ਕਿਰਤ ਕਾਸ਼ਣੀ
ਮਿਸਰ ਦਾ ਜੰਮਪਲ ਅਤੇ ਆਪਣੀਆਂ ਗਹਿਰੀਆਂ ਅੱਖਾਂ ਨਾਲ ਸੰਵਾਦ ਰਚਾਉਣ ਵਾਲਾ ਚੋਟੀ ਦਾ ਕਲਾਕਾਰ ਉਮਰ ਸ਼ਰੀਫ 83 ਵਰ੍ਹਿਆਂ ਦੀ ਉਮਰ ਵਿਚ ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖ ਗਿਆ। Ḕਲਾਰੰਸ ਆਫ ਅਰੇਬੀਆḔ ਅਤੇ Ḕਡਾਕਟਰ ਜ਼ਿਵਾਗੋḔ ਉਸ ਦੀਆਂ ਸ਼ਾਹਕਾਰ ਫਿਲਮਾਂ ਸਨ।
ਫਿਲਮ Ḕਲਾਰੰਸ ਆਫ ਅਰੇਬੀਆḔ ਵਿਚ ਉਸ ਨੇ ਨਾਇਕ ਦੇ ਸਾਥੀ, ਕਬਾਇਲੀ ਲੀਡਰ ਸ਼ਰੀਫ ਅਲੀ ਦਾ ਅਹਿਮ ਕਿਰਦਾਰ ਨਿਭਾਇਆ ਸੀ ਅਤੇ ਉਸ ਨੂੰ ਇਸ ਕਿਰਦਾਰ ਬਦਲੇ ਸਰਵੋਤਮ ਸਹਾਇਕ ਅਦਾਕਾਰ ਦਾ ਆਸਕਰ ਪੁਰਸਕਾਰ ਮਿਲਿਆ। ਇਹ ਫਿਲਮ ਫਿਲਮਸਾਜ਼ ਡੇਵਿਡ ਲੀਨ ਨੇ 1962 ਵਿਚ ਬਣਾਈ ਸੀ। ਉਂਜ ਇਸ ਕਿਰਦਾਰ ਲਈ ਉਮਰ ਸ਼ਰੀਫ, ਡੇਵਿਡ ਲੀਨ ਦੀ ਪਹਿਲੀ ਪਸੰਦ ਨਹੀਂ ਸੀ। ਇਸ ਕਿਰਦਾਰ ਲਈ ਇਕ ਹੋਰ ਅਦਾਕਾਰ ਦੀ ਚੋਣ ਵੀ ਹੋ ਗਈ ਸੀ ਪਰ ਬਾਅਦ ਵਿਚ ਉਸ ਨੂੰ ਬਦਲ ਦਿੱਤਾ ਗਿਆ। ਇਸ ਕਿਰਦਾਰ ਦੀ ਚੋਣ ਖਾਤਰ ਫਿਲਮ ਦਾ ਨਿਰਮਾਤਾ ਸੈਮ ਸਪੀਜਲ ਉਚੇਚੇ ਤੌਰ Ḕਤੇ ਕਾਹਿਰਾ (ਮਿਸਰ) ਗਿਆ ਸੀ।
ਦਰਅਸਲ ਇਸ ਕਿਰਦਾਰ ਦਾ ਸਾਰਾ ਦਾਰੋਮਦਾਰ ਉਸ ਦੀਆਂ ਅੱਖਾਂ ਅਤੇ ਅੱਖਾਂ ਦੇ ਰੰਗ ਉਤੇ ਸੀ। ਕਾਹਿਰਾ ਵਿਚ ਸਕਰੀਨ ਟੈਸਟ ਦੌਰਾਨ ਸੈਮ ਸਪੀਜਲ ਨੂੰ ਉਮਰ ਸ਼ਰੀਫ਼ ਜਚ ਗਿਆ ਅਤੇ ਉਸ ਦੀ ਅੰਗਰੇਜ਼ੀ ਬੋਲਣ ਦੀ ਮੁਹਾਰਤ ਦੀ ਬਦੌਲਤ ਇਹ ਰੋਲ ਉਸ ਨੂੰ ਮਿਲ ਗਿਆ। ਮਗਰੋਂ ਇਸ ਕਿਰਦਾਰ ਬਦਲੇ ਉਸ ਦੀ ਇੰਨੀ ਪ੍ਰਸ਼ੰਸਾ ਹੋਈ ਕਿ ਉਹ ਕੌਮਾਂਤਰੀ ਸਿਨੇਮਾ ਵਿਚ ਛਾ ਗਿਆ। ਤਿੰਨ ਸਾਲ ਬਾਅਦ ਉਸ ਦੀ ਫਿਲਮ Ḕਡਾਕਟਰ ਜ਼ਿਵਾਗੋḔ ਨੇ ਹੋਰ ਧੁੰਮਾਂ ਪਾ ਦਿੱਤੀਆਂ। ਇਹ ਫਿਲਮ ਰੂਸੀ ਲੇਖਕ ਬੋਰਿਸ ਪਾਸਤਰਨਾਕ ਦੇ ਇਸੇ ਨਾਂ ਵਾਲੇ ਨਾਵਲ ਉਤੇ ਆਧਾਰਿਤ ਸੀ। ਇਸ ਵਿਚ ਪਹਿਲੇ ਸੰਸਾਰ ਯੁੱਧ ਅਤੇ ਬਾਲਸ਼ਵਿਕ ਇਨਕਲਾਬ ਨੂੰ ਪੇਸ਼ ਕੀਤਾ ਗਿਆ ਸੀ। ਇਸ ਫਿਲਮ ਤੋਂ ਬਾਅਦ ਉਮਰ ਸ਼ਰੀਫ ਸੰਸਾਰ ਦੇ ਕਹਿੰਦੇ-ਕਹਾਉਂਦੇ ਅਦਾਕਾਰਾਂ ਵਿਚ ਸ਼ੁਮਾਰ ਹੋ ਗਿਆ। ਉਸ ਦੀਆਂ ਹੋਰ ਅਹਿਮ ਫਿਲਮਾਂ ਵਿਚ Ḕਦਿ ਫਾਲ ਆਫ਼ ਦਿ ਰੋਮਨ ਐਮਪਾਇਰḔ, Ḕਦਿ ਨਾਈਟ ਆਫ਼ ਦੀ ਜਨਰਲਜ਼Ḕ, Ḕਫਨੀ ਗਰਲਜ਼Ḕ, ḔਚੀḔ, Ḕਦਿ ਲਾਸਟ ਵੈਲੀḔ, ਬਲੱਡਲਾਈਨਜ਼ ਆਦਿ ਸ਼ਾਮਲ ਹਨ। ਉਸ ਨੂੰ ਇਸੇ ਸਾਲ ਮਈ ਮਹੀਨੇ ਵਿਚ ਪਤਾ ਲੱਗਾ ਕਿ ਉਹ ਅਲਜ਼ਾਈਮਰ ਦੇ ਰੋਗ ਤੋਂ ਪੀੜਤ ਹੈ। ਉਸ ਦੇ ਪੁੱਤਰ ਤਾਰਿਕ ਅਲ-ਸ਼ਰੀਫ਼ ਮੁਤਾਬਕ ਉਸ ਦੇ ਅੱਬਾ ਨੂੰ ਆਪਣੇ ਕਰੀਅਰ ਤੇ ਫਿਲਮਾਂ ਬਾਰੇ ਹੁਣ ਕੁਝ ਕੁਝ ਹੀ ਚੇਤਾ ਰਹਿ ਗਿਆ ਸੀ। ਉਹ ਅਕਸਰ Ḕਡਾਕਟਰ ਜ਼ਿਵਾਗੋḔ ਅਤੇ Ḕਲਾਰੰਸ ਆਫ਼ ਅਰੇਬੀਆḔ ਨੂੰ ਆਪਸ ਵਿਚ ਰਲਗਡ ਕਰ ਦਿੰਦਾ ਸੀ। ਆਖਰਕਾਰ ਦਿਲ ਦੇ ਦੌਰੇ ਕਾਰਨ ਹਸਪਤਾਲ ਵਿਚ ਉਸ ਦੀ ਮੌਤ ਹੋ ਗਈ।
____________________________
ਮਾਈਕਲ ਤੋਂ ਉਮਰ ਸ਼ਰੀਫ
1954 ਵਿਚ ਉਮਰ ਸ਼ਰੀਫ ਦੀ ਫਿਲਮ Ḕਸਟਰਗਲ ਇੰਨ ਦਿ ਵੈਲੀḔ ਆਈ ਸੀ ਜਿਸ ਵਿਚ ਫਤੀਨ ਹਮਾਮਾ ਨਾਇਕਾ ਸੀ। ਇਹ ਫਿਲਮ ਕਰਦਿਆਂ ਦੋਵੇਂ ਪਿਆਰ ਵਿਚ ਪੈ ਗਏ ਅਤੇ 1955 ਵਿਚ ਵਿਆਹ ਕਰਵਾ ਲਿਆ। ਉਮਰ, ਕੈਥੋਲਿਕ ਪਰਿਵਾਰ ਵਿਚੋਂ ਸੀ ਅਤੇ ਉਸ ਦਾ ਨਾਂ ਮਾਈਕਲ ਸ਼ਾਲਹੋਬ ਸੀ। ਹਮਾਮਾ ਨਾਲ ਵਿਆਹ ਮੌਕੇ ਉਸ ਨੇ ਇਸਲਾਮ ਕਬੂਲ ਲਿਆ ਅਤੇ ਨਵਾਂ ਨਾਂ ਉਮਰ ਸ਼ਰੀਫ਼ ਰੱਖ ਲਿਆ ਹੈ। ਉਨ੍ਹਾਂ ਦੇ ਘਰ ਤਾਰਿਕ ਨੇ 1957 ਵਿਚ ਜਨਮ ਲਿਆ। ਹਮਾਮਾ ਅਤੇ ਉਮਰ 1974 ਵਿਚ ਵੱਖ ਹੋ ਗਏ ਅਤੇ ਮਗਰੋਂ ਸ਼ਰੀਫ ਨੇ ਕਿਸੇ ਨਾਲ ਵਿਆਹ ਨਹੀਂ ਕਰਵਾਇਆ। ਉਹ ਕਹਿੰਦਾ ਹੁੰਦਾ ਸੀ ਕਿ ਪਿਆਰ ਤਾਂ ਸਿਰਫ਼ ਇਕ ਵਾਰ ਹੀ ਹੁੰੰਦਾ ਹੈ। 6 ਮਹੀਨੇ ਪਹਿਲਾਂ ਹੀ 17 ਜਨਵਰੀ 2015 ਨੂੰ ਹਮਾਮਾ ਦੀ ਮੌਤ ਹੋ ਗਈ ਸੀ।