ਦੇਸ਼ ਵਾਸੀਆਂ ਦੀ ਨਾਂਹ ਪਿੱਛੋਂ ਵਧੀਆਂ ਗਰੀਸ ਦੀਆਂ ਮੁਸ਼ਕਿਲਾਂ

ਏਥਨਜ਼: ਗਰੀਸ (ਯੂਨਾਨ)ਵਿਚ ਬੇਲਆਊਟ ਪੈਕੇਜ ਨੂੰ ਠੁਕਰਾਏ ਜਾਣ ਪਿੱਛੋਂ ਭਾਵੇਂ ਜਸ਼ਨ ਮਨਾਏ ਜਾ ਰਹੇ ਹਨ ਪਰ ਇਨ੍ਹਾਂ ਜਸ਼ਨਾਂ ਤੋਂ ਅੱਗੇ ਦਾ ਰਾਸਤਾ ਕਾਫੀ ਮੁਸ਼ਕਿਲ ਨਜ਼ਰ ਆ ਰਿਹਾ ਹੈ। ਹਾਲਾਂਕਿ ਪ੍ਰਧਾਨ ਮੰਤਰੀ ਐਲਕਸਿਸ ਸਿਪਰਾਸ ਜਿਸ ਤਰ੍ਹਾਂ ਚਾਹੁੰਦੇ ਸਨ, ਉਸੇ ਤਰ੍ਹਾਂ ਹੀ ਹੋਇਆ।

ਗਰੀਸ ਦੀ ਜਨਤਾ ਨੇ 60 ਫੀਸਦੀ ਤੋਂ ਵੱਧ ਵੋਟਾਂ ਨਾਲ ਬੇਲਆਊਟ ਪੈਕੇਜ ਖਾਰਜ ਕਰ ਦਿੱਤਾ। ਯੂਰਪੀ ਨੇਤਾਵਾਂ ਨੇ ਰਾਇਸ਼ੁਮਾਰੀ ਤੋਂ ਪਹਿਲਾਂ ਵਾਰ-ਵਾਰ ਗਰੀਸ ਦੇ ਲੋਕਾਂ ਨੂੰ ਚਿਤਾਵਨੀ ਦਿੱਤੀ ਸੀ ਕਿ ਜੇ ਇਨ੍ਹਾਂ ਦਾ ਫੈਸਲਾ ‘ਨਾਂਹ’ ਵਿਚ ਆਇਆ ਤਾਂ ਗਰੀਸ ਨੂੰ ਯੂਰੋ ਜ਼ੋਨ ਵਿਚੋਂ ਬਾਹਰ ਜਾਣਾ ਪਵੇਗਾ, ਪਰ ਇਸ ਚਿਤਾਵਨੀ ਦੀ ਪਰਵਾਹ ਨਾ ਤਾਂ ਗਰੀਸ ਦੀ ਜਨਤਾ ਨੇ ਕੀਤੀ ਤੇ ਨਾ ਹੀ ਸਰਕਾਰ ਨੇ। ਯੂਰੋ ਜ਼ੋਨ ਤੋਂ ਬਾਹਰ ਜਾਣ ਦਾ ਮਤਲਬ ਹੈ, ਯੂਰਪੀ ਸੰਘ ਤੋਂ ਮਿਲਣ ਵਾਲੀ ਮਦਦ ਦਾ ਰਾਸਤਾ ਬੰਦ ਹੋਣਾ, ਇਸ ਲਈ ਗਰੀਸ ਨੂੰ ਯੂਰੋ ਜ਼ੋਨ ਨਾਲ ਛੇਤੀ ਤੋਂ ਛੇਤੀ ਸਮਝੌਤਾ ਕਰਨਾ ਪਵੇਗਾ। ਰਾਇਸ਼ੁਮਾਰੀ ਤੋਂ ਬਾਅਦ ਗਰੀਸ ਸਰਕਾਰ ਬੇਲਆਊਟ ਪੈਕੇਜ ਦੀ ਸ਼ਰਤ ਨਰਮ ਕਰਵਾਉਣ ਦੇ ਲਿਹਾਜ਼ ਨਾਲ ਬਿਹਤਰ ਸਥਿਤੀ ਵਿਚ ਹੋ ਸਕਦੀ ਹੈ।
ਗਰੀਸ ਦੀ ਰਾਇਸ਼ੁਮਾਰੀ ਵਿਚ 62æ5 ਫ਼ੀਸਦੀ ਲੋਕਾਂ ਨੇ ਵੋਟ ਦਿੱਤੀ, ਜਿਨ੍ਹਾਂ ਵਿਚੋਂ 61æ31 ਫ਼ੀਸਦੀ ਵੋਟਾਂ ਨੇ ‘ਨਾਂਹ’ ਤੇ 38æ69 ਫ਼ੀਸਦੀ ਲੋਕਾਂ ਨੇ ‘ਹਾਂ’ ਦੇ ਪੱਖ ਵਿਚ ਵੋਟ ਕੀਤਾ। ਯੂਰੋ ਖੇਤਰ ਦੇ ਵਿੱਤ ਮੰਤਰੀਆਂ ਦੇ ਸਮੂਹ, ਭਾਵ ਯੂਰੋ ਗਰੁੱਪ ਦੇ ਮੁਖੀ ਜੇਰੋਨ ਦਿਜਲੇਸਬਲੋਏਮ ਨੇ ਰਾਇਸ਼ੁਮਾਰੀ ਦੇ ਨਤੀਜੇ ਨੂੰ ਗਰੀਸ ਦੇ ਭਵਿੱਖ ਲਈ ਬਹੁਤ ਅਸਫ਼ਸੋਸਜਨਕ ਦੱਸਿਆ। ਲੋਕਾਂ ਦੇ ਇਸ ਫੈਸਲੇ ਪਿੱਛੋਂ ਵਿੱਤ ਮੰਤਰੀ ਯਾਨਿਸ ਵਰੂਫਾਕਿਸ ਨੇ ਅਸਤੀਫ਼ਾ ਦੇ ਦਿੱਤਾ। ਰਾਇਸ਼ੁਮਾਰੀ ਨੂੰ ਗਰੀਸ ਦੇ ਪ੍ਰਧਾਨ ਮੰਤਰੀ ਸਿਪਰਾਸ ਲਈ ਵੱਡੀ ਜਿੱਤ ਵਜੋਂ ਵੇਖਿਆ ਜਾ ਰਿਹਾ ਹੈ। ਵਿੱਤ ਮੰਤਰੀ ਦੇ ਅਸਤੀਫ਼ਾ ਦੇਣ ਦਾ ਇਹ ਹੈਰਾਨ ਕਰਨ ਵਾਲਾ ਐਲਾਨ ਅਜਿਹੇ ਸਮੇਂ ਆਇਆ ਹੈ ਜਦੋਂ ਯੂਰਪੀ ਸੰਘ ਦੇ ਆਗੂ ਰਾਇਸ਼ੁਮਾਰੀ ਉਤੇ ਆਪਣੀ ਪ੍ਰਤੀਕਿਰਿਆ ਦੀ ਤਿਆਰੀ ਕਰ ਰਹੇ ਹਨ। ਗਰੀਸ ਦੇ ਜ਼ਿਆਦਾਤਰ ਵੋਟਰਾਂ ਨੇ ਇਸ ਇਤਿਹਾਸਕ ਰਾਇਸ਼ੁਮਾਰੀ ਵਿਚ ਰਾਹਤ ਪੈਕੇਜ ਤੇ ਬਚਤ ਦੇ ਕਦਮਾਂ ਵਿਰੁਧ ਜਾਂਦਿਆਂ ‘ਨਾਂਹ’ ਦਾ ਬਦਲ ਚੁਣਿਆ। ਇਸ ਰਾਇਸ਼ੁਮਾਰੀ ਕਾਰਨ ਗਰੀਸ ਨੂੰ ਯੂਰੋ ਖੇਤਰ ਤੋਂ ਨਿਕਲਣਾ ਪੈ ਸਕਦਾ ਹੈ। ਬੀਤੇ ਕੁਝ ਮਹੀਨਿਆਂ ਵਿਚ ਰਾਹਤ ਪੈਕੇਜ ਬਾਬਤ ਗੱਲਬਾਤ ਵਿਚ ਅਕਸਰ ਵਾਰਤਾਕਾਰਾਂ ਨਾਲ ਉਲਝਣ ਵਾਲੇ ਵਰੂਦਾਕਿਸ ਨੇ ਆਪਣੇ ਬਲਾਗ ਉਤੇ ਲਿਖਿਆ ਹੈ ਕਿ ਰਾਇਸ਼ੁਮਾਰੀ ਦੇ ਨਤੀਜਿਆਂ ਤੋਂ ਤੁਰਤ ਬਾਅਦ ਮੈਨੂੰ ਪਤਾ ਲੱਗਿਆ ਕਿ ਯੂਰੋ ਗਰੁੱਪ ਦੇ ਕੁਝ ਹਿੱਸੇਦਾਰ ਨਹੀਂ ਚਾਹੁੰਦੇ ਸਨ ਕਿ ਮੈਂ ਇਸ ਦੀਆਂ ਬੈਠਕਾਂ ਵਿਚ ਰਹਾਂ। ਉਨ੍ਹਾਂ ਦੇ ਅਸਤੀਫ਼ੇ ਮਗਰੋਂ ਯੂਰੋ ਵਿਚ ਤੇਜ਼ੀ ਵੇਖਣ ਨੂੰ ਮਿਲੀ ਤੇਂ ਇਹ ਉਮੀਦ ਫਿਰ ਬੱਝੀ ਹੈ ਕਿ ਈæਸੀæਬੀæ (ਯੂਰਪੀ ਕੇਂਦਰੀ ਬੈਂਕ), ਈæਸੀæ (ਯੂਰਪੀ ਕਮਿਸ਼ਨ) ਤੇ ਆਈæਐਮæਐਫ਼æ (ਕੌਮਾਂਤਰੀ ਮੁਦਰਾ ਕੋਸ਼) ਵਰਗੇ ਕਰਜ਼ਦਾਤਾਵਾਂ ਨੂੰ ਇਕ ਵਾਰੀ ਫਿਰ ਗੱਲਬਾਤ ਦੀ ਮੇਜ਼ ਉਤੇ ਲਿਆਂਦਾ ਜਾ ਸਕੇਗਾ, ਭਾਵੇਂ ਗਰੀਸ ਦੀ ਜਨਤਾ ਨੇ ਉਨ੍ਹਾਂ ਦੀਆਂ ਮੰਗਾਂ ਨੂੰ ਖਾਰਜ ਕਰ ਦਿੱਤਾ ਹੋਵੇ।
ਸੂਤਰਾਂ ਅਨੁਸਾਰ ਯੂਰਪੀ ਕਮਿਸ਼ਨ ਦੇ ਪ੍ਰਮੁੱਖ ਜਸਾਂ ਕਲਾਉਦ ਜੰਕਰ ਨੇ ਯੂਰਪੀ ਕੇਂਦਰੀ ਬੈਂਕ ਦੇ ਮੁਖੀ ਮਾਰਿਓ ਦਰਾਘੀ ਤੇ ਯੂਰੋ ਗਰੁੱਪ ਦੇ ਮੁਖੀ ਜੇਰੋਇਨ ਦਿਜਸੇਲਬਲੋਇਮ ਨਾਲ ਫ਼ੋਨ ਉਤੇ ਗੱਲ ਕੀਤੀ ਹੈ। ਇਸ ਦੌਰਾਨ ਜਰਮਨ ਤੇ ਫਰਾਂਸ ਦੇ ਵਿੱਤ ਮੰਤਰੀਆਂ ਦੀ ਬੈਠਕ ਵਾਰਸਾ ਵਿਚ ਹੋਣ
ਵਾਲੀ ਹੈ ਜਦਕਿ ਮੁੱਖ ਵਿੱਤੀ ਅਧਿਕਾਰੀਆਂ ਦੇ ਯੂਰੋ ਕਾਰਜ ਸਮੂਹ ਦੀ ਬੈਠਕ ਬ੍ਰੱਸਲਜ਼ ਵਿਖੇ
ਹੋਵੇਗੀ।
ਜ਼ਿਕਰਯੋਗ ਹੈ ਕਿ ਗਰੀਸ ਉਪਰ 11 ਲੱਖ ਕਰੋੜ ਤੋਂ ਵੱਧ ਕਰਜ਼ਾ ਹੈ। ਕੌਮਾਂਤਰੀ ਰਾਹਤ ਪੈਕੇਜ ਤਹਿਤ ਇਸ ਨੂੰ ਤਕਰੀਬਨ 240 ਅਰਬ ਯੂਰੋ ਮਿਲੇ ਸਨ ਤੇ ਇਸ ਕਰਜ਼ੇ ਦਾ ਸਮਾਂ ਪਿਛਲੇ ਹਫ਼ਤੇ ਖ਼ਤਮ ਹੋ ਗਿਆ। ਇਸੇ ਦਿਨ ਗਰੀਸ, ਆਈæਐਮæਐਫ਼æ ਨੂੰ ਕਰਜ਼ਾ ਚੁਕਾਉਣ ਤੋਂ ਖੁੰਝ ਗਿਆ ਸੀ ਤੇ ਇਸ ਸਥਿਤੀ ਵਿਚ ਪੈਣ ਵਾਲਾ ਉਹ ਅਜਿਹਾ ਪਹਿਲਾ ਵਿਕਸਤ ਦੇਸ਼ ਹੋ ਗਿਆ।
ਯਾਦ ਰਹੇ ਕਿ 1999 ਵਿਚ ਆਏ ਭੂਚਾਲ ਤੋਂ ਬਾਅਦ ਗਰੀਸ ਮੁੜ ਨਹੀਂ ਉੱਠ ਸਕਿਆ। ਇਸ ਭੂਚਾਲ ਵਿਚ ਦੇਸ਼ ਦਾ ਜ਼ਿਆਦਾਤਰ ਹਿੱਸਾ ਤਬਾਹ ਹੋ ਗਿਆ ਸੀ। 2001 ਵਿਚ ਗਰੀਸ ਯੂਰੋ ਜ਼ੋਨ ਨਾਲ ਜੁੜ ਗਿਆ। ਇਸ ਨੂੰ ਉਮੀਦ ਸੀ ਕਿ ਯੂਰੋ ਜ਼ੋਨ ਤੋਂ ਉਸ ਨੂੰ ਆਸਾਨੀ ਨਾਲ ਲੋਨ ਮਿਲ ਜਾਵੇਗਾ। ਇਸੇ ਉਮੀਦ ਨਾਲ 2004 ਵਿਚ ਗਰੀਸ ਨੇ ਉਲੰਪਿਕ ਖੇਡਾਂ ਵਿਚ ਬੇਹੱਦ ਪੈਸਾ ਖਰਚ ਕਰ ਦਿੱਤਾ। ਗਰੀਸ ਨੇ 2010 ਵਿਚ ਯੂਰਪੀ ਸੈਂਟਰਲ ਬੈਂਕ ਅਤੇ ਕੌਮਾਂਤਰੀ ਮੁਦਰਾ ਕੋਸ਼ ਤੋਂ 10 ਅਰਬ ਡਾਲਰ ਦਾ ਰਾਹਤ ਪੈਕੇਜ ਲੈ ਲਿਆ। ਕੁਝ ਸਮੇਂ ਬਾਅਦ ਦੂਸਰਾ ਰਾਹਤ ਪੈਕੇਜ ਵੀ ਮਿਲ ਗਿਆ।
_________________________________________
ਕਰਜ਼ਦਾਤਿਆਂ ਨੂੰ ਮਨਾਉਣ ਲਈ ਕੋਸ਼ਿਸ਼ਾਂ ਤੇਜ਼
ਏਥਨਜ਼: ਯੂਨਾਨ ਦੇ ਲੋਕਾਂ ਨੇ ਰਾਏਸ਼ੁਮਾਰੀ ਦੌਰਾਨ ਭਾਵੇਂ ਸਰਕਾਰ ਦਾ ਸਾਥ ਦਿੱਤਾ ਹੈ ਪਰ ਦੇਸ਼ ਨੂੰ ਆਰਥਿਕ ਸੰਕਟ ਵਿਚੋਂ ਕੱਢਣ ਲਈ ਪ੍ਰਧਾਨ ਮੰਤਰੀ ਸੀਪਰਾਸ ਨੇ ਵੀ ਜਤਨ ਸ਼ੁਰੂ ਕਰ ਦਿੱਤੇ ਹਨ। ਵਿੱਤ ਮੰਤਰੀ ਯਾਨਿਸ ਵਰੂਫਾਕਿਸ ਨੇ ਅਚਾਨਕ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ। ਇਸ ਘਟਨਾਕ੍ਰਮ ਨੂੰ ਕਰਜ਼ਦਾਤਿਆਂ ਨੂੰ ਮਨਾਉਣ ਦੇ ਜਤਨ ਵਜੋਂ ਦੇਖਿਆ ਜਾ ਰਿਹਾ ਹੈ। ਯੂਨਾਨ ਸਰਕਾਰ ਨੂੰ ਅਜੇ ਵੀ ਆਸ ਹੈ ਕਿ ਕਰਜ਼ਦਾਤਿਆਂ ਨਾਲ ਸਮਝੌਤਾ ਹੋ ਸਕਦਾ ਹੈ। ਉਧਰ ਭਾਰਤ ਦੇ ਸ਼ੇਅਰ ਬਾਜ਼ਾਰ ਉਤੇ ਯੂਨਾਨ ਸੰਕਟ ਦਾ ਕੋਈ ਅਸਰ ਨਹੀਂ ਦਿਖਿਆ। ਨਵੇਂ ਵਿੱਤ ਮੰਤਰੀ ਦੀ ਨਿਯੁਕਤੀ ਬਾਅਦ ਕਰਜ਼ਦਾਤਿਆਂ ਨਾਲ ਨਵੇਂ ਸਿਰਿਓਂ ਗੱਲਬਾਤ ਸ਼ੁਰੂ ਹੋਵੇਗੀ।