ਨਵੀਂ ਦਿੱਲੀ (ਗੁਰਵਿੰਦਰ ਸਿੰਘ ਵਿਰਕ): ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਹੱਤਿਆ ਪਿੱਛੋਂ 31 ਅਕਤੂਬਰ 1984 ਨੂੰ ਦਿੱਲੀ ਵਿਚ ਗਿਣੇ-ਮਿਥੇ ਢੰਗ ਨਾਲ ਸਿੱਖਾਂ ਦਾ ਕਤਲੇਆਮ ਕੀਤਾ ਗਿਆ ਸੀ। ਇਸ ਨੂੰ ਰੋਕਣ ਲਈ ਅੱਗੇ ਆਏ ਪੁਲਿਸ ਅਫਸਰਾਂ ਨੂੰ ਜਾਂ ਤਾਂ ਛੁੱਟੀ ‘ਤੇ ਭੇਜ ਦਿੱਤਾ ਜਾਂ ਫਿਰ ਝਾੜ-ਝੰਬ ਕੇ ਬਿਠਾ ਦਿੱਤਾ ਗਿਆ।
ਵੱਢ-ਟੁੱਕ ਕਰਨ ਵਾਲੇ ਲੋਕਾਂ ਨੂੰ ਰਾਜੀਵ ਗਾਂਧੀ ਸਰਕਾਰ ਦੀ ਹਮਾਇਤ ਹਾਸਲ ਸੀ। ਰਾਜੀਵ ਗਾਂਧੀ ਨੂੰ 31 ਅਕਤੂਬਰ ਨੂੰ ਪ੍ਰਧਾਨ ਮੰਤਰੀ ਵਜੋਂ ਸਹੁੰ ਚੁਕਾ ਦਿੱਤੀ ਗਈ ਸੀ ਪਰ ਉਨ੍ਹਾਂ ਵੱਲੋਂ ਬੁਰਛਾਗਰਦਾਂ ਖ਼ਿਲਾਫ਼ ਸਖ਼ਤ ਕਾਰਵਾਈ ਦੇ ਹੁਕਮ ਦੋ ਨਵੰਬਰ ਦੀ ਸ਼ਾਮ ਨੂੰ ਸਾਢੇ 5 ਵਜੇ ਆਏ ਪਰ ਉਸ ਸਮੇਂ ਤੱਕ ਜ਼ਿਆਦਾਤਰ ਸਿੱਖਾਂ ਨੂੰ ਨਿਸ਼ਾਨਾ ਬਣਾਇਆ ਜਾ ਚੁੱਕਾ ਸੀ।
ਇਹ ਖੁਲਾਸੇ ਪੱਤਰਕਾਰ ਅਤੇ ਲੇਖਕ ਸੰਜੈ ਸੂਰੀ ਨੇ ਆਪਣੀ ਕਿਤਾਬ ‘1984- ਦਿ ਐਂਟੀ ਸਿੱਖ ਵਾਇਲੈਂਸ ਐਂਡ ਆਫਟਰ (1984-ਸਿੱਖ ਵਿਰੋਧੀ ਹਿੰਸਾ ਤੇ ਬਾਅਦ) ਵਿਚ ਕੀਤੇ ਹਨ। ਕਿਤਾਬ ਵਿਚ ਉਨ੍ਹਾਂ ਨੇ ਪੁਲਿਸ ਅਫਸਰਾਂ ਦਾ ਜ਼ਿਕਰ ਕੀਤਾ ਹੈ ਜੋ ਸਿੱਖਾਂ ਦੀ ਰੱਖਿਆ ਲਈ ਅੱਗੇ ਆਏ ਸਨ। ਤਤਕਾਲੀ ਵਧੀਕ ਡਿਪਟੀ ਕਮਿਸ਼ਨਰ ਮੈਕਸਵੈਲ ਪਰੇਰਾ ਨੇ ਪਹਿਲੀ ਨਵੰਬਰ ਨੂੰ ਸੀਸਗੰਜ ਗੁਰਦੁਆਰੇ ਦੇ ਬਾਹਰ ਦੰਗਈਆਂ ਨੂੰ ਰੋਕਣ ਲਈ ਗੋਲੀ ਦੇ ਹੁਕਮ ਦਿੱਤੇ ਸਨ। ਉਸ ਘਟਨਾ ਵਿਚ ਇਕ ਬੰਦਾ ਮਾਰਿਆ ਗਿਆ ਸੀ ਤੇ ਬੁਰਛਾਗਰਦਾਂ ਦੇ ਭੱਜ ਜਾਣ ਕਰ ਕੇ ਇਤਿਹਾਸਕ ਗੁਰਦੁਆਰਾ ਬਚ ਗਿਆ ਸੀ। ਇਸ ਤੋਂ ਬਾਅਦ ਜੋ ਕੁਝ ਵਾਪਰਿਆ, ਉਸ ਨੇ ਸ੍ਰੀ ਪਰੇਰਾ ਨੂੰ ਝੰਬ ਕੇ ਰੱਖ ਦਿੱਤਾ। ਸ੍ਰੀ ਪਰੇਰਾ ਨੇ ਘਟਨਾ ਤੋਂ ਬਾਅਦ ਤੁਰਤ ਕੰਟਰੋਲ ਰੂਮ ਨੂੰ ਗੋਲੀ ਚੱਲਣ ਅਤੇ ਇਕ ਬੰਦੇ ਦੇ ਮਰਨ ਦੀ ਜਾਣਕਾਰੀ ਦਿੱਤੀ ਪਰ ਅੱਗਿਓਂ ਕੋਈ ਜਵਾਬ ਨਾ ਮਿਲਿਆ ਤੇ ਕੰਟਰੋਲ ਰੂਮ ਵਿਚ ਖਾਮੋਸ਼ੀ ਛਾਈ ਰਹੀ।
ਤਤਕਾਲੀ ਮੱਧ-ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਅਮੋਦ ਕੰਠ ਮੁਤਾਬਕ ਹਿੰਸਾ ਨਾਲ ਨਜਿੱਠਣ ਲਈ ਉਨ੍ਹਾਂ ਨੂੰ ਪੁਲਿਸ ਹੈਡਕੁਆਰਟਰ ਤੋਂ ਕੋਈ ਨਿਰਦੇਸ਼ ਨਹੀਂ ਮਿਲੇ। ਕਿਤਾਬ ਅਨੁਸਾਰ ਸ੍ਰੀ ਕੰਠ ਨੇ ਆਪਣੇ ਜ਼ਿਲ੍ਹੇ ਵਿਚ ਬੁਰਛਾਗਰਦਾਂ ਨਾਲ ਨਜਿੱਠਣ ਲਈ ਸਖ਼ਤ ਕਾਰਵਾਈ ਦੇ ਹੁਕਮ ਦਿੱਤੇ ਸਨ, ਪਰ ਬਾਅਦ ਵਿਚ ਪੁਲਿਸ ਹੈਡਕੁਆਰਟਰ ਉਤੇ ਹੋਈ ਬੈਠਕ ਦੌਰਾਨ ਉਨ੍ਹਾਂ ਦੇ ਇਸ ਕਦਮ ਲਈ ਝਾੜ-ਝੰਬ ਵੀ ਹੋਈ। ਬੈਠਕ ਵਿਚ ਉਨ੍ਹਾਂ ਨੂੰ ਸਪਸ਼ਟ ਕਿਹਾ ਗਿਆ ਕਿ ਉਨ੍ਹਾਂ ਐਵੇਂ ਹੀ ਕਾਹਲੀ ਵਿਚ ਇਹ ਕਦਮ ਚੁੱਕ ਲਿਆ ਹੈ। ਕਿਤਾਬ ਵਿਚ ਦਿੱਲੀ ਆਰਮਡ ਪੁਲਿਸ ਦੇ ਇੰਸਪੈਕਟਰ ਨਾਲ ਵਾਪਰੀ ਘਟਨਾ ਦਾ ਵੀ ਜ਼ਿਕਰ ਕੀਤਾ ਗਿਆ ਹੈ। ਤਤਕਾਲੀ ਡਿਪਟੀ ਕਮਿਸ਼ਨਰ ਸ਼ਮਸ਼ੇਰ ਦਿਓਲ ਨੂੰ ਦਿੱਲੀ ਆਰਮਡ ਪੁਲਿਸ ਦੀ ਜ਼ਿੰਮੇਵਾਰੀ ਵੀ ਸੌਂਪੀ ਸੀ। ਉਸ ਨੇ ਪੂਰਬੀ ਦਿੱਲੀ ਵਿਚ ਨੰਦ ਨਗਰੀ ਵਿਖੇ ਹਮਲਾਵਰਾਂ ਨੂੰ ਖਿੰਡਾਉਣ ਲਈ ਹਵਾਈ ਫਾਇਰ ਕੀਤੇ ਸਨ ਜਿਸ ਨੇ ਉਸ ਲਈ ਮੁਸ਼ਕਿਲ ਖੜ੍ਹੀ ਕਰ ਦਿੱਤੀ। ਉਹ ਤੁਰੰਤ ਛੁੱਟੀ ਉਤੇ ਚਲਾ ਗਿਆ, ਪਰ ਜਾਣ ਤੋਂ ਪਹਿਲਾਂ ਉਸ ਨੇ ਦਿੱਲੀ ਛਾਉਣੀ ਦੀ ਫ਼ੌਜੀ ਯੂਨਿਟ ਵਿਚੋਂ ਤਿੰਨ ਕਾਰਤੂਸ ਖ਼ਰੀਦੇ। ਸ੍ਰੀ ਦਿਓਲ ਮੁਤਾਬਕ ਥ੍ਰੀ-ਨਾਟ-ਥ੍ਰੀ ਰਾਈਫਲ ਵਿਚੋਂ ਤਿੰਨ ਗੋਲੀਆਂ ਦਾਗ਼ਣ ਕਰ ਕੇ ਉਸ ਨੇ ਇਨ੍ਹਾਂ ਦੀ ਪੂਰਤੀ ਲਈ ਇਹ ਗੋਲੀਆਂ ਖ਼ਰੀਦੀਆਂ ਸਨ। ਉਹ ਇਹ ਦਿਖਾਉਣਾ ਚਾਹੁੰਦਾ ਸੀ ਕਿ ਉਸ ਨੇ ਗੋਲੀਆਂ ਨਹੀਂ ਦਾਗ਼ੀਆਂ ਤੇ ਉਸ ਕੋਲ ਕਾਰਤੂਸਾਂ ਦੀ ਗਿਣਤੀ ਪੂਰੀ ਹੈ।
ਅਸਿਸਟੈਂਟ ਪੁਲਿਸ ਕਮਿਸ਼ਨਰ ਕੇਵਲ ਸਿੰਘ ਨੇ 31 ਅਕਤੂਬਰ ਦੀ ਸ਼ਾਮ ਨੂੰ ਲੁਟੇਰਿਆਂ ਖ਼ਿਲਾਫ਼ ਕਾਰਵਾਈ ਆਰੰਭ ਦਿੱਤੀ ਸੀ। ਉਸ ਨੇ ਜਦੋਂ ਦੇਖਿਆ ਕਿ ਹਾਲਾਤ ਕਾਬੂ ਤੋਂ ਬਾਹਰ ਹੋ ਰਹੇ ਹਨ ਤਾਂ ਉਸ ਨੇ ਰਾਤ 8 ਵੱਜ ਕੇ 32 ਮਿੰਟ ਉਤੇ ਫਾਇਰਿੰਗ ਦੀ ਇਜਾਜ਼ਤ ਮੰਗੀ ਪਰ ਉਸ ਨੂੰ ਕੋਈ ਇਜਾਜ਼ਤ ਨਹੀਂ ਮਿਲੀ, ਸਗੋਂ 50 ਕੁ ਮਿੰਟਾਂ ਬਾਅਦ ਰਾਤ 9 ਵੱਜ ਕੇ 22 ਮਿੰਟ ਉਤੇ ਸੁਨੇਹਾ ਮਿਲਿਆ ਕਿ ਉਸ ਨੂੰ ਡਿਊਟੀ ਤੋਂ ਹਟਾ ਦਿੱਤਾ ਗਿਆ ਹੈ।
ਸ੍ਰੀ ਸੂਰੀ ਨੇ ਕਿਹਾ ਕਿ ਉਪਰੋਂ ਦੀ ਸੰਕੇਤ ਸਾਫ਼ ਸਨ ਕਿ ਲੁਟੇਰਿਆਂ ਤੇ ਕਾਤਲਾਂ ਖ਼ਿਲਾਫ਼ ਪੁਲਿਸ ਕਾਰਵਾਈ ਦਾ ਸਵਾਗਤ ਨਹੀਂ ਕੀਤਾ ਜਾਏਗਾ।
ਕਿਤਾਬ ਵਿਚ ਦਾਅਵਾ ਕੀਤਾ ਗਿਆ ਹੈ ਕਿ ਰਾਜੀਵ ਗਾਂਧੀ ਦੇ ਉਦਾਸੀਨ ਰਵੱਈਏ ਨੇ ਵੀ ਅਖੀਰ ਵਿਚ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ ਸਨ। ਲੇਖਕ ਨੇ ਇੰਟਰਵਿਊ, ਰਿਕਾਰਡਾਂ ਤੇ ਆਪਣੇ ਤਜਰਬਿਆਂ ਰਾਹੀਂ ਲਿਖਿਆ ਹੈ ਕਿ ਕਾਂਗਰਸ ਪਾਰਟੀ ਦੇ ਸੀਨੀਅਰ ਆਗੂਆਂ ਨੇ ਸਿੱਖ ਕਤਲੇਆਮ ਵਿਚ ਅਹਿਮ ਭੂਮਿਕਾ ਨਿਭਾਈ ਤੇ ਚੋਟੀ ਦੀ ਲੀਡਰਸ਼ਿਪ ਨੇ ਉਨ੍ਹਾਂ ਉਤੇ ਕੋਈ ਰੋਕ ਲਾਉਣ ਲਈ ਸਰਗਰਮੀ ਨਹੀਂ ਦਿਖਾਈ।
ਸੂਰੀ ਨੇ ਲਿਖਿਆ ਹੈ ਕਿ ਰਾਜੀਵ ਗਾਂਧੀ ਨੇ ਕਈ ਭਾਸ਼ਨ ਦਿੱਤੇ ਪਰ ਦਿੱਲੀ ਦੇ ਸਿੱਖ ਫੋਕੇ ਭਾਸ਼ਨ ਸੁਣਨ ਦੀ ਬਜਾਏ ਇਨਸਾਫ਼ ਲਈ ਚੁੱਕੇ ਜਾਣ ਵਾਲੇ ਕਦਮਾਂ ਬਾਰੇ ਸੁਣਨਾ ਚਾਹੁੰਦੇ ਸਨ। ਰਾਜੀਵ ਗਾਂਧੀ ਨੇ ਅਜਿਹੇ ਫ਼ੈਸਲੇ ਕੀਤੇ ਜਿਨ੍ਹਾਂ ਨਾਲ ਬਾਅਦ ਵਿਚ ਇਨਸਾਫ਼ ਦੀ ਤੱਕੜੀ ਡੋਲ ਗਈ। ਪੁਲਿਸ ਅਧਿਕਾਰੀ ਵੇਦ ਮਰਵਾਹ ਵੱਲੋਂ ਕਤਲੇਆਮ ਦੀ ਕੀਤੀ ਜਾ ਰਹੀ ਜਾਂਚ ਨੂੰ ਵਿਚਾਲੇ ਹੀ ਰੋਕ ਦਿੱਤਾ ਗਿਆ।