਮਾਜ ਤੋਂ ਦੂਰ ਰਹਿ ਕੇ ਕਠਿਨ ਤਪੱਸਿਆ ਦੀ ਸਿਫਾਰਸ਼ ਕਰਦੀਆਂ ਹਨ। ਸਿੱਧਾਂ ਅਤੇ ਯੋਗੀਆਂ ਦਾ ਤਾਂ ਸਾਰਾ ਜੀਵਨ ਹੀ ਏਕਾਂਤਕ ਹੈ ਜਿਸ ਵਿਚ ਸੰਸਾਰ ਜਾਂ ਪਰਿਵਾਰ ਨਾਲ ਕੋਈ ਸਬੰਧ ਨਹੀਂ ਰੱਖਿਆ ਜਾਂਦਾ। ਵਾਰਤਾਲਾਪ ਕਰਦਿਆਂ ਸਿੱਧ-ਜੋਗੀ ਆਪਣੇ ਮਾਰਗ ਬਾਰੇ ਸਪੱਸ਼ਟ ਕਰਦੇ ਹਨ ਕਿ ਉਹ ਦੁਨੀਆਂਦਾਰੀ, ਇਸ ਦੇ ਮੇਲਿਆਂ-ਝਮੇਲਿਆਂ ਤੋਂ ਦੂਰ ਜੰਗਲਾਂ ਵਿਚ ਵੱਖਰੇ ਰਹਿੰਦੇ ਹਨ, ਰੁੱਖਾਂ-ਬਿਰਖਾਂ ਨੂੰ ਆਪਣਾ ਆਸਰਾ ਬਣਾਉਂਦੇ ਹਨ ਅਤੇ ਕੰਦ-ਮੂਲ ਖਾ ਕੇ ਆਪਣਾ ਗੁਜ਼ਾਰਾ ਕਰਦੇ ਹਨ। ਤੀਰਥਾਂ ਦਾ ਇਸ਼ਨਾਨ ਕਰਕੇ ਸੁਖ-ਫਲ ਪ੍ਰਾਪਤ ਕਰਦੇ ਹਨ। ਗੁਰੂ ਨਾਨਕ ਇਸ ਦਾ ਉਤਰ ਦਿੰਦੇ ਹਨ ਕਿ ਅਸਲੀ ਜੋਗ ਜਾਂ ਰੱਬ ਨਾਲ ਇਕਸੁਰਤਾ ਇਹ ਹੈ ਕਿ ਸੰਸਾਰਕ ਧੰਦੇ ਕਰਦਾ ਹੋਇਆ ਵੀ ਮਨੁੱਖ ਉਨ੍ਹਾਂ ਵਿਚ ਮਸਰੂਫ ਹੋ ਕੇ ਸਿਰਜਣਹਾਰ ਨੂੰ ਭੁੱਲ ਨਾ ਜਾਵੇ, ਦੂਸਰਿਆਂ ਦੇ ਘਰ ਵਿਚ ਆਪਣੇ ਮਨ ਨੂੰ ਡੋਲਣ ਨਾ ਦੇਵੇ। ਉਸ ਇੱਕ ਅਕਾਲ ਪੁਰਖ ਦੇ ਨਾਮ ਤੋਂ ਬਿਨਾ ਮਨ ਟਿਕਾਉ ਵਿਚ ਨਹੀਂ ਆਉਂਦਾ। ਸਤਿਗੁਰੂ ਨੇ ਘਰ ਵਿਚ ਰਹਿ ਕੇ ਹੀ ਟਿਕਾਣਾ ਦਿਖਾ ਦਿੱਤਾ ਹੈ। ਮਨੁੱਖ ਸੰਸਾਰਕ ਧੰਦਿਆਂ ਵਿਚ ਪੈ ਕੇ ਵੀ ਅਡੋਲ ਰਹਿ ਸਕਦਾ ਹੈ, ਆਪਣੇ ਜੀਵਨ ਨੂੰ ਸੰਜਮ ਵਿਚ ਰੱਖ ਕੇ ਨਾਮ-ਮਾਰਗ ‘ਤੇ ਚੱਲ ਸਕਦਾ ਹੈ। ਇਸ ਤਰ੍ਹਾਂ ਗੁਰੂ ਨਾਨਕ ਸਾਹਿਬ ਨੇ ਧਰਮ ਨੂੰ ਏਕਾਂਤਕਤਾ ਅਤੇ ਕਰਮ-ਕਾਂਡ ਨਾਲੋਂ ਤੋੜ ਕੇ ਸਮਾਜਕ ਜੀਵਨ ਨਾਲ ਜੋੜਿਆ ਅਤੇ ਨਾਮ ਦੀ ਪ੍ਰਾਪਤੀ ਲਈ ਏਕਾਂਤਕਤਾ ਦੀ ਥਾਂ ਸੰਗਤੀ ਮਾਡਲ ਦਿੱਤਾ।
ਗੁਰਮਤਿ ਅਨੁਸਾਰ ਮਨੁੱਖ ਦੇ ਸਾਹਮਣੇ ਜੋ ਆਦਰਸ਼ ਹੈ, ਉਹ ਅਕਾਲ ਪੁਰਖ ਦੇ ਗੁਣਾਂ ਦਾ ਸਿਮਰਨ ਕਰਨਾ ਅਤੇ ਉਨ੍ਹਾਂ ਨੂੰ ਆਪਣੇ ਅੰਦਰ ਵਸਾ ਕੇ ਆਪਣੇ ਆਪ ਨੂੰ ਉਨ੍ਹਾਂ ਗੁਣਾਂ ਦਾ ਧਾਰਨੀ ਬਣਾਉਣਾ ਹੈ। ਉਸ ਦੇ ਗੁਣਾਂ ਦਾ ਸਿਮਰਨ ਹੀ ਉਸ ਦੇ ਨਾਮ ਦਾ ਸਿਮਰਨ ਹੈ। ਇਸੇ ਪਦ ਦੀ ਪ੍ਰਾਪਤੀ ਨੂੰ ਗੁਰੂ ਨਾਨਕ ਸਾਹਿਬ ਨੇ ਜਪੁਜੀ ਵਿਚ ‘ਸਚਿਆਰ’ ਹੋਣਾ ਕਿਹਾ ਹੈ ਅਤੇ ਇਸੇ ਨੂੰ ਗੁਰਮਤਿ ਵਿਚ ਗੁਰਮੁਖ, ਬ੍ਰਹਮਗਿਆਨੀ ਆਦਿ ਵੀ ਕਿਹਾ ਗਿਆ ਹੈ। ਹਉਮੈ ਸਚਿਆਰ ਪਦ ਦੀ ਪ੍ਰਾਪਤੀ ਦੇ ਰਸਤੇ ਦਾ ਰੋੜਾ ਹੈ ਜਿਸ ਨੂੰ ਸੰਗਤ ਵਿਚ ਜਾ ਕੇ ਨਾਮ ਸਿਮਰਨ ਰਾਹੀਂ, ਉਸ ਦੇ ਗੁਣਾਂ ਦਾ ਗਾਇਨ ਕਰਕੇ ਦੂਰ ਕੀਤਾ ਜਾ ਸਕਦਾ ਹੈ। ਨਿਰਮਲ ਮਨ ਵਿਚ ਹੀ ਉਸ ਦੇ ਨਾਮ ਦਾ ਵਾਸ ਹੁੰਦਾ ਹੈ। ਕਾਮ, ਕ੍ਰੋਧ, ਲੋਭ, ਮੋਹ ਅਤੇ ਅਹੰਕਾਰ ਅਜਿਹੇ ਵਿਕਾਰ ਹਨ ਜੋ ਮਨੁੱਖ ਦੇ ਮਨ ਨੂੰ ਮੈਲਾ ਕਰਦੇ ਹਨ। ਏਕਾਂਤ ਵਿਚ ਤਪੱਸਿਆ ਅਤੇ ਹਠ ਜੋਗ ਆਦਿ ਰਾਹੀਂ ਇਨ੍ਹਾਂ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਗੁਰਮਤਿ ਅਨੁਸਾਰ ਇਨ੍ਹਾਂ ਨੂੰ ਮਾਰਨਾ ਸੰਭਵ ਨਹੀਂ ਹੈ ਪਰ ਮਨੁੱਖ ਇਨ੍ਹਾਂ ਨੂੰ ਕਾਬੂ ਕਰਕੇ ਸਹੀ ਦਿਸ਼ਾ ਵਿਚ ਸੇਧ ਸਕਦਾ ਹੈ। ਇਸ ਲਈ ਸਮਾਜ ਤੋਂ ਭੱਜਣ ਦੀ ਜ਼ਰੂਰਤ ਨਹੀਂ ਹੈ ਅਤੇ ਸਮਾਜ ‘ਚ ਰਹਿੰਦਿਆਂ ਸੰਸਾਰਕ ਜੀਵਨ ਬਸਰ ਕਰਦਿਆਂ ਹੀ ਇਨ੍ਹਾਂ ਨੂੰ ਸਹੀ ਦਿਸ਼ਾ ਵਿਚ ਸੇਧਿਆ ਜਾ ਸਕਦਾ ਹੈ ਤੇ ਮਨੁੱਖ ਇਨ੍ਹਾਂ ‘ਤੇ ਕਾਬੂ ਪਾ ਸਕਦਾ ਹੈ। ਸੰਗਤ ਇਸ ਲਈ ਸਭ ਤੋਂ ਕਾਰਗਰ ਮਾਧਿਅਮ ਹੈ।
ਸਿਰੀ ਰਾਗੁ ਵਿਚ ਗੁਰੂ ਨਾਨਕ ਦੇਵ ਮਨੁੱਖ ਨੂੰ ਗੁਰੂ ਦੀ ਮਤ ਅਨੁਸਾਰ ਚੱਲ ਕੇ ਅਕਾਲ ਪੁਰਖ ਦੇ ਨਾਮ ਦਾ ਸਿਮਰਨ ਕਰਨ ਲਈ ਕਹਿੰਦੇ ਹਨ ਕਿਉਂਕਿ ਜਦੋਂ ਮਨੁੱਖ ਆਪਣੇ ਮਨ ਨੂੰ ਸਿਮਰਨ ਦੀ ਕਸਵੱਟੀ ਉਤੇ ਲਾਉਂਦਾ ਹੈ ਤਾਂ ਉਹ ਤੋਲ ਵਿਚ ਪੂਰਾ ਉਤਰਦਾ ਹੈ। ਨਾਮ ਸਿਮਰਨ ਰਾਹੀਂ ਮਨੁੱਖੀ ਹਿਰਦਾ ਅਨਮੋਲ ਹੋ ਜਾਂਦਾ ਹੈ, ਜਿਸ ਦਾ ਮੁੱਲ ਪਾ ਸਕਣਾ ਮੁਸ਼ਕਿਲ ਹੈ। ਇਹ ਕੀਮਤੀ ਨਾਮ ਜਿਸ ਦੇ ਸਿਮਰਨ ਨਾਲ ਹਿਰਦਾ ਨਿਰਮਲ ਅਤੇ ਅਮੋਲ ਹੋ ਜਾਂਦਾ ਹੈ, ਗੁਰੂ ਪਾਸ ਹੈ ਅਤੇ ਗੁਰੂ ਸਤਿਸੰਗਤ ਵਿਚ ਮਿਲਦਾ ਹੈ। ਇਸ ਲਈ ਸਤਿਸੰਗਤ ਵਿਚ ਜਾ ਕੇ ਗੁਰੂ ਦੇ ਸ਼ਬਦ ਵਿਚ ਜੁੜ ਕੇ ਅਕਾਲ ਪੁਰਖ ਦੇ ਗੁਣਾਂ ਦਾ ਦਿਨ-ਰਾਤ ਗਾਇਨ ਕਰਨ ਦੀ ਪ੍ਰੇਰਨਾ ਕੀਤੀ ਗਈ ਹੈ,
ਭਾਈ ਰੇ ਹਰਿ ਹੀਰਾ ਗੁਰ ਮਾਹਿ॥
ਸਤਸੰਗਤਿ ਸਤਗੁਰੁ ਪਾਈਐ ਅਹਿਨਿਸਿ ਸਬਦਿ ਸਲਾਹਿ॥੧॥ਰਹਾਉ॥ (ਪੰਨਾ ੨੨)
ਗੁਰੂ ਨਾਨਕ ਸਾਹਿਬ ਆਪਣੇ ਮਨ ਨੂੰ ਸਮਝਾਉਂਦੇ ਹਨ ਕਿ ਇਹ ਮਨੁੱਖਾ ਜਨਮ ਉਸ ਅਕਾਲ ਪੁਰਖ ਨੂੰ ਮਿਲਣ ਦਾ ਵੇਲਾ ਹੈ। ਜਦੋਂ ਤੱਕ ਸਾਹ ਆ ਰਿਹਾ ਹੈ, ਉਦੋਂ ਤੱਕ ਹੀ ਇਹ ਸਰੀਰ ਕੰਮ ਆ ਰਿਹਾ ਹੈ, ਉਸ ਪਿੱਛੋਂ ਇਸ ਨੇ ਬੇਕਾਰ ਹੋ ਜਾਣਾ ਹੈ। ਗੁਣਾਂ ਤੋਂ ਵਿਹੂਣਾ ਇਹ ਸਰੀਰ ਕਿਸੇ ਕੰਮ ਨਹੀਂ ਆਉਣਾ। ਇਸ ਲਈ ਹੇ ਮਨ! ਤੂੰ ਇਸ ਸਮੇਂ ਦਾ ਲਾਹਾ ਲੈ ਅਤੇ ਗੁਰੂ ਦੀ ਸਿੱਖਿਆ ਰਾਹੀਂ ਉਸ ਦਾ ਨਾਮ ਸਿਮਰ, ਗੁਣਾਂ ਦਾ ਗਾਇਨ ਕਰ ਜਿਸ ਨਾਲ ਹਉਮੈ ਰੋਗ ਦੂਰ ਹੋ ਜਾਵੇ। ਪੁਸਤਕਾਂ ਲਿਖ ਲਿਖ ਕੇ, ਪੜ੍ਹ ਪੜ੍ਹ ਕੇ, ਕਥਾ ਕਹਾਣੀਆਂ ਸੁਣ ਕੇ ਵੀ ਤ੍ਰਿਸ਼ਨਾ ਦਾ ਰੋਗ ਦੂਰ ਨਹੀਂ ਹੁੰਦਾ। ਉਸ ਅਕਾਲ ਪੁਰਖ ਦੇ ਗੁਣਾਂ ਦੀ ਸਹੀ ਕੀਮਤ ਗੁਰੂ ਦੀ ਸਿੱਖਿਆ ਨਾਲ ਲੱਭਦੀ ਹੈ। ਗੁਰੂ ਦੀ ਸਿੱਖਿਆ ਸਤਿਸੰਗਤ ਵਿਚੋਂ ਮਿਲਣੀ ਹੈ। ਗੁਰੂ ਨਾਨਕ ਸਾਹਿਬ ਅਨੁਸਾਰ ਸਿਆਣਪਾਂ, ਚਤੁਰਾਈਆਂ, ਲੱਖਾਂ ਬੰਦਿਆਂ ਨਾਲ ਪ੍ਰੀਤ ਕਰਨ ‘ਤੇ ਵੀ ਅੰਦਰਲੀ ਤ੍ਰਿਸ਼ਨਾ ਮੁੱਕਦੀ ਨਹੀਂ, ਨਾਮ ਤੋਂ ਬਿਨਾ ਦੁੱਖ ਅਤੇ ਸੰਤਾਪ ਦੂਰ ਨਹੀਂ ਹੁੰਦਾ ਅਤੇ ਇਹ ਸਿਰਫ ਗੁਰੂ ਦੀ ਸੰਗਤ ਕਰਨ ਨਾਲ ਮੁੱਕਦੀ ਹੈ ਅਤੇ ਗੁਰੂ ਦੀ ਸੰਗਤ ਵਿਚ ਜਾ ਕੇ ਹੀ ਤ੍ਰਿਸ਼ਨਾ ਮੁੱਕਦੀ ਹੈ। ਪਰਮਾਤਮਾ ਦੇ ਨਾਮ ਸਿਮਰਨ ਨਾਲ ਹੀ ਇਨ੍ਹਾਂ ਰੋਗਾਂ ਤੋਂ ਛੁਟਕਾਰਾ ਹੁੰਦਾ ਹੈ ਅਤੇ ਗੁਰੂ ਦੀ ਸਿੱਖਿਆ ‘ਤੇ ਚੱਲ ਕੇ ਮਨੁੱਖ ਆਪਣੇ ਆਪ ਨੂੰ ਸਮਝਦਾ ਹੈ,
ਲਖ ਸਿਆਣਪ ਜੇ ਕਰੀ ਲਖ ਸਿਉ ਪ੍ਰੀਤਿ ਮਿਲਾਪੁ॥
ਬਿਨੁ ਸੰਗਤਿ ਸਾਧ ਨ ਧ੍ਰਾਪੀਆ ਬਿਨੁ ਨਾਵੈ ਦੂਖ ਸੰਤਾਪੁ॥
ਹਰਿ ਜਪਿ ਜੀਅਰੇ ਛੁਟੀਐ ਗੁਰਮੁਖਿ ਚੀਨੈ ਆਪੁ॥੩॥ (ਪੰਨਾ ੨੦)
ਸਤਿਸੰਗਤ ਰਾਹੀਂ ਮਨੁੱਖ ਦੇ ਅਉਗੁਣ ਦੂਰ ਹੋ ਜਾਂਦੇ ਹਨ ਅਤੇ ਉਹ ਅਕਾਲ ਪੁਰਖ ਦੇ ਗੁਣਾਂ ਦਾ ਗਾਇਨ ਕਰਕੇ ਉਸ ਦਾ ਅਨੁਭਵ ਕਰ ਸਕਦਾ ਹੈ ਪਰ ਇਹ ਸਤਿਸੰਗਤ ਵੱਡੇ ਭਾਗਾਂ ਅਤੇ ਮਿਹਰ ਨਾਲ ਮਿਲਦੀ ਹੈ। ਇਸ ਵੱਲ ਸੰਕੇਤ ਕਰਦਿਆਂ ਗੁਰੂ ਅਮਰਦਾਸ ਦੱਸਦੇ ਹਨ ਕਿ ਜਿਹੜੇ ਮਨੁੱਖ ਆਪਣੇ ਆਪ ਨੂੰ ਉਸ ਅਕਾਲ ਪੁਰਖ ਦੇ ਗੁਣਾਂ ਦਾ ਸਿਮਰਨ ਕਰਨ ਵਿਚ ਲਗਾ ਕੇ ਰੱਖਦੇ ਹਨ, ਉਨ੍ਹਾਂ ਦਾ ਆਖਣਾ, ਦੇਖਣਾ ਅਤੇ ਬੋਲਣਾ ਗੁਰੂ ਦੇ ਸ਼ਬਦ ਵਿਚ ਲੀਨ ਰਹਿੰਦਾ ਹੈ ਭਾਵ ਉਨ੍ਹਾਂ ਦਾ ਹਰ ਕਰਮ ਗੁਰੂ ਦੇ ਸ਼ਬਦ ਦਾ ਅਨੁਸਾਰੀ ਹੋ ਕੇ ਵਾਪਰ ਰਿਹਾ ਹੁੰਦਾ ਹੈ। ਉਨ੍ਹਾਂ ਨੂੰ ਹਰ ਪਾਸੇ ਅਕਾਲ ਪੁਰਖ ਨਜ਼ਰ ਆਉਂਦਾ ਹੈ ਅਤੇ ਹੋਰਨਾਂ ਨੂੰ ਵੀ ਉਹ ਅਕਾਲ ਪੁਰਖ ਦੇ ਗੁਣਾਂ ਦੀ ਵਡਿਆਈ ਹੀ ਦੱਸਦੇ ਹਨ ਜਿਸ ਨਾਲ ਉਨ੍ਹਾਂ ਦੀ ਸ਼ੋਭਾ ਵੀ ਦੁਨੀਆਂ ‘ਤੇ ਕਾਇਮ ਹੋ ਜਾਂਦੀ ਹੈ। ਅਕਾਲ ਪੁਰਖ ਉਨ੍ਹਾਂ ਨੂੰ ਆਪਣੇ ਨਾਲ ਜੋੜੀ ਰੱਖਦਾ ਹੈ, ਜਿਸ ਕਰਕੇ ਉਨ੍ਹਾਂ ਦੇ ਅੰਦਰੋਂ ਮੋਹ-ਮਾਇਆ ਤੇ ਹਉਮੈ ਦੂਰ ਹੋ ਜਾਂਦੇ ਹਨ ਅਤੇ ਉਹ ਪਰਮਾਤਮਾ ਦੇ ਦਰ ‘ਤੇ ਸਥਾਨ ਪ੍ਰਾਪਤ ਕਰ ਲੈਂਦੇ ਹਨ। ਇਹ ਨਾਮ-ਸਿਮਰਨ ਪਰਮਾਤਮਾ ਦੀ ਮਿਹਰ ਸਦਕਾ ਮਿਲਦਾ ਹੈ ਅਤੇ ਉਸ ਦੀ ਮਿਹਰ ਨਾਲ ਮਨੁੱਖ ਨੂੰ ਸਤਿਸੰਗਤ ਪ੍ਰਾਪਤ ਹੁੰਦੀ ਹੈ। ਸਤਿਸੰਗਤ ਵਿਚ ਆ ਕੇ ਮਨੁੱਖ ਦੇ ਅੰਦਰੋਂ ਹਉਮੈ ਆਦਿ ਵਿਕਾਰ ਦੂਰ ਹੁੰਦੇ ਹਨ, ਉਹ ਗੁਰੂ ਦੇ ਸ਼ਬਦ ਨਾਲ ਜੁੜਦਾ ਹੈ। ਗੁਰੂ ਦੇ ਸ਼ਬਦ ਰਾਹੀਂ ਅਕਾਲ ਪੁਰਖ ਨਾਲ ਮੇਲ ਹੁੰਦਾ ਹੈ,
ਨਦਰੀ ਨਾਮੁ ਧਿਆਈਐ ਵਿਣੁ ਕਰਮਾ ਪਾਇਆ ਨ ਜਾਇ॥
ਪੂਰੈ ਭਾਗਿ ਸਤਸੰਗਤਿ ਲਹੈ ਸਤਗੁਰੁ ਭੇਟੈ ਜਿਸੁ ਆਇ॥
ਅਨਦਿਨੁ ਨਾਮੇ ਰਤਿਆ ਦੁਖੁ ਬਿਖਿਆ ਵਿਚਹੁ ਜਾਇ॥
ਨਾਨਕ ਸਬਦਿ ਮਿਲਾਵੜਾ ਨਾਮੇ ਨਾਮਿ ਸਮਾਇ॥੪॥ (ਪੰਨਾ 35)
ਗੁਰੂ ਰਾਮਦਾਸ ਇਸੇ ਖਿਆਲ ਨੂੰ ਦ੍ਰਿੜਾਉਂਦੇ ਹਨ ਕਿ ਜਿਸ ਮਨੁੱਖ ਨੂੰ ਪਰਮਾਤਮ-ਨਾਮ ਨਾਲ ਰਸੀ ਹੋਈ ਸਤਿਸੰਗਤ ਚੰਗੀ ਲਗਦੀ ਹੈ, ਉਸ ਨੂੰ ਸਤਿਸੰਗਤ ਵਿਚ ਨਾਮ ਪ੍ਰਾਪਤ ਹੁੰਦਾ ਹੈ। ਅਜਿਹਾ ਮਨੁੱਖ ਜਿਵੇਂ ਜਿਵੇਂ ਅਕਾਲ ਪੁਰਖ ਦਾ ਨਾਮ ਸਿਮਰਦਾ ਹੈ, ਉਸ ਨੂੰ ਹਰ ਇੱਕ ਵਿਚ ਉਸ ਅਕਾਲ ਪੁਰਖ ਦੀ ਵਿਆਪਕਤਾ ਦਾ ਅਨੁਭਵ ਹੁੰਦਾ ਹੈ ਕਿ ਸਭ ਅੰਦਰ ਉਸੇ ਦੀ ਜੋਤਿ ਵਸ ਰਹੀ ਹੈ। ਇਸ ਅਹਿਸਾਸ ਨਾਲ ਉਸ ਦਾ ਮਨ ਖਿੜਦਾ ਹੈ, ਵਿਗਸਦਾ ਹੈ। ਉਸ ਨੂੰ ਅਕਾਲ ਪੁਰਖ ਤੋਂ ਬਿਨਾ ਹੋਰ ਕੋਈ ਨਜ਼ਰ ਨਹੀਂ ਆਉਂਦਾ, ਇਸ ਲਈ ਉਹ ਨਾਮ ਰਸ ਪੀਂਦਾ ਰਹਿੰਦਾ ਹੈ। ਅਕਾਲ ਪੁਰਖ ਨਾਲ ਮਨੁੱਖ ਦੀ ਇਹ ਸਾਂਝ ਗੁਰੂ ਦੀ ਸੰਗਤ ਵਿਚ ਜਾ ਕੇ ਪੈਂਦੀ ਹੈ, ਉਸ ਦੇ ਅੰਦਰ ਸਮਰਪਣ ਦਾ ਅਹਿਸਾਸ ਜਾਗਦਾ ਹੈ ਅਤੇ ਉਹ ਪੂਰੇ ਗੁਰੂ ਦਾ ਸ਼ੁਕਰਗੁਜ਼ਾਰ ਹੁੰਦਾ ਹੈ। ਗੁਰੂ ਦੇ ਸ਼ਬਦ ਰਾਹੀਂ ਉਸ ਨੂੰ ਇਹ ਗਿਆਨ ਮਿਲਦਾ ਹੈ, ਗੁਰੂ ਦੀ ਸੰਗਤ ਵਿਚ ਉਸ ਨੂੰ ਨਾਮ ਦੀ ਪਛਾਣ ਹੁੰਦੀ ਹੈ। ਜਿਹੜਾ ਇਸ ਨਾਮ-ਰਸ ਨੂੰ ਪੀਂਦਾ ਹੈ, ਉਸ ਨੂੰ ਇਸ ਦੀ ਵਿਧੀ ਦਾ ਪਤਾ ਲਗਦਾ ਹੈ,
ਸਤਸੰਗਤਿ ਮਨਿ ਭਾਈ ਹਰਿ ਰਸਨ ਰਸਾਈ ਵਿਚਿ ਸੰਗਤਿ ਹਰਿ ਰਸੁ ਹੋਇ ਜੀਉ॥
ਹਰਿ ਹਰਿ ਆਰਾਧਿਆ ਗੁਰ ਸਬਦਿ ਵਿਗਾਸਿਆ ਬੀਜਾ ਅਵਰੁ ਨ ਕੋਇ ਜੀਉ॥
ਅਵਰੁ ਨ ਕੋਇ ਹਰਿ ਅੰਮ੍ਰਿਤੁ ਸੋਇ ਜਿਨਿ ਪੀਆ ਸੋ ਬਿਧਿ ਜਾਣੈ॥
ਧਨੁ ਧੰਨੁ ਗੁਰੂ ਪੂਰਾ ਪ੍ਰਭੁ ਪਾਇਆ ਲਗਿ ਸੰਗਤਿ ਨਾਮੁ ਪਛਾਣੈ॥ (ਪੰਨਾ 446)
ਗੁਰੂ ਰਾਮਦਾਸ ਮਨੁੱਖ ਨੂੰ ਸਤਿਸੰਗਤ ਵਿਚ ਜਾ ਕੇ ਅਕਾਲ ਪੁਰਖ ਦੇ ਗੁਣਾਂ ਦਾ ਗਾਇਨ ਕਰਨ ਦਾ ਉਪਦੇਸ਼ ਕਰਦੇ ਹਨ। ਇਸ ਤਰ੍ਹਾਂ ਸਤਿਸੰਗਤ ਵਿਚ ਜਦੋਂ ਮਨੁੱਖ ਗੁਣਾਂ ਦਾ ਗਾਇਨ ਕਰਦਾ ਹੈ ਤਾਂ ਉਸ ਦੇ ਅੰਦਰੋਂ ਅਗਿਆਨ ਰੂਪੀ ਹਨੇਰਾ ਖਤਮ ਹੁੰਦਾ ਹੈ ਅਤੇ ਗਿਆਨ ਦਾ ਚਾਨਣ ਹੋ ਜਾਂਦਾ ਹੈ।
ਗੁਰੂ ਅਰਜਨ ਦੇਵ ਮਨੁੱਖ ਨੂੰ ਆਗਾਹ ਕਰਦੇ ਹਨ ਕਿ ਮਾਇਆ ਦੇ ਲਾਲਚ ਵਿਚ ਪੈ ਕੇ ਇਸ ਨੂੰ ਇਕੱਠੀ ਕਰਦੇ ਰਹਿਣਾ ਸਿਆਣਪ ਨਹੀਂ ਹੈ, ਕਿਉਂਕਿ ਇਸ ਨੇ ਇਥੇ ਹੀ ਰਹਿ ਜਾਣਾ ਹੈ। ਉਹ ਮਨੁੱਖ ਇਸ ਸੰਸਾਰ ਤੋਂ ਤਰ ਜਾਂਦਾ ਹੈ ਜੋ ਅਕਾਲ ਪੁਰਖ ਦੇ ਨਾਮ ਦਾ ਸਿਮਰਨ ਕਰਦਾ ਹੈ, ਉਸ ਦੇ ਗੁਣਾਂ ਨੂੰ ਧਿਆਉਂਦਾ ਹੈ। ਅਜਿਹਾ ਮਨੁੱਖ ਚੰਗੇ ਭਾਗਾਂ ਵਾਲਾ ਹੈ। ਉਹ ਸਤਿਸੰਗਤ ਵਿਚ ਜਾਂਦਾ ਹੈ ਜਿਸ ਕਰਕੇ ਉਸ ਦਾ ਮਨ ਵਿਕਾਰਾਂ ਵੱਲੋਂ ਸੁਚੇਤ ਰਹਿੰਦਾ ਹੈ, ਉਹ ਸਤਿਸੰਗਤ ਵਿਚ ਜਾ ਕੇ ਗਿਆਨ ਹਾਸਲ ਕਰਦਾ ਹੈ। ਮਾਣ ਅਤੇ ਮੋਹ ਆਦਿ ਵਿਕਾਰ ਜਿਹੜੇ ਮਨੁੱਖ ਦੇ ਬੰਧਨ ਦਾ ਕਾਰਨ ਬਣਦੇ ਹਨ, ਉਨ੍ਹਾਂ ਦਾ ਤਿਆਗ ਕਰ ਦਿੰਦਾ ਹੈ ਅਤੇ ਅਕਾਲ ਪੁਰਖ ਦੇ ਨਾਮ-ਸਿਮਰਨ ਵੱਲ ਲੱਗ ਜਾਂਦਾ ਹੈ। ਗੁਰੂ ਸਾਹਿਬ ਅਕਾਲ ਪੁਰਖ ਅੱਗੇ ਅਰਦਾਸ ਕਰਦੇ ਹਨ ਕਿ ਅਜਿਹੇ ਮਨੁੱਖਾਂ ਦੇ ਚਰਨੀਂ ਲੱਗਣ ਅਤੇ ਦਰਸ਼ਨ ਕਰਨ ਦਾ ਸੁਭਾਗ ਪ੍ਰਾਪਤ ਹੋਵੇ,
ਸੇ ਉਧਰੇ ਜਿਨ ਰਾਮ ਧਿਆਏ॥
ਜਤਨ ਮਾਇਆ ਕੇ ਕਾਮਿ ਨ ਆਏ॥ (ਪੰਨਾ 1312)
ਭਗਤ ਕਬੀਰ ਦੱਸਦੇ ਹਨ ਕਿ ਮਾਇਆ ਦਾ ਪੁਜਾਰੀ ਮਨੁੱਖ ਨੂੰ ਪਰਮਾਤਮਾ ਤੋਂ ਵਿਛੋੜਦਾ ਹੈ ਪਰ ਸਤਿਸੰਗਤ ਮਨੁੱਖ ਨੂੰ ਉਸ ਨਾਲ ਜੋੜਦੀ ਹੈ ਕਿਉਂਕਿ ਸਤਿਸੰਗਤ ਵਿਚ ਮਨੁੱਖ ਬਿਬੇਕ ਬੁਧਿ ਪ੍ਰਾਪਤ ਕਰਦਾ ਹੈ, ਬਿਬੇਕ ਬੁਧਿ ਤੋਂ ਭਾਵ ਉਚੀ ਬੁੱਧੀ ਹੈ ਜਿਸ ਰਾਹੀਂ ਮਨੁੱਖ ਚੰਗੇ ਅਤੇ ਬੁਰੇ, ਠੀਕ ਅਤੇ ਗਲਤ ਦੀ ਪਛਾਣ ਕਰਨੀ ਸਿੱਖ ਜਾਂਦਾ ਹੈ। (ਸਿੱਖ ਧਰਮ ਵਿਚ ‘ਦੀਜੈ ਬੁਧਿ ਬਿਬੇਕਾ’ ਦੀ ਅਰਦਾਸ ਕੀਤੀ ਜਾਂਦੀ ਹੈ)। ਜਿਸ ਤਰ੍ਹਾਂ ਪਾਰਸ ਨੂੰ ਛੋਹਣ ਨਾਲ ਉਹੀ ਲੋਹਾ ਸੋਨਾ ਬਣ ਜਾਂਦਾ ਹੈ; ਇਸੇ ਤਰ੍ਹਾਂ ਸਤਿਸੰਗਤ ਵਿਚ ਜਾਣ ਨਾਲ ਥੋੜੀ ਜਾਂ ਬੁਰੀ ਮੱਤ ਵਾਲਾ ਮਨੁੱਖ ਵੀ ਬਿਬੇਕ ਬੁੱਧ ਹਾਸਲ ਕਰ ਲੈਂਦਾ ਹੈ,
ਸਤਸੰਗਤਿ ਮਿਲਿ ਬਿਬੇਕ ਬੁਧਿ ਹੋਈ॥
ਪਾਰਸੁ ਪਰਸਿ ਲੋਹਾ ਕੰਚਨ ਸੋਈ॥੩॥ (ਪੰਨਾ 481)
ਹਰ ਇਕੱਠ ਨੂੰ ਜਾਂ ਮਹਿਜ ਇਕੱਠੇ ਹੋ ਕੇ ਬੈਠਣ ਨੂੰ ਸਤਿਸੰਗਤ ਨਹੀਂ ਕਿਹਾ ਜਾ ਸਕਦਾ। ਸਤਿਸੰਗਤ ਕਹਿੰਦੇ ਕਿਸ ਨੂੰ ਹਨ? ਕਿਸ ਕਿਸਮ ਦੇ ਇਕੱਠ ਨੂੰ ਸੰਗਤ ਸਮਝਣਾ ਚਾਹੀਦਾ ਹੈ? ਇਸ ਦੀ ਵਿਆਖਿਆ ਵੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿਚ ਕੀਤੀ ਹੋਈ ਹੈ। ਗੁਰੂ ਨਾਨਕ ਸਾਹਿਬ ਨੇ ਸਪੱਸ਼ਟ ਕੀਤਾ ਹੈ ਕਿ ਉਹ ਇਕੱਠ ਸਤਿਸੰਗਤ ਹੈ ਜਿਥੇ ਅਕਾਲ ਪੁਰਖ ਦੇ ਗੁਣਾਂ ਨੂੰ ਵਿਚਾਰਿਆ ਜਾਂਦਾ ਹੈ, ਜਿਥੇ ਸਿਰਫ਼ ਤੇ ਸਿਰਫ਼ ਅਕਾਲ ਪੁਰਖ ਦੇ ਨਾਮ ਦੀ ਸਿਫ਼ਤ ਸਾਲਾਹ ਕੀਤੀ ਜਾਂਦੀ ਹੈ। ਗੁਰੂ ਨਾਨਕ ਸਾਹਿਬ ਕਹਿੰਦੇ ਹਨ ਕਿ ਸਤਿਗੁਰੂ ਨੇ ਇਹ ਗੱਲ ਸਮਝਾ ਦਿੱਤੀ ਹੈ ਕਿ ਸਤਿਸੰਗਤ ਵਿਚ ਅਕਾਲ ਪੁਰਖ ਦੇ ਨਾਮ ਦਾ ਸਿਮਰਨ ਕਰਨਾ ਹੀ ਅਕਾਲ ਪੁਰਖ ਦਾ ਹੁਕਮ ਹੈ,
ਸਤਸੰਗਤਿ ਕੈਸੀ ਜਾਣੀਐ॥
ਜਿਥੈ ਏਕੋ ਨਾਮੁ ਵਖਾਣੀਐ॥
ਏਕੋ ਨਾਮੁ ਹੁਕਮੁ ਹੈ ਨਾਨਕ ਸਤਿਗਿਰ ਦੀਆ ਬੁਝਾਇ ਜੀਉ॥੫॥ (ਪੰਨਾ 72)
ਭਾਈ ਗੁਰਦਾਸ ਨੂੰ ਗੁਰਮਤਿ ਦੇ ਪਹਿਲੇ ਵਿਆਖਿਆਕਾਰ ਮੰਨਿਆ ਗਿਆ ਹੈ ਅਤੇ ਉਨ੍ਹਾਂ ਦੀਆਂ ਵਾਰਾਂ ਨੂੰ ਗੁਰੂ ਗ੍ਰੰਥ ਸਾਹਿਬ ਦੀ ਕੂੰਜੀ ਹੋਣ ਦਾ ਮਾਣ ਪ੍ਰਾਪਤ ਹੈ। ਸੰਗਤ ਦਾ ਅਸਰ ਕਿੰਨਾ ਪਰਬਲ ਹੁੰਦਾ ਹੈ, ਬੜੇ ਸੌਖੇ ਸ਼ਬਦਾਂ ਵਿਚ ਭਾਈ ਸਾਹਿਬ ਦੱਸਦੇ ਹਨ। ਤਾਂਬੇ ਨੂੰ ਜਦੋਂ ਕਲੀ (ਇੱਕ ਧਾਤ) ਨਾਲ ਮਿਲਾ ਦਿੱਤਾ ਜਾਂਦਾ ਹੈ ਤਾਂ ਉਹ ਕੈਂਹ ਅਰਥਾਤ ਕਾਂਸੀ ਬਣ ਜਾਂਦਾ ਹੈ, ਜਿਸਤ ਨਾਲ ਮਿਲ ਕੇ ਉਹੀ ਤਾਂਬਾ ਪਿੱਤਲ ਦੀ ਸ਼ਕਲ ਲੈ ਲੈਂਦਾ ਹੈ ਅਤੇ ਸਿੱਕੇ ਨਾਲ ਮਿਲਣ ਤੇ ਭਰਤ ਧਾਤੂ ਬਣ ਜਾਂਦਾ ਹੈ। ਜੇ ਤਾਂਬੇ ਨੂੰ ਪਾਰਸ ਦੀ ਛੋਹ ਮਿਲ ਜਾਵੇ ਤਾਂ ਉਹੀ ਤਾਂਬਾ ਸੋਨੇ ਦਾ ਰੂਪ ਧਾਰ ਲੈਂਦਾ ਹੈ। ਉਸੇ ਤਾਂਬੇ ਦੀ ਭਸਮ ਬਣਾ ਕੇ ਦਵਾਈ ਤਿਆਰ ਕੀਤੀ ਜਾਂਦੀ ਹੈ (ਜੋ ਰੋਗ ਦੂਰ ਕਰਦੀ ਹੈ)। ਪਰਵਰਦਗਾਰ ਸਾਰੀ ਰਚਨਾ ਵਿਚ ਵਿਆਪਕ ਹੈ ਪਰ ਉਸ ਦੇ ਗੁਣਾਂ ਦੀ ਸਿਫਤ ਸਾਲਾਹ ਗੁਰਮੁਖਾਂ ਦੀ ਸੰਗਤ ਵਿਚ ਹੁੰਦੀ ਹੈ। (2-6)।
ਅੱਗੇ ਸੋਲਵੀਂ ਵਾਰ ਦੀ ਛੇਵੀਂ ਪਉੜੀ ਵਿਚ ਭਾਈ ਗੁਰਦਾਸ ਦੱਸਦੇ ਹਨ ਕਿ ਚੰਦਨ ਦਾ ਬਵੰਜਾ ਉਂਗਲਾਂ ਦਾ ਰੁੱਖ ਜੰਗਲ ਬੀਆਵਾਨ ਵਿਚ ਉਗਦਾ ਹੈ। ਹੋਰ ਦਰੱਖਤਾਂ ਦੇ ਨੇੜੇ ਉਹ ਸਿਰ ਝੁਕਾ ਕੇ ਸਮਾਧੀ-ਸਥਿਤ ਰਹਿੰਦਾ ਹੈ। ਹਵਾ ਦੇ ਰੁਮਕਣ ਨਾਲ ਉਹ ਆਪਣੀ ਸੁਗੰਧੀ ਚਾਰ-ਚੁਫੇਰੇ ਖੁਸ਼ੀ ਨਾਲ ਪ੍ਰਗਟ ਕਰਦਾ ਹੈ। ਫਲਾਂ ਵਾਲੇ ਅਤੇ ਬਿਨਾਂ ਫਲਾਂ ਦੇ ਹਰ ਤਰ੍ਹਾਂ ਦੀ ਬਨਸਪਤੀ ਨੂੰ ਇੱਕੋ ਜਿਹਾ ਸੁਗੰਧਤ ਕਰ ਕੇ ਚੰਦਨਵਾੜੀ ਦਾ ਰੂਪ ਦੇ ਦਿੰਦਾ ਹੈ। ਇਸੇ ਤਰ੍ਹਾਂ ਗੁਰਮੁਖ ਸਾਧ ਸੰਗਤ ਵਿਚ ਜਾ ਕੇ ਸੁੱਖ ਫਲ ਪ੍ਰਾਪਤ ਕਰਦੇ ਹਨ ਅਤੇ ਇੱਕ ਦਿਨ ਵਿਚ ਪਤਿਤਾਂ ਨੂੰ ਪਵਿੱਤਰ ਕਰ ਦਿੰਦੇ ਹਨ। (16-6)