ਕੁਲਦੀਪ ਕੌਰ
ਫੋਨ: +91-98554-04330
1950ਵਿਆਂ ਦੇ ਅਖੀਰ ਵਿਚ ਜਦੋਂ ਫਿਲਮ ਸੰਸਾਰ ਵਿਚ ਦਲੀਪ ਕੁਮਾਰ ਦੀ ਤੁਤੂ ਬੋਲ ਰਹੀ ਸੀ, ਵੱਖ ਵੱਖ ਨਿਰਦੇਸ਼ਕ ਵੱਖ ਵੱਖ ਵਿਸ਼ਿਆਂ ‘ਤੇ ਫਿਲਮਾਂ ਬਣਾ ਰਹੇ ਸਨ। 1957 ਵਿਚ ਸੁਬੋਧ ਮੁਖਰਜੀ ਨੇ ਦੇਵਾਨੰਦ ਅਤੇ ਨੂਤਨ ਨੂੰ ਲੈ ਕੇ ਫਿਲਮ ਬਣਾਈ ‘ਪੇਇੰਗ ਗੈਸਟ’।
ਇਹ ਦੌਰ ਸ਼ੰਮੀ ਕਪੂਰ ਵਰਗੇ ਅਲਬੇਲੇ ਨਾਇਕ ਦੇ ਉਭਰਨ ਦਾ ਦੌਰ ਵੀ ਸੀ ਜਿਸ ਨੇ ਭਾਰਤੀ ਸਿਨੇਮਾ ਵਿਚ ਨਾਇਕ ਦੇ ਅਕਸ ਨੂੰ ਨਿਵੇਕਲੀ ਰੰਗਤ ਦਿੱਤੀ। ਨਾਸਿਰ ਹੁਸੈਨ ਦੁਆਰਾ ਨਿਰਦੇਸ਼ਿਤ ਪਹਿਲੀ ਹੀ ਫਿਲਮ ‘ਤੁਮ ਸਾ ਨਹੀਂ ਦੇਖਾ’ ਰਾਹੀ ਸ਼ੰਮੀ ਕਪੂਰ ਕਹਿੰਦੇ-ਕਹਾਉਂਦੇ ਅਦਾਕਾਰਾਂ ਦੇ ਬਰਾਬਰ ਆਣ ਖਲੋਇਆ। ਉਧਰ ਕਾਮੇਡੀ ਦੇ ਖੇਤਰ ਵਿਚ ਕਿਸ਼ੋਰ ਕੁਮਾਰ ਦਾ ਆਪਣਾ ਦਰਸ਼ਕ ਵਰਗ ਸੀ। ਫਿਲਮ ‘ਚਲਤੀ ਕਾ ਨਾਮ ਗਾੜੀ’ ਵਿਚ ਨਾਇਕ ਜਿਥੇ ਸਮਾਜਕ ਵਿਹਾਰ ‘ਤੇ ਤਿੱਖਾ ਵਿਅੰਗ ਕਰਦਾ ਹੈ, ਉਥੇ ਹਲਕੇ-ਫੁਲਕੇ ਢੰਗ ਨਾਲ ਹਾਲਾਤ ਦਾ ਮੁਕਾਬਲਾ ਕਰਨ ਦਾ ਸੁਨੇਹਾ ਵੀ ਦਿੰਦਾ ਹੈ। 1958 ਵਿਚ ਹੀ ਸ਼ਕਤੀ ਸਾਮੰਤ ਦੀ ਫਿਲਮ ‘ਹਾਵੜਾ ਬ੍ਰਿਜ’ ਰਿਲ਼ੀਜ਼ ਹੋਈ। ਇਸ ਫਿਲਮ ਦੀ ਵਿਸ਼ੇਸ਼ ਖਿੱਚ ਸੀ ਇਸ ਫਿਲਮ ਦਾ ਸੰਗੀਤ ਅਤੇ ਗਾਣੇ। ਫਿਲਮ ਦੇ ਗਾਣੇ ‘ਆਈਏ ਮਿਹਰਬਾਨ’ ਅਤੇ ‘ਮੇਰਾ ਨਾਮ ਚੁਨ ਚੁਨ ਚੁਨ’ ਨੇ ਮਧੂਬਾਲਾ ਨੂੰ ਲੱਖਾਂ ਦਰਸ਼ਕਾਂ ਦੀ ਚਹੇਤੀ ਬਣਾ ਦਿੱਤਾ। 1958 ਵਿਚ ਹੀ ਆਈ ਫਿਲਮ ‘ਫਿਰ ਸੁਬਹ ਹੋਗੀ’। ਇਹ ਫਿਲਮ ਰੂਸੀ ਨਾਵਲਕਾਰ ਦੋਸਤੋਵਸਕੀ ਦੇ ਨਾਵਲ ‘ਕਰਾਈਮ ਐਂਡ ਪਨਿਸ਼ਮੈਂਟ’ ਉੁਤੇ ਆਧਾਰਿਤ ਸੀ। ਫਿਲਮ ਵਿਚ ਮੁੱਖ ਭੂਮਿਕਾਵਾਂ ਰਾਜ ਕਪੂਰ ਅਤੇ ਮਾਲਾ ਸਿਨਹਾ ਨੇ ਨਿਭਾਈਆਂ। ਫਿਲਮ ਦਾ ਕਥਾਨਕ ਬਹੁਤ ਮਾਰਮਿਕ ਅਤੇ ਉਸ ਸਮੇਂ ਬਣ ਰਹੇ ਸਿਨੇਮਾ ਨਾਲੋਂ ਵੱਖਰਾ ਸੀ। ਫਿਲਮ ਦਾ ਸੰਗੀਤ ਖਯਾਮ ਨੇ ਤਿਆਰ ਕੀਤਾ ਸੀ ਤੇ ਗੀਤ ਸਾਹਿਰ ਲੁਧਿਆਣਵੀ ਨੇ ਲਿਖੇ ਸਨ। ਫਿਲਮ ਦਾ ਗਾਣਾ ‘ਵੋ ਸੁਬਹ ਕਭੀ ਤੋਂ ਆਏਗੀ’ ਆਪਣੀ ਪੇਸ਼ਕਾਰੀ ਅਤੇ ਉਮੀਦ ਦੇ ਰੰਗ ਕਾਰਨ ਬੇਹੱਦ ਮਕਬੂਲ ਹੋਇਆ। ਇਸ ਤੋਂ ਬਿਨਾਂ ‘ਚੀਨ ਔਰ ਅਰਬ ਹਮਾਰਾ, ਹਿੰਦੋਸਤਾਂ ਹਮਾਰਾ/ਰਹਿਨੇ ਕੋ ਘਰ ਨਹੀਂ ਹੈ, ਸਾਰਾ ਜਹਾਂ ਹਮਾਰਾ’ ਵਿਚਲੇ ਵਿਅੰਗ ਅਤੇ ਯਥਾਰਥ ਨੇ ਇਸ ਗਾਣੇ ਨੂੰ ਅਮਰ ਕਰ ਦਿੱਤਾ। ਇਸ ਫਿਲਮ ਦਾ ਤੀਜਾ ਗਾਣਾ ‘ਫਿਰ ਨਾ ਕੀਜੇ ਮੇਰੀ ਗੁਸਤਾਖ ਨਿਗਾਹੀਂ ਕਾ ਗਿਲਾ, ਦੇਖੀਏ ਆਪ ਨੇ ਫਿਰ ਪਿਆਰ ਸੇ ਦੇਖਾ ਮੁਝਕੋ’ ਸਿਰਫ ਸਾਹਿਰ ਵਰਗਾ ਸ਼ਾਇਰ ਹੀ ਲਿਖ ਸਕਦਾ ਸੀ।
1960 ਦੇ ਦੌਰ ਨੂੰ ਦੋ ਹੋਰ ਫਿਲਮਾਂ ਕਾਰਨ ਵੀ ਯਾਦ ਕੀਤਾ ਜਾਦਾ ਹੈ; ਪਹਿਲੀ ਸੀ ‘ਗੂੰਜ ਉਠੀ ਸ਼ਹਿਨਾਈ’ ਅਤੇ ਦੂਜੀ ਸੀ ‘ਧੂਲ ਕਾ ਫੂਲ’। ‘ਗੂੰਜ ਉਠੀ ਸ਼ਹਿਨਾਈ’ ਦੀ ਸਭ ਤੋਂ ਵੱਡੀ ਖਾਸੀਅਤ ਸੀ, ਪ੍ਰਸਿੱਧ ਸ਼ਹਿਨਾਈ ਵਾਦਕ ਉਸਤਾਦ ਬਿਸਮਿੱਲਾ ਖਾਨ ਦੀ ਸ਼ਹਿਨਾਈ ਦੀਆਂ ਧੁਨਾਂ। ਫਿਲਮ ਦਾ ਬਿਰਤਾਂਤ ਵੀ ਇਕ ਸ਼ਹਿਨਾਈ ਵਾਦਕ ਦੀ ਜ਼ਿੰਦਗੀ ‘ਤੇ ਆਧਾਰਿਤ ਸੀ। ‘ਧੂਲ ਕਾ ਫੂਲ’ ਫਿਲਮ ਬੀæਆਰæ ਚੋਪੜਾ ਦੇ ਭਰਾ ਯਸ਼ ਚੋਪੜਾ ਨੇ ਨਿਰਦੇਸ਼ਿਤ ਕੀਤੀ ਸੀ। ਇਸ ਫਿਲਮ ਵਿਚ ਮੁੱਖ ਅਦਾਕਾਰ ਸਨ ਰਾਜਿੰਦਰ ਕੁਮਾਰ, ਮਾਲਾ ਸਿਨਹਾ, ਲੀਨਾ ਚਿਟਨਿਸ ਅਤੇ ਨੰਦਾ। ਯਸ਼ ਚੋਪੜਾ ਉਸ ਸਮੇਂ ਸਤਾਈ ਸਾਲ ਦੇ ਨੌਜਵਾਨ ਸਨ ਅਤੇ ਜਵਾਹਰ ਲਾਲ ਨਹਿਰੂ ਤੋਂ ਬਹੁਤ ਪ੍ਰਭਾਵਿਤ ਸਨ। ਇਸ ਫਿਲਮ ਵਿਚ ਇਕ ਮੁਸਲਮਾਨ ਇਕ ਹਿੰਦੂ ਬੱਚੇ ਜੋ ਬਿਨਾਂ ਵਿਆਹ ਤੋਂ ਪੈਦਾ ਹੋਇਆ ਹੈ, ਨੂੰ ਪਾਲਦਾ ਹੈ। ਫਿਲਮ ਦਾ ਗਾਣਾ ‘ਤੂੰ ਹਿੰਦੂ ਬਨੇਗਾ ਨਾ ਮੁਸਲਮਾਨ ਬਣੇਗਾ, ਇਨਸਾਨ ਕੀ ਔਲਾਦ ਹੈ, ਇਨਸਾਨ ਬਣੇਗਾ’ ਨਹਿਰੂ ਦੀ ਧਰਮ ਨਿਰਪੱਖਤਾ ਅਤੇ ਸਮਾਜਵਾਦੀ ਨੀਤੀਆਂ ਦਾ ਝਲਕਾਰਾ ਸੀ। ਜੇ ਗੁਰੂ ਦੱਤ ਦੀਆਂ ਫਿਲਮਾਂ ਨੂੰ ਛੱਡ ਦਿੱਤਾ ਜਾਵੇ ਤਾਂ 1950 ਤੋਂ 1960 ਤੱਕ ਦਾ ਸਿਨੇਮਾ ਮੁੜ-ਘਿੜ ਕੇ ਰਾਸ਼ਟਰ ਨਵ-ਨਿਰਮਾਣ ਦੇ ਆਸ-ਪਾਸ ਘੁੰਮਦਾ ਨਜ਼ਰ ਆਉਂਦਾ ਹੈ। ਇਸ ਦੌਰ ਦੇ ਸਿਨੇਮਾ ਨੇ ਜਮਰੂਹੀਅਤ, ਧਰਮ ਨਿਰਪੱਖਤਾ ਅਤੇ ਸਮਾਜਕ ਮੁੱਦਿਆਂ ਨੂੰ ਲੋਕਾਈ ਦੇ ਵੱਡੇ ਹਿੱਸਿਆਂ ਤੱਕ ਪਹੁੰਚਾਉਣ ਦਾ ਕੰਮ ਕੀਤਾ। ਨਵਾਂ ਨਵਾਂ ਆਜ਼ਾਦ ਹੋਇਆ ਮੁਲਕ ਆਪਣੇ ਨੌਜਵਾਨਾਂ ‘ਤੇ ਟੇਕ ਲਗਾਈ ਬੈਠਾ ਸੀ। ਸਿਨੇਮਾ ਇਸੇ ਨੌਜਵਾਨ ਨੂੰ ਨਵੇਂ ਰਾਹ ਲੱਭਣ ਲਈ ਵੰਗਾਰ ਰਿਹਾ ਸੀ। ਰਾਜ ਕਪੂਰ ‘ਜਾਗਤੇ ਰਹੋ’ ਦਾ ਹੋਕਾ ਦੇ ਰਿਹਾ ਸੀ, ਬੀæਆਰæ ਚੋਪੜਾ ‘ਨਵੇਂ ਦੌਰ’ ਦਾ ਰਾਹ ਤਲਾਸ਼ ਰਿਹਾ ਸੀ, ਸ਼ੰਮੀ ਕਪੂਰ ਦਾ ‘ਜੰਗਲੀ’ ਵਾਲਾ ਪਿਆਰ ਦਰਸ਼ਕਾਂ ਦੇ ਗਲੇ ਉਤਰਨਾ ਸ਼ੁਰੂ ਹੋ ਗਿਆ ਸੀ।
ਸਾਲ 1960 ਵਿਚ ਬਣੀ ਫਿਲਮ ‘ਮੁਗਲ-ਏ-ਆਜ਼ਮ’ ਨੂੰ ਭਾਰਤੀ ਸਿਨੇਮਾ ਵਿਚ ਇਕਮੋੜ ਦੇ ਤੌਰ ‘ਤੇ ਦੇਖਿਆ ਜਾ ਸਕਦਾ ਹੈ। ‘ਮੁਗਲ-ਏ-ਆਜ਼ਮ’ ਦੇ ਨਿਰਦੇਸ਼ਕ ਕੇæ ਆਸਿਫ ਦੀ ਇਹ ਸ਼ਾਹਕਾਰ ਫਿਲਮ ਸੀ। ਇਹ ਫਿਲਮ ਤਕਰੀਬਨ ਦਸ ਸਾਲ ਵਿਚ ਪੂਰੀ ਹੋਈ। ਫਿਲਮ ਖੂਬਸੂਰਤ ਅਦਾਕਾਰਾ ਮਧੂਬਾਲਾ ਦੇ ਕਰੀਅਰ ਦੀ ਵੀ ਮਹਤੱਵਪੂਰਨ ਫਿਲਮ ਸੀ ਅਤੇ ਨਿੱਜੀ ਪੱਧਰ ‘ਤੇ ਵੀ ਉਹ ਅਤੇ ਦਲੀਪ ਕੁਮਾਰ ਆਪਣੀ ਮੁਹੱਬਤ ਨੂੰ ਰੇਤ ਵਾਂਗ ਕਿਰਦਿਆਂ ਦੇਖ ਰਹੇ ਸਨ। ਫਿਲਮ ਦੇ ਦੂਜੇ ਅੱਧ ਤੋਂ ਬਾਅਦ ਉਨ੍ਹਾਂ ਦੀ ਆਪਸੀ ਗੱਲਬਾਤ ਵੀ ਬੰਦ ਹੋ ਚੁੱਕੀ ਸੀ। ਇਸ ਫਿਲਮ ਤੋਂ ਬਾਅਦ ਹੀ ਦਿਲ ਦੀ ਮਰੀਜ਼ ਹੋਣ ਕਾਰਨ ਡਾਕਟਰਾਂ ਨੇ ਮਧੂਬਾਲਾ ਨੂੰ ਨਵੀਆਂ ਭੂਮਿਕਾਵਾਂ ਸਾਈਨ ਕਰਨ ਤੋਂ ਮਨਾ ਕਰ ਦਿੱਤਾ ਸੀ। ਇਸ ਫਿਲਮ ਤੋਂ ਬਾਅਦ ਦੇ ਸਿਨੇਮਾ ਵਿਚ ਇਕ ਪਾਸੇ ਕਾਲੇ-ਚਿੱਟੇ ਦੌਰ ਦੀ ਰੁਮਾਨੀਅਤ ਦਾ ਜਾਦੂ ਉਤਰਨਾ ਸ਼ੁਰੂ ਹੋ ਗਿਆ ਸੀ, ਦੂਜੇ ਪਾਸੇ ਇਸੇ ਸਿਨੇਮਾ ਦੇ ਗਰਭ ਵਿਚੋਂ ਨਵੇਂ ਕਲਾ ਅੰਦੋਲਨ ਦਾ ਜਨਮ ਹੋਣਾ ਸੀ।
(ਚਲਦਾ)