ਮੇਰੇ ਪਿੰਡ ਦਾ ਇਮਾਨਦਾਰ ਅਫਸਰ

ਜਸਵੰਤ ਸਿੰਘ ਸੰਧੂ (ਘਰਿੰਡਾ)
ਯੂਨੀਅਨ ਸਿਟੀ, ਕੈਲੀਫੋਰਨੀਆ
ਫੋਨ: 510-516-5971
ਕਹਾਵਤ ਹੈ, ਜਿਹੀ ਸੰਗਤ ਤਿਹੀ ਰੰਗਤ; ਭਾਵ ਜਿਹੋ ਜਿਹਾ ਬੰਦੇ ਨੂੰ ਮਾਹੌਲ ਮਿਲਦਾ ਹੈ, ਉਹੋ ਜਿਹੇ ਉਸ ਦੇ ਵਿਚਾਰ ਬਣ ਜਾਂਦੇ ਹਨ। ‘ਸਾਡੇ ਵਾਰਸ’ ਕਿਤਾਬ ਦੀ ਭੂਮਿਕਾ ਵਿਚ ਸ਼ ਗੁਰਬਖਸ਼ ਸਿੰਘ ‘ਪ੍ਰੀਤ ਲੜੀ’ ਲਿਖਦੇ ਹਨ, “ਕਈ ਵਾਰ ਤੁਸਾਂ ਕਿਸੇ ਆਦਮੀ ਨੂੰ ਹੱਥਕੜੀਆਂ ਲਾ ਕੇ ਪੁਲਿਸ ਵਾਲਿਆਂ ਨੂੰ ਬਾਜ਼ਾਰ ਵਿਚ ਲਈ ਜਾਂਦਿਆਂ ਵੇਖਿਆ ਹੋਵੇਗਾ, ਇਹ ਵੀ ਕਦੀ ਪੁੱਤਰ-ਸਹਿਕਦੀਆਂ ਮਾਂਵਾਂ ਨੂੰ ਜੰਮੇ ਸਨ ਪਰ ਮਾੜੀ ਸੰਗਤ ਕਾਰਨ ਉਹ ਜਰਾਇਮ-ਪੇਸ਼ਾ ਬਣ ਗਏ।

ਇਸ ਵਿਚ ਇਨ੍ਹਾਂ ਦਾ ਕੋਈ ਕਸੂਰ ਨਹੀਂ। ਸਮਾਜ ਅਤੇ ਮਾਪੇ ਉਨ੍ਹਾਂ ਨੂੰ ਸਹੀ ਅਗਵਾਈ ਨਾ ਦੇ ਸਕੇ ਜਿਸ ਕਾਰਨ ਉਨ੍ਹਾਂ ਨੂੰ ਇਸ ਅਵਸਥਾ ਵਿਚੋਂ ਗੁਜ਼ਰਨਾ ਪਿਅ।”
ਸੁਰਜੀਤ ਸਿੰਘ ਦਾ ਬਾਪ ਸੇਵਾ ਮੁਕਤ ਫੌਜੀ ਸੀ। ਸਾਰਾ ਪਿੰਡ ਉਹਨੂੰ ਹੌਲਦਾਰ ਆਖਦਾ। ਸੇਵਾ ਮੁਕਤ ਹੋ ਕੇ ਉਸ ਨੇ ਜੱਦੀ ਕੰਮ ਖੇਤੀਬਾੜੀ ਸ਼ੁਰੂ ਕਰ ਲਈ। ਉਹ ਅਸੂਲਪ੍ਰਸਤ, ਇਮਾਨਦਾਰ ਆਦਮੀ ਸੀ। ਆਪਸ ਵਿਚ ਖਿਆਲ ਮਿਲਣ ਕਰ ਕੇ ਉਹ ਮੇਰੇ ਪਿਤਾ ਜੀ ਦਾ ਗੂੜ੍ਹਾ ਮਿੱਤਰ ਸੀ। ਦੋਵੇਂ ਘੰਟਿਆਂ ਬੱਧੀ ਗੱਲਾਂ ਕਰਦੇ ਰਹਿੰਦੇ। ਉਸ ਨੇ ਖੇਤੀ ਦੇ ਸਾਰੇ ਸੰਦ ਬਣਾਏ ਹੋਏ ਸਨ। ਉਹ ਨਾ ਕਿਸੇ ਕੋਲੋਂ ਸੰਦ ਮੰਗਦਾ ਸੀ ਤੇ ਨਾ ਹੀ ਕਿਸੇ ਨੂੰ ਮੰਗਿਆਂ ਦਿੰਦਾ ਸੀ। ਹਾਂ, ਜੇ ਉਹ ਕਿਸੇ ਆਦਮੀ ਨੂੰ ਆਪਣੇ ਮੁਤਾਬਕ ਸਹੀ ਸਮਝੇ ਤਾਂ ਉਸ ਨੂੰ ਮੰਗਣ ‘ਤੇ ਦੇ ਵੀ ਦਿੰਦਾ ਸੀ।
ਅਜਿਹੇ ਬਾਪ ਦੀ ਛਤਰ ਛਾਇਆ ਹੇਠ ਪਲਿਆ ਸੁਰਜੀਤ ਸਿੰਘ ਵੀ ਇਮਾਨਦਾਰ ਤੇ ਅਸੂਲਪ੍ਰਸਤ ਬਣ ਗਿਆ। ਬੀæਏæ ਕਰ ਕੇ ਪੁਲਿਸ ਵਿਚ ਭਰਤੀ ਹੋ ਗਿਆ ਅਤੇ ਤਰੱਕੀ ਕਰਦਾ ਸਬ-ਇੰਸਪੈਕਟਰ ਬਣ ਗਿਆ। ਜਦ ਜੁਲਾਈ 1976 ਵਿਚ ਭਾਰਤ ਪਾਕਿਸਤਾਨ ਦਰਮਿਆਨ ‘ਸਮਝੌਤਾ ਐਕਸਪ੍ਰੈਸ’ ਚੱਲੀ, ਉਸ ਦੀ ਡਿਊਟੀ ਅਟਾਰੀ ਰੇਲਵੇ ਸਟੇਸ਼ਨ ਦੀ ਲੱਗ ਗਈ। ਗੱਡੀ ਆਉਣ ਤੋਂ ਪਹਿਲਾਂ ਉਹ ਆਪਣੇ ਕਾਊਂਟਰ ‘ਤੇ ਆ ਬੈਠਦਾ। ਮੈਂ ਜਦ ਸਕੂਲੋਂ ਛੁੱਟੀ ਕਰ ਕੇ ਅਟਾਰੀ ਜਾਂਦਿਆਂ ਰੇਲਵੇ ਸਟੇਸ਼ਨ ਦੇ ਦੂਜੇ ਪਲੇਟ ਫਾਰਮ ਰਾਹੀਂ ਆਪਣੇ ਲੜਕੇ ਆਤਮਜੀਤ ਨੂੰ ਸਾਈਕਲ ਦੀ ਟੋਕਰੀ ਵਿਚ ਬਿਠਾ ਕੇ ਜਾ ਰਿਹਾ ਹੁੰਦਾ, ਉਸ ਨੇ ਮੈਨੂੰ ਆਵਾਜ਼ ਮਾਰ ਕੇ ਆਪਣੇ ਪਾਸ ਬਿਠਾ ਕੇ ਗੱਲਾਂ ਸ਼ੁਰੂ ਕਰ ਦੇਣੀਆਂ, “ਮਾਸਟਰ ਜੀ। ਟੀਚਰਾਂ ਦੇ ਬੱਚੇ ਹਮੇਸ਼ਾ ਲਾਇਕ ਨਿਕਲਦੇ ਹਨ। ਮਨੁੱਖ ਨਹੀਂ ਜਿਉਂਦਾ, ਉਸ ਦੇ ਐਕਸ਼ਨ ਜਿਉਂਦੇ ਹਨ।” ਉਸ ਤੋਂ ਬਗੈਰ ਸਾਰੇ ਕਸਟਮਜ਼ ਤੇ ਇਮੀਗਰੇਸ਼ਨ ਵਾਲੇ, ਕੁਲੀਆਂ ਰਾਹੀਂ ਰਿਸ਼ਵਤ ਲੈਂਦੇ ਸਨ। ਸਾਡੇ ਇਲਾਕੇ ਵਿਚ ਕੁਲੀਆਂ ਦੀ ਅਮੀਰੀ ਦੀਆਂ ਧੁੰਮਾਂ ਪੈ ਗਈਆਂ। ਕਈਆਂ ਨੇ ਮਾੜੇ ਕਿਸਾਨਾਂ ਦੀਆਂ ਜ਼ਮੀਨਾਂ ਗਹਿਣੇ, ਬੈਅ ਲੈਣੀਆਂ ਸ਼ੁਰੂ ਕਰ ਦਿੱਤੀਆਂ। ਕਈ ਕਿਸਾਨਾਂ ਨੇ ਆਪਣੀਆਂ ਜ਼ਮੀਨਾਂ ਗਹਿਣੇ ਪਾ ਕੇ ਆਪਣੇ ਮੁੰਡੇ ਰੇਲਵੇ ਸਟੇਸ਼ਨ ‘ਤੇ ਕੁਲੀ ਰਖਵਾਏ। ਜਿਨ੍ਹਾਂ ਕੋਲ ਟੁੱਟਾ ਸਾਈਕਲ ਨਹੀਂ ਸੀ ਹੁੰਦਾ, ਉਨ੍ਹਾਂ ਬੁਲਟ ਮੋਟਰਸਾਈਕਲ ਖਰੀਦ ਲਏ।
ਅਸਲ ਵਿਚ ਪਾਕਿਸਤਾਨੋਂ ਆਈਆਂ ਸਵਾਰੀਆਂ ਆਪਣਾ ਦੋ ਨੰਬਰ ਦਾ ਮਾਲ ਲੰਘਾਉਣ ਵਾਸਤੇ ਕੁਲੀਆਂ ਨਾਲ ਸੌਦਾ ਕਰਦੀਆਂ। ਕੁਲੀ ਜੇ ਸਵਾਰੀ ਨਾਲ ਦਸ ਹਜ਼ਾਰ ਦਾ ਸੌਦਾ ਕਰਦਾ, ਕਸਟਮ ਵਾਲਿਆਂ ਨੂੰ ਪੰਜ ਹਜ਼ਾਰ ਦੱਸਦਾ ਤੇ ਪੰਜ ਹਜ਼ਾਰ ਆਪਣੀ ਜੇਬ ਵਿਚ ਪਾ ਲੈਂਦਾ। ਉਹ ਕਿਰਾਏ ਦੀ ਕਾਰ ਕਰ ਕੇ ਅੰਮ੍ਰਿਤਸਰ ਦੇ ਵਧੀਆ ਹੋਟਲ ਵਿਚ ਪਹਿਲਾਂ ਤੀਜਾ ਨੇਤਰ ਖੋਲ੍ਹਦੇ ਤੇ ਵਧੀਆ ਖਾਣਾ ਖਾ ਕੇ ਦੇਰ ਰਾਤ ਪਿੰਡ ਵੜਦੇ। ਸੁਰਜੀਤ ਸਿੰਘ ਨੇ ਦੱਸਣਾ ਕਿ ਇਹ ਜਿਹੜੇ ਕੁਲੀ ਤਾਸ਼ ਖੇਡ ਰਹੇ ਨੇ, ਸ਼ਰਾਬਾਂ ਪੀ ਰਹੇ ਨੇ ਅਤੇ ਕਸਟਮ ਵਾਲੇ ਆਪਣੇ ਕਾਊਂਟਰਾਂ ‘ਤੇ ਬੈਠੇ ਨੇ, ਜਦ ਸਮਝੌਤਾ ਐਕਸਪ੍ਰੈਸ ਸਟੇਸ਼ਨ ‘ਤੇ ਆਈ, ਇਨ੍ਹਾਂ ਨੇ ਸਵਾਰੀਆਂ ਨੂੰ ਚਾਕੂ-ਛੁਰੀਆਂ ਲੈ ਕੇ ਜਿਬ੍ਹਾ (ਰਿਸ਼ਵਤ ਲੈਣੀ) ਕਰਨਾ ਸ਼ੁਰੂ ਕਰ ਦੇਣਾ ਹੈ। ਸਵਾਰੀਆਂ ਵੀ ਨਾਜਾਇਜ਼ ਸਾਮਾਨ ਲੰਘਾਉਣ ਲਈ ਰਿਸ਼ਵਤ ਦਿੰਦੀਆਂ ਹਨ, ਪਰ ਕਈ ਸੱਚੇ ਵੀ ਹੁੰਦੇ ਹਨ।
ਇਕ ਦਿਨ ਕੋਈ ਦਾੜ੍ਹੀਵਾਲਾ ਬਜ਼ੁਰਗ ਮੁਸਲਮਾਨ ਇਨ੍ਹਾਂ ਦੇ ਕਾਬੂ ਆ ਗਿਆ। ਉਹ ਆਦਮੀ ਸੱਚਾ ਸੀ, ਪਰ ਇਹ ਉਸ ਕੋਲੋਂ ਵੀ ਰਿਸ਼ਵਤ ਮੰਗਦੇ ਸਨ। ਮੈਂ ਇੰਸਪੈਕਟਰ ਨੂੰ ਕਿਹਾ, ਤੁਸੀਂ ਇਸ ਨੇਕ ਆਦਮੀ ਨੂੰ ਕਿਉਂ ਪ੍ਰੇਸ਼ਾਨ ਕਰਦੇ ਹੋ? ਇਸ ਦੇ ਸਾਮਾਨ ਤੇ ਦਸਤਾਵੇਜ਼ ਵਿਚ ਵੀ ਕੁਝ ਵੀ ਗਲਤ ਨਹੀਂ ਹੈ। ਇੰਸਪੈਕਟਰ ਨਾਲ ਮੇਰੀ ਤੂੰ-ਤੂੰ, ਮੈਂ-ਮੈਂ ਹੋ ਗਈ। ਜਦ ਗੱਲ ਵਧ ਗਈ ਤਾਂ ਮੈਂ ਕਿਹਾ, “ਤੁਸੀਂ ਇਨ੍ਹਾਂ ਸਵਾਰੀਆਂ ਦਾæææਖਾਂਦੇ ਹੋ, ਮੈਂ ਨਹੀਂ ਖਾਂਦਾ। ਮੈਂ ਉਸ ਦੇ ਕਾਗਜ਼ਾਂ ‘ਤੇ ਕਲੀਅਰੈਂਸ ਦੀ ਮੋਹਰ ਲਾ ਕੇ ਉਸ ਨੂੰ ਵਿਦਾ ਕੀਤਾ। ਉਹ ਮੇਰੇ ਪੈਰ ਫੜੀ ਜਾਵੇ ਤੇ ਕਹੀ ਜਾਵੇ, ਤੁਸੀਂ ਗੁਰੂ ਬਾਬਾ ਨਾਨਕ ਦੇ ਸੱਚੇ ਸਿੱਖ ਹੋ, ਖੁਦਾ ਤੁਹਾਡਾ ਭਲਾ ਕਰੇ।”
ਅੰਮ੍ਰਿਤਸਰ ਦੇ ਐਸ਼ਪੀæ ਦੇ ਦਫਤਰ ਵਿਚ ਉਹ ਓæਐਚæਸੀæ (ਔਰਡਰਲੀ ਹੈਡ ਕੌਂਸਟੇਬਲ) ਲੱਗਾ ਹੋਇਆ ਸੀ ਜੋ ਸਾਰੇ ਜ਼ਿਲ੍ਹੇ ਦੇ ਪੁਲਿਸ ਮੁਲਾਜ਼ਮਾਂ ਦੀਆਂ ਬਦਲੀਆਂ ਕਰਦਾ ਹੈ। ਐਸ਼ਪੀæ ਨੇ ਕਿਸੇ ਸਿਫ਼ਾਰਸ਼ੀ ਥਾਣੇਦਾਰ ਦੀ ਬਦਲੀ ਕਰਨ ਵਾਸਤੇ ਕਿਹਾ। ਸੁਰਜੀਤ ਸਿੰਘ ਨੇ ਉਸ ਥਾਣੇਦਾਰ ਦਾ ਨੰਬਰ ਬਦਲੀਆਂ ਵਾਲੇ ਰਜਿਸਟਰ ਵਿਚ ਵੇਖਿਆ, ਡੇਢ ਸੌ ਮੁਲਾਜ਼ਮਾਂ ਤੋਂ ਥੱਲੇ ਸੀ। ਸੁਰਜੀਤ ਨੇ ਕਿਹਾ, “ਸਰ! ਇਸ ਦੀ ਬਦਲੀ ਨਹੀਂ ਹੋ ਸਕਦੀ ਕਿਉਂਕਿ ਇਸ ਤੋਂ ਡੇਢ ਸੌ ਮੁਲਾਜ਼ਮ ਸੀਨੀਅਰ ਹਨ।”
ਐਸ਼ਪੀæ ਨੇ ਇਸ ਨੂੰ ਹੁਕਮ-ਅਦੂਲੀ ਸਮਝਿਆ ਤੇ ਗੁੱਸੇ ਵਿਚ ਆ ਕੇ ਕਿਹਾ, “ਗੋ ਟੂ ਦਿ ਲਾਈਨ!” ਸੁਰਜੀਤ ਸਿੰਘ ਨੇ ਮਾਰਿਆ ਕੱਛੇ ਬਿਸਤਰਾ, ਤੇ ਲਾਈਨ ਚਲਾ ਗਿਆ। ਜਦ ਦੋ ਘੰਟੇ ਬਾਅਦ ਐਸ਼ਪੀæ ਨੂੰ ਸੁਰਜੀਤ ਸਿੰਘ ਦੀ ਲੋੜ ਪਈ, ਉਹਨੇ ਸੰਤਰੀ ਨੂੰ ਕਿਹਾ, “ਸੁਰਜੀਤ ਸਿੰਘ ਨੂੰ ਬੁਲਾਈਂ।” ਅੱਗਿਉਂ ਸੰਤਰੀ ਨੇ ਕਿਹਾ, “ਸਰ! ਉਹ ਤਾਂ ਉਦੋਂ ਹੀ ਲਾਈਨ ਨੂੰ ਚਲਾ ਗਿਆ ਸੀ।” ਐਸ਼ਪੀæ ਨੇ ਮੱਥੇ ‘ਤੇ ਹੱਥ ਮਾਰਿਆ, “ਪਤਾ ਨਹੀਂ ਇਹ ਬੰਦਾ ਕਿਸ ਮਿੱਟੀ ਦਾ ਬਣਿਆ ਹੈ?æææਫੋਨ ਕਰ ਕੇ ਉਸ ਨੂੰ ਵਾਪਸ ਬੁਲਾ, ਮੈਂ ਬਦਲੀ ਵਾਸਤੇ ਨਹੀਂ ਕਹਿੰਦਾ।”
ਜਦੋਂ ਉਹ ਕਿਸੇ ਪਿੰਡ ਤਫ਼ਤੀਸ਼ ਲਈ ਜਾਂਦੇ, ਛੋਲਿਆਂ ਦਾ ਛੋਟਾ ਪੈਕਟ ਆਪਣੀ ਬੋਝੇ ਵਿਚ ਰੱਖਦੇ। ਜਦੋਂ ਭੁੱਖ ਲਗਦੀ, ਛੋਲੇ ਖਾ ਕੇ ਨਲਕਾ ਗੇੜ ਕੇ ਪਾਣੀ ਪੀ ਲੈਂਦੇ; ਕਿਸੇ ਕੋਲੋਂ ਰੋਟੀ ਖਾਣ ਦੀ ਗੱਲ ਤਾਂ ਬਹੁਤ ਦੂਰ ਦੀ ਸੀ। ਉਨ੍ਹਾਂ ਦਾ ਕਹਿਣਾ ਸੀ, “ਸਾਡਾ ਕੋਈ ਹੱਕ ਨਹੀਂ ਕਿ ਅਸੀਂ ਜਿਸ ਬੰਦੇ ਦੀ ਤਫ਼ਤੀਸ਼ ਕਰ ਰਹੇ ਹਾਂ, ਉਸ ਪਾਸੋਂ ਰੋਟੀ ਖਾਈਏ। ਤਫ਼ਤੀਸ਼ ਕਿਵੇਂ ਨਿਰਪੱਖ ਹੋਵੇਗੀ?”
ਸ਼ ਗੁਰਸ਼ਰਨ ਸਿੰਘ ਜੇਜੀ ਅੰਮ੍ਰਿਤਸਰ ਦੇ ਐਸ਼ਐਸ਼ਪੀæ ਬਣ ਕੇ ਆਏ ਤਾਂ ਉਨ੍ਹਾਂ ਸੁਰਜੀਤ ਸਿੰਘ ਦੀ ਇਮਾਨਦਾਰੀ ਬਾਰੇ ਸੁਣਿਆ। ਸ਼ ਜੇਜੀ ਖੁਦ ਇਨਸਾਫ਼-ਪਸੰਦ ਅਫਸਰ ਸਮਝੇ ਜਾਂਦੇ ਸਨ। ਉਨ੍ਹਾਂ ਸੁਰਜੀਤ ਸਿੰਘ ਦੀ ਇਮਾਨਦਾਰੀ ਨੂੰ ਮੁੱਖ ਰੱਖਦਿਆਂ ਏæਐਸ਼ਆਈæ ਦੇ ਕੋਰਸ ਲਈ ਫਿਲੌਰ ਭੇਜਣਾ ਚਾਹਿਆ। ਉਸ ਵਕਤ 45 ਪੁਲਿਸ ਵਾਲਿਆਂ ਨੂੰ ਏæਐਸ਼ਆਈæ ਦੀ ਟ੍ਰੇਨਿੰਗ ਲਈ ਫਿਲੌਰ ਭੇਜਿਆ ਜਾਣਾ ਸੀ। ਸ਼ ਜੇਜੀ ਨੇ ਸੁਰਜੀਤ ਸਿੰਘ ਨੂੰ ਦਫਤਰ ਸੱਦਿਆ ਤੇ ਫਿਲੌਰ ਭੇਜਣ ਦੀ ਸੂਚਨਾ ਦਿੱਤੀ। ਸੁਰਜੀਤ ਸਿੰਘ ਦਾ ਜਵਾਬ ਸੀ, “ਸਰ! ਜੇ ਤੁਸੀਂ ਕਿਸੇ ਦਾ ਨੰਬਰ ਕੱਟ ਕੇ ਮੈਨੂੰ ਭੇਜਣਾ ਹੈ ਤਾਂ ਮੈਂ ਨਹੀਂ ਜਾਣਾ।” ਜੇਜੀ ਦਾ ਜਵਾਬ ਸੀ, “ਨਹੀਂ, ਮੈਂ ਤੈਨੂੰ ਸਪੈਸ਼ਲ ਕੋਟੇ ਵਿਚ ਭੇਜ ਰਿਹਾ ਹਾਂ।” ਪੱਕ ਹੋਣ ਪਿਛੋਂ ਹੀ ਸੁਰਜੀਤ ਸਿੰਘ ਫਿਲੌਰ ਜਾਣ ਵਾਸਤੇ ਤਿਆਰ ਹੋਇਆ।
ਥਾਣਾ ਡੀ ਡਿਵੀਜ਼ਨ ਅੰਮ੍ਰਿਤਸਰ ਦੀ ਗੱਲ ਹੈ, ਸੁਰਜੀਤ ਸਿੰਘ ਮੁਹੱਰਰ ਹੈਡ ਕੌਂਸਟੈਬਲ ਲੱਗਾ ਹੋਇਆ ਸੀ। ਦੋ ਨੰਬਰ ਦਾ ਕੰਮ ਕਰਨ ਵਾਲਾ ਇਕ ਆਦਮੀ ਫੜ ਕੇ ਹਵਾਲਾਤ ਵਿਚ ਬੰਦ ਕਰ ਦਿੱਤਾ। ਉਸ ਦੇ ਵਾਰਸਾਂ ਨੇ ਆਪਣਾ ਆਦਮੀ ਛੁਡਾਉਣ ਲਈ ਰਿਸ਼ਵਤ ਦੀ ਪੇਸ਼ਕਸ਼ ਕੀਤੀ। ਸੁਰਜੀਤ ਸਿੰਘ ਨੂੰ ਬਹੁਤ ਗੁੱਸਾ ਆਇਆ, ਕਿਹਾ, “ਸੰਤਰੀ, ਇਨ੍ਹਾਂ ਨੂੰ ਵੀ ਹੁਣੇ ਹਵਾਲਾਤ ਵਿਚ ਬੰਦ ਕਰ ਦੇ।” ਵਾਰਸਾਂ ਨੇ ਮਿੰਨਤਾਂ ਕਰ ਕੇ ਮਸਾਂ ਜਾਨ ਛੁਡਾਈ। ਪੇਂਡੂ ਇਲਾਕੇ ਦੀ ਇਕ ਪੁਲਿਸ ਚੌਕੀ ਵਿਚ ਇੰਚਾਰਜ ਲੱਗੇ ਹੋਏ ਸਨ। ਕਿਸੇ ਮੁਖਬਰ ਨੇ ਆ ਕੇ ਕਿਸੇ ਦੇ ਘਰ ਸ਼ਰਾਬ ਹੋਣ ਦੀ ਇਤਲਾਹ ਦਿੱਤੀ। ਸੁਰਜੀਤ ਸਿੰਘ ਦੱਸੇ ਹੋਏ ਘਰ ਪਹੁੰਚਿਆ। ਘਰ ਦੀ ਕੋਈ ਚਾਰਦੀਵਾਰੀ ਨਹੀਂ ਸੀ। ਗਰੀਬ ਆਦਮੀ ਦਾ ਇਕ ਹੀ ਕਮਰਾ ਸੀ। ਘਰ ਵਾਲਾ ਮਿੰਨਤਾਂ ਕਰੀ ਜਾਵੇ ਕਿ ਉਹ ਸ਼ਰਾਬ ਨਹੀਂ ਵੇਚਦਾ, ਕਿਸੇ ਨੇ ਝੂਠਾ ਇਲਜ਼ਾਮ ਲਾਇਆ ਹੈ। ਪੰਚਾਇਤ ਨੇ ਵੀ ਉਸ ਦੇ ਨਿਰਦੋਸ਼ ਹੋਣ ਦੀ ਹਾਮੀ ਭਰੀ। ਸੁਰਜੀਤ ਸਿੰਘ ਨੂੰ ਯਕੀਨ ਹੋ ਗਿਆ ਕਿ ਇਹ ਇਸ ਗਰੀਬ ਆਦਮੀ ਨੂੰ ਨਾਜਾਇਜ਼ ਫਸਾਉਣ ਦੀ ਸਾਜ਼ਿਸ਼ ਹੈ। ਉਸ ਨੇ ਮੁਖਬਰ ਨੂੰ ਉਥੇ ਹੀ ਢਾਹ ਲਿਆ। ਮੁਖਬਰ ਮੰਨ ਵੀ ਗਿਆ ਕਿ ਉਹਨੇ ਆਪ ਹੀ ਇਸ ਦੇ ਵਿਹੜੇ ਵਿਚ ਸ਼ਰਾਬ ਦੱਬੀ ਸੀ। ਉਸ ਦੇ ਹੱਥੀਂ ਜ਼ਮੀਨ ਪੁਟਵਾਈ ਅਤੇ ਮੁਕੱਦਮਾ ਦਰਜ ਕਰ ਕੇ ਉਹਨੂੰ ਜੇਲ੍ਹ ਭੇਜ ਦਿੱਤਾ।
ਤਰਨ ਤਾਰਨ ਸਦਰ ਥਾਣੇ ਦੀ ਗੱਲ ਹੈ। ਡੀæਐਸ਼ਪੀæ ਨੇ ਸੁਰਜੀਤ ਸਿੰਘ ਨੂੰ ਕਿਹਾ, “ਕਿਸੇ ਸਾਮੀ ਨੂੰ ਕਹਿ ਕੇ ਮੇਰੇ ਘਰ 22 ਬੋਰੀਆਂ ਸੀਮੈਂਟ ਭੇਜ ਦੇ।” ਸੁਰਜੀਤ ਸਿੰਘ ਨੇ ਕਿਹਾ, “ਸਰ! ਮੈਂ ਕਿਸੇ ਦਾ ਗਲ ਘੁਟ ਕੇ ਇਹ ਕੰਮ ਨਹੀਂ ਕਰ ਸਕਦਾ।” ਡੀæਐਸ਼ਪੀæ ਨੇ ਉਸ ਦੀ ਸ਼ਿਕਾਇਤ ਐਸ਼ਐਸ਼ਪੀæ ਨੂੰ ਕਰ ਦਿੱਤੀ ਕਿ ਹੁਕਮ-ਅਦੂਲੀ ਕਰਦਾ ਹੈ। ਪੇਸ਼ੀ ਹੋਈ ਤਾਂ ਉਸ ਨੇ ਐਸ਼ਐਸ਼ਪੀæ ਨੂੰ ਕਿਹਾ, “ਸਰ! ਮੈਨੂੰ ਇਹ ਕਹਿੰਦੇ ਨੇ ਕਿ ਕਿਸੇ ਸਾਮੀ ਤੋਂ 22 ਬੋਰੀਆਂ ਸੀਮੈਂਟ ਲੈ ਕੇ ਮੇਰੇ ਘਰ ਭੇਜ ਦੇ। ਮੈਂ ਕਿਸੇ ਤੋਂ ਰਿਸ਼ਵਤ ਨਹੀਂ ਲੈਂਦਾ। ਮੈਂ ਕਾਨੂੰਨ ਅਨੁਸਾਰ ਆਪਣੀ ਨੌਕਰੀ ਕਰਦਾ ਹਾਂ। ਮੈਂ ਇਹ ਕੰਮ ਨਹੀਂ ਕਰ ਸਕਦਾ।” ਐਸ਼ਐਸ਼ਪੀæ ਨੇ ਉਸ ਨੂੰ ਕੁਝ ਨਾ ਕਿਹਾ।
ਯੂæਪੀæ ਬਿਹਾਰ ਤੋਂ ਪਰਵਾਸੀ ਲੋਕ ਮਜ਼ਦੂਰੀ ਕਰਨ ਆਉਂਦੇ ਹਨ, ਅਕਸਰ ਉਹ ਅੰਮ੍ਰਿਤਸਰ ਰੇਲਵੇ ਸਟੇਸ਼ਨ ‘ਤੇ ਹੀ ਆਪਣੀ ਰਿਹਾਇਸ਼ ਰੱਖਦੇ ਹਨ। ਜਦ ਪੁਲਿਸ ਵਾਲਿਆਂ ਦੇ ਮਹੀਨੇ ਦੇ ਕੇਸ ਪੂਰੇ ਨਾ ਹੁੰਦੇ ਤਾਂ ਉਹ ਨੰਗੇ ਪੈਰਾਂ ਵਾਲੇ ਇਨ੍ਹਾਂ ਪਰਵਾਸੀਆਂ ਨੂੰ ਫੜ ਕੇ ਉਨ੍ਹਾਂ ‘ਤੇ ਨਾਜਾਇਜ਼ ਕੇਸ ਪਾ ਕੇ ਮਹੀਨੇ ਦੇ ਕੇਸ ਪੂਰੇ ਕਰ ਲੈਂਦੇ। ਜਦ ਸੁਰਜੀਤ ਸਿੰਘ ਇਸ ਇਲਾਕੇ ਵਿਚ ਆ ਕੇ ਲੱਗਾ, ਉਸ ਨੂੰ ਨੰਗੇ ਪੈਰਾਂ ਵਾਲਿਆਂ ‘ਤੇ ਨਾਜਾਇਜ਼ ਕੇਸ ਪਾਉਣ ਲਈ ਉਪਰਲੇ ਅਫ਼ਸਰ ਨੇ ਕਿਹਾ। ਸੁਰਜੀਤ ਸਿੰਘ ਨੇ ਕਿਹਾ, “ਸਰ! ਉਹ ਵਿਚਾਰੇ ਰੋਜ਼ੀ-ਰੋਟੀ ਤੇ ਬੱਚਿਆਂ ਵਾਸਤੇ ਮਜ਼ਦੂਰੀ ਕਰਨ ਆਉਂਦੇ ਹਨ, ਜੇ ਅਸੀਂ ਨਾਜਾਇਜ਼ ਕੇਸ ਪਾਵਾਂਗੇ ਤਾਂ ਉਨ੍ਹਾਂ ਦੇ ਮਨ ‘ਤੇ ਕੀ ਗੁਜ਼ਰੇਗੀ? ਉਨ੍ਹਾਂ ਸਿਰ ਕਿਹੜੀ ਸ਼ੈਅ ਪਾ ਕੇ ਕੇਸ ਪਾਵਾਂਗੇ?” ਅਫ਼ਸਰ ਨੇ ਕਿਹਾ, “ਅਫੀਮ ਪਾਵਾਂਗੇ।” ਜਦੋਂ ਸੁਰਜੀਤ ਸਿੰਘ ਨੇ ਕਿਹਾ ਕਿ ‘ਅਫੀਮ ਕਿਥੋਂ ਆਵੇਗੀ?’, ਤਾਂ ਅਫਸਰ ਦਾ ਜਵਾਬ ਸੀ, “ਮਾਲਖਾਨੇ ਵਿਚ ਕਿਲੋ ਅਫ਼ੀਮ ਪਈ ਹੈ, ਜਿੰਨੀ ਮਰਜ਼ੀ ਪਾ ਦਿਓ।” ਸੁਰਜੀਤ ਸਿੰਘ ਨੇ ਕਿਹਾ, “ਸਰ! ਫਿਰ ਤਾਂ ਪਹਿਲਾਂ ਪੁਲਿਸ ਖਿਲਾਫ਼ ਅਫ਼ੀਮ ਦਾ ਪਰਚਾ ਦਰਜ ਹੋਣਾ ਚਾਹੀਦਾ ਹੈ।” ਅਫ਼ਸਰ ਪਾਸ ਕੋਈ ਜਵਾਬ ਨਹੀਂ ਸੀ।
ਜਦ ਸੁਰਜੀਤ ਸਿੰਘ ਅਟਾਰੀ ਸਟੇਸ਼ਨ ‘ਤੇ ਲੱਗਾ ਹੋਇਆ ਸੀ, ਉਸ ਵਕਤ ਪਾਕਿਸਤਾਨ ਤੋਂ ਕੱਪੜੇ ਅਤੇ ਅਫ਼ੀਮ ਦੀ ਸਮਗਲਿੰਗ ਹੁੰਦੀ ਸੀ। ਲੋਕ ਇਧਰੋਂ ਝੋਟੇ ਦੇ ਕੇ ਅਫ਼ੀਮ, ਪੇਪਰ ਪ੍ਰਿੰਟ ਤੇ ਫਲੈਟ ਮਾਰਕਾ ਕੱਪੜਾ ਲੈ ਆਉਂਦੇ। ਆਦਮੀ ਕਮੀਜ਼-ਪਜਾਮੇ ਵਾਸਤੇ ਫਲੈਟ ਦਾ ਕੱਪੜਾ ਤੇ ਜ਼ਨਾਨੀਆਂ ਪੇਪਰ ਪ੍ਰਿੰਟ ਦਾ ਕੱਪੜਾ ਆਪਣੇ ਸੂਟਾਂ ਵਾਸਤੇ ਮੰਗਵਾਉਂਦੀਆਂ। ਸਾਡੇ ਪਿੰਡ ਦੇ ਕੁਲੀ ਮੁੰਡੇ ਰਾਹੀਂ ਪੇਪਰ ਪ੍ਰਿੰਟ ਦਾ ਸੂਟ ਸੁਰਜੀਤ ਸਿੰਘ ਦੀ ਮਾਤਾ ਨੇ ਮੰਗਵਾ ਲਿਆ। ਜਦ ਸੁਰਜੀਤ ਸਿੰਘ ਨੂੰ ਪਤਾ ਲੱਗਾ, ਉਸ ਨੇ ਮੁੰਡੇ ਨੂੰ ਸੱਦ ਕੇ ਕਿਹਾ, “ਮੇਰੀ ਮਾਤਾ ਨੂੰ ਜਿਹੜਾ ਸੂਟ ਮੈਥੋਂ ਚੋਰੀ ਲਿਜਾ ਕੇ ਦਿੱਤਾ ਈ, ਵਾਪਸ ਲੈ ਕੇ ਆ; ਨਹੀਂ ਤਾਂ ਮੈਂ ਤੇਰੀ ਸ਼ਿਕਾਇਤ ਕਰ ਕੇ ਕੁਲੀ ਦੀ ਨੌਕਰੀ ਤੋਂ ਕਢਾ ਦਿਆਂਗਾ।” ਉਸ ਮੁੰਡੇ ਨੇ ਅਗਲੇ ਦਿਨ ਹੀ ਸੂਟ ਵਾਪਸ ਲੈ ਆਂਦਾ। ਸੁਰਜੀਤ ਸਿੰਘ ਦੀ ਮਾਤਾ ਨੇ ਬੇਸ਼ੱਕ ਸੂਟ ਪੈਸੇ ਦੇ ਕੇ ਲਿਆ ਸੀ, ਪਰ ਉਹ ਇਹ ਵੀ ਬਰਦਾਸ਼ਤ ਨਹੀਂ ਸੀ ਕਰ ਸਕਦਾ ਕਿ ਉਹਦੇ ਲੱਗੇ ਹੋਣ ਦਾ ਉਹਦੀ ਮਾਤਾ ਮੁੱਲ ਦਾ ਸੂਟ ਵੀ ਮੰਗਾ ਸਕੇ। ਅੱਗੇ ਤੋਂ ਮਾਤਾ ਜੀ ਨੂੰ ਵੀ ਕੋਈ ਚੀਜ਼ ਨਾ ਮੰਗਾਉਣ ਦੀ ਸਖ਼ਤ ਤਾੜਨਾ ਕਰ ਦਿੱਤੀ।
ਜਦ ਸੁਰਜੀਤ ਸਿੰਘ ਇੰਸਪੈਕਟਰ ਬਣ ਕੇ ਜ਼ਿਲ੍ਹਾ ਹੁਸ਼ਿਆਰਪੁਰ ਵਿਚ ਆਉਣ ਲੱਗੇ ਤਾਂ ਰੇਲਵੇ ਸਟੇਸ਼ਨ ਅਟਾਰੀ ਵਾਲਾ ਇੰਸਪੈਕਟਰ, ਜਿਸ ਨਾਲ ਦਾੜ੍ਹੀ ਵਾਲੇ ਮੁਸਲਮਾਨ ਤੋਂ ਸੁਰਜੀਤ ਸਿੰਘ ਦਾ ਝਗੜਾ ਹੋਇਆ ਸੀ, ਵੀ ਡੀæਐਸ਼ਪੀæ ਬਣ ਕੇ ਹੁਸ਼ਿਆਰਪੁਰ ਆਉਣ ਲੱਗਾ, ਸੁਰਜੀਤ ਸਿੰਘ ਨੇ ਸੋਚਿਆ ਕਿ ਬਦਲਾ ਲੈਣ ਲਈ ਉਸ ਉਤੇ ਕੋਈ ਝੂਠੀ ਸਾਜ਼ਿਸ਼ ਕਰ ਕੇ ਸਾਫ ਸੁਥਰੀ ਜ਼ਿੰਦਗੀ ‘ਤੇ ਕੋਈ ਦਾਗ ਨਾ ਲਾ ਦੇਵੇ। ਉਹ ਪ੍ਰੀ-ਮਚਿਓਰ ਸੇਵਾ ਮੁਕਤੀ ਲੈ ਕੇ ਘਰ ਆ ਗਿਆ। ਉਸ ਵਕਤ ਜ਼ਿਲ੍ਹਾ ਹੁਸ਼ਿਆਰਪੁਰ ਦੇ ਐਸ਼ਐਸ਼ਪੀæ ਸ਼ ਪ੍ਰੀਤਮ ਸਿੰਘ ਹੁਰਾਅ ਸਨ। ਸੁਰਜੀਤ ਸਿੰਘ ਦੀ ਇਮਾਨਦਾਰੀ ਦੀ ਮਿਸਾਲ ਦਿੰਦਿਆਂ ਉਨ੍ਹਾਂ ਕਿਹਾ ਸੀ, “ਅਸੀਂ ਸੁਰਜੀਤ ਸਿੰਘ ਦੇ ਸਿਰ ‘ਤੇ ਸਹੁੰ ਖਾਣ ਜੋਗੇ ਤਾਂ ਹੈਗੇ ਆ ਨਾ, ਕਿ ਸਾਡੀ ਪੁਲਿਸ ਇਮਾਨਦਾਰ ਹੈ ਤੇ ਰਿਸ਼ਵਤ ਨਹੀਂ ਲੈਂਦੀ।”
ਸੁਰਜੀਤ ਸਿੰਘ 2011 ਵਿਚ 85 ਸਾਲ ਉਮਰ ਭੋਗ ਕੇ ਇਸ ਦੁਨੀਆਂ ਨੂੰ ਅਲਵਿਦਾ ਕਹਿ ਗਏ, ਪਰ ਲੋਕਾਂ ਦੇ ਮਨਾਂ ਵਿਚ ਉਹ ਅੱਜ ਵੀ ਜ਼ਿੰਦਾ ਹਨ, ਉਨ੍ਹਾਂ ਦੇ ਚੰਗੇ ਕੰਮ ਜ਼ਿੰਦਾ ਹਨ।