ਜਗਜੀਤ ਸਿੰਘ ਸੇਖੋਂ
ਚਿੱਲੀ ਦੇ ਮੈਗਲੇਨਜ਼ ਖਿੱਤੇ ਵਿਚ ਸਥਿਤ ਟੋਰਸ ਨੈਸ਼ਨਲ ਪਾਰਕ 935 ਵਰਗ ਮੀਲ ਦੇ ਰਕਬੇ ਵਿਚ ਫੈਲੀ ਹੋਈ ਹੈ। ਇਸ ਪਾਰਕ ਵਿਚ ਕੁਦਰਤੀ ਨਜ਼ਾਰੇ ਵੇਖਣ ਹੀ ਵਾਲੇ ਹੁੰਦੇ ਹਨ। ਪਾਰਕ ਦੀਆਂ ਕਈ ਥਾਂਵਾਂ ਦਾ ਰੰਗ ਸੂਰਜ ਦੇ ਸਫਰ ਨਾਲ ਬਦਲਦਾ ਰਹਿੰਦਾ ਹੈ, ਜਿਵੇਂ ਤਸਵੀਰਾਂ ਵਿਚ ਦਿਖਾਇਆ ਗਿਆ ਹੈ।
ਹਰ ਸਾਲ ਤਕਰੀਬਨ ਡੇਢ ਲੱਖ ਸੈਲਾਨੀ ਇਸ ਪਾਰਕ ਨੂੰ ਦੇਖਣ ਲਈ ਪੁੱਜਦੇ ਹਨ। ਇਹ ਪਾਰਕ 1959 ਵਿਚ ਬਣਾਈ ਗਈ ਸੀ। ਉਦੋਂ ਇਸ ਪਾਰਕ ਦਾ ਨਾਂ Ḕਗਰੇਅ ਲੇਕ ਨੈਸ਼ਨਲ ਟੂਰਿਜ਼ਮ ਪਾਰਕḔ ਰੱਖਿਆ ਗਿਆ ਸੀ। ਬਾਅਦ ਵਿਚ 1970 ਵਿਚ ਇਸ ਪਾਰਕ ਦਾ ਨਾਂ Ḕਟੋਰਸ ਡੇਲ ਪੈਨ ਪਾਰਕḔ ਰੱਖ ਦਿੱਤਾ ਗਿਆ। 1977 ਵਿਚ ਗੁਇਦੋ ਮੋਨਜ਼ੀਨੋ ਨੇ ਤਕਰੀਬਨ 30 ਹਜ਼ਾਰ ਏਕੜ ਜ਼ਮੀਨ ਇਸ ਪਾਰਕ ਲਈ ਚਿੱਲੀ ਦੀ ਸਰਕਾਰ ਨੂੰ ਦਾਨ ਕਰ ਦਿੱਤੀ ਤੇ ਅਤੇ ਇਹ ਰਕਬਾ ਵੀ ਇਸ ਪਾਰਕ ਦਾ ਹਿੱਸਾ ਬਣ ਗਿਆ। ਇਹ ਪਾਰਕ ਮੈਗਲੇਨਜ਼ ਖਿੱਤੇ ਅਤੇ ਚਿੱਲੀਅਨ ਅੰਟਾਰਕਟਿਕਾ ਦੀਆਂ 11 ਸੁਰੱਖਿਅਤ ਥਾਵਾਂ ਵਿਚੋਂ ਇਕ ਹੈ। ਇਸ ਪਾਰਕ ਤੋਂ ਇਲਾਵਾ 4 ਕੌਮੀ ਪਾਰਕਾਂ, ਤਿੰਨ ਕੌਮੀ ਰਿਜ਼ਰਵ ਤੇ ਤਿੰਨ ਸਮਾਰਕਾਂ ਨੂੰ ਸਰਕਾਰ ਵੱਲੋਂ ਸੁਰੱਖਿਅਤ ਐਲਾਨਿਆ ਗਿਆ ਹੈ।
ਮੈਗਲੇਨਜ਼ ਦੇ ਇਸ ਇਲਾਕੇ ਬਾਰੇ ਸਭ ਤੋਂ ਪਹਿਲਾਂ 1888 ਵਿਚ ਛਪੀ ਕਿਤਾਬ ਵਿਚ ਖੁਲਾਸਾ ਹੋਇਆ ਮਿਲਦਾ ਹੈ। ਇਹ ਕਿਤਾਬ ਲੇਡੀ ਫਲੋਰੈਂਸ ਡਿਕਸ (25 ਮਈ 1855-7 ਨਵੰਬਰ 1905) ਨੇ ਲਿਖੀ ਸੀ। ਲੇਡੀ ਫਲੋਰੈਂਸ ਡਿਕਸ ਬ੍ਰਿਟਿਸ਼ ਸੈਲਾਨੀ ਸੀ ਅਤੇ ਜੰਗੀ ਰਿਪੋਰਟਾਂ ਵੀ ਭੇਜਦੀ ਹੁੰਦੀ ਸੀ। ਉਹ 1778-79 ਦੌਰਾਨ ਆਪਣੇ ਪਤੀ ਅਤੇ ਪਤੀ ਦੇ ਦੋ ਭਰਾਵਾਂ ਨਾਲ ਪਾਰਕ ਵਾਲੇ ਇਸ ਇਲਾਕੇ ਵਿਚ ਪੁੱਜੀ ਸੀ। ਇਹ ਸਾਰੇ ਵੇਰਵੇ ਉਸ ਦੀ ਕਿਤਾਬ ਵਿਚ ਮਿਲਦੇ ਹਨ।
ਸਾਲ 1985 ਦੀ ਗੱਲ ਹੈ ਕਿ ਇਕ ਸਿਰ-ਫਿਰੇ ਸੈਲਾਨੀ ਨੇ ਪਾਰਕ ਵਿਚ ਅੱਗ ਬਾਲ ਲਈ। ਛੇਤੀ ਹੀ ਇਹ ਅੱਗ ਭੜਕ ਪਈ ਅਤੇ ਇਸ ਨੇ ਆਲੇ-ਦੁਆਲੇ ਨੂੰ ਆਪਣੀ ਲਪੇਟ ਵਿਚ ਲੈ ਲਿਆ। ਇਸ ਅੱਗ ਉਤੇ ਕਾਬੂ ਪਾਉਣ ਲਈ ਬੜੀ ਮੁਸ਼ੱਕਤ ਕਰਨੀ ਪਈ ਸੀ, ਪਰ ਇਸ ਅੱਗ ਨਾਲ ਉਦੋਂ ਤੱਕ ਬੜਾ ਨੁਕਸਾਨ ਹੋ ਚੁੱਕਿਆ ਸੀ। ਪਾਰਕ ਦਾ ਤਕਰੀਬਨ 58 ਵਰਗ ਮੀਲ ਇਲਾਕਾ ਸੜ ਕੇ ਤਬਾਹ ਹੋ ਗਿਆ। ਅੱਗ ਨੇ ਆਲੇ-ਦੁਆਲੇ ਉਤੇ ਵੀ ਬੜਾ ਮਾੜਾ ਅਸਰ ਛੱਡਿਆ। ਹੁਣ ਇਸ ਮਾਮਲੇ ਵਿਚ ਸਾਵਧਾਨੀ ਵਰਤੀ ਜਾਂਦੀ ਹੈ ਅਤੇ ਸੈਲਾਨੀਆਂ ਉਤੇ ਕੁਝ ਪਾਬੰਦੀਆਂ ਵੀ ਲਾ ਦਿੱਤੀਆਂ ਗਈਆਂ ਹਨ।