ਨਸ਼ਿਆਂ ਬਾਰੇ ਮੁਲਕ ਭਰ ‘ਚ ਦਰਜ ਹੋਏ ਕੇਸਾਂ ਵਿਚੋਂ ਅੱਧੇ ਪੰਜਾਬ ਤੋਂ

ਚੰਡੀਗੜ੍ਹ: ਪੰਜਾਬ ਵਿਚ ਨਸ਼ਿਆਂ ਦਾ ਜੰਜਾਲ ਵਧਦਾ ਜਾ ਰਿਹਾ ਹੈ। ਸਾਲ 2014-15 ਦੌਰਾਨ ਦੇਸ਼ ਭਰ ਵਿਚ ਨਸ਼ਿਆਂ ਬਾਰੇ 30 ਹਜ਼ਾਰ ਕੇਸ ਦਰਜ ਹੋਏ, ਜਿਨ੍ਹਾਂ ਵਿਚੋਂ ਇਕੱਲੇ ਪੰਜਾਬ ਵਿਚ ਹੀ 14,800 ਕੇਸ ਹਨ। ਪੰਜਾਬ ਦੇ ਦਿਹਾਤੀ ਖੇਤਰ ਦੇ 67 ਫ਼ੀਸਦੀ ਘਰਾਂ ਵਿਚ ਘੱਟੋ-ਘੱਟ ਇਕ ਵਿਅਕਤੀ ਨਸ਼ਿਆਂ ਦਾ ਗ਼ੁਲਾਮ ਬਣ ਚੁੱਕਾ ਹੈ। ਪੰਜਾਬ ਪ੍ਰਤੀ ਵਿਅਕਤੀ ਸ਼ਰਾਬ ਦੀ ਖਪਤ ਕਰਨ ਵਿਚ ਮੋਹਰੀ ਸੂਬਾ ਬਣਿਆ ਹੋਇਆ ਹੈ।

ਇਕ ਰਿਪੋਰਟ ਅਨੁਸਾਰ ਪੰਜਾਬ ਦੇ ਕੁੱਲ ਨਸ਼ੇੜੀਆਂ ਵਿਚੋਂ 61æ4 ਫ਼ੀਸਦੀ ਸਮੈਕ, 13æ9 ਫ਼ੀਸਦੀ ਟੀਕੇ, 14æ7 ਫ਼ੀਸਦੀ ਨਸ਼ੀਲੀਆਂ ਦਵਾਈਆਂ, ਅੱਠ ਫ਼ੀਸਦੀ ਸ਼ਰਾਬ ਤੇ ਦੋ ਫ਼ੀਸਦੀ ਅਫ਼ੀਮ ਦਾ ਨਸ਼ਾ ਕਰਦੇ ਸਨ। 1998 ਵਿਚ ਸਿਰਫ 16æ8 ਫ਼ੀਸਦੀ ਵਿਅਕਤੀ ਹੀ ਸਮੈਕ ਦਾ ਨਸ਼ਾ ਕਰਦੇ ਸਨ। ਦੁਨੀਆਂ ਭਰ ਵਿਚ ਪੈਦਾ ਹੋਣ ਵਾਲੇ ਤੰਬਾਕੂ ਦਾ ਕੁੱਲ 13 ਫ਼ੀਸਦੀ ਹਿੱਸਾ ਭਾਰਤ ਵਿਚ ਪੈਦਾ ਹੁੰਦਾ ਹੈ। ਇਕ ਅੰਦਾਜ਼ੇ ਤੇ ਸਰਵੇਖਣ ਅਨੁਸਾਰ ਪੰਜਾਬ ਵਿਚ ਨਸ਼ਾ ਕਰਨ ਵਾਲਿਆਂ ਵਿਚ ਤਕਰੀਬਨ 45 ਫ਼ੀਸਦੀ ਬੇਰੁਜ਼ਗਾਰ ਹਨ, 27 ਫ਼ੀਸਦੀ ਅਨਪੜ੍ਹ, 23 ਫ਼ੀਸਦੀ ਪੜ੍ਹੇ-ਲਿਖੇ, 26 ਫ਼ੀਸਦੀ ਵਿਦਿਆਰਥੀ, 17 ਫ਼ੀਸਦੀ ਮਜ਼ਦੂਰ, 7æ5 ਫ਼ੀਸਦੀ ਕਿਸਾਨ, ਪੰਜ ਫ਼ੀਸਦੀ ਵਪਾਰੀ ਵਰਗ ਤੇ ਪੰਜ ਫ਼ੀਸਦੀ ਨੌਕਰੀ ਪੇਸ਼ਾ ਲੋਕ ਫਸ ਚੁੱਕੇ ਹਨ।। ਪੁਲਿਸ ਜਿਸ ਨੇ ਨਸ਼ੇ ਦੀ ਰੋਕਥਾਮ ਕਰਨੀ ਹੈ, ਵੀ ਨਸ਼ਿਆਂ ਦੀ ਦਲਦਲ ਵਿਚ ਬੁਰੀ ਤਰ੍ਹਾਂ ਫਸ ਚੁੱਕੀ ਹੈ। ਤਕਰੀਬਨ 15 ਫ਼ੀਸਦੀ ਪੁਲਿਸ ਮੁਲਾਜ਼ਮ ਨਸ਼ਿਆਂ ਦੇ ਆਦੀ ਹੋ ਚੁੱਕੇ ਹਨ।
ਪੰਜਾਬ ਵਿਚ 58 ਫ਼ੀਸਦੀ ਨਸ਼ੇੜੀ 20 ਸਾਲ ਤੋਂ ਘੱਟ ਉਮਰ ਵਿਚ ਹੀ ਨਸ਼ਿਆਂ ਦੀ ਸ਼ੁਰੂਆਤ ਕਰ ਰਹੇ ਹਨ ਤੇ 20 ਤੋਂ 30 ਸਾਲ ਦੀ ਉਮਰ ਵਿਚ ਨਸ਼ੇ ਲੈਣ ਵਾਲਿਆਂ ਦੀ ਗਿਣਤੀ 80 ਫ਼ੀਸਦੀ ਤੋਂ ਵੀ ਵਧ ਗਈ ਹੈ। ਪੰਜਾਬ ਦੇ ਸਕੂਲ, ਕਾਲਜ ਤੇ ਯੂਨੀਵਰਸਿਟੀਆਂ ਨਸ਼ਿਆਂ ਦੀ ਪਕੜ ਵਿਚ ਤੇਜ਼ੀ ਨਾਲ ਆ ਰਹੇ ਹਨ। ਇਹ ਵੀ ਹੈਰਾਨੀ ਦੀ ਗੱਲ ਹੈ ਕਿ ਸਰਕਾਰ ਪਹਿਲਾਂ ਨਾਗਰਿਕਾਂ ਨੂੰ ਨਸ਼ਿਆਂ ਦਾ ਆਦੀ ਬਣਾਉਂਦੀ ਹੈ ਤੇ ਫਿਰ ਨਸ਼ੇ ਛੁਡਾਉਣ ਦੇ ਕੈਂਪ ਲਗਾਉਂਦੀ ਹੈ। ਸਿਹਤ ਵਿਭਾਗ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਸਾਲ 2007 ਤੋਂ ਅਪਰੈਲ 2012 ਤੱਕ 13091 ਦਵਾਈਆਂ ਦੇ ਸੈਂਪਲ ਲਏ ਗਏ, ਜਿਨ੍ਹਾਂ ਵਿਚੋਂ 9973 ਸੈਂਪਲਾਂ ਦੇ ਟੈਸਟ ਕੀਤੇ ਗਏ, ਜਿਨ੍ਹਾਂ ਵਿਚੋਂ 346 ਤੈਅ ਕੀਤੇ ਗਏ ਮਿਆਰਾਂ ਦੇ ਨਹੀਂ ਸਨ।
ਪੰਜਾਬ ਰਾਜ ਏਡਜ਼ ਕੰਟਰੋਲ ਸੁਸਾਇਟੀ ਵੱਲੋਂ ਐਚ ਆਈ ਵੀ/ਏਡਜ਼ ਕੰਟਰੋਲ ਲਈ ਚਲਾਏ ਜਾ ਰਹੇ ਜਾਗਰੂਕਤਾ ਪ੍ਰੋਗਰਾਮ ਵਿਚ ਇਹ ਗੱਲ ਸਪੱਸ਼ਟ ਹੋ ਗਈ ਹੈ ਕਿ ਬਾਕੀ ਨਸ਼ਿਆਂ ਦੇ ਨਾਲ-ਨਾਲ ਪੰਜਾਬ ਵਿਚ ਟੀਕਿਆਂ ਰਾਹੀਂ ਨਸ਼ਾ ਕਰਨ ਦੇ ਰੁਝਾਨ ਵਿਚ ਵੀ ਵਾਧਾ ਹੋਇਆ ਹੈ। ਸਰਕਾਰ ਵੱਲੋਂ ਕੀਤੇ ਜਾ ਰਹੇ ਉਪਰਾਲੇ ਜ਼ਿਆਦਾ ਸਾਰਥਿਕ ਸਿੱਧ ਨਹੀਂ ਹੋ ਰਹੇ।। ਜ਼ਿਆਦਾਤਰ ਦੋਸ਼ੀਆਂ ਨੂੰ ਰਾਜਨੀਤਕ ਦਬਾਅ ਕਾਰਨ ਜਾਂ ਪੈਸੇ ਲੈ ਕੇ ਛੱਡ ਦਿੱਤਾ ਜਾਂਦਾ ਹੈ। ਪੰਜਾਬ ਸਰਕਾਰ ਵੱਲੋਂ 23 ਤੋਂ 31 ਮਈ ਤੱਕ ਚਲਾਈ ਗਈ ਵਿਸ਼ੇਸ਼ ਮੁਹਿੰਮ ਤਹਿਤ 1,181 ਮਾਮਲੇ ਦਰਜ ਕਰ ਕੇ 1243 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ।
ਵਿਸ਼ਵ ਸਿਹਤ ਸੰਗਠਨ ਅਨੁਸਾਰ ਦੁਨੀਆਂ ਭਰ ਵਿਚ 2 ਅਰਬ ਲੋਕ ਇਕ ਸਾਲ ਵਿਚ ਨਸ਼ਿਆਂ ਦੀ ਵਰਤੋਂ ਕਰਦੇ ਹਨ। 15 ਤੋਂ 64 ਸਾਲ ਦੀ ਉਮਰ ਦੇ ਹਰ 20 ਵਿਅਕਤੀਆਂ ਵਿਚੋਂ ਇਕ ਨਸ਼ੇੜੀ ਹੈ। ਸੰਗਠਨ ਦੀ ਰਿਪੋਰਟ ਅਨੁਸਾਰ ਦੁਨੀਆਂ ਭਰ ਵਿਚ 22æ5 ਲੱਖ ਮੌਤਾਂ ਸ਼ਰਾਬ ਪੀਣ ਕਾਰਨ ਹੁੰਦੀਆਂ ਹਨ। ਰਿਸ਼ੀਆਂ-ਮੁਨੀਆਂ ਤੇ ਗੁਰੂਆਂ ਦੀ ਧਰਤੀ ਪੰਜਾਬ ਦੀ ਹਿੱਕ ਉਤੇ ਨਸ਼ਿਆਂ ਦਾ ਛੇਵਾਂ ਦਰਿਆ ਉੱਛਲ ਰਿਹਾ ਹੈ। ਭਾਰਤ ਨੂੰ ਵਿਦੇਸ਼ੀ ਹਮਲਾਵਰਾਂ ਤੋਂ ਬਚਾਉਣ ਵਾਲਾ ਪੰਜਾਬ ਹੁਣ ਨਸ਼ੇ ਦੇ ਹਮਲੇ ਦੀ ਲਪੇਟ ਵਿਚ ਹੈ। ਪੰਜਾਬ ਸਰਕਾਰ ਦੀ ਕਮਾਈ ਦਾ ਮੁੱਖ ਸਾਧਨ ਸ਼ਰਾਬ ਦੀ ਵਿਕਰੀ ਤੋਂ ਹੋਣ ਵਾਲੀ ਆਮਦਨ ਹੈ, ਜਿਸ ਕਾਰਨ ਸ਼ਰਾਬ ਵਰਗੇ ਨਸ਼ੇ ਨੂੰ ਸਰਕਾਰ ਤੋਂ ਮਾਨਤਾ ਪ੍ਰਾਪਤ ਹੈ ਜਿਨ੍ਹਾਂ ਨਸ਼ਿਆਂ ਤੋਂ ਸਰਕਾਰ ਨੂੰ ਕੋਈ ਵੀ ਟੈਕਸ ਪ੍ਰਾਪਤ ਨਹੀਂ ਹੁੰਦਾ ਉਹ ਨਸ਼ੇ ਗ਼ੈਰ-ਕਾਨੂੰਨੀ ਹੁੰਦੇ ਹਨ ਤੇ ਸਰਕਾਰ ਦੀ ਨਜ਼ਰ ਵਿਚ ਜਨਤਾ ਦੀ ਸਿਹਤ ਨੂੰ ਵਿਗਾੜਨ ਵਾਲੇ ਹੁੰਦੇ ਹਨ। ਪਿਛਲੇ ਤਿੰਨ ਚਾਰ ਦਹਾਕਿਆਂ ਦੌਰਾਨ ਪੰਜਾਬ ਵਿਚ ਸ਼ਰਾਬ ਦੇ ਪਿਆਕੜਾਂ ਦੀ ਗਿਣਤੀ ਵਿਚ ਅਥਾਹ ਵਾਧਾ ਹੋਇਆ ਹੈ। ਇਸ ਦਾ ਅੰਦਾਜ਼ਾ ਰਾਜ ਸਰਕਾਰ ਨੂੰ ਨਸ਼ੇ ਦੀ ਵਿਕਰੀ ਤੋਂ ਮਿਲਣ ਵਾਲੇ ਰੈਵੀਨਿਊ ਤੋਂ ਲਾਇਆ ਜਾ ਸਕਦਾ ਹੈ। ਇਕੱਲੇ ਪੰਜਾਬ ਵਿਚ ਹੀ ਨਹੀਂ, ਸਮੁੱਚੇ ਮੁਲਕ ਦੇ ਲੋਕ ਨਸ਼ਿਆਂ ਦੇ ਜਾਲ ਵਿਚ ਫਸੇ ਹੋਏ ਹਨ। ਇਕ ਰਾਸ਼ਟਰੀ ਸਰਵੇਖਣ ਰਿਪੋਰਟ ਅਨੁਸਾਰ ਇਕ ਤਿਹਾਈ ਲੋਕ ਸ਼ਰਾਬ ਅਤੇ ਹੋਰ ਨਸ਼ੇ ਵਾਲੀਆਂ ਵਸਤੂਆਂ ਦਾ ਸੇਵਨ ਕਰਦੇ ਹਨ। ਪੰਜਾਬ ਵਿਚ 58 ਫ਼ੀਸਦੀ ਲੋਕ 20 ਸਾਲ ਦੀ ਉਮਰ ਤੋਂ ਪਹਿਲਾਂ ਹੀ ਨਸ਼ੇ ਦੀ ਵਰਤੋਂ ਕਰਨੀ ਸ਼ੁਰੂ ਕਰ ਦਿੰਦੇ ਹਨ।
_______________________________________
ਸਕੂਲੀ ਬੱਚੇ ਵੀ ਲੱਗੇ ਨਸ਼ਿਆਂ ਦੇ ਲੜ
ਬਠਿੰਡਾ: ਮਾਲਵਾ ਖਿੱਤੇ ਨੇ ਇਕੱਲੇ ਕੈਂਸਰ ਤੇ ਕਰਜ਼ੇ ਦਾ ਕਹਿਰ ਨਹੀਂ ਝੁੱਲਿਆ ਬਲਕਿ ਨਸ਼ਿਆਂ ਨੇ ਵੀ ਹਜ਼ਾਰਾਂ ਪਰਿਵਾਰਾਂ ਦੀ ਜ਼ਿੰਦਗੀ ਰੋਲ ਦਿੱਤੀ ਹੈ। ਕੁਝ ਪਰਿਵਾਰਾਂ ਦੀਆਂ ਤਿੰਨ-ਤਿੰਨ ਪੀੜੀਆਂ ਨੂੰ ਨਸ਼ੇ ਮੰਜਿਆਂ ਉਤੇ ਪਾ ਗਏ ਹਨ। ਹੋਰ ਤਾਂ ਹੋਰ ਸਕੂਲੀ ਦਹਿਲੀਜ਼ ਉਤੇ ਪੁੱਜੇ ਬੱਚੇ ਵੀ ਨਸ਼ਿਆਂ ਦੇ ਹੜ੍ਹ ਦੀ ਲਪੇਟ ਵਿਚ ਆ ਗਏ ਹਨ। ਬਠਿੰਡਾ-ਮਾਨਸਾ ਖ਼ਿੱਤਾ ਪੁਰਾਣੇ ਸਮੇਂ ਤੋਂ ਰਵਾਇਤੀ ਨਸ਼ਿਆਂ ਦਾ ਗੜ੍ਹ ਰਿਹਾ ਹੈ। ਪੁਰਾਣੀ ਪੀੜੀ ਦੇ ਅਫੀਮ-ਭੁੱਕੀ ਦਾ ਅਮਲ ਜੜ੍ਹੀਂ ਬੈਠਾ ਰਿਹਾ, ਹੁਣ ਨਵੇਂ ਪੋਚ ਨੂੰ ਨਵੇਂ ਨਸ਼ਿਆਂ ਨੇ ਦਬੋਚ ਲਿਆ ਹੈ। ਬਠਿੰਡਾ ਦੇ ਨਸ਼ਾ ਛੁਡਾਊ ਕੇਂਦਰ ਵਿਚ 15 ਵਰ੍ਹਿਆਂ ਦਾ ਬੱਚਾ ਦਾਖਲ ਹੋਇਆ ਹੈ। ਉਸ ਨੇ ਖੁਲਾਸਾ ਕੀਤਾ ਹੈ ਕਿ ਉਹ ਚਿੱਟਾ ਨਹੀਂ, ਡੱਬਾ ਲੈਂਦਾ ਹੈ। ਇਸ ਨਸ਼ੇ ਬਾਰੇ ਹਾਲੇ ਤੱਕ ਸਭ ਭੰਬਲਭੂਸੇ ਵਿਚ ਹਨ। ਦੱਸਿਆ ਗਿਆ ਹੈ ਕਿ ਗੋਨਿਆਣੇ ਤੋਂ ਡੱਬਾ ਨਾਮ ਦਾ ਤਰਲ ਮਿਲਦਾ ਹੈ ਜਿਸ ਵਿਚ ਰੁਮਾਲ ਗਿੱਲਾ ਕਰਕੇ ਬੱਚੇ ਸੁੰਘਦੇ ਹਨ। ਇਸ ਡੱਬੇ ਦੀ ਚਾਟ ਉਤੇ ਸਿਰਫ ਬੱਚੇ ਹੀ ਲੱਗੇ ਹੋਏ ਹਨ। ਇਕੱਲੇ ਬਠਿੰਡਾ ਦੇ 50 ਦੇ ਕਰੀਬ ਬੱਚੇ ਇਸ ਨਵੇਂ ਨਸ਼ੇ ਦੀ ਚਾਟ ਉਤੇ ਲੱਗੇ ਹੋਣ ਦਾ ਖ਼ੁਲਾਸਾ ਹੋਇਆ ਹੈ।
_____________________________________________
ਗਿਣਤੀ ਵਿਚ ਲਗਾਤਾਰ ਹੋ ਰਿਹਾ ਹੈ ਵਾਧਾ
ਨਸ਼ਾ ਛੁਡਾਊ ਕੇਂਦਰਾਂ ਵਿਚ ਸਾਲ 2012-13 ਦੌਰਾਨ 22850 ਵਿਅਕਤੀਆਂ ਨੇ ਇਲਾਜ ਕਰਾਇਆ, ਜਦੋਂ ਕਿ 3841 ਨਸ਼ੇੜੀ, ਕੇਂਦਰਾਂ ਵਿਚ ਦਾਖ਼ਲ ਹੋਏ। ਸਾਲ 2013-14 ਦੌਰਾਨ ਇਲਾਜ ਕਰਾਉਣ ਵਾਲਿਆਂ ਦੀ ਗਿਣਤੀ ਵਧ ਕੇ 227880 ਹੋ ਗਈ ਤੇ 6624 ਦਾਖ਼ਲ ਹੋਏ। ਸਾਲ 2014-15 ਦੌਰਾਨ 330233 ਨੇ ਇਲਾਜ ਲਈ ਪਹੁੰਚ ਕੀਤੀ ਤੇ 6328 ਦਾਖ਼ਲ ਹੋਏ। ਇਸ ਸਾਲ ਅਪਰੈਲ ਮਹੀਨੇ ਦੌਰਾਨ 4518 ਨੇ ਇਲਾਜ ਕਰਾਇਆ ਤੇ 566 ਦਾਖ਼ਲ ਹੋਏ।