ਪਤੇ ਦੀ ਗੱਲ

ਬਲਜੀਤ ਬਾਸੀ
ਹੁਣ ਤੱਕ ਬੜੀਆਂ ਗੱਲਾਂ ਕੀਤੀਆਂ ਹਨ ਪਰ ਇਨ੍ਹਾਂ ਵਿਚ ਪਤੇ ਦੀ ਗੱਲ ਕੋਈ ਨਹੀਂ ਸੀ। ਸੋਚਿਆ ਕਿਉਂ ਨਾ ਪਤੇ ਦੇ ਗੱਲ ਹੀ ਕੀਤੀ ਜਾਵੇ। ‘ਸਿਰੇ ਦੀ ਗੱਲ’ ਵਾਂਗ ‘ਪਤੇ ਦੀ ਗੱਲ’ ਵੀ ਇਕ ਮੁਹਾਵਰਾ ਹੈ ਜਿਸ ਦਾ ਮਤਲਬ ਕਿਸੇ ਵਰਤਾਰੇ ਬਾਰੇ ਅੰਦਰਲੀ ਗੁੱਝੀ ਗੱਲ ਨੂੰ ਜੱਗ ਜ਼ਾਹਿਰ ਕਰਨ ਤੋਂ ਹੈ। ਮਲੂਮ ਹੋਣ ਜਾਂ ਗਿਆਨ ਹੋਣ ਦੇ ਅਰਥਾਂ ਵਿਚ ਪਤਾ ਸ਼ਬਦ ਪੰਜਾਬੀ ਵਿਚ ਬਹੁਤ ਵਰਤਿਆ ਜਾਂਦਾ ਹੈ। ਜਿਵੇਂ ਕਿਸੇ ਗੁੰਮ ਵਿਅਕਤੀ ਜਾਂ ਵਸਤ ਦਾ ਪਤਾ ਲਾਉਣਾ, ਕਿਸੇ ਬੀਮਾਰ ਦਾ ਹਾਲ ਪਤਾ ਕਰਨਾ।

ਇਸ ਸ਼ਬਦ ਵਿਚ ਖੋਜ ਦੇ ਭਾਵ ਵੀ ਆ ਜਾਂਦੇ ਹਨ, ਮਸਲਨ ‘ਹੁਣ ਤੱਕ 118 ਤੱਤਾਂ ਦਾ ਪਤਾ ਲਾਇਆ ਗਿਆ ਹੈ।’ ਪਤਾ ਸ਼ਬਦ ਅੱਗੇ ਵੱਖੋ ਵੱਖਰੀਆਂ ਕਿਰਿਆਵਾਂ ਲਾ ਕੇ ਥੋੜ੍ਹੇ ਬਹੁਤੇ ਅਰਥਾਂ ਦਾ ਫਰਕ ਪੈ ਜਾਂਦਾ ਹੈ ਜਿਵੇਂ ਪਤਾ ਹੋਣਾ, ਪਤਾ ਕਰਨਾ, ਪਤਾ ਲਾਉਣਾ, ਪਤਾ ਦੇਣਾ, ਪਤਾ ਲੈਣਾ, ਪਤਾ ਪੁੱਛਣਾ, ਪਤਾ ਚੱਲਣਾ ਆਦਿ ਸਭ ਵਿਚ ਭਿੰਨ ਅਰਥ-ਪਰਛਾਈਆਂ ਹਨ। ਸਭਨਾਂ ਵਿਚ ਗਿਆਨ-ਧਿਆਨ ਦਾ ਸਾਂਝਾ ਭਾਵ ਹੈ ਪਰ “ਦਿੰਨਾਂ ਤੈਨੂੰ ਪਤਾ!” ਜਾਂ “ਤੈਨੂੰ ਪਤਾ ਮੇਰਾ?” ਜਿਹੀ ਧਮਕੀ ਵਿਚ ਇਹ ਗਿਆਨ-ਧਿਆਨ ਕਿਵੇਂ ਪ੍ਰਗਟ ਹੁੰਦਾ ਹੈ? ਅਸਲ ਵਿਚ ਇਸ ਧਮਕੀ ਰਾਹੀਂ ਆਪਣੇ ਸਖਤ ਅਤੇ ਗਲਤ ਕੰਮ ਨਾ ਬਰਦਾਸ਼ਤ ਕਰਨ ਦੇ ਸੁਭਾਅ ਬਾਰੇ ਗਿਆਨ ਦਿੱਤਾ ਗਿਆ ਹੈ।
ਪਤਾ ਦਾ ਇਕ ਆਮ ਅਰਥ ਹੈ, ਚਿੱਠੀ ਆਦਿ ‘ਤੇ ਲਿਖਿਆ ਸਿਰਨਾਵਾਂ। ਕੁਝ ਉਲਟੇ ਸਿਧੇ ਹੋਰ ਸ਼ਬਦ ਇਸ ਦੇ ਅੱਗੇ ਪਿਛੇ ਜੋੜ ਕੇ ਇਸ ਸ਼ਬਦ ਦਾ ਖੂਬ ਅਰਥ ਵਿਸਤਾਰ ਕਰ ਲਿਆ ਜਾਂਦਾ ਹੈ ਜਿਵੇਂ ਥਹੁ ਪਤਾ, ਪਤਾ ਠਿਕਾਣਾ, ਨਾਂ ਪਤਾ, ਥਾਂ ਪਤਾ, ਪਤਾ-ਸਤਾ, ਅਤਾ-ਪਤਾ, ਪਤਾ-ਪੁਤਾ, ਬਹੁਤ ਪਤਾ ਆਦਿ। ਜਿਸ ਦੇ ਟਿਕਾਣੇ ਦਾ ਪਤਾ ਨਾ ਹੋਵੇ, ਜੋ ਗੁੰਮਸ਼ੁਦਾ ਹੋਵੇ, ਉਸ ਲਈ ਲਾਪਤਾ ਸ਼ਬਦ ਚੱਲਦਾ ਹੈ, ‘ਗੀਤ ਹੈ ਏਕ ਥਾ ਟਾਈਗਰ ਲਾਪਤਾ’। ‘ਲਾ’ ਅਰਬੀ ਅਗੇਤਰ ਹੈ ਪਰ ਇਥੇ ਪੰਜਾਬੀ ਤੇ ਕੁਝ ਹੋਰ ਭਾਸ਼ਾਵਾਂ ਦੇ ਸ਼ਬਦ ਪਤਾ ਦੇ ਅੱਗੇ ਲੱਗਾ ਹੋਇਆ ਹੈ। ਪਤਾ ਦਾ ਇਕ ਰੂਪ ਹੈ ‘ਪਤੈ’ ਜਿਸ ਦਾ ਮਤਲਬ ਹੁੰਦਾ ਹੈ, ਪਤਾ ਹੈ, “ਤੈਨੂੰ ਪਤੈ, ਚੰਗੀ ਤਰ੍ਹਾਂ ਜਾਣਦਾ ਹਾਂ ਤੈਨੂੰ।”
ਪਤਾ ਬਾਰੇ ਏਨਾ ਕੁ ਪਤਾ ਲੈ ਲੈਣ ਪਿਛੋਂ ਆਓ ਜ਼ਰਾ ਇਸ ਦੀ ਵਿਉਤਪਤੀ ਦਾ ਅਤਾ-ਪਤਾ ਲਈਏ। ਪਲੈਟਸ ਨੇ ਆਪਣੀ ਪ੍ਰਸਿਧ ‘ਉਰਦੂ, ਹਿੰਦੀ ਅਤੇ ਅੰਗਰੇਜ਼ੀ ਡਿਕਸ਼ਨਰੀ’ ਵਿਚ ਇਹ ਸ਼ਬਦ ‘ਪਤਰਕ’ ਤੋਂ ਵਿਉਤਪਤ ਹੋਇਆ ਦੱਸਿਆ ਹੈ ਜਿਸ ਦਾ ਮੂਲ ‘ਪੱਤਾ’ ਦੇ ਅਰਥਾਂ ਵਾਲਾ ਸੰਸਕ੍ਰਿਤ ਪੱਤਰਕ ਸ਼ਬਦ ਹੈ। ਚਿੱਠੀ ਦਾ ਸਮਾਨਾਰਥਕ ਪੱਤਰ ਸ਼ਬਦ ਦਾ ਸਬੰਧ ਵੀ ਪੱਤੇ ਦੇ ਅਰਥ ਵਾਲੇ ਇਸ ਪੱਤਰ ਨਾਲ ਹੈ। ਪੁਰਾਣੇ ਜ਼ਮਾਨੇ ਵਿਚ ਸਭ ਕੁਝ ਪੱਤਿਆਂ ਉਤੇ ਹੀ ਲਿਖਿਆ ਜਾਂਦਾ ਸੀ, ਬਾਅਦ ਵਿਚ ਕਾਗਜ਼ ਦੀ ਵਰਤੋਂ ਹੋਣ ਨਾਲ ਕਾਗਜ਼ ਦੇ ਪੁਰਜ਼ੇ ਲਈ ਤੇ ਫਿਰ ਚਿੱਠੀ ਲਈ ਵੀ ਪੱਤਰ ਸ਼ਬਦ ਪ੍ਰਚਲਿਤ ਹੋਇਆ।
ਪਲੈਟਸ ਅਨੁਸਾਰ ਪਤਾ ਸ਼ਬਦ ਦੇ ਅਰਥ ਹਨ- ਚਿੰਨ੍ਹ, ਨਿਸ਼ਾਨੀ, ਸੰਕੇਤ, ਸੁਰਾਗ, ਦਿਸ਼ਾ ਤੇ ਅਖੀਰ ਵਿਚ ਸਿਰਨਾਵਾਂ ਮਤਲਬ ਐਡਰੈਸ। ਇਹ ਸਾਰੇ ਅਰਥ ਪੱਤਾ ਤੋਂ ਕਿਵੇਂ ਵਿਕਸਿਤ ਹੋਏ, ਕੁਝ ਥਹੁ-ਪਤਾ ਨਹੀਂ ਲਗਦਾ। ਗੌਰਤਲਬ ਹੈ ਕਿ ਸੰਸਕ੍ਰਿਤ ਵਿਚ ਪਤਾ ਸ਼ਬਦ ਨਹੀਂ ਹੈ। ਸੰਸਕ੍ਰਿਤ ਤੋਂ ਪੰਜਾਬੀ ਵਿਚ ਆਇਆ ਪੱਤਰ ਸ਼ਬਦ ḔਪਤḔ ਧਾਤੂ ਤੋਂ ਬਣਿਆ ਹੈ ਜਿਸ ਵਿਚ ਡਿਗਣ ਦੇ ਭਾਵ ਹਨ। ਇਸ ਤੋਂ ਪਤਨ ਆਦਿ ਸ਼ਬਦ ਬਣੇ ਹਨ। ਪਰ ਇਸ ਭਾਵ ਦਾ ਵੀ ਪਤਾ ਸ਼ਬਦ ਨਾਲ ਕੋਈ ਮੇਲ ਨਹੀਂ ਜਾਪਦਾ। ਕੁਝ ਕੋਸ਼ਾਂ ਵਿਚ ਇਸ ਸ਼ਬਦ ਨੂੰ ਸੰਸਕ੍ਰਿਤ Ḕਪ੍ਰਤਯਯḔ ਤੋਂ ਵਿਕਸਿਤ ਹੋਇਆ ਦੱਸਿਆ ਗਿਆ ਹੈ। ਇਨ੍ਹਾਂ ਵਿਚ ਮਹਾਨ ਕੋਸ਼, ਕਿਰਪਾ ਕੁਲਕਰਣੀ ਦਾ ਮਰਾਠੀ ਨਿਰੁਕਤ ਕੋਸ਼ ਅਤੇ ਹਿੰਦੀ ਸ਼ਬਦ ਸਾਗਰ ਸ਼ਾਮਿਲ ਹਨ। ਅਜਿਤ ਵਡਨੇਰਕਰ ਨੇ ਵੀ ਇਸ ਦੀ ਹਾਮੀ ਭਰੀ ਹੈ।
ਸੰਸਕ੍ਰਿਤ ਪ੍ਰਤਯਯ ਦਾ ਮੁਖ ਜਾਣਿਆ ਜਾਂਦਾ ਅਰਥ ਤਾਂ ਕਿਸੇ ਸ਼ਬਦ ਦੇ ਪਿਛੇ ਲੱਗਣ ਵਾਲਾ ਪਿਛੇਤਰ ਹੀ ਹੈ ਪਰ ਮੋਨੀਅਰ ਵਿਲੀਅਮਜ਼ ਅਤੇ ਆਪਟੇ ਦੇ ਸੰਸਕ੍ਰਿਤ ਕੋਸ਼ਾਂ ਅਨੁਸਾਰ ਇਸ ਦੇ ਕਈ ਹੋਰ ਘਟ ਜਾਣੇ ਜਾਂਦੇ ਅਰਥ ਵੀ ਹਨ ਜਿਵੇਂ ਨਿਸਚਾ, ਨਿਹਚਾ, ਯਕੀਨ, ਭਰੋਸਾ, ਵਿਸ਼ਵਾਸ, ਨਿਸਚਿਤਤਾ; ਇਤਬਾਰ, ਸਾਖ, ਜੱਸ; ਸਿਧੀ, ਸਬੂਤ, ਸਥਾਪਨਾ, ਉਹ ਘਰ ਜਿਥੇ ਪਵਿਤਰ ਅਗਨੀ ਬਲਦੀ ਹੋਵੇ, ਆਦਿ।
ਦਿਲਚਸਪ ਗੱਲ ਹੈ ਕਿ ਪਤਾ ਸ਼ਬਦ ਦੀ ਵਿਉਤਪਤੀ ਤਾਂ ਪ੍ਰਤਯਯ ਸ਼ਬਦ ਤੋਂ ਦੱਸੀ ਗਈ ਹੈ ਪਰ ਖੁਦ ਪ੍ਰਤਯਯ ਸ਼ਬਦ ਦਾ ਕੀ ਸੰਧੀ ਛੇਦ ਹੈ ਤੇ ਇਸ ਦੇ ਵਿਭਿੰਨ ਅਰਥਾਂ ਦਾ ਆਪਸ ਵਿਚ ਜੋੜ ਕਿਵੇਂ ਬੈਠਦਾ ਹੈ, ਇਸ ਬਾਰੇ ਬਹੁਤੀ ਜਾਣਕਾਰੀ ਨਹੀਂ ਮਿਲਦੀ। ਗ਼ਸ਼ ਰਿਆਲ ਨੇ ਆਪਣੇ ਪੰਜਾਬੀ ਨਿਰੁਕਤ ਕੋਸ਼ ਵਿਚ ਪਤਾ ਸ਼ਬਦ ਹੀ ਨਹੀਂ ਲਿਆ। ਟਰਨਰ ਨੇ ਪ੍ਰਤਯਯ ਸ਼ਬਦ ਲਿਆ ਹੈ ਪਰ ਇਸ ਤੋਂ ਪਤਾ ਸ਼ਬਦ ਦੇ ਨਿਕਲਦੇ ਹੋਣ ਦੀ ਗੱਲ ਨਹੀਂ ਕੀਤੀ ਤੇ ਨਾ ਹੀ ਇਸ ਦਾ ਕੋਈ ਵਖਰਾ ਇੰਦਰਾਜ ਹੈ।
ਟਰਨਰ ਦੇ ਕੋਸ਼ ਵਿਚ Ḕਪ੍ਰਤਯਯḔ ਸ਼ਬਦ ਦੇ ਇੰਦਰਾਜ ਵਿਚ ਇਸ ਦਾ ਪਾਲੀ ਤੇ ਪ੍ਰਾਕ੍ਰਿਤ ਰੂਪ ḔਪਚਯḔ ਦੱਸਿਆ ਗਿਆ ਹੈ ਜਿਸ ਦਾ ਅਰਥ ਵਿਸ਼ਵਾਸ, ਯਕੀਨ, ਤਸੱਲੀ ਹੈ। ਕੋਸ਼ ਵਿਚ ਪਾਲੀ ਤੇ ਪ੍ਰਾਕ੍ਰਿਤ ਵਿਚ ਇਸ ਦੇ ਕੁਝ ਹੋਰ ਰੂਪਾਂ ਦਾ ਲਗਭਗ ਇਨ੍ਹਾਂ ਹੀ ਮਾਅਨਿਆਂ ਵਿਚ ਅਰਥ ਕਰਦੇ ਹੋਏ ਕੁਝ ਇਕ ਭਾਰਤੀ ਭਾਸ਼ਾਵਾਂ ਵਿਚ ਇਸ ਸ਼ਬਦ ਤੋਂ ਵਿਕਸਿਤ ਹੋਰ ਸੁਜਾਤੀ ਸ਼ਬਦਾਂ ਦਾ ਜ਼ਿਕਰ ਕੀਤਾ ਗਿਆ ਹੈ ਤੇ ਇਸ ਪ੍ਰਸੰਗ ਵਿਚ ਪੰਜਾਬੀ ਦੇ ਤਿੰਨ ਸ਼ਬਦ ਗਿਣਾਏ ਗਏ ਹਨ: ਪਤੀਜਣਾ, ਪਤਿਆਉਣਾ ਅਤੇ ਪਤਿਆਰਾ। ਤਿੰਨਾਂ ਸ਼ਬਦਾਂ ਵਿਚ ਹੀ ਭਰੋਸਾ, ਵਿਸ਼ਵਾਸ, ਕਿਸੇ ਨੂੰ ਮਨਾਉਣ, ਰਾਜ਼ੀ ਕਰਨ ਦੇ ਭਾਵ ਹਨ।
ਗੁਰੂ ਗ੍ਰੰਥ ਸਾਹਿਬ ਵਿਚੋਂ ਕੁਝ ਟੂਕਾਂ ਲੈਂਦੇ ਹਾਂ, “ਅਜੌ ਨ ਪਤਯਯਾਇ ਨਿਗਮ ਭਏ ਸਾਖੀ॥” (ਭਗਤ ਰਵਿਦਾਸ)। ਸਾਹਿਬ ਸਿੰਘ ਅਨੁਸਾਰ ਇਸ ਦਾ ਅਰਥ ਇਸ ਤਰ੍ਹਾਂ ਹੈ, “ਇਹ ਵੇਖ ਕੇ ਭੀ (ਕਿ ਵਿਕਾਰਾਂ ਦਾ ਸਿੱਟਾ ਹੈ ਦੁੱਖ) ਮੇਰਾ ਮਨ ਮੰਨਿਆ ਨਹੀਂ, ਵੇਦਾਂਦਿਕ ਧਰਮ-ਗ੍ਰੰਥ ਭੀ (ਸਾਖੀਆਂ ਰਾਹੀਂ) ਇਹੀ ਗਵਾਹੀ ਦੇ ਰਹੇ ਹਨ।” “ਕਹਨ ਕਹਾਵਨ ਨਹ ਪਤੀਅਈ ਹੈ॥” (ਭਗਤ ਕਬੀਰ) ਅਰਥਾਤ ਗੱਲਾਂ ਨਾਲ ਹੀ ਮਨ ਨੂੰ ਰਾਜ਼ੀ ਨਹੀਂ ਕੀਤਾ ਜਾ ਸਕਦਾ। “ਹਰਿ ਜਸੁ ਵਖਰੁ ਲੈ ਚਲਹੁ ਸਹੁ ਦੇਖੈ ਪਤੀਆਇ॥” (ਗੁਰੂ ਨਾਨਕ ਦੇਵ)। (ਇਥੋਂ ਆਪਣੇ ਨਾਲ) ਪਰਮਾਤਮਾ ਦੀ ਸਿਫ਼ਤ-ਸਾਲਾਹ ਦਾ ਸੌਦਾ ਲੈ ਕੇ ਤੁਰੋ, ਖਸਮ-ਪ੍ਰਭੂ ਖ਼ੁਸ਼ ਹੋ ਕੇ ਵੇਖੇਗਾ। “ਭਗਤਿ ਰਤੇ ਪਤੀਆਰਾ॥” (ਗੁਰੂ ਨਾਨਕ ਦੇਵ) ਅਰਥਾਤ ਭਗਤੀ ਵਿਚ ਰੰਗੇ ਰਾਜ਼ੀ ਰਹਿੰਦੇ ਹਨ।
ਇਨ੍ਹਾਂ ਹੀ ਸ਼ਬਦਾਂ ਦੇ ਹੋਰ ਭਾਰਤੀ ਭਾਸ਼ਾਵਾਂ ਵਿਚ ਸੁਜਾਤੀ ਸ਼ਬਦ ਵੀ ਲਭਦੇ ਹਨ ਜਿਨ੍ਹਾਂ ਦੇ ਅਰਥਾਂ ਵਿਚ ਵਿਸ਼ਵਾਸ, ਭਰੋਸਾ ਆਦਿ ਦੇ ਅਰਥਾਂ ਦੀ ਸਾਂਝ ਹੈ। ਪਰ ਇਸ ਇੰਦਰਾਜ ਵਿਚ ḔਪਤਾḔ ਸ਼ਬਦ ਨਹੀਂ ਮਿਲਦਾ। ਇਸ ਸਬੰਧ ਵਿਚ ਵਿਭਿੰਨ ਅਰਥਾਂ ਨੂੰ ਤਾਰਕਿਕ ਲੜੀ ਵਿਚ ਪਰੋਣ ਦੀ ਕੋਸ਼ਿਸ਼ ਵਿਚ ਪਹਿਲਾਂ ਪ੍ਰਤਯਯ ਸ਼ਬਦ ਦੀ ਚੀਰ-ਫਾੜ ਕਰਦੇ ਹਾਂ। ਇਹ ਸ਼ਬਦ ਬਣਿਆ ਹੈ, ਪ੍ਰਤਯ+ਈ ਤੋਂ। Ḕਪ੍ਰਤਯḔ ਅਗੇਤਰ ਹੈ ਤੇ ਇਹ Ḕਪ੍ਰਤਿḔ ਨਾਲ ਹੀ ਸਬੰਧਤ ਹੈ। ਇਸ ਪਿਛੇਤਰ ਵਿਚ ਟਾਕਰੇ ਦਾ, ਸਾਹਮਣਲਾ, ਵਿਪਰੀਤ, ਵਿਰੋਧੀ, ਉਲਟਾ, ਵੱਲ ਨੂੰ, ਨੇੜਲਾ, ਨਾਲ ਦਾ ਆਦਿ ਦੇ ਭਾਵ ਹਨ। ਜੋ ਚੀਜ਼ ਦੂਜੇ ਦੇ ਨਾਲ ਦੀ ਹੈ, ਉਹੀ ਇਸ ਦੇ ਨੇੜਲੀ ਹੈ, ਗੁਆਂਢੀ ਹੈ, ਅਥਵਾ ਵੱਲ ਨੂੰ ਹੈ। ਨੇੜਲੀ ਚੀਜ਼ ਦੂਜੇ ਦੇ ਬਿਲਕੁਲ ਸਾਹਮਣੇ ਵੀ ਹੋ ਸਕਦੀ ਹੈ, ਇਸ ਲਈ ਸਾਹਮਣਲੀ ਕਹਿ ਸਕਦੇ ਹਾਂ। ਇਉਂ ਵੀ ਕਹਿ ਸਕਦੇ ਹਾਂ ਕਿ ਨਾਲ ਦੀ ਚੀਜ਼ ਹੀ ਮੁਕਾਬਲੇ ਦੀ ਹੈ ਤੇ ਫਿਰ ਉਲਟੀ ਜਾਂ ਵਿਪਰੀਤ ਹੈ ਕਿਉਂਕਿ ਉਹ ਦੂਜੀ ਦਿਸ਼ਾ ਵਿਚ ਹੈ। ਪ੍ਰਤਿ ਸ਼ਬਦ ਦਾ ਅਰਥ ਨਕਲ, ਕਾਪੀ ਵੀ ਹੁੰਦਾ ਹੈ, ਖਾਸ ਤੌਰ ‘ਤੇ ਕਿਸੇ ਲਿਖਤ ਜਾਂ ਚਿੱਠੀ ਦੀ। ਪ੍ਰਤਿਮਾ ਮੂਰਤੀ ਹੁੰਦੀ ਹੈ ਜੋ ਇਸ਼ਟ ਦੀ ਨਕਲ ਹੀ ਹੈ। ਪ੍ਰਤਯਯ ਸ਼ਬਦ ਦਾ ਅਗੇਤਰ ਹੈ ḔਇḔ ਜਿਸ ਵਿਚ ਆਉਣ, ਪਹੁੰਚਣ ਦੇ ਭਾਵ ਹਨ। ਆਉਣ ਤੇ ਜਾਣ ਸ਼ਬਦ ਵੀ ਇਸੇ ਤੋਂ ਬਣੇ ਹਨ। ਸੋ ਪ੍ਰਤਯਯ ਦਾ ਸ਼ਾਬਦਿਕ ਅਰਥ ਬਣਿਆ ਜੋ ‘ਨਾਲ ਆਉਂਦਾ ਹੈ’ ਜਾਂ ‘ਅੱਗੇ (ਸਾਹਮਣੇ) ਆਉਂਦਾ ਹੈ’। ਇਸ ਤੋਂ ਇਸ ਸ਼ਬਦ ਦੇ ਪਿਛੇਤਰ ਵਾਲੇ ਅਰਥ ਸਮਝ ਆਉਂਦੇ ਹਨ। ਕਿਸੇ ਦੂਜੇ ਵਿਚ ਭਰੋਸੇ, ਵਿਸ਼ਵਾਸ, ਨਿਸਚੇ, ਇਤਬਾਰ ਆਦਿ ਹੋਣ ਦਾ ਭਾਵ ਹੈ ਮਾਨਸਿਕ ਤੌਰ ‘ਤੇ ਉਸ ਨਾਲ ਲੱਗੇ ਹੋਣਾ, ਇਕਮਿੱਕ ਹੋਣਾ। ਸਪਸ਼ਟ ਹੈ, ਜਿਸ ਵਿਅਕਤੀ ਵਿਚ ਵਿਸ਼ਵਾਸ, ਭਰੋਸਾ, ਨਿਹਚਾ ਜਾਂ ਇਤਬਾਰ ਹੈ, ਉਸ ਬਾਰੇ ਪੂਰਾ ਜਣਿਆ ਗਿਆ ਹੈ, ਇਕ ਤਰ੍ਹਾਂ ਨਾਲ ਉਸ ਬਾਰੇ ਪੂਰਾ ਪਤਾ ਹੈ।
ਮੇਰੀ ਜਾਚੇ ਪਤਾ ਸ਼ਬਦ ਦੇ ਅਰਥਾਂ ਤੱਕ ਇਸੇ ਤਰ੍ਹਾਂ ਪਹੁੰਚਿਆ ਗਿਆ ਹੈ। ਪ੍ਰਤਯਯ ਸ਼ਬਦ ਵਿਚੋਂ ਮੁਖ ਤੌਰ ‘ਤੇ ḔਰḔ ਧੁਨੀ ਦੇ ਅਲੋਪ ਹੋਣ ਨਾਲ ਪਤਾ ਸ਼ਬਦ ਬਣਿਆ। ‘ਸ਼ਬਦ ਸਾਗਰ’ ਨੇ ਇਸ ਵਿਕਾਸ ਨੂੰ ਇਸ ਪ੍ਰਕਾਰ ਦਰਸਾਇਆ ਹੈ: ਪ੍ਰਤਯਾਯਕ>ਪੱਤਾਅ>ਪਤਾ। ਇਸ ਵਿਕਾਸ ਵਿਚ ḔਪੱਤਾਅḔ ਇਸ ਦਾ ਪ੍ਰਾਕ੍ਰਿਤਕ ਅਤੇ ਪਾਲੀ ਰੂਪ ਹੈ। ਇਸ ਸ਼ਬਦ ਦੇ ḔਪਤੀਆḔ ਰੂਪ ਵਿਚ ਇਹ ਅਜ਼ਮਾਇਸ਼, ਇਮਤਿਹਾਨ ਦੇ ਅਰਥ ਵੀ ਦਿੰਦਾ ਹੈ “ਤੀਨਿ ਬਾਰ ਪਤੀਆ ਭਰਿ ਲੀਨਾ॥” (ਭਗਤ ਕਬੀਰ), (ਕਾਜ਼ੀ ਨੇ ਹਾਥੀ ਨੂੰ ਮੇਰੇ ਉਪਰ ਚਾੜ੍ਹ ਕੇ) ਤਿੰਨ ਵਾਰੀ ਇਮਤਿਹਾਨ ਲਿਆ। ਇਥੇ ਆ ਕੇ ਅਸੀਂ ਪਰਤਾਵਾ ਸ਼ਬਦ ਲੈਂਦੇ ਹਾਂ। ਪਰਤਾਵਾ ਅਤੇ ਪਤਿਆਰਾ ਸ਼ਬਦਾਂ ਦਾ ਅਰਥ ਵੀ ਇਮਤਿਹਾਨ, ਅਜ਼ਮਾਇਸ਼ ਹੁੰਦਾ ਹੈ ਤੇ ਪਤੀਆ ਨਾਲੋਂ ਫਰਕ ਕੇਵਲ ਇੰਨਾ ਹੈ ਕਿ ਇਥੇ ḔਰḔ ਧੁਨੀ ਅਲੋਪ ਨਹੀਂ ਹੋਈ, “ਕਿਮ ਪਰਤਾਵਾ ਲਿਹੁੰਮਨ ਧਾਰੀ”; “ਅਬ ਪਤੀਆਰੁ ਕਿਆ ਕੀਜੈ” (ਭਗਤ ਰਵਿਦਾਸ)। ਪਰਤਾਉਣਾ ਦਾ ਅਸਲੀ ਭਾਵ ਹੈ, ਕਿਸੇ ਦੇ ਯਕੀਨ, ਭਰੋਸੇ ਦੀ ਅਜ਼ਮਾਇਸ਼ ਕਰਨਾ। ਪ੍ਰਤੀਤ ਜਾਂ ਪ੍ਰਤੀਤੀ ਸ਼ਬਦ ਵੀ ਇਥੇ ਸਬੰਧਤ ਹਨ। ਧਿਆਨ ਦਿਉ ਕਿ ਪ੍ਰਤੀਤ ਕਰਨਾ ਦਾ ਅਰਥ ਮਲੂਮ ਕਰਨਾ, ਪਤਾ ਕਰਨਾ, ਜਾਨਣਾ ਹੈ। ਇਸ ਤੋਂ ਬਣੇ ਨਾਂਵ Ḕਪ੍ਰਤੀਤੀḔ ਦਾ ਅਰਥ ਗਿਆਨ, ਜਾਣਕਾਰੀ, ਅਹਿਸਾਸ ਵੀ ਹੈ ਤੇ ਯਕੀਨ, ਭਰੋਸਾ, ਨਿਹਚਾ ਵੀ, “ਦ੍ਰਿੜੁ ਕਰਿ ਮਾਨੈ ਮਨਹਿ ਪ੍ਰਤੀਤਿ॥” (ਗੁਰੂ ਅਰਜਨ ਦੇਵ)। ਕਹਿਣਾ ਹੋਵੇਗਾ ਕਿ ਯਕੀਨ ਅਤੇ ਗਿਆਨ ਦੇ ਭਾਵ ਇਕੱਠੇ ਚੱਲ ਰਹੇ ਹਨ। ਗੁਰੂ ਰਾਮਦਾਸ ਦੀ ਹੇਠ ਲਿਖੀ ਤੁਕ ਤੋਂ ਇਹ ‘ਪਤੇ ਦੀ ਗੱਲ’ ਹੋਰ ਵੀ ਸਪਸ਼ਟ ਹੋ ਜਾਂਦੀ ਹੈ,
ਜਿਸ ਨੋ ਪਰਤੀਤਿ ਹੋਵੈ ਤਿਸ ਕਾ ਗਾਵਿਆ
ਥਾਇ ਪਵੈ ਸੋ ਪਾਵੈ ਦਰਗਹ ਮਾਨੁ॥
ਜੋ ਬਿਨੁ ਪਰਤੀਤੀ ਕਪਟੀ ਕੂੜੀ ਕੂੜੀ ਅਖੀ ਮੀਟਦੇ
ਉਨ ਕਾ ਉਤਰਿ ਜਾਇਗਾ ਝੂਠੁ ਗੁਮਾਨੁ॥