ਵਾਜਪਾਈ ਸਰਕਾਰ ਦੀ ਢਿੱਲ ਕਾਰਨ ਸਫਲ ਹੋਏ ਸਨ ਦਹਿਸ਼ਤਗਰਦ

ਨਵੀਂ ਦਿੱਲੀ: ਭਾਰਤ ਦੀ ਖੁਫ਼ੀਆ ਸੰਸਥਾ ਖੋਜ ਤੇ ਵਿਸ਼ਲੇਸ਼ਣ ਵਿੰਗ (ਰਾਅ) ਦੇ ਸਾਬਕਾ ਮੁਖੀ ਵੱਲੋਂ 1999 ਵਿਚ ਏਅਰ ਇੰਡੀਆ ਦੇ ਯਾਤਰੀ ਜਹਾਜ਼ ਅਗਵਾ ਹੋਣ ਬਾਰੇ ਕੀਤੇ ਖੁਲਾਸਿਆਂ ਤੋਂ ਬਾਅਦ ਸਿਆਸੀ ਬਿਆਨਬਾਜ਼ੀ ਦਾ ਦੌਰ ਸ਼ੁਰੂ ਹੋ ਗਿਆ ਹੈ।

ਰਾਅ ਦੇ ਸਾਬਕਾ ਮੁਖੀ ਏæਐਸ਼ ਦੁਲਤ ਨੇ ਇਕ ਟੀæਵੀæ ਪ੍ਰੋਗਰਾਮ ਵਿਚ ਮੁਲਾਕਾਤ ਦੌਰਾਨ ਦੱਸਿਆ ਕਿ 1999 ਵਿਚ ਜਦੋਂ ਇੰਡੀਅਨ ਏਅਰਲਾਈਨਜ਼ ਦੇ ਜਹਾਜ਼ ਆਈæ ਸੀæ 814 ਨੂੰ ਦਹਿਸ਼ਤਗਰਦਾਂ ਨੇ ਅਗਵਾ ਕਰਕੇ ਆਪਣੇ ਪੰਜ ਸਾਥੀਆਂ ਦੀ ਰਿਹਾਈ ਦੀ ਮੰਗ ਕੀਤੀ ਸੀ ਤਾਂ ਉਸ ਵੇਲੇ ਸਰਕਾਰ ਵੱਲੋਂ ਛੇੜੀ ਮੁਹਿੰਮ ਵਿਚ ਆਪਸੀ ਤਾਲਮੇਲ ਦੀ ਘਾਟ ਤੇ ‘ਨਤੀਜਾਕੁਨ ਅਤੇ ਸਪੱਸ਼ਟ ਫ਼ੈਸਲੇ ਨਾ ਲੈਣ ਕਾਰਨ ਦਹਿਸ਼ਤਗਰਦ ਆਪਣੇ ਮਕਸਦ ਵਿਚ ਕਾਮਯਾਬ ਹੋ ਗਏ।
ਦੁਲਤ ਮੁਤਾਬਕ ਜਦੋਂ ਜਹਾਜ਼ ਨੂੰ ਅੰਮ੍ਰਿਤਸਰ ਹਵਾਈ ਅੱਡੇ ਉਤੇ ਉਤਾਰਿਆ ਗਿਆ ਉਸ ਸਮੇਂ ਨਾ ਕੇਂਦਰ ਤੇ ਨਾ ਹੀ ਪੰਜਾਬ ਸਰਕਾਰ ਕੋਈ ਫ਼ੈਸਲਾ ਕਰ ਪਾਈ। ਇਨ੍ਹਾਂ ਹਾਲਤਾਂ ਨਾਲ ਨਜਿੱਠਣ ਲਈ ਸੰਕਟ ਨਿਪਟਾਉਣ ਗਰੁੱਪ ਮੀਟਿੰਗਾਂ ਵਿਚ ਹੀ ਮਸ਼ਰੂਫ ਰਿਹਾ ਤੇ ਦਹਿਸ਼ਤਗਰਦ ਜਹਾਜ਼ ਨੂੰ ਅਗਵਾ ਕਰਕੇ ਲੈ ਗਏ। ਇਹ ਵੀ ਵਰਨਣਯੋਗ ਹੈ ਕਿ ਦੁਲਤ ਨੇ ਹਾਲ ਵਿਚ ਕਸ਼ਮੀਰ ਨੂੰ ਲੈ ਕੇ ਇਕ ਕਿਤਾਬ ਵੀ ਲਿਖੀ ਹੈ ‘ਕਸ਼ਮੀਰ-ਦ ਵਾਜਪਾਈ ਈਅਰਜ਼’। ਇਸ ਕਿਤਾਬ ਵਿਚ ਉਨ੍ਹਾਂ ਨੇ ਹੋਰ ਵੀ ਕਈ ਖੁਲਾਸੇ ਕੀਤੇ ਹਨ, ਜਿਨ੍ਹਾਂ ਵਿਚ 1989 ਵਿਚ ਮੁਫ਼ਤੀ ਮੁਹੰਮਦ ਸਈਦ ਦੀ ਬੇਟੀ ਡਾæ ਰੂਬੀਆ ਨੂੰ ਅਗਵਾ ਕਰਨ ਵੇਲੇ ਦੇ ਹਾਲਾਤ ਤੇ ਉਸ ਵੇਲੇ ਸੂਬੇ ਦੇ ਮੁੱਖ ਮੰਤਰੀ ਫਾਰੂਖ ਅਬਦੁੱਲਾ ਦੇ ਰੁਖ ਦਾ ਵੀ ਜ਼ਿਕਰ ਕੀਤਾ ਹੈ। ਦੁਲਤ ਮੁਤਾਬਕ ਅਗਵਾ ਦੇ ਦੋਵੇਂ ਹੀ ਮਾਮਲਿਆਂ ਵਿਚ ਫਾਰੂਕ ਅਬਦੁੱਲਾ ਦਹਿਸ਼ਤਗਰਦਾਂ ਨੂੰ ਰਿਹਾਅ ਕਰਨ ਦੇ ਹੱਕ ਵਿਚ ਨਹੀਂ ਸਨ। ਸਾਬਕਾ ਪ੍ਰਧਾਨ ਮੰਤਰੀ ਵਾਜਪਾਈ ਦਾ ਗੁਜਰਾਤ ਦੰਗਿਆਂ ਪ੍ਰਤੀ ਰੁਖ ਦਾ ਵੀ ਜ਼ਿਕਰ ਕੀਤਾ ਹੈ। ਉਨ੍ਹਾਂ ਕਿਹਾ ਕਿ ਵਾਜਪਾਈ ਗੁਜਰਾਤ ਦੰਗਿਆਂ ਤੋਂ ਕਾਫੀ ਨਾਰਾਜ਼ ਸਨ ਤੇ ਉਹ ਇਸ ਨੂੰ ਇਕ ‘ਗਲਤੀ’ ਮੰਨਦੇ ਸਨ। ਕਾਂਗਰਸ ਨੇ ਇਨ੍ਹਾਂ ਸਾਰੇ ਤੱਥਾਂ ਨੂੰ ‘ਚਿੰਤਾਜਨਕ ਤੱਥ’ ਕਰਾਰ ਦਿੰਦਿਆਂ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਤੋਂ ਅਸਤੀਫ਼ੇ ਦੀ ਮੰਗ ਕੀਤੀ।
ਭਾਜਪਾ ਨੂੰ ਨਿਸ਼ਾਨੇ ਉਤੇ ਲੈਂਦਿਆਂ ਕਾਂਗਰਸ ਨੇ ਕਿਹਾ ਕਿ ਇਸ ਤੋਂ ਪਤਾ ਲੱਗਦਾ ਹੈ ਕਿ ਭਾਜਪਾ ਦੀ ਕਥਨੀ ਤੇ ਕਰਨੀ ਵਿਚ ਕਿੰਨਾ ਫਰਕ ਹੈ, ਜਦਕਿ ਬਚਾਅ ਵਿਚ ਉੱਤਰੀ ਭਾਜਪਾ ਨੇ ਕਾਂਗਰਸ ਉਤੇ ਜਵਾਬੀ ਹਮਲਾ ਕਰਦਿਆਂ ਕਿਹਾ ਕਿ ਕੀ ਉਸ ਵੇਲੇ ਅਗਵਾ ਹੋਏ ਮੁਸਾਫਰਾਂ ਨੂੰ ਮਰਨ ਲਈ ਛੱਡ ਦੇਣਾ ਚਾਹੀਦਾ ਸੀ?
ਕਾਂਗਰਸ ਨੇਤਾ ਅਜੈ ਕੁਮਾਰ ਨੇ ਇਕ ਪ੍ਰੈੱਸ ਕਾਨਫਰੰਸ ਵਿਚ ਕਿਹਾ ਕਿ ਰਾਅ ਮੁਖੀ ਦੇ ਦਾਅਵਿਆਂ ਤੋਂ ਇਹ ਸਪੱਸ਼ਟ ਹੁੰਦਾ ਹੈ ਕਿ ਉਸ ਵੇਲੇ ਦੀ ਐਨæਡੀæਏæ ਸਰਕਾਰ (ਦੱਸਣਯੋਗ ਹੈ ਕਿ ਉਸ ਵੇਲੇ ਅਟੱਲ ਬਿਹਾਰੀ ਵਾਜਪਾਈ ਦੇਸ਼ ਦੇ ਪ੍ਰਧਾਨ ਮੰਤਰੀ ਸਨ) ਕੰਧਾਰ ਕਾਂਡ ਨਾਲ ਨਜਿੱਠਣ ‘ਚ ਪੂਰੀ ਤਰ੍ਹਾਂ ਨਾਕਾਮ ਰਹੀ ਤੇ ਸਰਕਾਰ ਦੀ ਇਸ ਨਾਕਾਮੀ ਕਾਰਨ ਹੀ ਅਗਵਾ ਕੀਤੇ ਜਹਾਜ਼ ਨੂੰ ਅੰਮ੍ਰਿਤਸਰ ਵਿਚੋਂ ਜਾਣ ਦੀ ਇਜਾਜ਼ਤ ਦਿੱਤੀ ਗਈ। ਅਜੈ ਕੁਮਾਰ ਨੇ ਕਿਹਾ ਕਿ ਇਸੇ ਕਾਰਨ ਮਜਬੂਰੀ ਵਿਚ ਤਿੰਨ ਦਹਿਸ਼ਤਗਰਦਾਂ ਨੂੰ ਰਿਹਾਅ ਕਰਨਾ ਪਿਆ।
ਦੂਜੇ ਪਾਸੇ ਭਾਜਪਾ ਮੁਤਾਬਕ ਉਸ ਵੇਲੇ ਲਏ ਫ਼ੈਸਲੇ ਵਿਚ ਮੁਸਾਫਰਾਂ ਦੀ ਸੁਰੱਖਿਆ ਨੂੰ ਹੀ ਸਭ ਤੋਂ ਅਹਿਮ ਰੱਖਿਆ ਗਿਆ ਸੀ। ਭਾਜਪਾ ਨੇਤਾ ਐਮæਜੇæ ਅਕਬਰ ਨੇ ਸਰਕਾਰ ਵੱਲੋਂ ਸਪੱਸ਼ਟੀਕਰਨ ਦਿੰਦਿਆਂ ਕਿਹਾ ਕਿ ਉਸ ਵੇਲੇ ਫ਼ੈਸਲਾ ਇਕ ਉੱਚ ਪੱਧਰੀ ਮੀਟਿੰਗ ਤੋਂ ਬਾਅਦ ਲਿਆ ਗਿਆ ਸੀ, ਜਿਸ ਤੋਂ ਪਹਿਲਾਂ ਸਾਰੀਆਂ ਸਿਆਸੀ ਪਾਰਟੀਆਂ ਦੀ ਰਾਇ ਲਈ ਗਈ ਸੀ।
_______________________________________________
ਇਹ ਸੀ ਕੰਧਾਰ ਹਾਈਜੈਕ ਮਾਮਲਾæææ
ਨਵੀਂ ਦਿੱਲੀ: 1999 ਵਿਚ ਦਹਿਸ਼ਤਗਰਦਾਂ ਨੇ ਇੰਡੀਅਨ ਏਅਰਲਾਈਨਜ਼ ਦੇ ਜਹਾਜ਼ ਆਈæਸੀæ 814 ਨੂੰ ਅਗਵਾ ਕੀਤਾ ਸੀ। ਨਿਪਾਲ ਦੀ ਰਾਜਧਾਨੀ ਕਾਠਮੰਡੂ ਤੋਂ ਦਿੱਲੀ ਜਾਣ ਵਾਲੇ ਜਹਾਜ਼ ਨੂੰ ਪਾਕਿਸਤਾਨ ਦੇ ਅਤਿਵਾਦੀ ਧੜੇ ਹਰਕਤ-ਉਲ-ਮੁਜਾਹਦੀਨ ਦੇ ਦਹਿਸ਼ਤਗਰਦਾਂ ਨੇ ਅਗਵਾ ਕਰ ਲਿਆ ਸੀ। ਅੰਮ੍ਰਿਤਸਰ, ਲਾਹੌਰ ਤੇ ਦੁਬਈ ਲੈਂਡਿੰਗ ਕਰਨ ਤੋਂ ਬਾਅਦ ਅਗਵਾਕਾਰਾਂ ਨੇ ਜਹਾਜ਼ ਨੂੰ ਅਫ਼ਗਾਨਿਸਤਾਨ ਦੇ ਕੰਧਾਰ ਹਵਾਈ ਅੱਡੇ ਉ’ਤੇ ਉਤਰਨ ਲਈ ਮਜਬੂਰ ਕੀਤਾ ਸੀ। ਇਸ ਅਮਲ ਵਿਚ 176 ਮੁਸਾਫਰਾਂ ਵਿਚੋਂ 27 ਨੂੰ ਦੁਬਈ ਛੱਡ ਦਿੱਤਾ ਗਿਆ ਸੀ ਪਰ ਇਸ ਦੌਰਾਨ ਇਕ ਮੁਸਾਫਰ ਦੀ ਹੱਤਿਆ ਵੀ ਕਰ ਦਿੱਤੀ ਗਈ ਅਤੇ ਕਈਆਂ ਨੂੰ ਜ਼ਖ਼ਮੀ ਕਰ ਦਿੱਤਾ ਗਿਆ, ਜਿਸ ਕਾਰਨ ਸਰਕਾਰ ਨੂੰ ਤਿੰਨ ਦਹਿਸ਼ਤਗਰਦਾਂ ਮਸੂਦ ਅਜਹਰ, ਅਹਿਮਦ ਉਮਰ ਸਈਦ ਸ਼ੇਖ ਤੇ ਮੁਸ਼ਤਾਕ ਅਹਿਮਦ ਅਜ਼ਗਰ ਨੂੰ ਰਿਹਾਅ ਕਰਨਾ ਪਿਆ ਸੀ।
___________________________________
ਪੰਜਾਬ ਸਰਕਾਰ ਦੀ ਨਾਕਾਮੀ ਕਾਰਨ ਜਹਾਜ਼ ਨੇ ਅੰਮ੍ਰਿਤਸਰ ਤੋਂ ਭਰੀ ਉਡਾਰੀ: ਕੈਪਟਨ
ਪਟਿਆਲਾ: ਕੈਪਟਨ ਅਮਰਿੰਦਰ ਨੇ ਕਿਹਾ ਹੈ ਕਿ ਜੇਕਰ ਉਹ ਕੰਧਾਰ ਜਹਾਜ਼ ਹਾਈਜੈਕ ਸਮੇਂ ਮੁੱਖ ਮੰਤਰੀ ਹੁੰਦੇ ਤਾਂ ਹਾਈਜੈਕਰਾਂ ਨੂੰ ਅੰਮ੍ਰਿਤਸਰ ਤੋਂ ਹੀ ਉਡਾਰੀ ਨਾ ਭਰਨ ਦਿੰਦੇ। 1999 ਵਿਚ ਕੰਧਾਰ ਹਾਈਜੈਕ ਸਮੇਂ ਕੇਂਦਰ ਵਿਚ ਵਾਜਪਾਈ ਤੇ ਪੰਜਾਬ ਵਿਚ ਅਕਾਲੀ ਦਲ ਦੀ ਸਰਕਾਰ ਸੀ। ਇਸੇ ਲਈ ਕੈਪਟਨ ਇਹ ਬਿਆਨ ਦੇ ਕੇ ਬਾਦਲ ਸਰਕਾਰ ਨੂੰ ਕਟਿਹਰੇ ਵਿਚ ਖੜ੍ਹਾ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਦਰਅਸਲ ਸਾਬਕਾ ਰਾਅ ਮੁਖੀ ਏæਐਸ਼ ਮਲਿਕ ਨੇ ਆਪਣੀ ਕਿਤਾਬ ਵਿਚ ਇਹ ਗੱਲ ਲਿਖੀ ਹੈ ਕਿ ਵਾਜਪਾਈ ਸਰਕਾਰ ਨੇ ਕੰਧਾਰ ਹਾਈਜੈਕ ਸਮੇਂ ਸਹੀ ਉਪਰਾਲੇ ਨਹੀਂ ਕੀਤੇ ਸਨ। ਸਰਕਾਰ ਦਾ ਘਟਨਾ ਨੂੰ ਲੈ ਕੇ ਰਵੱਈਆ ਠੀਕ ਨਹੀਂ ਸੀ। ਇਸ ਕਿਤਾਬ ਦੇ ਆਉਣ ਤੋਂ ਬਾਅਦ ਹੀ ਇਸ ਮਸਲੇ ਉਤੇ ਲਗਾਤਾਰ ਵਿਵਾਦ ਹੋ ਰਿਹਾ ਹੈ।