ਇਕ ਵਿਲੱਖਣ ਸ਼ਖਸੀਅਤ ਸਨ ਕਾਮਰੇਡ ਆਨੰਦ

-ਜਤਿੰਦਰ ਪਨੂੰ
ਘੜੀ ਇਹ ਦੁੱਖ ਵਾਲੀ ਹੈ ਕਿ ਸਾਨੂੰ ਸਤਿਕਾਰਯੋਗ ਕਾਮਰੇਡ ਜਗਜੀਤ ਸਿੰਘ ਆਨੰਦ ਜੀ ਲਈ ਸ਼ਰਧਾਂਜਲੀ ਦੇ ਸ਼ਬਦ ਵਰਤਣੇ ਪੈ ਗਏ ਹਨ, ਜਿਨ੍ਹਾਂ ਨਾਲ ਸਾਡੇ ਵਿਚੋਂ ਹਰ ਕਿਸੇ ਦਾ ਆਪੋ ਆਪਣੀ ਕਿਸਮ ਦਾ ਨੇੜ ਵਾਲਾ ਸਬੰਧ ਰਿਹਾ ਸੀ। ਕੁਝ ਉਨ੍ਹਾਂ ਦੇ ਪਰਿਵਾਰਕ ਰਿਸ਼ਤੇਦਾਰ ਹਨ, ਕੋਈ ਸਮਾਜੀ ਸਬੰਧਾਂ ਵਾਲੇ, ਕੁਝ ਸਿਆਸੀ ਸਰਗਰਮੀ ਦੇ ਦੌਰ ਦੇ ਸਾਥੀ ਤੇ ਕੋਈ ਉਨ੍ਹਾਂ ਤੋਂ ਪੱਤਰਕਾਰੀ ਦੇ ਗੁਰ ਸਿੱਖਣ ਵਾਲੇ ਹਨ।

ਹਰ ਕਿਸੇ ਦੇ ਮਨ ਵਿਚ ਜਿਹੜੇ ਵੀ ਵਿਚਾਰ ਹਨ, ਸਾਰੇ ਸਤਿਕਾਰਯੋਗ ਹਨ, ਪਰ ਸਾਰੇ ਲੋਕ ਲਿਖ ਕੇ ਵਿਚਾਰ ਜ਼ਾਹਰ ਨਹੀਂ ਕਰ ਸਕਦੇ। ਕਈਆਂ ਤੋਂ ਮਨ ਦੇ ਵੇਗ ਦਾ ਪ੍ਰਗਟਾਵਾ ਵੀ ਨਹੀਂ ਹੋ ਸਕਣਾ, ਪਰ ਵੇਗ ਤਾਂ ਉਨ੍ਹਾਂ ਦਾ ਵੀ ਆਪਣੀ ਥਾਂ ਸਤਿਕਾਰ ਦਾ ਹੱਕਦਾਰ ਹੈ।
ਹਰ ਹਫਤੇ ਰਾਜਨੀਤਕ ਜਾਂ ਹੋਰ ਸਮਾਜੀ ਉਲਝਣਾਂ ਬਾਰੇ ਲਿਖਣ ਦੀ ਥਾਂ ਇਸ ਵਾਰੀ ਜਦੋਂ ਅਸੀਂ ਆਨੰਦ ਜੀ ਬਾਰੇ ਲਿਖਣ ਦਾ ਮਨ ਬਣਾਇਆ ਤਾਂ ਲਗਭਗ ਹਰ ਗੱਲ ਬਾਰੇ ਇਹ ਖਿਆਲ ਆਉਣ ਲੱਗ ਪਿਆ ਕਿ ਇਹ ਫਲਾਣੇ ਸਾਥੀ ਜਾਂ ਫਲਾਣੇ ਲੇਖਕ ਨੇ ਜਿੰਨੀ ਚੰਗੀ ਲਿਖ ਦੇਣੀ ਹੈ, ਸਾਥੋਂ ਸ਼ਾਇਦ ਓਦਾਂ ਨਾ ਲਿਖ ਹੋਵੇ। ਫਿਰ ਆਨੰਦ ਜੀ ਦੀ ਉਹ ਸ਼ਖਸੀਅਤ ਯਾਦ ਆ ਗਈ, ਜਿਹੜੀ ਸਿਰਫ ਉਨ੍ਹਾਂ ਦੇ ਨਾਲ ਕੰਮ ਕਰਨ ਵਾਲਿਆਂ ਨੂੰ ਹੀ ਪਤਾ ਹੋ ਸਕਦੀ ਹੈ।
ਸਭ ਜਾਣਦੇ ਹਨ ਕਿ ਆਨੰਦ ਜੀ ਬੋਲਦੇ ਵੀ ਬਹੁਤ ਕਮਾਲ ਦਾ ਸਨ, ਲਿਖਦੇ ਵੀ ਅਤੇ ਇਸ ਦੌਰਾਨ ਇਹ ਚੇਤਾ ਵੀ ਰੱਖਦੇ ਸਨ ਕਿ ਮੇਰਾ ਕਿਹਾ ਜਾਂ ਲਿਖਿਆ ਸਧਾਰਨ ਤੋਂ ਸਧਾਰਨ ਬੰਦੇ ਨੂੰ ਸੌਖਾ ਸਮਝ ਆ ਜਾਣਾ ਚਾਹੀਦਾ ਹੈ, ਨਹੀਂ ਤਾਂ ਇਸ ਦਾ ਕੋਈ ਫਾਇਦਾ ਨਹੀਂ। ਬਹੁਤ ਸਾਰੇ ਲੋਕ ਇਸ ਗੱਲੋਂ ਉਨ੍ਹਾਂ ਦੇ ਮੁਰੀਦ ਸਨ। ਆਨੰਦ ਜੀ ਅਸਲੋਂ ਸਧਾਰਨ ਲੋਕਾਂ ਨਾਲ ਸਿੱਧੀ ਬੋਲੀ ਵਿਚ ਗੱਲ ਇਸ ਲਈ ਕਰ ਲੈਂਦੇ ਸਨ ਕਿ ਜਦੋਂ ਮੌਕਾ ਮਿਲਦਾ, ਉਹ ਸਾਰੇ ਕੰਮ ਲਾਂਭੇ ਰੱਖ ਕੇ ਸਧਾਰਨ ਕਿਸਮ ਦੇ ਲੋਕਾਂ ਨਾਲ ਗੱਲਬਾਤ ਵੀ ਘੜੀ ਵੱਲ ਝਾਕਣ ਤੋਂ ਬਿਨਾਂ ਕਰੀ ਜਾਂਦੇ ਸਨ। ਪੰਜਾਬ ਜਾਂ ਭਾਰਤ ਵਿਚ ਹੀ ਨਹੀਂ, ਜਿਹੜੀ ਗੱਲ ਉਨ੍ਹਾਂ ਨੂੰ ਵਿਦੇਸ਼ ਦੌਰੇ ਦੌਰਾਨ ਵੀ ਕਿਸੇ ਥਾਂ ਇਹੋ ਜਿਹੀ ਦਿੱਸ ਪੈਂਦੀ, ਉਸ ਦਾ ਜ਼ਿਕਰ ਉਹ ਭਾਰਤ ਆਣ ਕੇ ਜ਼ਰੂਰ ਕਰਦੇ। ਮਿਸਾਲ ਵਜੋਂ ਇੱਕ ਵਾਰੀ ਰੂਸ ਨਾਲ ਜੁੜਵੇਂ ਇੱਕ ਦੇਸ਼ ਦੇ ਦੌਰੇ ਦੌਰਾਨ ਉਹ ਕੋਈ ਸੈਲਾਨੀ ਸਥਾਨ ਵੇਖਣ ਗਏ। ਓਥੇ ਇੱਕ ਭੀੜ ਪਾਣੀ ਵਿਚਾਲੇ ਰੱਖੇ ਹੋਏ ਇੱਕ ਵੱਡੇ ਪੱਥਰ ਤੱਕ ਛੜੱਪਾ ਮਾਰ ਕੇ ਪਹੁੰਚਣ ਦਾ ਯਤਨ ਕਰਦੀ ਸੀ। ਕੁਝ ਲੋਕ ਪਹੁੰਚ ਜਾਂਦੇ ਤੇ ਕੁਝ ਉਸ ਤੋਂ ਪਹਿਲਾਂ ਪਾਣੀ ਵਿਚ ਡਿੱਗ ਪੈਣ ਨਾਲ ਮਜ਼ਾਕ ਦਾ ਪਾਤਰ ਬਣਦੇ ਸਨ। ਆਨੰਦ ਜੀ ਨੇ ਵੀ ਛਾਲ ਮਾਰ ਕੇ ਵੇਖੀ। ਉਹ ਪੱਥਰ ਉਤੇ ਜਾ ਪਹੁੰਚੇ ਤਾਂ ਪਿੱਛੋਂ ਭੀੜ ਵਿਚੋਂ ਇੱਕ ਆਵਾਜ਼ ਆਈ, ‘ਸੁਕੋ ਈ, ਸੁਕੋ ਈ।’ ਉਨ੍ਹਾਂ ਨੇ ਬਾਹਰ ਆ ਕੇ ਆਪਣੇ ਦੁਭਾਸ਼ੀਏ ਨੂੰ ਪੁੱਛਿਆ ਕਿ ਕੀ ਇਸ ਦਾ ਅਰਥ ‘ਸ਼ਾਬਾਸ਼’ ਹੁੰਦਾ ਹੈ? ਉਸ ਨੇ ਕਿਹਾ, “ਨਹੀਂ, ਇਸ ਦਾ ਭਾਵ ਹੈ ਕਿ ਇਹ ਸੁੱਕਾ ਰਹਿ ਗਿਆ, ਪਾਣੀ ਵਿਚ ਨਹੀਂ ਡਿੱਗਾ।” ਵਾਪਸ ਆਣ ਕੇ ਉਨ੍ਹਾਂ ਨੇ ਪੰਜਾਬੀ ਵਿਚ ‘ਸੁੱਕਾ ਈ’ ਅਤੇ ਓਥੋਂ ਦੇ ਇਸ ਸ਼ਬਦ ‘ਸੁੱਕੋ ਈ’ ਨੂੰ ਜੋੜ ਕੇ ਭਾਸ਼ਾ ਦੇ ਯੁੱਗਾਂ ਪੁਰਾਣੇ ਰਿਸ਼ਤੇ ਬਾਰੇ ਇੱਕ ਲਿਖਤ ਲਿਖ ਦਿੱਤੀ।
ਆਨੰਦ ਜੀ ਭਾਸ਼ਾ ਦੀਆਂ ਬਾਰੀਕੀਆਂ ਨੂੰ ਲਿਖਤ ਦਾ ਹਿੱਸਾ ਬਣਾਉਣ ਦੀ ਥਾਂ ਇਹ ਧਾਰਨਾ ਰੱਖਦੇ ਸਨ ਕਿ ਜਿਵੇਂ ਕੋਈ ਭਾਸ਼ਾ ਬੋਲੀ ਜਾਂਦੀ ਹੈ, ਉਵੇਂ ਹੀ ਲਿਖਣੀ ਚਾਹੀਦੀ ਹੈ। ਅਖਬਾਰ ਵਿਚ ਕਾਲਜਾਂ ਤੇ ਯੂਨੀਵਰਸਿਟੀਆਂ ਤੋਂ ਕਈ ਵਾਰੀ ਸਿਖਾਂਦਰੂ ਪੱਤਰਕਾਰ ਵੀ ਆਉਂਦੇ ਹਨ ਤੇ ਕਦੇ-ਕਦਾਈਂ ਕਿਸੇ ਵਿਭਾਗ ਵੱਲੋਂ ਪ੍ਰੋਬੇਸ਼ਨਰ ਵੀ ਆ ਕੇ ਅਖਬਾਰੀ ਸਥਿਤੀਆਂ ਸਮਝਣ ਦਾ ਯਤਨ ਕਰਦੇ ਹਨ। ਭਾਰਤ ਸਰਕਾਰ ਦੇ ਸੂਚਨਾ ਵਿਭਾਗ ਤੋਂ ਇੱਕ ਸਿਖਾਂਦਰੂ ਸਾਡੇ ਕੋਲ ਆ ਗਿਆ। ਮੁੰਡਾ ਦਿੱਲੀ ਦੇ ਪੰਜਾਬੀ ਪਰਿਵਾਰ ਦਾ ਸੀ। ਪੰਜਾਬੀ ਚੰਗੀ ਬੋਲਦਾ ਸੀ, ਪਰ ਇਹ ਸਮਝਦਾ ਸੀ ਕਿ ਅਖਬਾਰਾਂ ਦੀ ਭਾਸ਼ਾ ਦਾ ਪੱਧਰ ਬੜਾ ਨੀਂਵਾਂ ਹੈ। ਸਾਨੂੰ ਉਸ ਦੀ ਇਹ ਗੱਲ ਠੀਕ ਨਹੀਂ ਸੀ ਲੱਗਦੀ। ਇੱਕ ਦਿਨ ਉਹ ਇੱਕ ਛਪੀ ਹੋਈ ਲਿਖਤ ਲੈ ਕੇ ਆਨੰਦ ਜੀ ਕੋਲ ਚਲਾ ਗਿਆ, ਜਿਸ ਵਿਚ ਦੋ ਲਫਜ਼ਾਂ ‘ਮਗਰੋਂ’ ਅਤੇ ‘ਮਹੀਨ’ ਬਾਰੇ ਉਸ ਨੂੰ ਇਤਰਾਜ਼ ਸੀ ਕਿ ਇਹ ਪੰਜਾਬੀ ਦੇ ਬਹੁਤ ਨੀਂਵੇਂ ਪੱਧਰ ਦੇ ਪ੍ਰਤੀਕ ਹਨ। ਉਸ ਦੀ ਸੋਚ ਸੀ ਕਿ ‘ਪਿੱਛੋਂ’ ਅਤੇ ‘ਬਾਅਦ’ ਦੋ ਸ਼ਬਦ ਜਦੋਂ ਮੌਜੂਦ ਹਨ ਤਾਂ ‘ਮਗਰੋਂ’ ਦੀ ਲੋੜ ਨਹੀਂ ਤੇ ‘ਮਹੀਨ’ ਸ਼ਬਦ ਉਂਜ ਹੀ ਹੁਣ ਵਰਤੋਂ ਵਿਚ ਨਹੀਂ ਸੁਣਿਆ ਜਾਂਦਾ। ਅਸੀਂ ਇਕੱਠੇ ਬੈਠੇ ਸਾਂæ ਆਨੰਦ ਜੀ ਇਹ ਕੰਮ ਖੁਦ ਕਰ ਸਕਦੇ ਸਨ, ਪਰ ਕੁਝ ਸੋਚ ਕੇ ਉਨ੍ਹਾਂ ਨੇ ਪਹਿਲੇ ਸ਼ਬਦ ਬਾਰੇ ਮੈਨੂੰ ਸਪੱਸ਼ਟ ਕਰਨ ਨੂੰ ਆਖਿਆ। ਮੈਂ ਇੱਕ ਗੀਤ ਦੇ ਬੋਲ ਸੁਣਾਏ ਕਿ ‘ਆਉਲਿਆਂ ਦਾ ਖਾਧਾ, ਆਖਿਆ ਸਿਆਣੇ ਦਾ, ਆਉਂਦਾ ਯਾਦ ਮਗਰੋਂ।’ ਆਨੰਦ ਜੀ ਨੇ ਦੂਸਰੇ ਸ਼ਬਦ ਲਈ ਨਾਲ ਦੇ ਕਮਰੇ ਵਿਚੋਂ ਭੈਣ ਜੀ ਉਰਮਿਲਾ ਆਨੰਦ ਨੂੰ ਸੱਦ ਕੇ ਕਿਹਾ, ‘ਉਰਮਿਲਾ, ਭਲਾ ਮਹੀਨ ਕੀ ਹੁੰਦੈ?’ ਉਨ੍ਹਾਂ ਨੇ ਵੀ ਝੱਟ ਕਹਿ ਦਿੱਤਾ, ‘ਮਹੀਨ ਦਾ ਕੀ ਹੈ, ਖੰਡ ਵੀ ਮਹੀਨ ਤੇ ਮੋਟੀ ਦੋ ਤਰ੍ਹਾਂ ਦੀ ਹੁੰਦੀ ਹੈ।’ ਆਨੰਦ ਜੀ ਨੇ ਉਸ ਮੁੰਡੇ ਨੂੰ ਦੱਸਿਆ ਕਿ ਜੇ ਪੰਜਾਬੀ ਵਿਚ ਮੁਹਾਰਤ ਹਾਸਲ ਕਰਨੀ ਹੈ ਤਾਂ ਸਿਰਫ ਕਿਤਾਬਾਂ ਤੋਂ ਨਹੀਂ ਮਿਲਣੀ, ਲੋਕਾਂ ਕੋਲ ਜਾ ਕੇ ਬੈਠਿਆ ਕਰੇ। ਮਗਰੋਂ ਉਸ ਪ੍ਰੋਬੇਸ਼ਨਰ ਨੂੰ ਫੌਜ ਦੀ ਕਮਿਸ਼ਨਡ ਅਫਸਰੀ ਮਿਲ ਜਾਣ ਕਾਰਨ ਲੋੜ ਹੀ ਨਹੀਂ ਸੀ ਰਹੀ।
ਦੂਸਰਾ ਪੱਖ ਆਨੰਦ ਜੀ ਦਾ ਹੋਰ ਭਾਸ਼ਾਵਾਂ ਤੋਂ ਅਨੁਵਾਦ ਦਾ ਹੈ। ਸਮਾਜਵਾਦੀ ਦੇਸ਼ਾਂ ਦਾ ਸਾਹਿਤ ਬਹੁਤ ਸਾਰੇ ਲੇਖਕਾਂ ਨੇ ਅਨੁਵਾਦ ਕੀਤਾ ਹੈ, ਪਰ ਕੁਝ ਚੋਣਵੀਂਆਂ ਚੀਜ਼ਾਂ, ਜਿਨ੍ਹਾਂ ਵਿਚ ਪਿੰਡ ਤੇ ਇਲਾਕੇ ਦੇ ਸਮਾਜਵਾਦੀ ਤਜਰਬੇ ਦੀ ਵਿਸ਼ੇਸ਼ਤਾ ਝਲਕਦੀ ਸੀ, ਐਨ ਇਸ ਤਰ੍ਹਾਂ ਪੇਸ਼ ਕਰਨ ਦਾ ਕੰਮ ਆਨੰਦ ਜੀ ਨੇ ਕੀਤਾ, ਜਿਸ ਨੂੰ ਪੜ੍ਹਦਿਆਂ ਪਾਠਕ ਆਪਣੇ ਆਪ ਨੂੰ ਉਨ੍ਹਾਂ ਲੋਕਾਂ ਵਿਚ ਬੈਠਾ ਮਹਿਸੂਸ ਕਰਨ ਲੱਗ ਪੈਂਦਾ। ਅਨੁਵਾਦ ਕਰਨ ਵੇਲੇ ਇਸ ਫਾਰਮੂਲੇ ਬਾਰੇ ਆਨੰਦ ਜੀ ਕਈ ਵਾਰ ਖੁਦ ਦੱਸਦੇ ਹੁੰਦੇ ਸਨ ਕਿ ਲਫਜ਼ਾਂ ਪਿੱਛੇ ਨਹੀਂ ਭੱਜਿਆ ਜਾ ਸਕਦਾ, ਸਾਰੇ ਵਾਕ ਦੀ ਭਾਵਨਾ ਲੋਕਾਂ ਤੱਕ, ਆਮ ਲੋਕਾਂ ਦੇ ਸ਼ਬਦਾਂ ਵਿਚ ਪਹੁੰਚਣੀ ਚਾਹੀਦੀ ਹੈ। ਸੀ ਪੀ ਆਈ ਦੀ ਬਠਿੰਡੇ ਵਿਚ 1978 ਵਿਚ ਹੋਈ ਕੁੱਲ ਹਿੰਦ ਕਾਨਫਰੰਸ ਤੋਂ ਬਾਅਦ ਜਨਤਕ ਰੈਲੀ ਵਿਚ ਅਮਰੀਕੀ ਕਮਿਊਨਿਸਟ ਆਗੂ ਹੈਨਰੀ ਵਿੰਸਟਨ ਦਾ ਭਾਸ਼ਣ ਨਾਲੋ-ਨਾਲ ਅਨੁਵਾਦ ਕਰਦੇ ਆਨੰਦ ਜੀ ਬਾਰੇ ਮੀਡੀਏ ਨੇ ਵੀ ਪ੍ਰਮੁੱਖਤਾ ਨਾਲ ਲਿਖਿਆ ਸੀ।
ਤੀਸਰਾ ਪੱਖ ਆਨੰਦ ਜੀ ਦਾ ਸਿਆਸੀ ਮੈਦਾਨ ਵਿਚ ਆਪਣੀ ਵੱਖਰੀ ਛਾਪ ਛੱਡਣ ਦਾ ਸੀ। ਉਹ ਸਾਰੀ ਉਮਰ ਕਮਿਊਨਿਸਟ ਪਾਰਟੀ ਦੇ ਨਾਲ ਪੱਕੇ ਜੁੜੇ ਰਹੇ, ਪਰ ਦੂਸਰੀਆਂ ਪਾਰਟੀਆਂ ਦੇ ਆਗੂਆਂ ਨਾਲ ਨਿਜੀ ਸਬੰਧਾਂ ਨੂੰ ਕਦੇ ਰਾਜਨੀਤੀ ਦੀ ਵਾੜ ਕਰਨ ਦੀ ਕੋਸ਼ਿਸ਼ ਨਹੀਂ ਸੀ ਕੀਤੀ। ਜਲੰਧਰ ਵਿਚ ਹੀ ਕਾਂਗਰਸ ਪਾਰਟੀ ਦੇ ਡਾਕਟਰ ਲੇਖ ਰਾਜ ਤੇ ਚੌਧਰੀ ਦਰਸ਼ਨ ਸਿੰਘ ਹੁਰਾਂ ਨਾਲ ਸਦਾ ਨੇੜਤਾ ਰਹੀ। ਆਦਮਪੁਰ ਤੋਂ ਚੁਣ ਕੇ ਮੰਤਰੀ ਬਣੇ ਅਕਾਲੀ ਆਗੂ ਸਰੂਪ ਸਿੰਘ ਹੁਰਾਂ ਨਾਲ ਅਤੇ ਅਜੋਕੀ ਭਾਰਤੀ ਜਨਤਾ ਪਾਰਟੀ ਵਿਚੋਂ ਸਭ ਤੋਂ ਬਜ਼ੁਰਗ ਆਗੂ ਲਾਲ ਕ੍ਰਿਸ਼ਨ ਅਡਵਾਨੀ ਤੱਕ ਨਾਲ ਨਿਜੀ ਨੇੜ ਰਿਹਾ। ਇਸ ਨੇੜ ਵਿਚ ਕਦੇ ਰਾਜਨੀਤਕ ਮੱਤਭੇਦਾਂ ਦੀ ਕੁੜਿਤਣ ਨਹੀਂ ਸੀ ਆਈ।
ਚੌਥਾ ਨਿਵੇਕਲਾ ਪੱਖ ਉਨ੍ਹਾਂ ਦੀ ਸ਼ਖਸੀਅਤ ਦਾ ਇਹ ਸੀ ਕਿ ਉਹ ਖੁਦ ਇਹ ਗੱਲ ਹਿੱਕ ਠੋਕ ਕੇ ਕਹਿੰਦੇ ਸਨ ਕਿ ਮੈਂ ਦੁਨੀਆਂ ਤੋਂ ਬਾਹਰ ਕਿਸੇ ਰੱਬ ਦੀ ਹੋਂਦ ਨੂੰ ਨਹੀਂ ਮੰਨਦਾ, ਪਰ ਧਾਰਮਿਕ ਸ਼ਖਸੀਅਤਾਂ ਨਾਲ ਉਨ੍ਹਾਂ ਦੀ ਨੇੜਤਾ ਹਮੇਸ਼ਾ ਰਹੀ ਸੀ। ਆਜ਼ਾਦੀ ਦੀ ਲਹਿਰ ਵਿਚ ਵਿਸ਼ੇਸ਼ ਥਾਂ ਰੱਖਣ ਵਾਲੇ ਨਾਮਧਾਰੀ ਦਰਬਾਰ ਦੇ ਮੁਖੀ ਸਤਿਗੁਰੂ ਜਗਜੀਤ ਸਿੰਘ ਜੀ ਨਾਲ ਇੱਕ ਤਰ੍ਹਾਂ ਮੋਹ ਵਾਲਾ ਨੇੜ ਸੀ ਤੇ ਦੋਵੇਂ ਇੱਕ ਦੂਸਰੇ ਦਾ ਅਥਾਹ ਸਤਿਕਾਰ ਕਰਦੇ ਸਨ। ਇਸ ਪੱਖੋਂ ਕਦੇ-ਕਦੇ ਉਹ ਕਿਹਾ ਵੀ ਕਰਦੇ ਸਨ ਕਿ ਮੈਂ ਪੱਕਾ ਪਦਾਰਥਵਾਦੀ ਹਾਂ, ਪਰ ਮੇਰਾ ਪਦਾਰਥਵਾਦੀ ਹੋਣ ਦਾ ਭਾਵ ਇਹ ਤਾਂ ਨਹੀਂ ਕਿ ਮੈਂ ਹੋਰਨਾਂ ਦੇ ਵਿਚਾਰ ਦਾ ਸਤਿਕਾਰ ਨਾ ਕਰਾਂ। ਗੁਰਬਾਣੀ ਦੀ ਇੱਕ ਸਮਝਾਉਣੀ ‘ਜਿਤੁ ਦੁਆਰੈ ਉਬਰੈ ਤਿਤੈ ਲੈਹੁ ਉਬਾਰਿ’ ਉਨ੍ਹਾਂ ਨੇ ਕਈ ਵਾਰੀ ਆਪਣੀਆਂ ਲਿਖਤਾਂ ਦਾ ਹਿੱਸਾ ਬਣਾਈ ਸੀ। ਇਸ ਦਾ ਅਰਥ ਉਹ ਮੰਨਦੇ ਸਨ ਕਿ ਜਿਸ ਵੀ ਵਿਚਾਰਧਾਰਾ ਜਾਂ ਪਰੰਪਰਾ ਦੇ ਮੁਤਾਬਕ ਕਿਸੇ ਦੀ ਤਸੱਲੀ ਹੁੰਦੀ ਹੈ, ਉਸ ਦੀ ਉਸ ਪਰੰਪਰਾ ਦਾ ਸਾਨੂੰ ਸਤਿਕਾਰ ਕਰਨਾ ਚਾਹੀਦਾ ਹੈ ਤੇ ਕਿਸੇ ਵੱਲ ਵੀ ਨਫਰਤ ਦਾ ਵਿਖਾਵਾ ਕਰਨਾ ਠੀਕ ਨਹੀਂ। ਇੱਕ ਵਾਰ ਤਾਂ ਇੱਕ ਪੂਰਾ ਲੇਖ ਉਨ੍ਹਾਂ ਨੇ ‘ਨਾ ਕੋ ਬੈਰੀ ਨਾ ਹੀ ਬਿਗਾਨਾ ਸਗਲ ਸੰਗਿ ਹਮ ਕਉ ਬਨਿ ਆਈ’ ਦੇ ਸਿਰਲੇਖ ਨਾਲ ਲਿਖਿਆ ਅਤੇ ਕਿਹਾ ਸੀ ਕਿ ਜੇ ਧਰਮਾਂ ਨੂੰ ਮੰਨਣ ਵਾਲੇ ਲੋਕ ਇਸ ਇੱਕੋ ਤੁਕ ਦੇ ਅਰਥ ਹੀ ਸਮਝ ਜਾਣ ਤਾਂ ਸਾਰੇ ਭਾਰਤ ਦੇ ਲੋਕ ਹਮੇਸ਼ਾਂ ਲਈ ਲੜਨ ਤੋਂ ਹਟ ਸਕਦੇ ਹਨ ਤੇ ਕਿਸੇ ਵੀ ਪਾਸੇ ਕਦੀ ਕੋਈ ਦੰਗਾ ਜਾਂ ਫਸਾਦ ਨਹੀਂ ਹੋ ਸਕਦਾ।
ਬਹੁਤ ਕੁਝ ਹੋਰ ਵੀ ਹੈ ਆਨੰਦ ਜੀ ਦੀ ਵਿਲੱਖਣ ਸ਼ਖਸੀਅਤ ਦਾ ਪ੍ਰਗਟਾਵਾ ਕਰਨ ਵਾਲਾ, ਜਿਹੜਾ ਕਿਸੇ ਵੀ ਇੱਕੋ ਲਿਖਤ ਵਿਚ ਨਹੀਂ ਸਮੇਟਿਆ ਜਾ ਸਕਦਾ। ਇਸ ਲਈ ਇਨ੍ਹਾਂ ਥੋੜ੍ਹੇ ਜਿਹੇ ਸ਼ਬਦਾਂ ਰਾਹੀਂ ਪੰਜਾਬੀ ਬੋਲੀ, ਪੰਜਾਬੀ ਪੱਤਰਕਾਰੀ ਅਤੇ ਪੰਜਾਬੀ ਸਾਹਿਤ ਦੀ ਉਸ ਨਿਵੇਕਲੀ ਸ਼ਖਸੀਅਤ ਆਨੰਦ ਜੀ ਨੂੰ ਸ਼ਰਧਾ ਦੇ ਫੁੱਲ ਭੇਟ ਕਰਨ ਦੀ ਕੋਸ਼ਿਸ਼ ਕਰ ਰਿਹਾ ਹਾਂ, ਜਿਨ੍ਹਾਂ ਤੋਂ ਜ਼ਿੰਦਗੀ ਵਿਚ ਬਹੁਤ ਕੁਝ ਸਿੱਖਣ ਦਾ ਸਬੱਬ ਸਾਨੂੰ ਵੀ ਨਸੀਬ ਹੋਇਆ ਸੀ।