ਅਕਾਲੀ-ਭਾਜਪਾ ਗੱਠਜੋੜ ਲਈ ਹਊਆ ਬਣਨ ਲੱਗੇ ਕੈਪਟਨ

ਚੰਡੀਗੜ੍ਹ: ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪਾਰਟੀ ਵਿਚ ਆਪਣੇ ਮੁੱਖ ਵਿਰੋਧੀ ਪੰਜਾਬ ਕਾਂਗਰਸ ਦੇ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਵਿਰੁੱਧ ਛੇੜੀ ਮੁਹਿੰਮ ਦੀ ਮੁਹਾਰ ਅਕਾਲੀ-ਭਾਜਪਾ ਗੱਠਜੋੜ ਵੱਲ ਮੋੜ ਦਿੱਤੀ ਹੈ।

ਕੈਪਟਨ ਵੱਲੋਂ ‘ਮਿਸ਼ਨ 2017’ ਤਹਿਤ ਸੂਬੇ ਭਰ ਕੀਤੀਆਂ ਜਾ ਰਹੀਆਂ ਰੈਲੀਆਂ ਵਿਚ ਅਕਾਲੀ ਦਲ ਨੂੰ ਖੂਬ ਭੰਡਿਆ ਜਾ ਰਿਹਾ ਹੈ ਤੇ ਸਰਕਾਰ ਦੀ ਕਾਰਗੁਜ਼ਾਰੀ ‘ਤੇ ਸਵਾਲ ਵੀ ਚੁੱਕੇ ਜਾ ਰਹੇ ਹਨ। ਕੈਪਟਨ ਦੀ ਇਸ ਮੁਹਿੰਮ ਨੇ ਅਕਾਲੀ ਦਲ, ਖਾਸ ਕਰਕੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਸੋਚੀਂ ਪਾ ਦਿੱਤਾ ਹੈ।
ਸ਼ ਬਾਦਲ ਨੇ ਟਕਸਾਲੀ ਆਗੂਆਂ ਤੇ ਚਿੰਤਕਾਂ ਨਾਲ ਬੈਠਕਾਂ ਕਰਕੇ ਕੈਪਟਨ ਦੀ ਕਾਟ ਬਣਨ ਲਈ ਮੁਹਿੰਮ ਛੇੜ ਦਿੱਤੀ ਹੈ। ਇਸ ਮੁਹਿੰਮ ਤਹਿਤ ਅਖ਼ਬਾਰੀ ਬਿਆਨਬਾਜ਼ੀ ਤੇ ਟੀæਵੀæ ਚੈਨਲਾਂ ਉਤੇ ਵਿਚਾਰ ਚਰਚਾ ਕਰਵਾਈ ਜਾ ਰਹੀ ਹੈ ਤੇ ਨਾਲ ਹੀ ਜ਼ਿਲ੍ਹਾ ਜਥੇਦਾਰਾਂ ਨਾਲ ਰਾਬਤਾ ਕਾਇਮ ਕਰਕੇ ਵਿਕਾਸ ਪ੍ਰੋਜੈਕਟ ਨੇਪਰੇ ਚਾੜ੍ਹਨ ਦੀਆਂ ਸਕੀਮਾਂ ਬਣ ਰਹੀਆਂ ਹਨ। ਵੱਡੇ ਬਾਦਲ ਨੂੰ ਹੁਣ ਦੋਹਰੀ ਚਿੰਤਾ ਖਾ ਰਹੀ ਹੈ ਕਿ ਬੀæਜੇæਪੀæ ਨਾਲ ਗਠਜੋੜ ਕਿਵੇਂ ਚੱਲਦਾ ਰਹੇ ਤੇ ਕੈਪਟਨ ਦੀ ਹਨੇਰੀ ਨੂੰ ਕਿਵੇਂ ਰੋਕਿਆ ਜਾਵੇ।
ਭਾਜਪਾ ਨੇ ਵੀ ਪੰਜਾਬ ਅੰਦਰ ਦਲਿਤ ਤੇ ਹਿੰਦੂ ਕਾਰਡ ਵੱਖਰੇ ਢੰਗ ਨਾਲ ਖੇਡਣ ਦਾ ਮਨ ਬਣਾਇਆ ਹੈ। ਭਾਜਪਾ ਦੀ ਵੱਡੀ ਮੁਸ਼ਕਲ ਇਹ ਹੈ ਕਿ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਜਾਂ ਸੁਖਬੀਰ ਸਿੰਘ ਬਾਦਲ ਦੇ ਕੱਦ ਤੇ ਸਿਆਸੀ ਰੁਤਬੇ ਵਾਲਾ ਆਗੂ ਉਨ੍ਹਾਂ ਕੋਲ ਨਹੀਂ ਹੈ। ਹਾਈਕਮਾਨ ਨੇ ਮੱਧ ਪ੍ਰਦੇਸ਼ ਦੇ ਮੰਤਰੀ ਪ੍ਰਭਾਤ ਝਾਅ ਨੂੰ ਪੰਜਾਬ ਮਾਮਲਿਆਂ ਦਾ ਇੰਚਾਰਜ ਨਿਯੁਕਤ ਕੀਤਾ ਹੈ ਤੇ ਦਲਿਤ ਪੱਤਾ ਪਹਿਲਾਂ ਹੀ ਇਸ ਪਾਰਟੀ ਨੇ ਹੁਸ਼ਿਆਰਪੁਰ ਐਮæਪੀæ ਵਿਜੇ ਸਾਂਪਲਾ ਨੂੰ ਮੋਦੀ ਸਰਕਾਰ ਵਿਚ ਕੈਬਨਿਟ ਮੰਤਰੀ ਬਣਾ ਕੇ ਖੇਡਿਆ ਹੋਇਆ ਹੈ। ਆਰæਐਸ਼ਐਸ਼ ਦੀਆਂ ਨਜ਼ਰਾਂ ਵਿਚ ਰਾਜ ਸਭਾ ਐਮæਪੀæ ਅਵਿਨਾਸ਼ ਰਾਏ ਖੰਨਾ ਜੋ ਪਾਰਟੀ ਹਾਈਕਮਾਨ ਵਿਚ ਉਪ ਪ੍ਰਧਾਨ ਹਨ ਤੇ ਜੰਮੂ ਤੇ ਕਸ਼ਮੀਰ ਦੇ ਪਾਰਟੀ ਮਾਮਲਿਆਂ ਦੇ ਇੰਚਾਰਜ ਹਨ, ਨੂੰ ਅਕਾਲੀ ਦਲ ਦੇ ਸੁਖਬੀਰ ਬਾਦਲ ਦੇ ਮੁਕਾਬਲੇ ਬਰਾਬਰ ਦੀ ਚੋਟ ਵਾਸਤੇ ਮੈਦਾਨ ਵਿਚ ਲਿਆ ਸਕਦੇ ਹਨ।
ਸੂਤਰਾਂ ਮੁਤਾਬਕ ਭਾਵੇਂ ਹਾਈਕਮਾਨ ਦੇ ਨੇਤਾ ਅਕਾਲੀ ਦਲ ਦੇ ਪੰਥਕ ਏਜੰਡੇ ਦੇ ਵਿਰੁੱਧ ਹਨ ਪਰ ਆਰæਐਸ਼ਐਸ਼ ਨੇ ਪੇਂਡੂ ਤੇ ਸ਼ਹਿਰੀ ਇਲਾਕਿਆਂ ਵਿਚ ਹਿੰਦੂਤਵ ਦੀਆਂ ਜੜ੍ਹਾਂ ਪੱਕੀਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਹਨ।
______________________________________
ਕੈਪਟਨ ਦੀ ਮੁਹਿੰਮ ਤੋਂ ਬਾਦਲ ਔਖੇ
ਅੰਮ੍ਰਿਤਸਰ: ਕੈਪਟਨ ਅਮਰਿੰਦਰ ਸਿੰਘ ਦੀ ਜਨ ਸੰਪਰਕ ਮੁਹਿੰਮ ਤੋਂ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਕਾਫੀ ਔਖੇ ਲੱਗਦੇ ਹਨ। ਬਾਦਲ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਸਵਾਲ ਕੀਤਾ ਹੈ ਕਿ ਉਹ ਪੰਜਾਬ ਦੇ ਇਕ ਵੀ ਪਿੰਡ ਦਾ ਨਾਂ ਦੱਸਣ ਜਿਥੇ ਉਹ ਆਪਣੇ ਕਾਰਜਕਾਲ ਦੌਰਾਨ ਲੋਕਾਂ ਦੀਆਂ ਦੁੱਖ-ਤਕਲੀਫਾਂ ਸੁਣਨ ਗਏ ਹੋਣ। ਆਮ ਤੌਰ ਉਤੇ ਕੈਪਟਨ ਬਾਰੇ ਕੋਈ ਵੀ ਟਿੱਪਣੀ ਕਰਨ ਤੋਂ ਟਲਣ ਵਾਲੇ ਬਾਦਲ ਪਿਛਲੇ ਦਿਨਾਂ ਤੋਂ ਸਿੱਧੇ ਨਿਸ਼ਾਨੇ ਸਾਧ ਰਹੇ ਹਨ। ਬਾਦਲ ਨੇ ਕਿਹਾ ਕਿ ਕੈਪਟਨ ਆਪਣੇ ਸੱਤਾਕਾਲ ਦੌਰਾਨ ਮੁੱਖ ਮੰਤਰੀ ਦੀ ਥਾਂ ਇਕ ਰਾਜੇ ਵਾਂਗ ਲੋਕਾਂ ਉਤੇ ਰਾਜ ਕਰਦੇ ਰਹੇ ਸਨ ਜਦਕਿ ਉਹ ਲੋਕਾਂ ਦੇ ਚੁਣੇ ਹੋਏ ਨੁਮਾਇੰਦੇ ਦੇ ਤੌਰ ਉਤੇ ਲੋਕ ਸੇਵਕ ਵਜੋਂ ਨਿਮਰਤਾ ਤੇ ਸਮਰਪਤ ਭਾਵਨਾ ਨਾਲ ਪੰਜਾਬ ਦੀ ਸੇਵਾ ਲਈ ਤਤਪਰ ਹਨ।