ਗੁਰਬਖਸ਼ ਸਿੰਘ ਸੋਢੀ
ਸਾਹਿਤ ਵਾਲੇ ਸੰਸਾਰ ਵਿਚ ਅਬਦੁੱਲਾ ਹੁਸੈਨ ਵਜੋਂ ਮਸ਼ਹੂਰ ਹੋਏ ਸ਼ਖ਼ਸ ਦਾ ਅਸਲ ਨਾਂ ਮੁਹੰਮਦ ਖਾਨ ਸੀ। ਸਵਾ ਚਾਰ ਸੌ ਸਫਿਆਂ ਦੇ ਆਪਣੇ ਪਲੇਠੇ ਨਾਵਲ Ḕਉਦਾਸ ਨਸਲੇਂḔ ਨਾਲ ਉਹਨੇ ਸਭ ਦਾ ਧਿਆਨ ਖਿੱਚ ਲਿਆ ਸੀ। ਇਸ ਨਾਵਲ ਦਾ ਉਸ ਨੇ ਖੁਦ ਹੀ ਅੰਗਰੇਜ਼ੀ ਵਿਚ ਅਨੁਵਾਦ ਕੀਤਾ, Ḕਦਿ ਵੀਅਰੀ ਜੈਨੇਰੇਸ਼ਨਜ਼Ḕ ਅਤੇ ਇਸ ਨਾਵਲ ਨੇ ਉਸ ਨੂੰ ਸਾਹਿਤ ਦੀ ਦੁਨੀਆਂ ਵਿਚ ਅਮਰ ਕਰ ਦਿੱਤਾ। ਇਸ ਨਾਵਲ ਵਿਚ ਕਈ ਪੀੜ੍ਹੀਆਂ ਦੇ ਦੁਖਾਂਤ ਦੀਆਂ ਪਰਤਾਂ ਫਰੋਲੀਆਂ ਮਿਲਦੀਆਂ ਹਨ।
ਇਸ ਰਚਨਾ ਲਈ ਉਸ ਨੂੰ 1963 ਦਾ ਐਡਮਜੀ ਸਾਹਿਤ ਪੁਰਸਕਾਰ ਮਿਲਿਆ ਸੀ।
ਅਬਦੁੱਲਾ ਹੁਸੈਨ ਲੋਕਾਂ ਦੇ ਦਿਲੋ-ਦਿਮਾਗ ਨੂੰ ਪੜ੍ਹਨ ਦਾ ਬੜਾ ਮਾਹਿਰ ਸੀ ਅਤੇ ਨਾਲ ਹੀ ਉਸ ਨੂੰ ਸਮਾਜ ਤੇ ਇਸ ਦੀਆਂ ਗੁੰਝਲਾਂ ਦੀ ਬੜੀ ਬਾਰੀਕ ਸਮਝ ਸੀ। ਮਨੁੱਖੀ ਮਨ ਦੀਆਂ ਗੁੰਝਲਾਂ ਨੂੰ ਉਹ ਪਿਆਜ ਦੇ ਛਿਲਕਿਆਂ ਵਾਂਗ, ਲਗਾਤਾਰ ਵਾਰੀ ਵਾਰੀ ਉਤਾਰਦਾ ਸੀ। ਮਨੁੱਖ ਅਤੇ ਸਮਾਜ ਦੀਆਂ ਇਹ ਪਰਤਾਂ ਪੜ੍ਹਦਿਆਂ ਪਾਠਕ ਦੰਗ ਹੀ ਤਾਂ ਰਹਿ ਜਾਂਦਾ ਹੈ। ਇਹ ਨਾਵਲ ਭਾਰਤ-ਪਾਕਿਸਤਾਨ ਵੰਡ ਤੋਂ ਬਾਅਦ ਲਿਖੀਆਂ, ਪੋਟਿਆਂ Ḕਤੇ ਗਿਣੀਆਂ ਜਾਣ ਵਾਲੀਆਂ ਉਨ੍ਹਾਂ ਰਚਨਾਵਾਂ ਵਿਚੋਂ ਹੈ ਜਿਸ ਨੇ ਆਉਣ ਵਾਲੀਆਂ ਪੀੜ੍ਹੀਆਂ ਨੂੰ ਬੇਹੱਦ ਪ੍ਰਭਾਵਿਤ ਕੀਤਾ। ਇਸ ਨਾਵਲ ਨੂੰ ਪਾਠਕਾਂ ਵੱਲੋਂ ਹੁੰਗਾਰਾ ਵੀ ਬਹੁਤ ਵੱਡੇ ਪੱਧਰ ਉਤੇ ਮਿਲਿਆ। ਇਸ ਨਾਵਲ ਦੇ ਹੁਣ ਤੱਕ 40 ਅਡੀਸ਼ਨ ਛਪ ਚੁੱਕੇ ਹਨ ਅਤੇ ਇਹ ਨਾਵਲ ਅੱਜ ਵੀ ਪਹਿਲਾਂ ਵਾਂਗ ਹੀ ਵਿਕ ਰਿਹਾ ਹੈ ਅਤੇ ਪੜ੍ਹਿਆ ਜਾ ਰਿਹਾ ਹੈ। ਇਹ ਨਾਵਲ ਅੱਜ ਤੱਕ ਕਦੀ ਆਊਟ ਆਫ ਪ੍ਰਿੰਟ ਨਹੀਂ ਹੋਇਆ।
ਅਬਦੁੱਲਾ ਹੁਸੈਨ ਦਾ ਜਨਮ 1931 ਨੂੰ ਗੁਜਰਾਤ (ਪੰਜਾਬ) ਵਿਚ ਹੋਇਆ। ਉਹਦਾ ਅੱਬਾ ਛੋਟਾ ਜ਼ਿਮੀਦਾਰ ਸੀ ਅਤੇ ਆਬਕਰ ਵਿਭਾਗ ਵਿਚ ਨੌਕਰੀ ਵੀ ਕਰਦਾ ਸੀ। ਅਬਦੁੱਲਾ ਨੇ ਗੁਜਰਾਤ ਦੇ ਜ਼ਿਮੀਦਾਰ ਕਾਲਜ ਤੋਂ ਗਰੈਜੂਏਸ਼ਨ ਕੀਤੀ ਅਤੇ ਫਿਰ ਇਕ ਸੀਮਿੰਟ ਫੈਕਟਰੀ ਵਿਚ ਬਤੌਰ ਕੈਮਿਸਟ ਨੌਕਰੀ ਜਾਇਨ ਕਰ ਲਈ। ਮਗਰੋਂ ਕੈਮੀਕਲ ਇੰਜੀਨੀਅਰਿੰਗ ਦੀ ਪੜ੍ਹਾਈ ਲਈ ਉਹ ਕੈਨੇਡਾ ਚਲਾ ਗਿਆ। ਫਿਰ ਉਹਨੇ ਇਕ ਡਾਕਟਰ ਨਾਲ ਵਿਆਹ ਕਰਵਾ ਲਿਆ ਅਤੇ ਉਨ੍ਹਾਂ ਦੇ ਵਿਹੜੇ ਵਿਚ ਇਕ ਪੁੱਤ ਤੇ ਇਕ ਧੀ ਆਏ। ਅਬਦੁੱਲਾ ਤਕਰੀਬਨ 40 ਸਾਲ ਇੰਗਲੈਂਡ ਵਿਚ ਰਹੇ। ਉਹ ਕੁਝ ਸਮਾਂ ਪਹਿਲਾਂ ਹੀ ਪਾਕਿਸਤਾਨ ਪਰਤਿਆ ਸੀ ਅਤੇ ਅੱਜ ਕੱਲ੍ਹ ਕੈਂਸਰ ਨਾਲ ਘੁਲ ਰਿਹਾ ਸੀ। ਆਖਰਕਾਰ 84 ਸਾਲ ਦੀ ਉਮਰ ਵਿਚ ਉਹਨੇ ਲਾਹੌਰ ਵਿਚ ਆਖਰੀ ਸਾਹ ਲਿਆ।
ਅਬਦੁੱਲਾ ਹੁਸੈਨ ਨੇ Ḕਉਦਾਸ ਨਸਲੇਂḔ ਤੋਂ ਇਲਾਵਾ Ḕਬਾਗ਼Ḕ, Ḕਨਾਦਰ ਲੋਗḔ ਅਤੇ ḔਕੈਦḔ ਵਰਗੇ ਨਾਵਲ ਲਿਖ ਕੇ ਉਰਦੂ ਸਾਹਿਤ ਨੂੰ ਅਮੀਰ ਕੀਤਾ। ਉਹਨੇ ਕਹਾਣੀ ਸੰਗ੍ਰਿਹ Ḕਨਸ਼ਾਇਬḔ ਅਤੇ ḔਫਰੇਬḔ ਵੀ ਛਪਵਾਏ। ਉਹਦੀ ਇਕ ਕਹਾਣੀ ਉਤੇ ਬੀæਬੀæਸੀæ ਨੇ ਫੀਚਰ ਫਿਲਮ ਬਣਾਈ ਜਿਸ ਦਾ ਨਾਂ Ḕਬ੍ਰਦਰਜ਼ ਇਨ ਟ੍ਰਬਲḔ ਰੱਖਿਆ ਗਿਆ। ਇਸ ਫਿਲਮ ਦੀ ਵੀ ਖੂਬ ਚਰਚਾ ਹੋਈ ਸੀ। ਅਬਦੁੱਲਾ ਦੀਆਂ ਰਚਨਾਵਾਂ ਦੀ ਖਾਸੀਅਤ ਇਨ੍ਹਾਂ ਦਾ ਸੰਘਣਾ ਬਿਰਤਾਂਤ ਹੈ। ਉਹ ਰਚਨਾਵਾਂ ਵਿਚ ਇੰਨੇ ਬਾਰੀਕ ਵੇਰਵੇ ਭਰਦਾ ਹੈ ਕਿ ਪੜ੍ਹਨ ਵਾਲਾ ਹੈਰਾਨ ਹੋ ਉਠਦਾ। ਇਸ ਬਿਰਤਾਂਤ ਵਿਚ ਉਹ ਜਿਹੜੇ ਸ਼ਬਦ ਜੜਦਾ, ਉਹ ਮੋਤੀਆਂ ਨਾਲੋਂ ਘੱਟ ਨਹੀਂ ਸਨ ਹੁੰਦੇ। ਸ਼ਬਦ ਜੜਤ ਦੇ ਮਾਮਲੇ ਵਿਚ ਉਸ ਦੀ ਕੋਈ ਰੀਸ ਨਹੀਂ ਸੀ। ਭਾਸ਼ਾ ਦਾ ਜਲਵਾ ਉਸ ਦੀਆਂ ਰਚਨਾਵਾਂ ਵਿਚ ਥਾਂ-ਪੁਰ-ਥਾਂ ਦੇਖਿਆ ਜਾ ਸਕਦਾ ਹੈ।