17ਵੀਆਂ ਪੈਨ ਅਮੈਰੀਕਨ ਖੇਡਾਂ ਟੋਰਾਂਟੋ

ਪ੍ਰਿੰæ ਸਰਵਣ ਸਿੰਘ
ਫੋਨ 905-799-1661
ਓਲੰਪਿਕ ਖੇਡਾਂ ਤੋਂ ਦੂਜੇ ਨੰਬਰ ‘ਤੇ ਮਹਾਂਦੀਪੀ ਖੇਡਾਂ ਹੁੰਦੀਆਂ ਹਨ। ਉਨ੍ਹਾਂ ਦੇ ਨਾਂ ਏਸ਼ੀਆਈ ਖੇਡਾਂ, ਅਫਰੀਕੀ ਖੇਡਾਂ, ਯੂਰਪੀ ਖੇਡਾਂ, ਓਸ਼ਨੀਆ ਖੇਡਾਂ ਤੇ ਪੈਨ ਅਮੈਰੀਕਨ ਖੇਡਾਂ ਹਨ। ਪੈਨ ਅਮੈਰੀਕਨ ਖੇਡਾਂ ਨੂੰ ਛੋਟੇ ਨਾਂ ਨਾਲ ਪੈਨਮ ਖੇਡਾਂ ਵੀ ਕਿਹਾ ਜਾਂਦਾ ਹੈ। ਇਨ੍ਹਾਂ ਵਿਚ ਅਮਰੀਕਾ ਦੇ ਉਤਰੀ ਤੇ ਦੱਖਣੀ ਮਹਾਂਦੀਪ ਯਾਨਿ ਅਮਰੀਕੀ ਤੇ ਕੈਰੇਬੀਅਨ ਮੁਲਕਾਂ ਦੇ ਖਿਡਾਰੀ ਭਾਗ ਲੈਂਦੇ ਹਨ।

17ਵੀਆਂ ਪੈਨਮ ਖੇਡਾਂ 10 ਜੁਲਾਈ ਤੋਂ 26 ਜੁਲਾਈ ਤਕ ਕੈਨੇਡਾ ਦੇ ਸ਼ਹਿਰ ਟੋਰਾਂਟੋ ਵਿਚ ਹੋ ਰਹੀਆਂ ਹਨ ਜਿਥੇ 36 ਖੇਡਾਂ ਦੀਆਂ 51 ਵੰਨਗੀਆਂ ਦੇ ਮੁਕਾਬਲਿਆਂ ਵਿਚ 41 ਮੁਲਕਾਂ ਦੇ ਛੇ ਹਜ਼ਾਰ ਤੋਂ ਵੱਧ ਖਿਡਾਰੀ ਭਾਗ ਲੈ ਰਹੇ ਹਨ। ਇਨ੍ਹਾਂ ਵਿਚ ਸਭ ਤੋਂ ਵੱਧ ਗਿਣਤੀ ਮੇਜ਼ਬਾਨ ਮੁਲਕ ਕੈਨੇਡਾ ਦੇ ਖਿਡਾਰੀਆਂ ਦੀ ਹੈ, ਜੋ 722 ਹਨ। ਬ੍ਰਾਜ਼ੀਲ ਦੇ 600, ਮੈਕਸੀਕੋ ਦੇ 510 ਤੇ ਅਮਰੀਕਾ ਦੇ 441 ਹਨ। ਬਲੀਜ਼ ਤੇ ਗਰੇਨਾਡਾ ਦਾ ਕੇਵਲ ਇਕ ਇਕ ਖਿਡਾਰੀ ਹੀ ਹੈ।
ਪੈਨਮ ਖੇਡਾਂ ਦੇ ਇਤਿਹਾਸ ‘ਤੇ ਨਜ਼ਰ ਮਾਰੀਏ ਤਾਂ 1932 ਵਿਚ ਲਾਸ ਏਂਜਲਸ ਦੀਆਂ ਓਲੰਪਿਕ ਖੇਡਾਂ ਸਮੇਂ ਪੈਨ ਅਮੈਰੀਕਨ ਮੁਲਕਾਂ ਦੀਆਂ ਖੇਡਾਂ ਕਰਾਉਣ ਦੀ ਗੱਲ ਚੱਲੀ ਸੀ। 1937 ਵਿਚ ਡੈਲਸ (ਟੈਕਸਸ) ਵਿਖੇ ਕੁਝ ਖੇਡਾਂ ਕਰਵਾਈਆਂ ਗਈਆਂ ਪਰ ਉਹ ਪਹਿਲੀਆਂ ਪੈਨ ਅਮੈਰੀਕਨ ਖੇਡਾਂ ਨਾ ਮੰਨੀਆਂ ਗਈਆਂ। ਫਿਰ 1940 ਵਿਚ ਅਰਜਨਟੀਨਾ ਦੇ ਸ਼ਹਿਰ ਬਿਊਨਸ ਏਅਰਜ਼ ਵਿਚ ਹੋਈ ਸਪੋਰਟਸ ਕਾਂਗਰਸ ਨੇ ਫੈਸਲਾ ਕੀਤਾ ਕਿ 1942 ਵਿਚ ਬਿਊਨਸ ਏਅਰਜ਼ ਵਿਖੇ ਪਹਿਲੀਆਂ ਪੈਨ ਅਮੈਰੀਕਨ ਖੇਡਾਂ ਕਰਾਈਆਂ ਜਾਣ। ਦੂਜੀ ਵੱਡੀ ਜੰਗ ਕਾਰਨ ਉਹ ਖੇਡਾਂ ਹੋ ਨਾ ਸਕੀਆਂ। 1948 ਵਿਚ ਲੰਡਨ ਦੀਆਂ ਓਲੰਪਿਕ ਖੇਡਾਂ ਸਮੇਂ ਸਪੋਰਟਸ ਕਾਂਗਰਸ ਨੇ ਫਿਰ ਫੈਸਲਾ ਕੀਤਾ ਕਿ ਪਹਿਲੀਆਂ ਪੈਨ ਅਮੈਰੀਕਨ ਖੇਡਾਂ 1951 ਵਿਚ ਬਿਊਨਸ ਏਅਰਜ਼ ਵਿਚ ਹੀ ਕਰਾਈਆਂ ਜਾਣ ਜੋ ਕਾਮਯਾਬੀ ਨਾਲ ਹੋ ਗਈਆਂ। ਸਬੱਬ ਦੀ ਗੱਲ ਸਮਝੋ ਕਿ ਏਸ਼ੀਆਈ ਖੇਡਾਂ ਵੀ 1951 ਵਿਚ ਹੀ ਨਵੀਂ ਦਿੱਲੀ ਤੋਂ ਸ਼ੁਰੂ ਹੋਈਆਂ। ਫਰਕ ਸਿਰਫ ਇਹ ਪਿਆ ਕਿ ਬਾਅਦ ਵਿਚ ਏਸ਼ੀਆਈ ਖੇਡਾਂ, ਓਲੰਪਿਕ ਖੇਡਾਂ ਤੋਂ ਦੋ ਸਾਲ ਪਹਿਲਾਂ ਤੇ ਪੈਨਮ ਖੇਡਾਂ ਓਲੰਪਿਕ ਖੇਡਾਂ ਤੋਂ ਇਕ ਸਾਲ ਪਹਿਲਾਂ ਹੋਣ ਲੱਗੀਆਂ। ਇਹ ਖੇਡਾਂ ਓਲੰਪਿਕ ਖੇਡਾਂ ਵਾਂਗ ਚਾਰ ਸਾਲਾਂ ਦੇ ਵਕਫ਼ੇ ਬਾਅਦ ਹੁੰਦੀਆਂ ਹਨ।
ਪੈਨਮ ਖੇਡਾਂ ਦਾ ਸਫਰ ਬਿਊਨਸ ਏਅਰਜ਼ ਤੋਂ ਸ਼ੁਰੂ ਹੋ ਕੇ ਮੈਕਸੀਕੋ ਸਿਟੀ, ਸ਼ਿਕਾਗੋ, ਸਾਓ ਪਾਲੋ, ਵਿਨੀਪੈਗ, ਕਲੀ, ਮੈਕਸੀਕੋ ਸਿਟੀ, ਸੈਨ ਜੁਆਂ, ਕੈਰਾਕਸ, ਇੰਡੀਅਨਐਪੋਲਿਸ, ਹਵਾਨਾ, ਮਾਰ ਡੇਲ ਪਲਾਟਾ, ਵਿਨੀਪੈਗ, ਸੈਂਟੋ ਡੋਮਿੰਗੋ, ਰੀਓ ਡੀ ਜਨੀਰੋ, ਗੁਆਡਾਲਾਜਾਰਾ ਹੁੰਦਾ ਹੋਇਆ ਟੋਰਾਂਟੋ ਪੁੱਜਾ ਹੈ। 2019 ਦੀਆਂ 18ਵੀਆਂ ਪੈਨਮ ਖੇਡਾਂ ਪੀਰੂ ਦੇ ਸ਼ਹਿਰ ਲੀਮਾ ਵਿਚ ਹੋਣਗੀਆਂ। ਬਿਊਨਸ ਏਅਰਜ਼ ਦੀਆਂ ਪਹਿਲੀਆਂ ਖੇਡਾਂ 18 ਖੇਡਾਂ ਦੇ ਮੁਕਾਬਲਿਆਂ ਨਾਲ 25 ਫਰਵਰੀ 1951 ਨੂੰ ਸ਼ੁਰੂ ਹੋਈਆਂ ਸਨ ਤੇ 9 ਮਾਰਚ ਤਕ ਚੱਲੀਆਂ ਸਨ। ਉਨ੍ਹਾਂ ਵਿਚ 21 ਮੁਲਕਾਂ ਦੇ 2513 ਖਿਡਾਰੀਆਂ ਨੇ ਭਾਗ ਲਿਆ ਸੀ। ਹੌਲੀ ਹੌਲੀ ਖੇਡਾਂ ਦੀ ਗਿਣਤੀ ਵਧਦੀ ਗਈ ਅਤੇ ਮੁਲਕਾਂ ਤੇ ਖਿਡਾਰੀਆਂ ਦੀ ਗਿਣਤੀ ਵਿਚ ਵੀ ਵਾਧਾ ਹੁੰਦਾ ਗਿਆ। ਹੁਣ ਖੇਡਾਂ ਦੀ ਗਿਣਤੀ 36 ਹੋ ਗਈ ਹੈ ਤੇ ਖਿਡਾਰੀ ਛੇ ਹਜ਼ਾਰ ਤੋਂ ਵਧ ਗਏ ਹਨ ਜਿਨ੍ਹਾਂ ਵਿਚ ਖਿਡਾਰਨਾਂ ਦੀ ਗਿਣਤੀ 45% ਤੋਂ ਵੱਧ ਹੈ।
2009 ਵਿਚ ਇਹ ਖੇਡਾਂ ਵੋਟਾਂ ਦੇ ਆਧਾਰ ‘ਤੇ ਟੋਰਾਂਟੋ ਨੂੰ ਅਲਾਟ ਹੋਈਆਂ ਸਨ। ਤਦ ਤੋਂ ਤਿਆਰੀਆਂ ਸ਼ੁਰੂ ਸਨ। 2011 ਵਿਚ ਇਨ੍ਹਾਂ ਖੇਡਾਂ ਦਾ ਝੰਡਾ ਮੈਕਸੀਕੋ ਸਿਟੀ ਵਿਚ ਟੋਰਾਂਟੋ ਦੇ ਮੇਅਰ ਰੌਬ ਫੋਰਡ ਤੇ ਕੈਨੇਡਾ ਦੇ ਖੇਡ ਮੰਤਰੀ ਬੱਲ ਗੋਸਲ ਨੇ ਹਾਸਲ ਕੀਤਾ ਸੀ। ਬੱਲ ਗੋਸਲ ਦਾ ਪਿੰਡ ਮੁਕੰਦਪੁਰ ਨੇੜੇ ਰਟੈਂਡਾ ਹੈ ਅਤੇ ਉਹ ਮੁਕੰਦਪੁਰ ਤੇ ਬੰਗੇ ਪੜ੍ਹਦਾ ਰਿਹਾ ਹੈ। ਇਨ੍ਹਾਂ ਖੇਡਾਂ ਲਈ ਮਿਸ਼ਾਲ ਦੀ ਰਿਲੇਅ ਦੌੜ 30 ਮਈ 2015 ਨੂੰ ਸ਼ੁਰੂ ਹੋਈ ਸੀ ਜੋ 10 ਜੁਲਾਈ ਨੂੰ ਟੋਰਾਂਟੋ ਦੇ ਰੌਜਰਜ਼ ਸੈਂਟਰ ਵਿਚ ਪੁੱਜੀ। ਰੌਜਰਜ਼ ਸੈਂਟਰ ਦਾ ਪਹਿਲਾ ਨਾਂ ਸਕਾਈਡੋਮ ਹੁੰਦਾ ਸੀ ਜਿਸ ਦੀ ਛੱਤ ਮੌਸਮ ਅਨੁਸਾਰ ਖੁੱਲ੍ਹ ਜਾਂਦੀ ਹੈ ਤੇ ਲੋੜ ਪੈਣ ‘ਤੇ ਬੰਦ ਕਰ ਲਈ ਜਾਂਦੀ ਹੈ। ਇਹ ਵੀ ਇਕ ਅਜੂਬਾ ਹੈ। ਸਮਾਪਤੀ ਰਸਮਾਂ 26 ਜੁਲਾਈ ਐਤਵਾਰ ਸ਼ਾਮੀ 6:45 ਵਜੇ ਹੋਣਗੀਆਂ।
ਪੈਨਮ ਖੇਡਾਂ ਦੀਆਂ ਕੁਲ 364 ਵੰਨਗੀਆਂ ਲਈ ਖੇਡ ਮੁਕਾਬਲੇ 30 ਖੇਡ ਮੈਦਾਨਾਂ ਤੇ ਖੇਡ ਭਵਨਾਂ ਵਿਚ ਹੋਣਗੇ। ਇਹ ਟੋਰਾਂਟੋ ਤੇ ਆਲੇ-ਦੁਆਲੇ ਦੇ ਸ਼ਹਿਰਾਂ ਸਕਾਰਬਰੋ, ਮਾਰਖਮ, ਅਜੈਕਸ, ਈਟੋਬੀਕੋ, ਮਿਲਟਨ, ਕਲੈਡਨ, ਹੈਮਿਲਟਨ, ਮਿਸੀਸਾਗਾ, ਸੇਂਟ ਕੈਥਰੀਨ, ਮੋਨੋ, ਨਾਰਥ ਯੌਰਕ ਤੇ ਓਸ਼ਵਾ ਵਿਚ ਹੋ ਰਹੇ ਹਨ। ਹੈਰਾਨੀ ਦੀ ਗੱਲ ਹੈ ਕਿ ਕੈਨੇਡਾ ਦੇ ਖੇਡ ਮੰਤਰੀ ਬੱਲ ਗੋਸਲ ਦੇ ਸ਼ਹਿਰ ਬਰੈਂਪਟਨ ਵਿਚ ਕੋਈ ਖੇਡ ਮੁਕਾਬਲਾ ਨਹੀਂ ਹੋ ਰਿਹਾ। ਕੈਨੇਡਾ ਦਾ ਇਹੋ ਸ਼ਹਿਰ ਹੈ, ਜਿਥੇ ਪੰਜਾਬੀ ਸਭ ਤੋਂ ਵੱਧ ਗਿਣਤੀ ਵਿਚ ਰਹਿੰਦੇ ਹਨ। ਬੱਲ ਗੋਸਲ ਖ਼ੁਦ ਇਸੇ ਸ਼ਹਿਰ ਤੋਂ ਮੈਂਬਰ ਪਾਰਲੀਮੈਂਟ ਹੈ। ਪੈਨਮ ਖੇਡਾਂ ਨਾਲ ਬਰੈਂਪਟਨ ਵਿਚ ਕਿਸੇ ਖੇਡ ਸਹੂਲਤ ਦਾ ਕੋਈ ਵਾਧਾ ਨਹੀਂ ਹੋ ਸਕਿਆ। ਵੈਸਟ ਡੋਨ ਲੈਂਡਜ਼ ਵਿਚ ਦਸ ਹਜ਼ਾਰ ਖਿਡਾਰੀਆਂ ਤੇ ਖੇਡ ਅਧਿਕਾਰੀਆਂ ਲਈ ਅਥਲੀਟਾਂ ਦਾ ਪਿੰਡ ਬਣਾਇਆ ਗਿਆ ਹੈ। ਖੇਡਾਂ ਤੋਂ ਬਾਅਦ ਇਹਦੇ ਅਪਾਰਟਮੈਂਟ ਵੇਚ ਦਿੱਤੇ ਜਾਣਗੇ। ਖੇਡਾਂ ਵੇਖਣ ਲਈ ਕੁਲ 14 ਲੱਖ ਟਿਕਟਾਂ ਛਾਪੀਆਂ ਗਈਆਂ ਸਨ ਜਿਨ੍ਹਾਂ ਵਿਚ 75% ਪੰਤਾਲੀ ਡਾਲਰ ਤੋਂ ਘੱਟ ਮੁੱਲ ਦੀਆਂ ਹਨ। ਪੰਜਾਬੀ ਦਰਸ਼ਕਾਂ ਵਿਚ ਟਿਕਟਾਂ ਲੈ ਕੇ ਖੇਡਾਂ ਵੇਖਣ ਦਾ ਰੁਝਾਣ ਘੱਟ ਹੀ ਹੈ।
ਸਭ ਤੋਂ ਬਹੁਤੇ ਮੈਡਲ ਅਥਲੈਟਿਕਸ ਦੇ ਹਨ ਜਿਨ੍ਹਾਂ ਦੀ ਗਿਣਤੀ 47 ਹੈ। ਜਮਾਇਕਾ ਦੇ ਤੇਜ਼ ਤਰਾਰ ਦੌੜਾਕ ਵਿਸ਼ੇਸ਼ ਖਿੱਚ ਦੇ ਪਾਤਰ ਬਣਨਗੇ। ਸੰਭਵ ਹੈ, ਕੁਝ ਰਿਕਾਰਡ ਨਵਿਆਏ ਜਾਣ। ਐਕੁਐਟਿਕਸ ਯਾਨਿ ਪਾਣੀ ਦੀਆਂ ਖੇਡਾਂ ਦੇ 46 ਗੋਲਡ ਮੈਡਲ ਹਨ। ਜਿਮਨਾਸਟਿਕਸ ਦੇ 24, ਸਾਈਕਲਿੰਗ ਦੇ 18, ਰੋਇੰਗ ਤੇ ਰੈਸਲਿੰਗ ਦੇ 18-18 ਗੋਲਡ ਮੈਡਲ ਹਨ। ਪੰਜਾਬੀ ਦਰਸ਼ਕਾਂ ਨੂੰ ਫੀਲਡ ਹਾਕੀ ਵਧੇਰੇ ਖਿੱਚ ਪਾਵੇਗੀ। ਜੇ ਕਿਤੇ ਕਬੱਡੀ ਸ਼ੋਅ ਕੇਸ ਖੇਡ ਵਜੋਂ ਸ਼ਾਮਲ ਹੋ ਸਕਦੀ ਤਾਂ ਕਬੱਡੀ ਦੀ ਤੇ ਕਬੱਡੀ ਪ੍ਰੋਮੋਟਰਾਂ ਦੀ ਵੀ ਬੱਲੇ ਬੱਲੇ ਹੋਣੀ ਸੀ। ਖੇਡਾਂ ਦਾ ਮਾਟੋ ‘ਯੂਨਾਈਟਿਡ ਵੀ ਪਲੇਅ’ ਹੈ।
ਹੁਣ ਤਕ ਹੋਈਆਂ 16 ਪੈਨਮ ਖੇਡਾਂ ਵਿਚੋਂ ਅਮਰੀਕਾ ਨੇ 1861 ਸੋਨੇ, 1379 ਚਾਂਦੀ, 932 ਕਾਸੀ, ਕਿਊਬਾ ਨੇ ਕ੍ਰਮਵਾਰ 839, 566, 527, ਕੈਨੇਡਾ ਨੇ 377, 586, 733, ਬ੍ਰਾਜ਼ੀਲ ਨੇ 287, 319, 460, ਅਰਜਨਟੀਨਾ ਨੇ 279, 305, 407 ਤੇ ਮੈਕਸੀਕੋ ਨੇ 197, 248, 460, ਤਮਗੇ ਜਿੱਤੇ ਹਨ।