ਐਸ਼ ਅਸ਼ੋਕ ਭੋਰਾ
ਦੁਨੀਆਂ ਮੰਨਦੀ ਹੈ ਕਿ ਅਫਗਾਨਾਂ ਨੇ ਬਹੁਤ ਕੁਝ ਗੁਆ ਲਿਆ ਹੈ, ਆਰਥਿਕ ਤਬਾਹੀ ਵੀ ਕਰਾ ਲਈ ਹੈ ਪਰ ਜੋ ਬਚਾਇਆ ਹੋਇਐ, ਉਹ ਸਭ ਤੋਂ ਵੱਧ ਕੀਮਤੀ ਹੈ-ਅਣਖ। ਤੇ ਇਧਰ ਪੰਜਾਬੀ ਗਾਇਕੀ ਵਿਚ ਕੱਚ-ਘਰੜ ਤੇ ਛੋਕਰ-ਖੇਲ ਗਾਇਕਾਂ ਨੇ ਰੱਜ ਕੇ ਨੁਕਸਾਨ ਕੀਤਾ ਹੈ, ਵਿਰਸਾ ਤੀਲਾ ਤੀਲਾ ਕਰ ਦਿੱਤਾ ਪਰ ਇਹ ਮਾਣ ਬਣਿਆ ਰਹੇਗਾ ਕਿ ਇਸੇ ਦੌਰ ਵਿਚ ਗੁਰਦਾਸ ਮਾਨ ਉਚਾ ਹੋ ਕੇ ਰਿਹਾ, ਵਡਾਲੀ ਭਰਾਵਾਂ ਦੀ ਤਾਂ ਗੱਲ ਹੀ ਕੁਝ ਹੋਰ ਹੈ, ਤੇ ਇਸੇ ਸਮੇਂ ਵਿਚ ਹੰਸ ਰਾਜ ਹੰਸ ਦਾ ਕੱਦ ਰਾਜ ਗਾਇਕ ਤੇ ਪਦਮਸ੍ਰੀ ਨਾਲ ਵੱਡਾ ਹੀ ਰਿਹਾ।
ਉਹਦੀ ਗੱਲ ਕਰਨ ਵੇਲੇ ਮੈਨੂੰ ਕੁਝ ਸੰਜਮ ਵੀ ਵਰਤਣਾ ਪਵੇਗਾ, ਕਿਉਂਕਿ ਮੈਂ ਹੰਸ ਰਾਜ ਹੰਸ ਕਰ ਕੇ ਲਿਖਿਆ ਵੀ ਰੱਜ ਕੇ ਹੈ ਅਤੇ ਉਹਨੂੰ ਸੁਣਿਆ ਵੀ ਜੀਅ ਭਰ ਕੇ ਹੈ। ਉਹਦਾ ਸੰਘਰਸ਼ ਵੀ ਦੇਖਿਆ ਹੈ, ਉਹਦੀ ਗੁਰਬਤ ਵੀ, ਤੇ ਉਹਦਾ ਸਿਖਰ ਵੀ ਦੇਖਿਆ ਹੈ। ਜਰੀਏ ਭਾਵੇਂ ਕੁਝ ਵੀ ਰਹੇ ਹੋਣ, ਪਰ ਉਹ ਮੁਲਕ ਦੀਆਂ ਵੱਡੀਆਂ ਸਰਕਾਰੀ ਮਹਿਫ਼ਲਾਂ, ਮੇਲਿਆਂ, ਸਰਕਾਰੀ ਤੇ ਗੈਰ-ਸਰਕਾਰੀ ਸਮਾਗਮਾਂ ਦਾ ਮੁੱਖ ਗਵੱਈਆ ਰਿਹਾ ਹੈ। ਉਹ ਰੱਜ ਕੇ ਸੁਨੱਖਾ ਹੈ, ਪੜ੍ਹਿਆ-ਲਿਖਿਆ ਵੀ ਹੈ। ਸਲੀਕਾ ਇੰਨਾ ਕਿ ਅੱਖ ਮਿਲਣ ਤੋਂ ਪਹਿਲਾਂ ਚੰਗੇ ਭਲੇ ਦੇ ਅੰਦਰ ਵੜਨ ਦੀ ਸਮਰੱਥਾ ਰੱਖਦਾ ਹੈ। ਅਸੀਂ ਆਪ ਰੁੱਸਦੇ ਵੀ ਰਹੇ ਹਾਂ ਤੇ ਮੰਨਦੇ ਵੀ। ਤੇ ਹਾਂ! ਲੋਹੇ ਲਾਖੇ ਵੀ ਹੁੰਦੇ ਰਹੇ ਹਾਂ। ਬਹੁਤ ਘੱਟ ਲੋਕਾਂ ਨੂੰ ਪਤਾ ਹੋਵੇਗਾ ਕਿ ਅਸੀਂ ਕਿੰਨਾ ਚਿਰ ਬੋਲੇ ਹੀ ਨਹੀਂ, ਪਰ ਟੁੱਟੇ ਫਿਰ ਵੀ ਨਹੀਂ। ਮੇਰੀਆਂ ਕਈ ਗਲਤੀਆਂ, ਕੀਤੀਆਂ ਭਾਵੇਂ ਇਕ-ਅੱਧੀ ਵਾਰ ਹੋਣ, ਪਰ ਜੁੜ ਹੰਸ ਨਾਲ ਗਈਆਂ। ਕਈ ਸਾਲ ਉਹ ਸ਼ੌਂਕੀ ਮੇਲੇ ਦਾ ਗੁਰਜ ਲੁੱਟਦਾ ਰਿਹਾ, ਪਰ ਮੇਰੇ ਵਾਂਗ ਦੋ ਦਹਾਕਿਆਂ ਦੇ ਵਕਫ਼ੇ ਤੋਂ ਵੀ ਵੱਧ ਜਿਹੜੇ ਹੰਸ ਨੂੰ ਚੰਗੀ ਤਰ੍ਹਾਂ ਜਾਣਦੇ ਹਨ, ਉਹ ਕਦੇ ਸੋਚ ਵੀ ਨਹੀਂ ਸੀ ਸਕਦੇ ਕਿ ਉਹ ਕਦੇ ਸਿਆਸਤਦਾਨ ਵੀ ਬਣ ਸਕਦਾ ਹੈ, ਚੋਣਾਂ ਲੜ ਸਕਦਾ ਹੈ। ਉਹ ਲੀਡਰਾਂ ਵਾਲੇ ਲੱਛੇਦਾਰ ਭਾਸ਼ਣ ਨਹੀਂ ਕਰ ਸਕਦਾ, ਉਹਦੀ ਜ਼ੁਬਾਨ ਰੱਜ ਕੇ ਮਿੱਠੀ ਹੈ। ਹੰਸ ਦੇ ਜਿਹੜੇ ਆਲੋਚਕ ਉਹਦੀ ਪਾਕਿਸਤਾਨ ਵਿਚ ਇਕ ਟੀæਵੀæ ਮੁਲਾਕਾਤ ਅਤੇ ਦੂਜੇ ਪਾਸੇ ਬਾਦਲਾਂ ਦੇ ਸੋਹਲੇ ਗਾਉਣ ਦਾ ਹਵਾਲਾ ਦਿੰਦੇ ਹਨ, ਮੈਂ ਇਹੋ ਤਰਕ ਦਿਆਂਗਾ ਕਿ ਜੇ ਉਹਨੂੰ ਰੰਗਲੀ ਰਾਜਨੀਤੀ ਦਾ ਗਿਆਨ ਹੁੰਦਾ, ਤਾਂ ਇਉਂ ਵਾਪਰਨਾ ਹੀ ਨਹੀਂ ਸੀ ਤੇ ਉਂਜ ਰਾਜਨੀਤੀ ਵਿਚੋਂ ਉਹਨੇ ਕੀ ਖੱਟਿਆ ਹੈ, ਬਿਹਤਰ ਉਹੀ ਦੱਸ ਸਕਦਾ ਹੈ। ਹੰਸ ਦੀ ਸ਼ਖਸੀਅਤ ਵਿਚ ਜਿਹੜੀ ਗੱਲ ਬਰਾਬਰ ਬਣੀ ਹੋਈ ਹੈ, ਉਹ ਇਹ ਹੈ ਕਿ ਉਹਦੇ ਵਾਲਾਂ ਦਾ ਸਟਾਈਲ ਤਕਰੀਬਨ ਇਕੋ ਜਿਹਾ ਰਿਹਾ ਹੈ।
ਗੱਲ 1983-84 ਦੀ ਹੋਵੇਗੀ, ਐਚæਐਮæਵੀæ ਦੀ ਐਲ਼ਪੀæ ਡਿਸਕ ਆਈ ਸੀ, ਜੋਗੀਆਂ ਦੇ ਕੰਨਾਂ ਵਿਚæææ। ਟਾਈਟਲ ਉਤੇ ਵੱਡੇ ਵੱਡੇ ਵਾਲਾਂ ਵਾਲੀ ਉਹਦੀ ਫਕੀਰਾਂ ਵਰਗੀ ਫੋਟੋ ਸੀ। ਇਹਦੇ ਗੀਤ ‘ਪੱਲੇ ਪਾ ਗਈਆਂ ਫਕੀਰੀ ਅੱਖਾਂ ਹੀਰ ਦੀਆਂ’ ਤੇ ‘ਅਸੀਂ ਕੱਲੇ ਰਹਿ ਗਏ, ਤੇਰਾ ਨੀ ਵਿਆਹ ਹੋ ਗਿਆ’ ਚੱਲ ਗਏ। ਦੋ ਕੁ ਗੀਤ ਚੰਨ ਗੁਰਾਇਆਂ ਵਾਲੇ ਨੇ ਲਿਖੇ ਸਨ ਤੇ ਬਾਕੀ ਦੇਵ ਮਲਕੀਤ ਖਾਬਰਿਆਂ ਵਾਲਿਆਂ ਨੇ। ਇਸ ਤੋਂ ਬਾਅਦ ਕਈ ਵਰ੍ਹੇ ਉਹ ਪੰਜਾਬ ਵਿਚ ਘੱਟ, ਇੰਗਲੈਂਡ ਵਿਚ ਵੱਧ ਰਿਹਾ। ਘਰਾਂ ਅਤੇ ਮਿੱਤਰਾਂ-ਦੋਸਤਾਂ ਵਿਚ ਮਹਿਫਲਾਂ ਲਾਉਂਦਾ ਰਿਹਾ। ਇਨ੍ਹਾਂ ਦਿਨਾਂ ਵਿਚ ਹੀ ਮੈਂ ਸੰਗੀਤਕਾਰ ਚਰਨਜੀਤ ਆਹੂਜਾ ਨੂੰ ਕਈ ਵਾਰ ਕਿਹਾ ਕਿ ਹੰਸ ਨੂੰ ਕਿਉਂ ਨਹੀਂ ਰਿਕਾਰਡ ਕਰਦੇ! ਉਹਦਾ ਜੁਆਬ ਹਰ ਵਾਰ ਇਹੋ ਹੁੰਦਾ ਸੀ, “ਤੂੰ ਲੈ ਆ, ਮੈਂ ਰਿਕਾਰਡ ਕਰਾਂਗਾ, ਉਹ ਲੱਭਦਾ ਹੀ ਨਹੀਂ।” ਭੇਤ ਇਹ ਵੀ ਉਦੋਂ ਹੀ ਪਤਾ ਲੱਗਾ ਸੀ ਕਿ ਉਹਦਾ ਐਲ਼ਪੀæ, ਜਲੰਧਰ ਸਾਹਨੀ ਰੇਡੀਓ ਵਾਲਿਆਂ ਨੇ ਰਿਕਾਰਡ ਕਰਵਾਇਆ ਸੀ। ਇਹ ਗੱਲ ਉਨ੍ਹਾਂ ਦਿਨਾਂ ਦੀ ਵੀ ਕਹਿ ਸਕਦੇ ਹਾਂ, ਜਦੋਂ ‘ਗੁਰੂ ਜੀ ਗੁਰੂ ਜੀ’ ਸ਼ਬਦ ਗਾਇਕਾਂ ਨੇ ਹਾਲੇ ਨਵਾਂ ਨਵਾਂ ਚਰਨਜੀਤ ਅਹੂਜਾ ਦੇ ਨਾਂ ਨਾਲ ਜੋੜਨਾ ਸ਼ੁਰੂ ਕੀਤਾ ਸੀ।
ਮੈਂ ਅਖਬਾਰ ਵਿਚ ਗਾਇਕਾਂ ਤੇ ਢਾਡੀਆਂ ਬਾਰੇ ਲਿਖਣ ਲਈ ਕਾਫੀ ਸਰਗਰਮ ਹੋ ਗਿਆ ਸਾਂ, ਪਰ ਹੰਸ ਨਾਲ ਮੇਰਾ ਮੇਲ ਨਹੀਂ ਸੀ ਹੋ ਰਿਹਾ। ਅਚਾਨਕ ‘ਸੁਰ ਸੱਜਣਾਂ ਦੀ’ ਕਾਲਮ ਵੇਲੇ ਉਹਦੀ ਚੋਣ ਹੋ ਗਈ ਕਿ ਉਹਦੀ ਪਤਨੀ ਰੇਸ਼ਮਾ ਨਾਲ ਮੁਲਾਕਾਤ ਛਾਪੀ ਜਾਵੇ। ਨਿੱਘੀ ਧੁੱਪ ਤੇ 1989 ਦਾ ਫਰਵਰੀ ਮਹੀਨਾ। ਮੇਰਾ ਪਾਠਕ ਮਿੱਤਰ ਗੁਰਚਰਨ ਪੱਲੀ ਝਿੱਕੀ ਜਲੰਧਰ ਵਿਚ ਫੈਕਟਰੀ ਵਿਚ ਕੰਮ ਕਰਦਾ ਸੀ। ਗਾਇਕਾਂ ਨੂੰ ਮਿਲਣ ਦੇ ਸ਼ੌਕ ਵਿਚ ਉਹ ਮੈਨੂੰ ਪਠਾਨਕੋਟ ਚੌਕ ਤੋਂ ਆਪਣੇ ਸਾਈਕਲ ‘ਤੇ ਬਿਠਾ ਕੇ ਸਫ਼ੀਪੁਰ ਤੱਕ ਅੱਠ-ਨੌਂ ਕਿਲੋਮੀਟਰ ਲੈ ਕੇ ਗਿਆ। ਦਿਲਚਸਪ ਗੱਲ ਇਹ ਸੀ ਕਿ ਸਾਈਕਲ ਨੂੰ ਕੈਰੀਅਰ ਵੀ ਨਹੀਂ ਸੀ ਤੇ ਮੂਹਰਲੇ ਡੰਡੇ ‘ਤੇ ਬਹਿ ਕੇ ਜਾਣਾ ਪਿਆ ਸੀ।
ਪਿੰਡ ਵਿਚ ਘਰ ਦੀ ਬਾਹਰਲੀ ਬੈਠਕ ਸੋਹਣੀ ਸ਼ਿੰਗਾਰੀ ਹੋਈ ਸੀ। ਇਹ ਰੱਜ ਕੇ ਮਿਲਣ ਵਾਲੀ ਸਾਡੀ ਪਹਿਲੀ ਮੁਲਾਕਾਤ ਸੀ। ਬੜੀਆਂ ਗੱਲਾਂ ਹੋਈਆਂ। ਕਾਲਮ ਕਿਉਂਕਿ ਗਾਇਕਾਂ ਦੀਆਂ ਪਤਨੀਆਂ ਨਾਲ ਗੱਲਬਾਤ ਦਾ ਸੀ, ਰੇਸ਼ਮਾ ਨੂੰ ਹੰਸ ਨੇ ਪਿਛੇ ਜਾ ਕੇ ਸਿਰਫ਼ ਪਰਿਵਾਰ ਵਾਂਗ ਮਿਲਾਇਆ, ਸਵਾਲ-ਜਵਾਬ ਦਾ ਸਿਲਸਿਲਾ ਚੱਲ ਹੀ ਨਾ ਸਕਿਆ; ਤੇ ਇਹ ਗੱਲ ਮੈਂ ਮੰਨਦਾ ਹਾਂ ਕਿ ਇਹ ਮੁਲਾਕਾਤ ਤਾਂ ਛਪ ਗਈ, ਪਰ ਜਵਾਬ ਮਨਘੜਤ ਹੀ ਸਨ। ਇਹ ਉਹ ਦਿਨ ਸੀ ਜਿੱਦਣ ਉਹਨੇ ਮੈਨੂੰ ਬਲਦੇਵ ਮਸਤਾਨੇ ਦੇ ਸੰਗੀਤ ਵਾਲੀ ਕੈਸਿਟ ‘ਵਾਰਿਸ ਪੰਜਾਬ ਦੇ’ ਭੇਟ ਕੀਤੀ। ਇਸ ਵਿਚ ਗੀਤ ਸਨ, ‘ਆਸ਼ਕਾਂ ਦੀ ਕਾਹਦੀ ਜ਼ਿੰਦਗੀ’, ‘ਖੇੜਿਆਂ ਨੂੰ ਲਈ ਜਾਂਦਾ ਏ, ਕੋਈ ਪੁੱਟ ਕੇ ਸਿਆਲੋਂ ਬੂਟਾ’। ਉਸ ਦਿਨ ਤੱਕ ਹੰਸ ਨੂੰ ਵੀ ਨਹੀਂ ਸੀ ਪਤਾ ਕਿ ਇਹ ਗੀਤ ਹਿੱਟ ਹੋਣਗੇ। ਹੰਸ ਵਪਾਰਕ ਗਵੱਈਆ ਵੀ ਇਥੋਂ ਹੀ ਬਣਿਆ। ਇਸ ਤੋਂ ਪਹਿਲਾਂ ਉਹ ਮਹਿਫ਼ਲਾਂ ਵਿਚ ਗਾਉਂਦਾ ਹੁੰਦਾ ਸੀ, ‘ਕਿਥੇ ਕੱਟੇਂਗਾ ਰਾਤ ਵੇ ਟੁੱਟਿਆ ਤਾਰਿਆ’ ਜਾਂ ‘ਐਸੀ ਪਿਆਰ ਵਿਚ ਕਸੂਤੀ ਹਾਰ ਪੈ ਗਈ’।
1990 ਵਿਚ ਮੈਂ ਢਾਡੀ ਅਮਰ ਸਿੰਘ ਸ਼ੌਂਕੀ ਦੇ ਗੀਤਾਂ ਦੀ ਕੈਸਿਟ ‘ਸੱਜਣਾਂ ਦੂਰ ਦਿਆ’ ਰਿਲੀਜ਼ ਕੀਤੀ। ਇਹਦੇ ਵਿਚ ‘ਫੜ੍ਹਾਂ ਫੋਕੀਆਂ ਬਥੇਰੇ ਲੋਕੀਂ ਮਾਰਦੇ’ ਅਤੇ ‘ਪੂਰਨ’ ਵਾਲੇ ਗੀਤ ਹੰਸ ਦੇ ਸਨ। ਇਹ ਉਹੀ ਸਮਾਂ ਸੀ ਜਦੋਂ ਹੰਸ ਰਾਜ ਹੰਸ ਹਰ ਥਾਂ ਹੋਣ ਲੱਗ ਪਈ ਸੀ, ਪਰ ਅਜੇ ਨ੍ਹੇਰੀ ਨਹੀਂ ਸੀ ਚੜ੍ਹੀ।
ਸਬੱਬ ਇਹ ਬਣਿਆ ਕਿ ਹੰਸ ਨਾਲ ਫਿਰ ਚਰਨਜੀਤ ਅਹੂਜਾ ਦੇ ਹੱਥ ਘੁੱਟ ਕੇ ਜੁੜ ਗਏ। ਜਿਸ ਦਿਨ ‘ਤੇਰਾ ਮੇਰਾ ਪਿਆਰ’ ਕੈਸਿਟ ਟੀ-ਸੀਰੀਜ਼ ਨੇ ਰਿਲੀਜ਼ ਕੀਤੀ, ਮੈਂ ਤੇ ਸਰਦੂਲ ਸਿਕੰਦਰ ਲੁਧਿਆਣੇ ਹੀ ਸਾਂ। ਕਹਿਣ ਨੂੰ ਭਾਵੇਂ ਕਹੀ ਜਾਂਦੇ ਨੇ ਕਿ ਬੰਦੇ ਵਿਚ ਸ਼ਰੀਕਪੁਣਾ ਹੁੰਦੈ, ਪਰ ਉਸ ਦਿਨ ਸਰਦੂਲ ਕਹਿਣ ਲੱਗਾ, “ਹਰਜੀਤ ਭਾਜੀ ਗੁਲਮੋਹਰ ਹੋਟਲ ਵਿਚ ਠਹਿਰੇ ਹੋਏ ਹਨ, ਉਨ੍ਹਾਂ ਕੋਲ ਚੱਲਦੇ ਹਾਂ।” ਅਸਲ ਵਿਚ ਦੂਰਦਰਸ਼ਨ ਦਾ ਬਹੁ-ਚਰਚਿਤ ਪ੍ਰੋਗਰਾਮ ‘ਰੌਣਕ ਮੇਲਾ’ ਉਦੋਂ ਹਰਜੀਤ ਕੋਲ ਸੀ। ਇਹ ਕੈਸਿਟ ਅਸੀਂ ਭਦੌੜ ਹਾਊਸ ਸੁਣ ਕੇ ਗਏ ਸਾਂ। ਸਰਦੂਲ ਚਾਹੁੰਦਾ ਸੀ ਕਿ ‘ਮੈਂ ਬੱਸਾਂ ਲੁਧਿਆਣੇ ਦੀਆਂ ਤੱਕਦਾ ਰਿਹਾ’ ਗੀਤ ਚੱਲੇ, ਪਰ ਮੈਂ ਹਰਜੀਤ ਨੂੰ ‘ਅੱਜ ਕੱਲ੍ਹ ਸੁਣਿਆ ਫਤੂਰ ਵਿਚ ਰਹਿੰਦੇ ਹੋ’ ਗੀਤ ‘ਰੌਣਕ ਮੇਲੇ’ ਵਿਚ ਰਿਕਾਰਡ ਕਰਨ ਲਈ ਮਨਾ ਲਿਆ। ਹੰਸ ਨੂੰ ਸ਼ਾਇਦ ਇਨ੍ਹਾਂ ਸਾਰੀਆਂ ਗੱਲਾਂ ਦਾ ਹਾਲੇ ਤੱਕ ਵੀ ਇਲਮ ਨਾ ਹੋਵੇ, ਪਰ ਮੈਂ ਤੇ ਸਰਦੂਲ ਚਾਹੁੰਦੇ ਸਾਂ ਕਿ ਹੰਸ ਚੱਲੇ, ਉਹਦੇ ਅੰਦਰ ਵੱਡਾ ਗਵੱਈਆ ਬਣਨ ਵਾਲੇ ਗੁਣ ਹਨ। ਗੱਲ ਉਹੀ ਹੋਈ, ਗੀਤ ‘ਰੌਣਕ ਮੇਲੇ’ ਵਿਚ ਕਾਹਦਾ ਚੱਲਿਆ, ਹੰਸ ਨੇ ਪ੍ਰਸਿੱਧੀ ਦੇ ਸਾਰੇ ਬੈਰੀਕੇਡ ਤੋੜ ਦਿੱਤੇ।
ਹੰਸ ਭਾਵੇਂ ਮੇਰੇ ਵਿਆਹ ‘ਤੇ ਨਹੀਂ ਆਇਆ ਪਰ ਬਾਅਦ ਵਿਚ ਚਾਹੇ ਸ਼ਮਸ਼ੇਰ ਸੰਧੂ ਦੇ ਸਹੁਰੀਂ ਗੁਣਾਚੌਰ ਪ੍ਰੋਗਰਾਮ ਹੋਵੇ, ਚਾਹੇ ਮਜਾਰੇ ਰਾਜਾ ਸਾਹਿਬ ਦੇ, ਉਹ ਅੱਧੀ ਅੱਧੀ ਰਾਤੀਂ ਵੀ ਮੈਨੂੰ ਮੇਰੇ ਪਿੰਡ ਭੌਰੇ ਮਿਲ ਕੇ ਜਾਂਦਾ।
ਇਹ ਗੱਲ ਵੀ ਮੈਂ ਮਾਣ ਨਾਲ ਕਹਿੰਦਾ ਰਿਹਾ ਹਾਂ ਕਿ 1990, 91 ਤੇ 92 ਦੇ ਸ਼ੌਂਕੀ ਮੇਲੇ ਸਿਰਫ਼ ਹੰਸ ਦੇ ਨਾਮ ਰਹੇ। ਇਸ ਤੋਂ ਬਾਅਦ ਅਗਲੇ ਤਿੰਨ ਸਾਲ ਮੇਰੇ ਨਾਲ ਨਾਰਾਜ਼ਗੀਆਂ ਕਰ ਕੇ ਨਾ ਮੈਂ ਉਹਨੂੰ ਸੱਦਾ ਦਿੱਤਾ ਤੇ ਨਾ ਉਹ ਆਇਆ। ਉਹ ਉਦੋਂ ਆਇਆ ਜਦੋਂ 1996 ਵਿਚ ਦੋ ਮੇਲੇ ਲੱਗੇ। ਉਹ ਵਿਰੋਧੀਆਂ ਦੇ ਸੱਦੇ ‘ਤੇ ਆਇਆ ਜ਼ਰੂਰ, ਪਰ ਗਾ ਨਹੀਂ ਸਕਿਆ, ਕਿਉਂਕਿ ਉਸੇ ਦਿਨ ਅਸੀਂ ਸਾਰੇ ਦਿਲਸ਼ਾਦ ਅਖ਼ਤਰ ਦੇ ਕਤਲ ਵਿਰੁੱਧ ਲੁਧਿਆਣੇ ਨਰਿੰਦਰ ਬੀਬਾ ਦੀ ਅਗਵਾਈ ਹੇਠ ਮੁਜ਼ਾਹਰੇ ਵਿਚ ਸ਼ਾਮਲ ਸਾਂ।
ਆਸਟਰੇਲੀਆ ਦੇ ਟੂਰ ਵਿਚ ਸਾਡੇ ਦਰਮਿਆਨ, ਅਖ਼ਬਾਰ ਵਿਚ ਕੰਮ ਕਰਦੇ ਇਕ ਕਰਿੰਦੇ ਨੇ ਫਿੱਕ ਪਾਈ। ਇਹ ਉਹੀ ਕਰਿੰਦਾ ਸੀ ਜੋ ਤੇਰਾਂ ਰੁਪਏ ਵੀਹ ਪੈਸੇ ਵਿਚ ਅਖ਼ਬਾਰੀ ਦਬਦਬੇ ਨਾਲ ਜਲੰਧਰ ਤੋਂ ਫਗਵਾੜੇ ਤੱਕ ਬੱਸ ਦਾ ਕਿਰਾਇਆ ਤੇ ਫਿਰ ਅਮਰੀਕਾ ਤੱਕ ਮੁਫ਼ਤ ਹੀ ਪੁੱਜ ਗਿਆ। ਲੋਕੀਂ ਤਾਂ ਪੈਸੇ ਦੇ ਕੇ ਬਾਹਰ ਜਾਂਦੇ ਹਨ, ਪਰ ਉਹ ਹੱਥ ਦੀ ਇੰਨੀ ਸਫ਼ਾਈ ਖੇਡ ਗਿਆ ਕਿ ਉਹਨੂੰ ਆਸਟਰੇਲੀਆ ਨਾਲ ਜਾਣ ਦੇ ਪੈਸੇ ਵੀ ਅਸੀਂ ਦਿੱਤੇ। ਮੌਸਮ ਦੀ ਖਰਾਬੀ ਕਰ ਕੇ ਅੱਠ ਘੰਟੇ ਲੇਟ ਫਲਾਈਟ ਦੀ ਉਡੀਕ ਅਸੀਂ ਸਾਰਿਆਂ ਨੇ ਹੇਠਾਂ ਸੌਂ ਕੇ ਕੀਤੀ। ਜਹਾਜ਼ ਵਿਚ ਲੰਮਾ ਸਫ਼ਰ ਮੈਂ ਤੇ ਹੰਸ ਨੇ ਨਾਲੋ ਨਾਲ ਸੀਟਾਂ ‘ਤੇ ਬਹਿ ਕੇ ਗੱਲਾਂ ਨਾਲ ਤੈਅ ਕੀਤਾ। ਆਉਣ ਤੱਕ ਸਭ ਠੀਕ ਸੀ ਤੇ ਉਹ ਸ਼ੌਂਕੀ ਮੇਲੇ ‘ਤੇ ਗਾਉਣ ਵੀ ਆਇਆ ਸੀ ਪਰ ਫਿਰ ਤੜੱਕ ਤੜੱਕ ਹੋ ਗਈ। ਉਹ ਨੂਰਪੁਰੀ ਮੇਲੇ ‘ਤੇ ਫਗਵਾੜੇ ਗਾਉਂਦਿਆਂ ਮੈਨੂੰ ਸਾਹਮਣੇ ਬੈਠਾ ਦੇਖ ਕੇ ਸ਼ਾਇਰੀ ਵਿਚ ਵੀ ਹੁੱਝਾਂ ਮਾਰਦਾ ਰਿਹਾ।
ਨਾਰਾਜ਼ਗੀ ਦੀ ਕੰਧ ਪੈਣ ਤੋਂ ਬਾਅਦ ਦਿਲਚਸਪ ਘਟਨਾ ਇਹ ਵਾਪਰੀ ਕਿ ਜਲੰਧਰ ਇਕ ਪੈਲੇਸ ਵਿਚ ਮਨਮੋਹਨ ਵਾਰਸ ਦੇ ਵਿਆਹ ਦੀ ਰਿਸੈਪਸ਼ਨ ਉਤੇ ਪਹਿਲੀ ਕਤਾਰ ਵਿਚ ਭਾਜੀ ਬਰਜਿੰਦਰ ਸਿੰਘ, ਨਾਲ ਹੰਸ ਰਾਜ ਹੰਸ ਤੇ ਇਕ ਪਾਸੇ ਮੈਂ। ਅਸੀਂ ਸਿਰਫ਼ ਰਸਮੀ ਹੱਥ ਮਿਲਾਇਆ। ਸਟੇਜ ਉਤੇ ਜਦੋਂ ਚੰਡੀਗੜ੍ਹੀਆ ਹਰਦੀਪ ਗਾਉਣ ਲੱਗਾ ਤਾਂ ਉਸ ‘ਤੇ ਪੈਸੇ ਸੁੱਟਣ ਗਏ ਹੰਸ ਦੀ ਜੇਬ ਵਿਚੋਂ ਪੰਜ ਹਜ਼ਾਰ ਦੀ ਦੱਥੀ ਨੋਟਾਂ ਦੀ ਡਿੱਗ ਪਈ। ਉਹਨੂੰ ਕੋਈ ਪਤਾ ਨਹੀਂ ਸੀ, ਮੁੜਦਿਆਂ ਮੈਂ ਖੜ੍ਹ ਕੇ ਦੋਵੇਂ ਹੱਥਾਂ ਨਾਲ ਉਹਨੂੰ ਨੋਟ ਫੜਾ ਕੇ ਕਿਹਾ, “ਇਹ ਤੇਰੀ ਜੇਬ ਵਿਚੋਂ ਡਿੱਗ ਪਏ ਸਨ।” ਉਹ ਹੱਸ ਪਿਆ ਤੇ ਜੱਫੀ ਪਾ ਕੇ ਕਹਿਣ ਲਗਾ, “ਵੇਖ ਲੈ ਆਪਣੀ ਸਾਂਝ ਟੁੱਟੀ ਨਹੀਂ।”
ਹੰਸ ਦਾ ਵਿਰਸੇ ਵਾਲਾ ਘਰ ਵੀ ਅਸੀਂ ਵੇਖਿਆ। ‘ਅਜੀਤ’ ਦੇ ਸਮਾਚਾਰ ਸੰਪਾਦਕ ਰਾਜਿੰਦਰ ਰਾਜਨ ਦੇ ਬੇਟੇ ਦੇ ਵਿਆਹ ‘ਤੇ ਸਰਦੂਲ, ਨੂਰੀ ਸਮੇਤ ਮੈਂ ਕਈ ਗਾਇਕਾਂ ਨੂੰ ਲੈ ਕੇ ਆਇਆ। ਨ੍ਹੇਰੇ ਹੋਏ ਅਸੀਂ ਉਹਦੇ ਘਰ ਗਏ ਤੇ ਜਿਹੜੀ ਹੁਣ ਕੋਠੀ ਪਿੰਡ ਬਣੀ ਹੈ, ਉਸ ਦਿਨ ਉਸ ਨੇ ਬੈਟਰੀਆਂ ਮਾਰ ਕੇ ਨੀਂਹਾਂ ਪੁੱਟਣ ਲਈ ਪਾਈ ਸਫ਼ੈਦੀ ਦੇ ਨਿਸ਼ਾਨ ਦਿਖਾਏ। ਫਿਰ ਉਦੋਂ ਵੀ ਗਏ ਜਦੋਂ ਨੂਰੀ, ਮੈਂ ਤੇ ਨੂਰੀ ਦਾ ਬਾਪੂ ਰੌਸ਼ਨ ਸਾਗਰ ਇਕੱਠੇ ਸਾਂ। ਇਸ ਕੋਠੀ ਨੂੰ ਪਲਸਤਰ ਤਾਂ ਹੋ ਗਿਆ ਸੀ, ਰੰਗ ਅਜੇ ਹੋਣਾ ਸੀ।
ਫਿਰ ਦਿਨ ਬਦਲਦੇ ਗਏ, ਉਹਨੇ ਊਧਮ ਸਿੰਘ ਨਗਰ ਵਿਚ ਵੱਡਾ ਘਰ ਲਿਆ। ਫਿਰ ਉਥੇ ਦਫ਼ਤਰ ਬਣ ਗਿਆ, ਫਿਰ ਜਲੰਧਰ ਵਿਚ ਹੋਰ ਵੱਡਾ ਘਰ ਅਤੇ ਹੁਣ ਵਾਲਾ ਮਹਿਲ ਵੀ ਜਿਹੜਾ ਪਹਿਲਾਂ ਲਵਲੀ ਸਵੀਟਸ ਵਾਲਿਆਂ ਦਾ ਸੀ। ਉਥੇ ਮੈਂ ਇਕ ਵਾਰ ਹੀ ਗਿਆ। ਕਦੋਂ ਭਲਾ?æææ ਸਾਲ 2007 ਮੈਂ ਅਤੇ ਹਰਨੇਕ ਲੱਲੀ ਨੇ ਜਲੰਧਰ ਦੂਰਦਰਸ਼ਨ ਤੋਂ ਨਵੇਂ ਸਾਲ ਦਾ ਪ੍ਰੋਗਰਾਮ ਪੂਰੇ ਬਾਰਾਂ ਲੱਖ ਵਿਚ ਖਰੀਦ ਲਿਆ। ਨਾਂ ਪ੍ਰੋਗਰਾਮ ਦਾ ਰੱਖਿਆ ‘ਛਣਕਾਟਾ ਪੈਂਦਾ ਗਲੀ ਗਲੀ।’ ਨਕੋਦਰ ਨੂਰ ਮਹਿਲ ਰੋਡ ‘ਤੇ ਇਕ ਪੈਲੇਸ ਵਿਚ ਸੈਟ ਲਾ ਲਿਆ। ਸ਼ੂਟਿੰਗ ਦੌਰਾਨ ਮਹਾਂਭਾਰਤ ਵਰਗੀ ਲੜਾਈ ਹੋ ਗਈ। ਸ਼ਮਾਰੂ ਕੰਪਨੀ ਨਾਲ ਡੀæਵੀæਡੀæ ਤੇ ਆਡੀਓ ਰਿਲੀਜ਼ ਕਰਨ ਦੀ ਗੱਲ ਚੱਲ ਰਹੀ ਸੀ। ਉਨ੍ਹਾਂ ਸ਼ਰਤ ਰੱਖੀ ਸੀ ਕਿ ਕਮਰਸ਼ੀਅਲ ਵੈਲਿਊ ਲਈ ਹੰਸ ਨੂੰ ਸ਼ਾਮਲ ਕਰੋ। ਅੱਧਿਉਂ ਵੱਧ ਪ੍ਰੋਗਰਾਮ ਨਿੱਬੜ ਗਿਆ ਸੀ, ਮੈਂ ਨਾ ਤਾਂ ਹੰਸ ਨੂੰ ਕਹਾਂ, ਕਿ ਉਹਨੇ ਕਹਿਣਾ, ਪਹਿਲਾਂ ਕਿਥੇ ਗਿਆ ਸੀ? ਖੈਰ! ਵਿਚੋਲਾ ਦੂਰਦਰਸ਼ਨ ਵਾਲਾ ਬੰਗਾ ਬਣ ਗਿਆ ਤੇ ਅਸੀਂ ਲੱਖ ਰੁਪਿਆ ਇਕ ਗੀਤ ਦਾ ਹੰਸ ਨੂੰ ਦਿੱਤਾ ਤੇ ਸ਼ੂਟਿੰਗ ਨਿੱਕੂ ਪਾਰਕ ਵਿਚ ਕੀਤੀ। ਹੰਸ ਲੜਾਈ ਵਾਲੇ ਸੈਟ ਉਤੇ ਜਾਣ ਲਈ ਨਾ ਮੰਨਿਆ, ਇਸੇ ਲਈ ‘ਛਣਕਾਟਾ ਪੈਂਦਾ ਗਲੀ ਗਲੀ’ ਦਾ ਇਕੋ-ਇਕ ਹੰਸ ਵਾਲਾ ਗੀਤ ਹੀ ਸੀ ਜੋ ਸੈਟ ‘ਤੇ ਨਹੀਂ ਸੀ ਫਿਲਮਾਇਆ ਗਿਆ।
‘ਅਜੀਤ’ ਦੇ ਦਫ਼ਤਰ ਵਿਚ ਪਹਿਲੀ ਵਾਰ ਹੰਸ ਨੂੰ ਮੈਂ ਲੈ ਕੇ ਗਿਆ, ਭਾਜੀ ਬਰਜਿੰਦਰ ਸਿੰਘ ਨੂੰ ਮੈਂ ਹੀ ਮਿਲਾਇਆ, ਉਹਦੇ ਬਾਰੇ ਬਹੁਤਾ ਤੇ ਚੰਗਾ ਲਿਖਿਆ। ਉਹ ਮੇਰਾ ਕਹਿਣਾ ਮੰਨਦਾ ਰਿਹਾ, ਮੇਰੇ ਸੱਦੇ ‘ਤੇ ਹਰ ਥਾਂ ਪਹੁੰਚਦਾ ਰਿਹਾ। ਉਹ ਆਪਣੇ ਕੈਰੀਅਰ ਵਿਚ ਮੇਰਾ ਯੋਗਦਾਨ ਮੰਨੇ ਜਾਂ ਨਾ, ਪਰ ਜਦੋਂ ਹਰਜੀਤ ਨੇ ਉਹਨੂੰ ‘ਵਿਸਾਖੀ’ ਫਿਲਮ ਵਿਚ ਲਿਆ, ਰੰਗ ਬਹੁਤੇ ਅਖ਼ਬਾਰੀ ਮੈਂ ਹੀ ਭਰੇ, ਪਰ ਸਾਡੀ ਖਿੱਚੋਤਾਣ ਬਣੀ ਹੀ ਰਹੀ। ਕਈ ਵਾਰੀ ਵਿਟਰੇ ਰਹੇ, ਟੁੱਟ-ਭੱਜ ਹੁੰਦੀ ਰਹੀ, ਪਰ ‘ਜੋਗੀਆਂ ਦੇ ਕੰਨਾਂ ਵਿਚ’ ਤੋਂ ਪਦਮਸ੍ਰੀ ਤੱਕ ਦਾ ਸਾਰਾ ਸਫਰ ਨਾਲੋ ਨਾਲ ਲੰਘਿਆ। ਸੱਚ ਇਹ ਵੀ ਹੈ ਕਿ ਅਸੀਂ ਨਾਰਾਜ਼ ਹੋ ਕੇ ਵੀ ਲੋਕਾਂ ਕੋਲ ਇਕ ਦੂਜੇ ਖਿਲਾਫ਼ ਕੁਝ ਵੀ ਨਹੀਂ ਬੋਲੇ।
Ḕਧੁੱਪ ਰਹਿਣੀ ਨਾ ਛਾਂ ਬੰਦਿਆਂ’ ਹਾਲਾਂਕਿ ਸ਼ਮਸ਼ੇਰ ਸੰਧੂ ਦਾ ਲਿਖਿਆ ਹੰਸ ਦਾ ਹਿੱਟ ਗੀਤ ਹੈ, ਪਰ ਇਕ ਵਾਰ ਇਹ ਵੀ ਇਕ-ਦੂਜੇ ਵੱਲ ਪੂਰੀ ਤਰ੍ਹਾਂ ਪਿੱਠ ਕਰ ਕੇ ਖੜ੍ਹੇ ਹੋ ਗਏ ਸਨ। ਇਹ ਸਮਝੌਤਾ ਸਿਆਲ ਦੀ ਧੁੱਪੇ, ਮੈਂ ਆਪਣੇ ਘਰ ਦੀ ਛੱਤ ਹੇਠ ਸ਼ਮਸ਼ੇਰ ਅਤੇ ਹੰਸ ਨੂੰ ਆਹਮੋ-ਸਾਹਮਣੇ ਬਿਠਾ ਕੇ ਕਰਵਾਇਆ। ਇਤਫ਼ਾਕ ਇਹ ਕਿ ਉਹ ਤਾਂ ਟਿੱਚ-ਬਟਣ ਵਾਂਗ ਫਿਰ ਜੁੜ ਗਏ, ਪਰ ਸਾਡੀ ਗੁੱਸੇ-ਗਿਲੇ ਦੀ Ḕਲਾ ਲਾḔ ਫਿਰ ਵੀ ਹੁੰਦੀ ਰਹੀ।
ਵਕਤ ਨੇ ਬਹੁਤ ਕੁਝ ਬਦਲ ਦੇਣਾ ਹੁੰਦਾ ਹੈ। ਮੈਂ ਜਿਵੇਂ ਬਾਕੀ ਗਾਇਕਾਂ ਵਾਂਗ ਹੰਸ ਲਈ ਕੀਤਾ, ਉਹ ਹੁਣ ਵੀ ਕਰਦਾ ਰਿਹਾ ਹਾਂ। ਮੇਰੇ ਵਾਲੇ ਪੁਲ ਦੇ ਉਪਰ ਦੀ ਲੰਘਣ ਵਾਲੇ ਲੋਕਾਂ ਦੀ ਗਿਣਤੀ ਹਾਲੇ ਵੀ ਬਹੁਤ ਹੈ, ਪਰ ਹੰਸ ਹੁਣ ਬਹੁਤ ਵੱਡਾ ਬਣ ਗਿਆ ਹੈ। ਰਾਜਨੀਤੀ ਵਿਚ ਉਹਦਾ ਪ੍ਰਵੇਸ਼ ਬਾਕੀਆਂ ਵਾਂਗ ਮੈਨੂੰ ਵੀ ਚੁੱਭਦਾ ਰਿਹਾ ਹੈ। ਮੇਰੀ ਜਾਚੇ, ਉਹਨੂੰ ਇਸ ਰਾਹ ਉਤੇ ਪੈਰ ਪਿਛਾਂਹ ਹੀ ਰੱਖਣਾ ਚਾਹੀਦਾ ਹੈ। ਹੁਣ ਯੁੱਗ ਹੋਰ ਆ ਗਿਆ ਹੈ। ਉਹਦੀ ਕਲਾ ਪਿੱਛੇ ਦੌੜਨ ਵਾਲੇ ਘਟ ਗਏ ਨੇ, ਪਰ ਸਿਆਣੇ ਜ਼ਰੂਰ ਸ਼ਾਮਲ ਹੋ ਗਏ ਨੇ। ਸਮੇਂ ਨੇ ਇਕੋ ਜਿਹਾ ਰਹਿਣਾ ਵੀ ਨਹੀਂ ਹੁੰਦਾ!
ਹੰਸ ਇਕ ਵਾਰ ਮੇਰੇ ਨਾਲ ਰੱਜ ਕੇ ਲੋਹਾ-ਲਾਖਾ ਹੋਇਆ, ਇਹ ਗੱਲ ਕਹਿਣੋਂ ਮੈਂ ਰਹਾਂਗਾ ਵੀ ਨਹੀਂ:
ਦਸੰਬਰ ਮਹੀਨੇ ਵਿਚ ਜਿਵੇਂ ਸਾਲ ਦੀਆਂ ਘਟਨਾਵਾਂ Ḕਅਜੀਤ’ ਵਿਚ ਛਪਦੀਆਂ ਹਨ, ਉਵੇਂ ਕਈ ਵਰ੍ਹੇ Ḕਪੰਜਾਬੀ ਗਾਇਕੀ: ਬੀਤਿਆ ਵਰ੍ਹਾ’ ਸਿਰਲੇਖ ਹੇਠ ਮੈਂ ਲੇਖਾ-ਜੋਖਾ ਵੀ ਕਰਦਾ ਰਿਹਾ ਹਾਂ। ਘਟਨਾ 2000 ਦੀ ਹੈ। ਕਿਤੇ ਭੂਮਿਕਾ ਵਾਲੇ ਪਹਿਰੇ ਵਿਚ ਗਾਇਕੀ ਦੇ ਆਉਣ ਵਾਲੇ ਖਤਰਨਾਕ ਦੌਰ ਦੀ ਗੱਲ ਕਰਦਿਆਂ ਮੈਂ ਲਿਖ ਬੈਠਾ- Ḕਬਿਨਾਂ ਸ਼ੱਕ ਅੱਜ ਹੰਸ, ਸਰਦੂਲ ਸਿਖਰ ਉਤੇ ਬੈਠੇ ਹਨ, ਪਰ ਗਾਇਕੀ ਲਈ ਆਉਣ ਵਾਲਾ ਸਮਾਂ ਅਜਿਹਾ ਆ ਰਿਹਾ ਹੈ ਕਿ ਪਤਾ ਨਹੀਂ ਕੌਣ, ਕਦੋਂ ਸੜਕ Ḕਤੇ ਆ ਜਾਵੇ।’ ਇਹ ਸੁਭਾਵਿਕ ਹੀ ਰਵਾਨੀ ਵਿਚ ਲਿਖਿਆ ਗਿਆ, ਮਨ ਵਿਚ ਖੋਟ ਜਾਂ ਸ਼ਰਾਰਤ ਕੋਈ ਨਹੀਂ ਸੀ। Ḕਅਜੀਤ’ ਦੇ ਐਤਵਾਰੀ ਮੈਗਜ਼ੀਨ ਵਿਚ ਇਹ ਪਹਿਲੇ ਲੇਖ ਵਜੋਂ ਛਪਿਆ, ਤਾਂ ਦੁਪਹਿਰੇ ਸਤਨਾਮ ਮਾਣਕ ਦਾ ਫੋਨ ਆ ਗਿਆ। ਜਿਵੇਂ ਮਾਣਕ ਦਾ ਸੁਭਾਅ ਹੀ ਹੈ- Ḕਅਸੀਂ ਤੇਰੇ ਲੇਖ ਬਿਨਾਂ ਪੜ੍ਹੇ ਛਾਪਦੇ ਹਾਂ, ਤੂੰ ਹੰਸ ਬਾਰੇ ਗਲਤ ਲਿਖਿਆ, ਮਾੜੀ ਗੱਲ ਐ ਤੇਰੇ ਲਈ।’ ਮੈਂ ਕਈ ਸਫ਼ਾਈਆਂ ਦਿੱਤੀਆਂ, ਪਰ ਮਾਣਕ ਨੇ ਇਹ ਕਹਿ ਕੇ ਗੱਲ ਨਿਬੇੜ ਦਿੱਤੀ, Ḕਅੱਗੇ ਤੋਂ ਧਿਆਨ ਰੱਖੀਂ, ਨਹੀਂ ਤਾਂ ਭਾਜੀ ਨੇ ਐਂਟਰੀ ਬੰਦ ਕਰ ਦੇਣੀ ਆ।’
ਉਦੋਂ ਤਾਂ ਮੈਂ ਸੰਭਲ ਗਿਆ, ਜਿਵੇਂ ਭੂਚਾਲ ਨਾਲ ਭਾਂਡੇ ਹੀ ਹਿੱਲੇ ਹੋਣ, ਪਰ ਸ਼ਾਮ ਨੂੰ ਖੜਕ ਪਏ, ਮਾੜੀ ਕਿਸਮਤ ਕਿ ਮੈਂ ਹੰਸ ਨੂੰ ਫੋਨ ਕਰ ਬੈਠਾ, ਉਹ ਅੱਗਿਉਂ ਪੂਰਾ ਗਰਮ:
“æææਕੱਢ ਲਈ ਅੱਗ, ਤੂੰ ਤੋਰਦੈਂ ਸਾਨੂੰ ਸੜਕਾਂ ‘ਤੇ, ਵੇਖਾਂਗੇ ਵੱਡੇ ਪੱਤਰਕਾਰ ਨੂੰ। ਤੇਰੇ ਕੋਲ ਟੁੱਟੀ ਜਿਹੀ ਮਾਰੂਤੀ ਕਾਰ ਐ, ਟੱਕਰ ਮਾਰ ਕੇ ਨਹਿਰ ਵਿਚ ਸੁੱਟ ਦਾਂ’ਗੇæææ।”
“ਗਾਇਕ ਗਾਉਂਦੇ ਤਾਂ ਸੀ, ਬੰਦੇ ਮਾਰਦੇ ਵੀ ਅੱਖੀਂ ਵੇਖਾਂਗੇæææ।” ਪਰ ਉਹ ਮੇਰੀ ਗੱਲ ਸੁਣਨ ਤੋਂ ਪਹਿਲਾਂ ਹੀ ਫੋਨ ਕੱਟ ਗਿਆ ਸੀ।
ਫਿਰ ਵੀ ਮੈਂ ਹੰਸ ਨੂੰ ਮੁਹੱਬਤ ਤਾਂ ਕਰਦਾ ਰਿਹਾ ਹਾਂ ਕਿ ਉਹ ਅੰਦਰੋਂ ਨਹੀਂ ਕੁਝ ਕਹਿ ਸਕਦਾæææਸਤਨਾਮ ਮਾਣਕ ਮੇਰੇ ਕੈਰੀਅਰ ਦਾ ਮਾਰਗ ਦਰਸ਼ਕ ਰਿਹਾ ਹੈ।
ਅਸਲ ਵਿਚ ਹੁਸਨ ਨਹੀਂ, ਹੁਸਨ ਦੇ ਜਲਵੇ ਹੀ ਚੇਤੇ ਰੱਖਣੇ ਚਾਹੀਦੇ ਹਨ।
ਗੱਲ ਬਣੀ ਕਿ ਨਹੀਂ
ਐਸ ਅਸ਼ੋਕ ਭੌਰਾ
ਗੂੰਗੀ ਦੇ ਵੈਣ
ਇਹ ਚਾਲ ਸਮੇਂ ਦੀ ਕਹਿੰਦੀ ਆ, ਕੋਈ ਆਪਾਂ ਵੀ ਵਲ ਛਲ ਕਰੀਏ।
ਪਰ ਦਿਲ ਆਖਦਾ ਇਹ ਚੰਦਰਾ, ਨਹੀਂ! ਬੰਦਿਆਂ ਵਾਲੀ ਗੱਲ ਕਰੀਏ।
ਜੇ ਹਾਲੇ ਮਨੁੱਖਤਾ ਜਿਉਂਦੀ ਹੈ, ਕੁਝ ਬਰਕਤਾਂ ਨੇ ਇਮਾਨ ਦੀਆਂ।
ਇਹ ਬੇਈਮਾਨ ਤਾਂ ਚਾਹੁੰਦੇ ਨੇ, ਹਰ ਪਾਸੇ ਹੀ ਜਲ ਥਲ ਕਰੀਏ।
ਜੇ ਰੋਜ਼ ਹੀ ਮਰਨਾ ਪੈਂਦਾ ਹੈ, ਤੇ ਜਿਉਂਣੇ ਦਾ ਕੋਈ ਰਸਤਾ ਨਹੀਂ।
ਇਹ ਬਿਨ ਮਰਜ਼ੋਂ ਹੀ ਮਰਨੇ ਦਾ, ਕੋਈ ਆਖਰ ਨੂੰ ਤਾਂ ਹੱਲ ਕਰੀਏ,
ਇਹ ਲੋਕ ਦੁਹਾਈਆਂ ਤਾਂ ਦੇਂਦੇ, ਚਹੁੰ ਪਾਸੀਂ ਜ਼ਖਮ ਅਵੱਲੇ ਨੇ।
ਇਹ ਕਾਫਰ ਕਾਹਤੋਂ ਕਾਬਜ਼ ਨੇ, ਕੋਈ ਹਾਜੀ ਮੱਕੇ ਵੱਲ ਕਰੀਏ।
ਬੋਲੇ ਤੋਂ ਅੰਨ੍ਹੀਂ ਮੂਹਰੇ ਹੈ, ‘ਤੇ ਵੈਣ ਪਵਾਉਂਦੇ ਗੂੰਗੀ ਤੋਂ।
ਵਿਹਲੜ ਵੀ ਰੁੱਝੇ ਦੱਸਦੇ ਨੇ, ਜੇ ਗੱਲ ਕਰੀਏ ਕਿਸ ਪਲ ਕਰੀਏ।
ਇਹ ਚੁੱਪ ਬੁਰੀ ਕੁਝ ਕਹਿਣੇ ਤੋਂ, ਚੁਪ ਰਹਿ ਕੇ ‘ਭੌਰੇ’ ਸਰਨਾ ਨਹੀਂ।
ਗੱਲ ਆਖਰ ਕਰਨੀ ਪੈਣੀ ਐ, ਭਾਵੇਂ ਅੱਜ ਕਰੀਏ ਭਾਵੇਂ ਕੱਲ੍ਹ ਕਰੀਏ।