ਗੁਰਮਤਿ ਅਤੇ ਸਿੱਖ ਧਰਮ

ਹਾਕਮ ਸਿੰਘ
ਗੁਰੂ ਗ੍ਰੰਥ ਸਾਹਿਬ ਦੀ ਬਾਣੀ ਸਿੱਖ ਧਰਮ ਦੀ ਬੁਨਿਆਦ ਮੰਨੀ ਜਾਂਦੀ ਹੈ। ਸਿੱਖ ਧਾਰਮਕ ਸੰਸਥਾਵਾਂ ਆਪਣੀਆਂ ਗਤੀਵਿਧੀਆਂ ਨੂੰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਉਪਦੇਸ਼ ਦੇ ਅਨੁਕੂਲ ਹੋਣ ਦਾ ਦਾਅਵਾ ਕਰਦੀਆਂ ਹਨ। ਉਨ੍ਹਾਂ ਦਾ ਦਾਅਵਾ ਸਹੀ ਨਹੀਂ ਹੈ ਕਿਉਂਕਿ ਉਨ੍ਹਾਂ ਦੇ ਆਗੂਆਂ ਦੀ ਸੋਚ ਅਤੇ ਵਿਹਾਰ ਵਿਚ ਗੁਰਬਾਣੀ ਦੀ ਅਧਿਆਤਮਕ ਵਿਚਾਰਧਾਰਾ ਨਾਲੋਂ ਬਹੁਤ ਅੰਤਰ ਹੈ।

ਇਸ ਦੇ ਦੋ ਕਾਰਨ ਹਨ: ਇਕ, ਸਿੱਖ ਜਥੇਬੰਦੀਆਂ ਦੇ ਬਹੁਤੇ ਆਗੂਆਂ ਵਿਚ ਗੁਰਬਾਣੀ ਉਪਦੇਸ਼ ਦੀ ਸੂਝ ਦੀ ਘਾਟ ਹੈ, ਅਤੇ ਦੂਜਾ, ਜਿਨ੍ਹਾਂ ਨੂੰ ਗੁਰਬਾਣੀ ਉਪਦੇਸ਼ ਦੀ ਸੂਝ ਹੈ, ਉਹ ਉਸ ਉਪਦੇਸ਼ ਨੂੰ ਜੀਵਨ ਵਿਚ ਧਾਰਨ ਕਰਨ ਦੀ ਹਿੰਮਤ ਨਹੀਂ ਜੁਟਾ ਪਾਉਂਦੇ।
ਸਿੱਖ ਧਰਮ ਵਿਚ ਗੁਰਬਾਣੀ ਉਪਦੇਸ਼ ਦੀ ਸੂਝ ਦੀ ਘਾਟ ਦਾ ਮੁੱਖ ਕਾਰਨ ਇਹ ਹੈ ਕਿ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਅਧਿਆਤਮਕ ਗਿਆਨ ਹੈ ਅਤੇ ਅਧਿਆਤਮਕ ਗਿਆਨ ਵਿਚ ਬਹੁਤ ਘੱਟ ਲੋਕਾਂ ਦੀ ਦਿਲਚਸਪੀ ਹੁੰਦੀ ਹੈ। ਅਧਿਆਤਮਕ ਗਿਆਨ ਕੋਈ ਸੰਸਾਰਕ ਜਾਣਕਾਰੀ ਜਾਂ ਸਭਿਆਚਾਰ ਨਹੀਂ ਹੁੰਦਾ। ਇਹ ਕੋਈ ਸਮਾਜਕ ਸੰਗਠਨ ਵੀ ਨਹੀਂ ਹੁੰਦਾ। ਅਧਿਆਤਮਕ ਗਿਆਨ ਦੀ ਸੰਸਾਰਕ ਕਾਰ ਵਿਹਾਰ ਵਿਚ ਕੋਈ ਪ੍ਰਾਸੰਗਿਕਤਾ ਨਹੀਂ ਹੈ। ਸੰਸਾਰਕ ਜਾਣਕਾਰੀ ਅਤੇ ਅਧਿਆਤਮਕ ਗਿਆਨ ਦੋ ਵਖਰੀਆਂ ਅਤੇ ਅਸਬੰਧਤ ਧਰਾਤਲਾਂ ਤੇ ਵਿਚਰਦੇ ਹਨ। ਗੁਰਬਾਣੀ ਦਾ ਇਨ੍ਹਾਂ ਦੇ ਅੰਤਰ ਬਾਰੇ ਕਥਨ ਹੈ:
“ਪੜੀਅਹਿ ਜੇਤੇ ਬਰਸ ਬਰਸ ਪੜੀਅਹਿ ਜੇਤੇ ਮਾਸ॥
ਪੜੀਅਹਿ ਜੇਤੀ ਆਰਜਾ ਪੜੀਅਹਿ ਜੇਤੇ ਸਾਸ॥
ਨਾਨਕ ਲੇਖੈ ਇਕ ਗਲ ਹੋਰੁ ਹਉਮੈ ਝਖਣਾ ਝਾਖ॥” (ਪੰਨਾ 467)

“ਪੜਿਐ ਨਾਹੀ ਭੇਦੁ ਬੁਝਿਐ ਪਾਵਣਾ॥” (ਪੰਨਾ 148)
ਸੰਸਾਰਕ ਜਾਣਕਾਰੀ ਦਿਖਾਈ ਦੇ ਰਹੇ ਤ੍ਰੈਗੁਣੀ ਸੰਸਾਰ, ਇਸ ਦੇ ਪਦਾਰਥਾਂ ਅਤੇ ਇਸ ਵਿਚ ਵਰਤ ਰਹੀ ਮਾਇਆ ਦੇ ਪ੍ਰਭਾਵ ਦੀ ਜਾਣਕਾਰੀ ਹੁੰਦੀ ਹੈ। ਵਿਦਿਅਕ ਅਦਾਰਿਆਂ ਵਿਚ ਇਹ ਜਾਣਕਾਰੀ ਵਿਗਿਆਨ, ਸਮਾਜ ਸ਼ਾਸਤਰ, ਇਤਿਹਾਸ, ਸਾਹਿਤ ਅਤੇ ਮਨੋਰੰਜਨ ਦੀ ਸਿਖਿਆ ਰਾਹੀਂ ਦਿੱਤੀ ਜਾਂਦੀ ਹੈ। ਇਸ ਦੇ ਵਿਪਰੀਤ ਅਧਿਆਤਮਕ ਗਿਆਨ ਅਦਿੱਖ ਪ੍ਰਭੂ ਅਤੇ ਉਸ ਦੀ ਸਿਰਜੀ ਖੇਡ ਦਾ ਗਿਆਨ ਹੈ। ਇਸ ਗਿਆਨ ਦੀ ਰਸਮੀ ਸਿਖਿਆ ਦੇ ਅਦਾਰਿਆਂ ਵਿਚ ਅਖਾੜਿਆਂ, ਮੱਠਾਂ ਅਤੇ ਟਕਸਾਲਾਂ ਨੂੰ ਸ਼ਾਮਲ ਕੀਤਾ ਜਾਂਦਾ ਹੈ, ਭਾਵੇਂ ਇਹ ਸੰਸਥਾਵਾਂ ਪ੍ਰਮਾਣਤ ਸਿਖਿਆ ਅਦਾਰੇ ਨਹੀਂ ਹਨ। ਇਸ ਗਿਆਨ ਦੀ ਪ੍ਰਾਪਤੀ ਸੰਸਾਰਕ ਮਾਇਆ ਦੇ ਪ੍ਰਭਾਵ ਤੋਂ ਮੁਕਤ ਹੋ ਕੇ ਚੌਥੇ ਪਦ ਵਿਚ ਗੁਰੂ ਦੀ ਕਿਰਪਾ ਦੁਆਰਾ ਹੀ ਸੰਭਵ ਹੁੰਦੀ ਹੈ,
“ਗੁਰ ਪ੍ਰਸਾਦਿ ਰਤਨੁ ਹਰਿ ਲਾਭੈ ਮਿਟੈ ਅਗਿਆਨੁ ਹੋਇ ਉਜੀਆਰਾ॥” (ਪੰਨਾ 353)

“ਰਜ ਗੁਣ ਤਮ ਗੁਣ ਸਤ ਗੁਣ ਕਹੀਐ ਇਹ ਤੇਰੀ ਸਭ ਮਾਇਆ॥
ਚਉਥੇ ਪਦ ਕਉ ਜੋ ਨਰੁ ਚੀਨੈ ਤਿਨ ਹੀ ਪਰਮ ਪਦੁ ਪਾਇਆ॥” (ਪੰਨਾ 1123)
ਗੁਰਬਾਣੀ ਵਿਸ਼ਵਾਸ ‘ਤੇ ਆਧਾਰਤ ਪ੍ਰਭੂ ਅਤੇ ਉਸ ਦੀ ਸਾਜੀ ਸ੍ਰਿਸ਼ਟੀ ਦਾ ਅਨੁਭਵੀ ਗਿਆਨ ਹੈ। ਇਸ ਗਿਆਨ ਦੇ ਸਰੋਤ ਨੂੰ ਖਸਮ ਕੀ ਜਾਂ ਧੁਰ ਕੀ ਬਾਣੀ ਆਖਿਆ ਗਿਆ ਹੈ। ਇਹ ਗਿਆਨ ਬੁੱਧੀ ਨੂੰ ਨਹੀਂ, ਮਨ ਨੂੰ ਸੰਬੋਧਿਤ ਹੈ। ਵਿਰਲੇ ਹੀ ਅਧਿਆਤਮਕ ਗਿਆਨ ਪ੍ਰਾਪਤ ਕਰਨ ਦੇ ਅਭਿਲਾਸ਼ੀ ਹੁੰਦੇ ਹਨ,
“ਐਸੇ ਜਨ ਵਿਰਲੇ ਸੰਸਾਰੇ॥
ਗੁਰ ਸਬਦੁ ਵਿਚਾਰਹਿ ਰਹਹਿ ਨਿਰਾਰੇ॥” (ਪੰਨਾ 1039)
ਗੁਰਬਾਣੀ ਦੇ ਮੂਲ ਉਪਦੇਸ਼ ਬਾਰੇ ਸੂਝ ਦੀ ਘਾਟ ਦਾ ਇਕ ਕਾਰਨ ਇਹ ਵੀ ਹੈ ਕਿ ਲਗਭਗ ਚਾਰ ਸੌ ਸਾਲ ਤੋਂ ਵਾਪਰ ਰਹੀਆਂ ਇਤਿਹਾਸਕ ਘਟਨਾਵਾਂ ਅਤੇ ਸਮਾਜਕ ਲਹਿਰਾਂ ਗੁਰਬਾਣੀ ਦੇ ਸੰਚਾਰ ਕੇਂਦਰਾਂ ਵਿਚ ਹੀ ਗੁਰਮਤਿ ਵਿਰੋਧੀ ਵਿਚਾਰਧਾਰਾ ਨੂੰ ਉਤਸ਼ਾਹਿਤ ਕਰਦੀਆਂ ਰਹੀਆਂ ਹਨ। ਗੁਰਬਾਣੀ ਦੇ ਸੰਚਾਰ ਕੇਂਦਰਾਂ ਵਿਚ ਗੁਰਮਤਿ ਦੀ ਵਿਰੋਧਤਾ ਗੁਰਗੱਦੀ ਦੇ ਅਭਿਲਾਖੀਆਂ, ਉਨ੍ਹਾਂ ਦੀ ਸੰਤਾਨ, ਉਦਾਸੀ ਅਤੇ ਨਿਰਮਲੇ ਪੁਜਾਰੀਆਂ ਤੇ ਉਨ੍ਹਾਂ ਦੇ ਪਿਛਲੱਗ ਵਿਦਵਾਨਾਂ ਅਤੇ ਪ੍ਰਚਾਰਕਾਂ ਵਲੋਂ ਹੁੰਦੀ ਰਹੀ ਹੈ। ਉਨ੍ਹਾਂ ਗੁਰਬਾਣੀ ਦੇ ਅਧਿਆਤਮਕ ਗਿਆਨ ਨੂੰ ਮਨ ਲੁਭਾਊ ਪਰੰਪਰਾਗਤ ਮਿਥਿਹਾਸਕ ਕਹਾਣੀਆਂ ਅਤੇ ਕਰਮ ਕਾਂਡਾਂ ਨਾਲ ਰਲਗੱਡ ਕਰਕੇ ਇਕ ਸਮਾਜਕ ਸੰਗਠਨ ਵਿਚ ਬਦਲ ਦਿੱਤਾ। ਸਿੰਘ ਸਭਾਵਾਂ ਨੇ ਉਦਾਸੀ ਅਤੇ ਨਿਰਮਲੇ ਸਾਧੂਆਂ ਵਲੋਂ ਸਿੱਖ ਧਰਮ ਵਿਚ ਪ੍ਰਚਲਤ ਕੀਤੇ ਸਨਾਤਨੀ ਵਿਚਾਰਾਂ ਅਤੇ ਵਿਹਾਰਾਂ ਦੀ ਥਾਂ ਪੱਛਮੀ ਧਾਰਮਕ ਵਿਚਾਰਧਾਰਾ ਤੋਂ ਪ੍ਰਭਾਵਿਤ ਵਿਚਾਰ ਅਤੇ ਵਿਹਾਰ ਚਾਲੂ ਕਰ ਦਿੱਤੇ।
ਇਸ ਤਰ੍ਹਾਂ ਅਜੋਕਾ ਸਿੱਖ ਧਰਮ ਇਕ ਵਖਰੇ ਸਮਾਜ, ਨਿਵੇਕਲੇ ਸਭਿਆਚਾਰ, ਸੰਗਠਤ ਬਲ, ਮਿਥਾਂ ਅਤੇ ਕਰਾਮਾਤਾਂ ਨਾਲ ਸ਼ਿੰਗਾਰੇ ਗੌਰਵਮਈ ਇਤਿਹਾਸ ਦਾ ਵਾਰਸ ਬਣ ਕੇ ਰਹਿ ਗਿਆ ਜਦੋਂ ਕਿ ਗੁਰਬਾਣੀ ਸਾਰੀ ਮਾਨਵਤਾ ਦੀ ਏਕਤਾ, ਬਰਾਬਰੀ, ਸੁਤੰਤਰਤਾ ਅਤੇ ਮਾਨਵਤਾ ਵਿਚ ਨਿਮਰਤਾ ਦੀ ਮੁਦੱਈ ਬਣੀ ਰਹੀ। ਕਈ ਵਿਦਵਾਨਾਂ ਦਾ ਵਿਚਾਰ ਹੈ ਕਿ ਜੇ ਗੁਰਬਾਣੀ ਉਪਦੇਸ਼ ਨੂੰ ਨਜ਼ਰ ਅੰਦਾਜ਼ ਕਰਕੇ ਸਿੱਖ ਧਰਮ ਦੀ ਰੱਖਿਆ ਨਾ ਕੀਤੀ ਗਈ ਹੁੰਦੀ ਤਾਂ ਸਿੱਖ ਧਰਮ ਖਤਮ ਹੋ ਜਾਣਾ ਸੀ।
ਕਈ ਵਿਦਵਾਨ ਭਗਤੀ ਲਹਿਰ ਅਤੇ ਗੁਰਬਾਣੀ ਦਾ ਮਨੋਰਥ ਸਮਾਜ ਸੁਧਾਰ ਦੱਸਦੇ ਹਨ। ਗੁਰਬਾਣੀ ਵਿਚ ਤਾਂ ਕੇਵਲ ਵਿਅਕਤੀ ਦੇ ਆਪਣੇ ਮਨ ‘ਤੇ ਕਾਬੂ ਪਾਉਣ ਦੀ ਗੱਲ ਕੀਤੀ ਗਈ ਹੈ। ਸਮਾਜ ਸੁਧਾਰ ਬਾਰੇ ਗੁਰਬਾਣੀ ਵਿਚ ਕੋਈ ਪ੍ਰਮਾਣ ਨਹੀਂ ਮਿਲਦਾ। ਦਰਅਸਲ ਸੰਸਾਰ ਵਿਚ ਮਾਇਆ ਤਾਂ ਪ੍ਰਭੂ ਨੇ ਆਪ ਥਾਪੀ ਹੋਈ ਹੈ। ਮਨੁੱਖ ਸੰਸਾਰ ਦਾ ਕੀ ਸੁਧਾਰ ਕਰ ਸਕਦਾ ਹੈ? ਹਾਂ, ਮਨੁੱਖ ਨੇ ਸੰਸਾਰ ਵਿਚ ਵੰਡੀਆਂ ਪਾ ਕੇ ਸਮਾਜ ਦੀ ਸਿਰਜਣਾ ਜ਼ਰੂਰ ਕੀਤੀ ਹੈ ਜਿਸ ਦੇ ਪ੍ਰਬੰਧਕ ਲੋਕਾਂ ਨੂੰ ਰੱਖਿਆ ਅਤੇ ਬਿਹਤਰੀ ਦਾ ਭਰੋਸਾ ਦੇ ਕੇ ਉਨ੍ਹਾਂ ਦਾ ਸ਼ੋਸ਼ਣ ਕਰਦੇ ਅਤੇ ਜੰਗਾਂ ਛੇੜ ਕੇ ਉਨ੍ਹਾਂ ਦਾ ਘਾਣ ਕਰਦੇ ਰਹਿੰਦੇ ਹਨ। ਲੋਕਾਂ ਨੂੰ ਸਮਾਜ ਵਿਚ ਆਪਣੇ ਮੂਲ ਅਧਿਕਾਰਾਂ ਲਈ ਸੰਘਰਸ਼ਾਂ ਰਾਹੀਂ ਕੁਰਬਾਨੀਆਂ ਦੇਣੀਆਂ ਪੈਂਦੀਆਂ ਹਨ। ਗੁਰਬਾਣੀ ਸਮਾਜਕ ਘਟਨਾਵਾਂ ਨੂੰ ਤ੍ਰੈਗੁਣੀ ਸੰਸਾਰ ਵਿਚ ਵਰਤ ਰਹੀ ਮਾਇਆ ਦੇ ਪ੍ਰਭਾਵ ਦਾ ਪਰਿਣਾਮ ਦੱਸਦੀ ਹੈ।
ਆਧੁਨਿਕ ਸਮਾਜ ਵਿਚ ਪਦਾਰਥਕ ਸੁਵਿਧਾਵਾਂ, ਤਕਨੀਕੀ ਪ੍ਰਾਪਤੀਆਂ, ਜਾਣਕਾਰੀ ਦੀ ਬਹੁਤਾਤ, ਵੱਧ ਰਹੀ ਗਤੀ ਅਤੇ ਮਾਨਸਿਕ ਚੁਣੌਤੀਆਂ ਵਾਲਾ ਮਾਹੌਲ ਬਣਿਆ ਹੋਇਆ ਹੈ। ਸਮਾਜ ਦੇ ਵਿਕਾਸ ਦੀ ਗਤੀ ਦਿਨ ਪਰ ਦਿਨ ਤੇਜ਼ ਹੁੰਦੀ ਜਾ ਰਹੀ ਹੈ। ਅਜਿਹੇ ਪਦਾਰਥਵਾਦੀ ਮਾਹੌਲ ਵਿਚ ਗੁਰਬਾਣੀ ਦੇ ਸੰਜਮੀ, ਸਹਿਜ ਅਤੇ ਤਿਆਗਮਈ ਉਪਦੇਸ਼ ਦੀ ਅਨੁਕੂਲਤਾ ਬਾਰੇ ਸ਼ੰਕਾ ਹੋਣਾ ਸੁਭਾਵਕ ਹੈ ਕਿਉਂਕਿ ਇਹ ਦੋਨੋਂ ਜੀਵਨ ਢੰਗ ਬੇਮੇਲ ਹਨ। ਪਰ ਇਨ੍ਹਾਂ ਬੇਮੇਲ ਜੀਵਨ ਢੰਗਾਂ ਨੂੰ ਇਕ ਦੂਜੇ ਦੇ ਮੁਆਫਕ ਬਣਾਉਣ ਦਾ ਔਖਾ ਕੰਮ ਪੁਜਾਰੀ ਸ਼੍ਰੇਣੀ ਨੇ ਕਰ ਦਿੱਤਾ ਹੈ। ਪੁਜਾਰੀ ਵਰਗ ਲੋਕਾਂ ਵਿਚ ਧਾਰਮਕ ਸ਼ਰਧਾ ਉਤੇਜਿਤ ਕਰਨ ਦਾ ਮਾਹਰ ਹੈ। ਧਾਰਮਕ ਸ਼ਰਧਾ ਭਾਵੇਂ ਅਧਿਆਤਮਕ ਗਿਆਨ ਨਹੀਂ ਹੁੰਦੀ ਪਰ ਇਹ ਅਧਿਆਤਮਕ ਗਿਆਨ ਦਾ ਮਾਰਗ ਦਰਸ਼ਨ ਕਰਨ ਵਿਚ ਸਹਾਇਕ ਹੁੰਦੀ ਹੈ। ਸ਼ਰਧਾ ਵਿਚ ਸ਼ੰਕੇ ਅਤੇ ਤਰਕ ਲਈ ਕੋਈ ਗੁੰਝਾਇਸ਼ ਨਹੀਂ ਹੁੰਦੀ। ਪੁਜਾਰੀ ਪ੍ਰਭੂ ਦੇ ਕਲਪੇ ਅਵਤਾਰ ਦੀ ਮੂਰਤੀ ਜਾਂ ਪ੍ਰਭੂ ਦੀ ਬਾਣੀ ਦੇ ਗ੍ਰੰਥ ਵਿਚ ਅਦਿੱਖ ਪ੍ਰਭੂ ਅਤੇ ਉਸ ਦੇ ਗਿਆਨ ਦੀ ਵਰਚੂਅਲ ਰੀਐਲਿਟੀ ਸਿਰਜ ਕੇ ਉਸ ਬਾਰੇ ਮਿਥਿਹਾਸਕ ਕਹਾਣੀਆਂ ਘੜ ਲੈਂਦੇ ਹਨ ਅਤੇ ਉਸ ਨਾਲ ਕਰਮ ਕਾਂਡ ਜੋੜ ਕੇ ਉਸ ਨੂੰ ਅਧਿਆਤਮਕ ਗਿਆਨ ਦਾ ਪਵਿੱਤਰ ਅਤੇ ਪ੍ਰਭਾਵਸ਼ਾਲੀ ਪ੍ਰਤੀਨਿਧੀ ਬਣਾ ਦਿੰਦੇ ਹਨ।
ਅਧਿਆਤਮਕ ਗਿਆਨ ਦੇ ਵਸਤੂ ਜਾਂ ਪਦਾਰਥਕ ਰੂਪਾਂਤਰਣ ਨੂੰ ਸ਼ਰਧਾਲੂਆਂ ਦੇ ਦਰਸ਼ਨਾਂ ਲਈ ਪੂਜਾ ਸਥਾਨ ਵਿਚ ਸਥਾਪਤ ਕਰ ਦਿੱਤਾ ਜਾਂਦਾ ਹੈ। ਅਧਿਆਤਮਕ ਗਿਆਨ ਨੂੰ ਧਰਮ ਦਾ ਸਮਾਜਕ ਰੂਪ ਦੇ ਕੇ ਰਾਜ ਪ੍ਰਬੰਧ ਦਾ ਭਰੋਸੇਯੋਗ ਸਹਾਇਕ ਬਣਾ ਦਿੱਤਾ ਜਾਂਦਾ ਹੈ ਅਤੇ ਧਾਰਮਕ ਸ਼ਰਧਾ ਸ਼ਰਧਾਲੂਆਂ ਨੂੰ ਦੋਨੋਂ ਜਹਾਨਾਂ ਦੇ ਸੁੱਖ ਦਾ ਵਿਸ਼ਵਾਸ ਦੁਆ ਕੇ ਸੰਤੁਸ਼ਟ ਕਰ ਦਿੰਦੀ ਹੈ।
ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਮੂਲ਼ ਅਧਿਆਤਮਕ ਉਪਦੇਸ਼ ਬਾਰੇ ਸੰਖੇਪ ਵਿਚਾਰ ਕਰਨੀ ਉਚਿੱਤ ਹੋਵੇਗੀ। ਗੁਰਬਾਣੀ ਉਪਦੇਸ਼ ਦਾ ਸਬੰਧ ਤਿੰਨ ਮੁਖ ਵਿਸ਼ਿਆਂ ਨਾਲ ਹੈ: (1) ਪ੍ਰਭੂ ਦੀ ਸਿਫਤ ਸਾਲਾਹ ਅਤੇ ਗੁਣ; (2) ਸੰਸਾਰ ਵਿਚ ਤ੍ਰੈਗੁਣੀ ਮਾਇਆ ਦਾ ਵਿਆਪਕ ਪ੍ਰਭਾਵ ਅਤੇ ਉਸ ਦੇ ਪਰਿਣਾਮ; ਅਤੇ (3) ਮਨੁੱਖੀ ਜੀਵਨ ਦਾ ਮਨੋਰਥ ਅਤੇ ਮਨ ਨੂੰ ਸੋਧਣ ਦੀ ਵਿੱਧੀ। ਗੁਰਬਾਣੀ ਇਨ੍ਹਾਂ ਤਿੰਨ ਵਿਸ਼ਿਆਂ ਬਾਰੇ ਵਿਸਤ੍ਰਿਤ ਗਿਆਨ ਦਿੰਦੀ ਹੈ। ਇਨ੍ਹਾਂ ਵਿਸ਼ਿਆਂ ਵਿਚ ਜਿਨ੍ਹਾਂ ਮੁੱਖ ਤੱਤਾਂ ‘ਤੇ ਵਿਚਾਰ ਕੀਤੀ ਗਈ ਹੈ, ਉਹ ਹਨ: ਪਹਿਲਾ, ਹੋਂਦ ਕੇਵਲ ਇਕ ਪ੍ਰਭੂ ਦੀ ਹੈ, ਹੋਰ ਕਿਸੇ ਦੀ ਨਹੀਂ। ਪ੍ਰਭੂ ਦੀ ਹੋਂਦ ਸਦੀਵੀ ਅਤੇ ਆਪਣੇ ਆਪ ਤੋਂ ਹੈ। ਗੁਰਬਾਣੀ ਪ੍ਰਭੂ ਨੂੰ ਸੈਭੰ ਆਖਦੀ ਹੈ। ਸਾਰੀ ਸ੍ਰਿਸ਼ਟੀ ਪ੍ਰਭੂ ਦੀ ਸਿਰਜਣਾ ਤੇ ਖੇਡ ਹੈ ਅਤੇ ਉਹ ਸ੍ਰਿਸ਼ਟੀ ਵਿਚ ਆਪ ਵਿਆਪਕ ਹੈ,
ਦੁਯੀ ਕੁਦਰਤਿ ਸਾਜੀਐ ਕਰਿ ਆਸਣੁ ਡਿਠੋ ਚਾਉ॥ (ਪੰਨਾ 463)
ਪ੍ਰਭੂ ਨੇ ਕੁਦਰਤ ਦੀ ਸਿਰਜਣਾ ਕਰਕੇ ਉਸ ਨੂੰ ਨਿਯਮਬੱਧ ਕੀਤਾ ਹੋਇਆ ਹੈ,
ਸਗਲ ਸਮਗ੍ਰੀ ਤੁਮਰੈ ਸੂਤ੍ਰਿ ਧਾਰੀ॥ (ਪੰਨਾ 268)
ਸਾਰੀ ਸ੍ਰਿਸ਼ਟੀ ਉਸ ਦੇ ਹੁਕਮ ਵਿਚ ਉਸ ਦੇ ਸਿਰਜੇ ਨਿਯਮਾਂ ਅਨੁਸਾਰ ਚਲ ਰਹੀ ਹੈ। ਪ੍ਰਭੂ ਦਾ ਕੋਈ ਰੂਪ ਨਹੀਂ ਹੈ। ਉਹ ਸੰਸਾਰ ਵਿਚ ਵਿਆਪਕ ਹੁੰਦੇ ਹੋਏ ਵੀ ਉਸ ਤੋਂ ਵਖਰਾ ਹੈ ਅਤੇ ਸਾਧਾਰਣ ਵਿਅਕਤੀ ਵਿਚ ਉਸ ਨੂੰ ਅਨੁਭਵ ਕਰਨ ਦੀ ਯੋਗਤਾ ਨਹੀਂ ਹੈ। ਉਹ ਬੇਅੰਤ ਹੈ, ਉਸ ਦਾ ਅੰਤ ਨਹੀਂ ਪਾਇਆ ਜਾ ਸਕਦਾ। ਵਿਸ਼ਵਾਸ ਕਰਨ ਵਾਲੇ ਵਿਅਕਤੀ ਲਈ ਪ੍ਰਭੂ ਦੀ ਹੋਂਦ ਹੈ ਅਤੇ ਨਾ ਮੰਨਣ ਵਾਲੇ ਲਈ ਉਹ ਭਰਮ ਹੈ ਪਰ ਮਨੁੱਖਾਂ ਦੇ ਵਿਚਾਰਾਂ ਨਾਲ ਪ੍ਰਭੂ ਦੀ ਹਸਤੀ ਨੂੰ ਕੋਈ ਫਰਕ ਨਹੀਂ ਪੈਂਦਾ।
ਦੂਜਾ, ਪ੍ਰਭੂ ਦੀ ਸਿਰਜੀ ਸੰਸਾਰਕ ਖੇਡ ਵਿਚ, ਜਿਸ ਦਾ ਸਿੱਖ ਧਰਮ ਵੀ ਇਕ ਭਾਗ ਹੈ, ਮਾਇਆ, ਭਰਮ ਅਤੇ ਦਵੈਤ ਦਾ ਬੋਲ ਬਾਲਾ ਹੈ। ਮਾਇਆ ਵਿਚ ਤ੍ਰੈ-ਗੁਣ, ਰਜ, ਤਮ ਅਤੇ ਸਤ, ਅਤੇ ਪੰਜ ਵਿਸ਼ੇ ਵਿਕਾਰ- ਕਾਮ, ਕ੍ਰੋਧ, ਲੋਭ, ਮੋਹ ਅਤੇ ਅਹੰਕਾਰ, ਕਿਰਿਆਸ਼ੀਲ ਹਨ ਜੋ ਮਨੁੱਖ ਨੂੰ ਭਰਮਾ ਕੇ ਭੰਵਾਈਂ ਫਿਰਦੇ ਹਨ, ਪ੍ਰਭੂ ਬਾਰੇ ਸੋਚਣ ਤੋਂ ਰੋਕੀ ਰੱਖਦੇ ਹਨ। ਸੰਸਾਰ ਨਿਰੰਤਰ ਬਦਲ ਰਿਹਾ ਹੈ ਅਤੇ ਜੰਮਣ-ਮਰਨ ਦੇ ਗੇੜ ਵਿਚ ਪਿਆ ਹੋਇਆ ਹੈ। ਨਿਰੰਤਰ ਬਦਲ ਰਹੇ ਸੰਸਾਰ ਦੀ ਅਸਲੀਅਤ ਜਾਨਣੀ ਸੰਭਵ ਨਹੀਂ ਕਿਉਂਕਿ ਜੋ ਦਿਸਦਾ ਹੈ, ਉਹ ਬੀਤ ਚੁਕਿਆ ਹੋਣ ਕਾਰਨ ਹੁੰਦਾ ਨਹੀਂ ਅਤੇ ਜੋ ਹੁੰਦਾ ਹੈ, ਉਹ ਬਦਲਣ ਕਾਰਨ ਨਜ਼ਰ ਨਹੀਂ ਆਉਂਦਾ। ਪ੍ਰਭੂ ਦੀ ਵਿਆਪਕਤਾ ਵੀ ਮਨੁੱਖ ਦੇ ਸੰਸਾਰ ਬਾਰੇ ਭਰਮ ਦਾ ਕਾਰਨ ਬਣੀ ਹੋਈ ਹੈ। ਪ੍ਰਭੂ ਸੰਸਾਰ ਵਿਚ ਵਿਆਪਕ ਹੈ ਪਰ ਸਾਧਾਰਣ ਮਨੁੱਖ ਨੂੰ ਨਜ਼ਰ ਨਹੀਂ ਆਉਂਦਾ ਅਤੇ ਜੋ ਕੁਝ ਮਨੁੱਖ ਨੂੰ ਨਜ਼ਰ ਆਉਂਦਾ ਹੈ, ਉਸ ਵਿਚ ਪ੍ਰਭੂ ਦੀ ਹੋਂਦ ਨਾ ਹੋਣ ਕਾਰਨ ਉਹ ਸੱਚ ਨਹੀਂ ਹੁੰਦਾ, ਭਰਮ ਜਾਂ ਸੁਪਨਾ ਹੁੰਦਾ ਹੈ ਕਿਉਂਕਿ ਹੋਂਦ ਤੇ ਕੇਵਲ ਪ੍ਰਭੂ ਦੀ ਹੀ ਹੈ,
ਨਾਨਕ ਸੋ ਪ੍ਰਭੁ ਪ੍ਰਭੂ ਦਿਖਾਵੈ ਬਿਨੁ ਸਾਚੇ ਜਗੁ ਸੁਪਨਾ॥ (ਪੰਨਾ 1274)
ਸਾਧਾਰਣ ਮਨੁੱਖ ਵਿਚ ਸੰਸਾਰ ਦੀ ਅਸਲੀਅਤ ਜਾਨਣ ਦੀ ਯੋਗਤਾ ਨਹੀਂ ਹੈ। ਇਸੇ ਲਈ ਗੁਰਬਾਣੀ ਵਿਚ ਦਿਖਾਈ ਦੇ ਰਹੇ ਸੰਸਾਰ ਨੂੰ ਸੁਪਨਾ, ਝੂਠ, ਜਲ ਤਰੰਗ ਅਤੇ ਭੁਲੇਖਾ ਵੀ ਆਖਿਆ ਗਿਆ ਹੈ।
ਗੁਰਬਾਣੀ ਸੰਸਾਰ ਨੂੰ ਭਵਜਲ ਆਖਦੀ ਹੈ,
ਇਹੁ ਸੰਸਾਰੁ ਬਿਖੁ ਵਤ ਅਤਿ ਭਉਜਲੁ ਗੁਰ ਸਬਦੀ ਹਰਿ ਪਾਰਿ ਲੰਘਾਈ॥ (ਪੰਨਾ 353)
ਸੰਸਾਰ ਵਿਚ ਜਨਮ ਲੈਣ ਤੇ ਮਨੁੱਖ ਪ੍ਰਭੂ ਨਾਲੋਂ ਵਿਛੜ ਕੇ ਹਉਮੈ ਨਾਲ ਜੁੜ ਜਾਂਦਾ ਹੈ। ਇਹ ਵਿਛੋੜਾ, ਹਉਮੈ ਅਤੇ ਮਾਇਆ ਦਾ ਪ੍ਰਭਾਵ ਸੰਸਾਰਕ ਜੀਵਨ ਨੂੰ ਇਕ ਸੰਘਰਸ਼ ਬਣਾ ਦਿੰਦੇ ਹਨ। ਗੁਰਬਾਣੀ ਅਨੁਸਾਰ ਮਨੁੱਖੀ ਜੀਵਨ ਦਾ ਮਨੋਰਥ ਇਸ ਭਵਸਾਗਰ ਨੂੰ ਪਾਰ ਕਰਕੇ ਪ੍ਰਭੂ ਨਾਲ ਮੇਲ ਹੈ,
ਭਈ ਪਰਾਪਤਿ ਮਾਨੁਖ ਦੇਹੁਰੀਆ॥
ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ॥ (ਪੰਨਾ 12)

ਬਹੁਤ ਜਨਮ ਬਿਛੁਰੇ ਥੇ ਮਾਧਉ ਇਹੁ ਜਨਮੁ ਤੁਮ੍ਹਾਰੇ ਲੇਖੇ॥
ਕਹਿ ਰਵਿਦਾਸ ਆਸ ਲਗਿ ਜੀਵਉ ਚਿਰ ਭਏ ਦਰਸਨੁ ਦੇਖੇ॥ (ਪੰਨਾ 694)
ਤੀਜਾ, ਗੁਰਬਾਣੀ ਮਨੁੱਖ ਨੂੰ ਸਰੀਰ ਅਤੇ ਮਨ ਦੇ ਸੁਮੇਲ ਦੀ ਉਪਜ ਮੰਨਦੀ ਹੈ, ਮਨ ਅਤੇ ਸਰੀਰ ਦੇ ਸਬੰਧ ਨੂੰ ਧਨ ਪਿਰ ਦਾ ਰਿਸ਼ਤਾ ਅਤੇ ਪਿਰ ਨੂੰ ਹੁਕਮੀ ਬੰਦਾ ਆਖਦੀ ਹੈ। ਸਰੀਰ ਬਿਨਸਣਹਾਰ ਹੈ ਪਰ ਮਨ ਅਬਨਾਸੀ ਹੈ। ਮਨ ਸਰੀਰ ਦਾ ਚਾਲਕ ਅਤੇ ਮਾਲਕ ਹੈ ਪਰ ਸਰੀਰ ਦਾ ਸਥੂਲ ਭਾਗ ਨਹੀਂ ਹੈ। ਮਨ ਜੋਤਿ ਸਰੂਪ ਹੈ,
ਮਨ ਤੂ ਜੋਤਿ ਸਰੂਪ ਹੈ ਅਪਣਾ ਮੂਲੁ ਪਛਾਣੁ॥
ਮਨ ਹਰਿ ਜੀ ਤੇਰੈ ਨਾਲਿ ਹੈ ਗੁਰਮਤੀ ਰੰਗੁ ਮਾਣਿ॥” (ਪੰਨਾ 441)
‘ਜੋਤਿ ਸਰੂਪ’ ਹੋਣ ਕਾਰਨ ਮਨ ਵਿਚ ਪ੍ਰਭੂ ਨੂੰ ਮਿਲਣ ਦੀ ਯੋਗਤਾ ਹੈ ਅਤੇ ਸਰੀਰ ਦੀ ਮੋਤ ਹੋਣ ਨਾਲ ਇਸ ਦੀ ਮੌਤ ਨਹੀਂ ਹੁੰਦੀ। ਮਨ ਦੇ ਸਰੀਰ ਨਾਲ ਮੇਲ ਵਿਚ ਹਉਮੈ ਜੁੜੀ ਹੁੰਦੀ ਹੈ ਕਿਉਂਕਿ ਮਨੁੱਖ ਦਾ ਜਨਮ ਹੀ ਹਉਮੈ ਵਿਚ ਹੁੰਦਾ ਹੈ,
ਹਉ ਵਿਚ ਮਾਇਆ ਹਉ ਵਿਚਿ ਛਾਇਆ॥
ਹਉਮੈ ਕਰਿ ਕਰਿ ਜੰਤ ਉਪਾਇਆ॥ (ਪੰਨਾ 466)
ਹਉਮੈ ਮਨੁੱਖ ਨੂੰ ਪ੍ਰਭੂ ਨਾਲੋਂ ਵਖਰਾ ਅਤੇ ਸੁਤੰਤਰ ਹੋਣ ਦਾ ਭਰਮ ਪਾ ਕੇ ਮਾਇਆ ਦੇ ਭਰਮਜਾਲ ਵਿਚ ਫਸਾਈ ਰੱਖਦੀ ਹੈ ਅਤੇ ਮਾਇਆ ਦਾ ਭਰਮਾਇਆ ਮਨ ਪ੍ਰਭੂ ਨੂੰ ਵਿਸਾਰ ਕੇ ਬਾਹਰ ਸੰਸਾਰ ਵਿਚ ਭਟਕਦਾ ਫਿਰਦਾ ਹੈ।
ਗੁਰਬਾਣੀ ਮਨੁੱਖ ਨੂੰ ਮਨ ਵਸ ਕਰਨ ਜਾਂ ਹਉਮੈ ਨੂੰ ਮਾਰਨ ਦਾ ਉਪਦੇਸ਼ ਕਰਦੀ ਹੈ। ਮਨ ਵਸ ਕਰਨ ਦੀ ਪ੍ਰਕਿਰਿਆ ਬਾਰੇ ਗੁਰਬਾਣੀ ਵਿਚ ਬਹੁਤ ਵਿਸਤਾਰ ਨਾਲ ਸਮਝਾਇਆ ਗਿਆ ਹੈ। ਸਰੀਰ ਅਤੇ ਬੁੱਧੀ ਵਿਚ ਮਨ ਵਸ ਕਰਨ ਦੀ ਸਮਰਥਾ ਨਹੀਂ ਹੈ, ਉਹ ਤੇ ਆਪ ਹੀ ਮਨ ਦੇ ਅਧੀਨ ਹਨ,
ਏਹੁ ਮਨ ਮਾਰਿਆ ਨ ਮਰੇ ਜੇ ਲੋਚੇ ਸਭ ਕੋਇ॥
ਨਾਨਕ ਮਨ ਹੀ ਕਉ ਮਨੁ ਮਾਰਸੀ ਜੇ ਸਤਿਗੁਰੂ ਭੇਟੇ ਸੋਇ॥ (ਪੰਨਾ 1089)
ਹਉਮੈ ਨੂੰ ਕੇਵਲ ਮਨ ਹੀ ਮਾਰ ਸਕਦਾ ਹੈ।
ਮਨੁ ਮਰੈ ਦਾਰੂ ਜਾਣੈ ਕੋਇ॥
ਮਨੁ ਸਬਦਿ ਮਰੈ ਬੂਝੈ ਜਨੁ ਸੋਇ॥ (ਪੰਨਾ 159)

ਹਉਮੈ ਦੀਰਘ ਰੋਗੁ ਹੈ ਦਾਰੂ ਭੀ ਇਸੁ ਮਾਹਿ॥
ਕਿਰਪਾ ਕਰੇ ਜੇ ਆਪਣੀ ਤਾ ਗੁਰ ਕਾ ਸਬਦੁ ਕਮਾਹਿ॥
ਨਾਨਕੁ ਕਹੇ ਸੁਣਹੁ ਜਨਹੁ ਇਤੁ ਸੰਜਮਿ ਦੁਖ ਜਾਹਿ॥ (ਪੰਨਾ 466)
ਹਉਮੈ ਨੂੰ ਗੁਰ-ਸ਼ਬਦ ਦੀ ਓਟ ਲੈ ਕੇ ਹੀ ਮਾਰਿਆ ਜਾ ਸਕਦਾ ਹੈ ਅਤੇ ਗੁਰ-ਸ਼ਬਦ ਦੀ ਓਟ ਗੁਰੂ ਦੀ ਕਿਰਪਾ ਨਾਲ ਸੰਭਵ ਹੁੰਦੀ ਹੈ ਜਿਸ ਲਈ ਮਨੁੱਖ ਨੂੰ ਪ੍ਰਭੂ ਅੱਗੇ ਅਰਦਾਸ ਕਰਨੀ ਬਣਦੀ ਹੈ। ਗੁਰਬਾਣੀ ਵਿਚ ਅਰਦਾਸ ਦਾ ਇਹੋ ਮੁੱਖ ਮੰਤਵ ਦੱਸਿਆ ਗਿਆ ਹੈ। ਗੁਰੂ ਦੀ ਕਿਰਪਾ ਰਾਹੀਂ ਗੁਰ-ਸ਼ਬਦ ਮਨ ਨੂੰ ਨਿਰਮਲ ਕਰ ਕੇ ਪ੍ਰਭੂ ਨੂੰ ਮਿਲਣਯੋਗ ਬਣਾ ਦਿੰਦਾ ਹੈ ਅਤੇ ਐਸੇ ਮਨ ਨੂੰ ਗੁਰਬਾਣੀ ‘ਮਨਿ ਜੀਤੈ ਜਗੁ ਜੀਤੁ’ ਆਖਦੀ ਹੈ।
ਮਨ ਅਤੇ ਆਤਮਾ ਦਾ ਡੂੰਘਾ ਸਬੰਧ ਹੈ। ਆਤਮਾ ਪ੍ਰਭੂ ਦਾ ਅੰਸ਼ ਹੈ ਅਤੇ ਇਸ ਦਾ ਵਾਸਾ ਮਨੁੱਖੀ ਸਰੀਰ ਵਿਚ ਹੈ,
ਆਤਮ ਰਾਮੁ ਰਾਮ ਹੈ ਆਤਮ॥
ਹਰਿ ਪਾਈਐ ਸਬਦਿ ਵਿਚਾਰਾ ਹੇ॥ (ਪੰਨਾ 1030)
ਮਨ ਵੀ ‘ਜੋਤਿ ਸਰੂਪ’ ਹੈ ਪਰ ਹਉਮੈ ਅਤੇ ਸੰਸਾਰਕ ਮਾਇਆ ਦੇ ਪ੍ਰਭਾਵ ਨੇ ਇਸ ਨੂੰ ਚੰਚਲ ਅਤੇ ‘ਉਡਨ ਪੰਖੇਰੂ ਬਨ ਕਾ’ ਬਣਾ ਛੱਡਿਆ ਹੈ। ਸਰੀਰ ਨਾਲ ਜੁੜਿਆ ਹੋਣ ਕਾਰਨ ਮਨ ਬਾਹਰਮੁਖੀ ਹੁੰਦਾ ਹੈ ਅਤੇ ਮੋਹ ਦੇ ਬੰਧਨਾਂ ਵਿਚ ਫਸਿਆ ਰਹਿੰਦਾ ਹੈ। ਗੁਰਬਾਣੀ ਮਨੁੱਖ ਨੂੰ ਆਪਣੇ ਅੰਦਰ ਵਸ ਰਹੇ ਪ੍ਰਭੂ ਨਾਲ ਮਿਲਾਪ ਲਈ ਉਦਮ ਕਰਨ ਦਾ ਉਪਦੇਸ਼ ਦਿੰਦੀ ਹੈ। ਐਸਾ ਕਰਨ ਲਈ ਮਨ ਨੂੰ ਸੰਸਾਰਕ ਧੰਦਿਆਂ ਤੋਂ ਹੋੜ ਕੇ ਸ਼ੁਭ ਗੁਣ ਧਾਰਨ ਕਰਨ ਦੀ ਲੋੜ ਹੁੰਦੀ ਹੈ,
ਵਿਣੁ ਗੁਣ ਕੀਤੇ ਭਗਤਿ ਨ ਹੋਇ॥ (ਪੰਨਾ 4)
ਸਾਚੀ ਬਾਣੀ ਸੂਚਾ ਹੋਇ॥
ਗੁਣ ਤੇ ਨਾਮੁ ਪਰਾਪਤਿ ਹੋਇ॥ (ਪੰਨਾ 361)
ਗੁਰਬਾਣੀ ਮਨੁੱਖ ਨੂੰ ਨਿਮਰਤਾ, ਸੰਜਮ, ਸਹਿਜ, ਪ੍ਰੇਮ ਭਾਵਨਾ, ਬਰਾਬਰੀ, ਸ਼ਾਂਤੀ, ਪਰਉਪਕਾਰ ਅਤੇ ਨਿਜੀ ਸੁਤੰਤਰਤਾ ਦੇ ਗੁਣ ਧਾਰਨ ਕਰਨ ਲਈ ਆਖਦੀ ਹੈ।
ਮਨੁੱਖ ਨੂੰ ਆਪਣੇ ਕੀਤੇ ਹਰ ਕਰਮ ਦਾ ਫਲ ਅਵੱਸ਼ ਪ੍ਰਾਪਤ ਹੁੰਦਾ ਹੈ ਪਰ ਫਲ਼ ਦਾ ਨਿਰਨਾ ਪ੍ਰਭੂ ਦੇ ਸਿਰਜੇ ਨਿਯਮਾਂ ਅਨੁਸਾਰ ਹੁੰਦਾ ਹੈ। ਮਨੁੱਖ ਅਤੇ ਪੁਜਾਰੀ ਵਿਚ ਪ੍ਰਭੂ ਦੇ ਨਿਰਨੇ ਨੂੰ ਬਦਲਣ ਦੀ ਸਮਰਥਾ ਨਹੀਂ ਹੁੰਦੀ। ਸਾਰੀ ਕਾਇਨਾਤ ਪ੍ਰਭੂ ਦੇ ਹੁਕਮ ਅਤੇ ਉਸ ਦੇ ਸਿਰਜੇ ਨਿਯਮਾਂ ਅਨੁਸਾਰ ਚਲ ਰਹੀ ਹੈ। ਮਨੁੱਖ ਨੂੰ ਆਪਣੇ ਨਸੀਬ ਅਨੁਸਾਰ ਕਰਮ ਦੀ ਚੋਣ ਕਰਨ ਦੀ ਸੀਮਤ ਸਮਰਥਾ ਹੈ। ਕਰਮ ਦੀ ਚੋਣ ਕਰਨ ਵੇਲੇ ਗੁਰਬਾਣੀ ਮਨੁੱਖ ਨੂੰ ਪ੍ਰਭੂ ਦਾ ਹੁਕਮ ਬੁਝਣ ਅਤੇ ਉਸ ਅਨੁਸਾਰ ਚਲਣ ਦਾ ਉਪਦੇਸ਼ ਦਿੰਦੀ ਹੈ। ਅਜਿਹੇ ਕਰਮਾਂ ਨੂੰ ਨਿਸ਼ਕਾਮ ਕਰਮ ਆਖਿਆ ਗਿਆ ਹੈ।
ਕਈ ਵਿਦਵਾਨ ਗੁਰਬਾਣੀ ਦੇ ਮੂਲ਼ ਉਪਦੇਸ਼ ਨੂੰ ਅਵਿਹਾਰਕ ਆਖਦੇ ਹਨ ਅਤੇ ਕਈ ਇਸ ਨੂੰ ਵਿਗਿਆਨਕ ਤੌਰ ‘ਤੇ ਬੇਥਵਾ ਸਮਝਦੇ ਹਨ। ਗੁਰਬਾਣੀ ਦੇ ਸੰਸਾਰ ਅਤੇ ਮਨ ਬਾਰੇ ਜੋ ਵਿਚਾਰ ਉਪਰ ਦਿੱਤੇ ਗਏ ਹਨ, ਉਨ੍ਹਾਂ ਦੀ ਸੱਚਾਈ ਸੰਸਾਰ ਵਿਚ ਸਪਸ਼ਟ ਨਜ਼ਰ ਆਉਂਦੀ ਹੈ। ਕਹਿਣ ਨੂੰ ਤੇ ਸਮਾਜ ਨੇ ਬਹੁਤ ਉਨਤੀ ਕਰ ਲਈ ਹੈ ਪਰ ਸੰਸਾਰ ਦੀ ਬੁਹਗਿਣਤੀ ਗ਼ਰੀਬੀ, ਭੁੱਖਮਰੀ, ਬੇਰੁਜ਼ਗਾਰੀ, ਗੰਦਗੀ, ਜੰਗਾਂ, ਯੁਧਾਂ, ਅਤਿਆਚਾਰਾਂ, ਕਤਲੋਗ਼ਾਰਤ, ਫਿਰਕੂ ਦੰਗਿਆਂ, ਨਸਲਕੁਸ਼ੀ, ਆਤੰਕਵਾਦ, ਵਿਤਕਰੇ, ਊਚ-ਨੀਚ, ਹਥਿਆਰਾਂ ਦੀ ਦੌੜ, ਵਧੀਕੀਆਂ, ਨਸ਼ਿਆਂ ਅਤੇ ਹੋਰ ਲੱਖ ਵਿਕਾਰਾਂ ਦਾ ਸ਼ਿਕਾਰ ਹੈ। ਵੀਹਵੀਂ ਸ਼ਤਾਬਦੀ ਦੀਆਂ ਜੰਗਾਂ ਨੇ ਤਾਂ ਕਰੋੜਾਂ ਮਾਸੂਮਾਂ ਨੂੰ ਮਾਰ ਮੁਕਾਇਆ ਸੀ। ਹੁਣ ਮਨੁੱਖ ਵਿਗਿਆਨ ਦੇ ਆਸਰੇ ਮਾਨਵਤਾ ਨੂੰ ਫਨ੍ਹਾ ਕਰਨ ਦਾ ਪੂਰਾ ਪ੍ਰਬੰਧ ਕਰੀ ਬੈਠਾ ਹੈ। ਇਹ ਕੈਸਾ ਵਿਗਿਆਨ ਅਤੇ ਕੈਸੀ ਉਨਤੀ ਹੈ? ਉਧਰ ਸੰਯੁਕਤ ਰਾਸ਼ਟਰ ਮਨੁੱਖੀ ਜ਼ਮੀਰ ਨੂੰ ਜਗਾਉਣ ਦਾ ਯਤਨ ਕਰ ਰਿਹਾ ਹੈ ਪਰ ਸੰਗਠਤ ਹਉਮੈ ਕੁਝ ਸੁਣਨ ਨੂੰ ਤਿਆਰ ਨਹੀਂ ਹੈ। ਹੁਣ ਤੇ ਮਨੁੱਖਤਾ ਦੇ ਪ੍ਰੇਮੀਆਂ ਨੂੰ ਮਾਨਵਤਾ ਦੇ ਬਚਾਓ, ਬਿਹਤਰੀ ਅਤੇ ਸੁਤੰਤਰਤਾ ਲਈ ਆਪ ਉਦਮ ਅਤੇ ਪ੍ਰਭੂ ਦੀ ਕਿਰਪਾ ਲਈ ਅਰਦਾਸ ਕਰਨੀ ਪਵੇਗੀ। ਅਜੋਕੇ ਮਨੁੱਖ ਕੋਲ ਖੁਸ਼ਹਾਲ ਜੀਵਨ ਦੇ ਸਾਰੇ ਸਾਧਨ ਹਨ ਪਰ ਉਹ ਦੁੱਖੀ, ਅਸੰਤੁਸ਼ਟ ਅਤੇ ਚਿੰਤਤ ਹੈ। ਗੁਰਬਾਣੀ ਇਨ੍ਹਾਂ ਮਨੁੱਖੀ ਸਮੱਸਿਆਵਾਂ ਦਾ ਹੀ ਹੱਲ ਹੈ।