ਭਰਾਵਾਂ ਦਾ ਮਾਣ-4
ਪੰਜਾਬੀ ਕਥਾ ਜਗਤ ਦੇ ਮਿਸਾਲੀ ਹਸਤਾਖਰ ਵਰਿਆਮ ਸਿੰਘ ਸੰਧੂ ਨੇ ਆਪਣੀਆਂ ਯਾਦਾਂ ਦੇ ਭਰੇ-ਭੁਕੰਨੇ ਬੋਹੀਏ ਵਿਚੋਂ ਕੁਝ ਯਾਦਾਂ ‘ਭਰਾਵਾਂ ਦਾ ਮਾਣ’ ਨਾਂ ਦੀ ਲੜੀ ਵਿਚ ਪਰੋਈਆਂ ਹਨ। ਇਨ੍ਹਾਂ ਯਾਦਾਂ ਦਾ ਬਿਰਤਾਂਤ ਕਹਾਣੀ ਰਸ ਦੇ ਵਲਟੋਹੇ ਤਾਂ ਵਰਤਾਉਂਦਾ ਹੀ ਹੈ, ਨਾਲ ਦੀ ਨਾਲ ਸਰੋਕਾਰਾਂ ਅਤੇ ਸੁਨੇਹਿਆਂ ਦਾ ਝੰਡਾ ਵੀ ਬੁਲੰਦ ਕਰਦਾ ਹੈ। ਵਰਿਆਮ ਦੀ ਹਰ ਰਚਨਾ ਬਹੁ-ਪਾਸਾਰੀ ਹੁੰਦੀ ਹੈ, ਇਸੇ ਕਰ ਕੇ ਹੀ ਪਾਠਕ ਨੂੰ ਉਹ ਸਹਿਜੇ ਹੀ ਆਪਣੇ ਕਲਾਵੇ ਵਿਚ ਲੈ ਲੈਂਦਾ ਹੈ।
ਇਸ ਲੇਖ ਲੜੀ ਦੀਆਂ ਪਹਿਲੀਆਂ ਤਿੰਨ ਕੜੀਆਂ ਵਿਚ ਉਹਨੇ ਆਪਣੇ ਸੰਗੀ-ਸਾਥੀਆਂ ਦਾ ਜ਼ਿਕਰ ਬਹੁਤ ਹੁੱਬ ਕੇ ਕੀਤਾ ਹੈ। ਇਨ੍ਹਾਂ ਵਿਚ ਲੋਕ ਸ਼ਕਤੀ ਦੇ ਨੈਣ-ਨਕਸ਼ ਗੂੜ੍ਹੇ ਵਾਹੇ ਹੋਏ ਦਿਸਦੇ ਹਨ। ਇਸ ਚੌਥੀ ਅਤੇ ਆਖਰੀ ਕੜੀ ‘ਟੁੱਟਦੀਆਂ ਮਿੱਥਾਂ’ ਦਾ ਰੰਗ ਰਤਾ ਕੁ ਵੱਖਰਾ ਹੈ। ਇਸ ਵਿਚ ਖਿੰਡ ਤੇ ਖੱਖੜੀਆਂ ਹੋ ਚੁੱਕੇ ਏਕੇ ਤੋਂ ਬਾਅਦ ਦੀ ਬੇਵਸੀ ਵਾਰ ਵਾਰ ਹੁੱਝਾਂ ਮਾਰਦੀ ਹੈ। -ਸੰਪਾਦਕ
ਵਰਿਆਮ ਸੰਧੂ
ਅੱਠਵੇਂ ਦਹਾਕੇ ਦੇ ਅੰਤਲੇ ਸਾਲਾਂ ਦੀ ਗੱਲ ਹੈ। ਇਨ੍ਹਾਂ ਪਿਛਲੇ ਸਾਲਾਂ ਵਿਚ ਪੁਲਾਂ ਹੇਠੋਂ ਬਹਤ ਪਾਣੀ ਵਗ ਚੁੱਕਾ ਸੀ। 1975 ਵਿਚ ਲੱਗੀ ਐਮਰਜੈਂਸੀ ਨੇ ਇਕ ਵਾਰ ਤਾਂ ਲੋਕਾਂ ਨੂੰ ਨਿੱਸਲ ਕਰ ਦਿੱਤਾ ਸੀ। ਮੈਂ ਦੋ ਵਾਰ ਐਮਰਜੈਂਸੀ ਵਿਚ ਜੇਲ੍ਹ ਯਾਤਰਾ ਕਰ ਚੁੱਕਾ ਸਾਂ। ਨੌਜਵਾਨ ਭਾਰਤ ਸਭਾਵਾਂ ਦਾ ਪਹਿਲਾ ਢਾਂਚਾ ਉੱਖੜ-ਪੁੱਖੜ ਚੁੱਕਾ ਸੀ। ਮੇਰੇ ਪਿੰਡ ਦੇ ਕੁਝ ਨੌਜਵਾਨ ਆਪੋ ਆਪਣੇ ਕੰਮਾਂ ਧੰਦਿਆਂ ‘ਤੇ ਜਾ ਲੱਗੇ ਸਨ। ਕੁਝ ਵਿਆਹੇ ਗਏ ਸਨ ਤੇ ਪਰਿਵਾਰ ਪਾਲਣ ਲੱਗ ਗਏ ਸਨ। ਉਂਝ ਵੀ ਮੈਂ ਨਕਸਲੀ ਸਿਆਸਤ ਤੋਂ ਕਿਨਾਰਾਕਸ਼ੀ ਕਰ ਲਈ ਸੀ। ਪਹਿਲਾਂ ਵੀ ਮੈਂ ਨੌਜਵਾਨ ਭਾਰਤ ਸਭਾ ਤੇ ਅਧਿਆਪਕ ਯੂਨੀਅਨ ਵਿਚ ਇਸ ਕਰ ਕੇ ਕੰਮ ਕਰਦਾ ਰਿਹਾ ਸਾਂ ਕਿਉਂਕਿ ਕੁਝ ਸਾਰਥਕ ਕਰਨ ਦਾ ਚਾਅ ਸੀ। ਉਸ ਗੁਰੱਪ ਦੀ ਸਿਆਸਤ ਵਿਚ ਸਰਗਰਮ ਸ਼ਮੂਲੀਅਤ ਤੋਂ ਮੈਂ ਪਹਿਲਾਂ ਈ ਟੇਢ ਵੱਟ ਲਈ ਸੀ।
ਐਮਰਜੈਂਸੀ ਦੀ ਜੇਲ੍ਹ ਭੁਗਤਣ ਬਾਅਦ ਮੈਂ ਪੰਜਾਬ ਯੂਨੀਵਰਸਿਟੀ ਤੋਂ ਐਮæਫ਼ਿਲ਼ ਕਰ ਲਈ ਸੀ ਤੇ ਇਨ੍ਹੀਂ ਦਿਨੀਂ ਆਦਰਸ਼ ਸਕੂਲ ਧਰਦਿਓ-ਬੁੱਟਰ ਵਿਚ ਪੰਜਾਬੀ ਦਾ ਲੈਕਚਰਾਰ ਜਾ ਲੱਗਾ ਸਾਂ। ਉਥੇ ਕਿਰਾਏ ‘ਤੇ ਕਮਰਾ ਲੈ ਰੱਖਿਆ ਸੀ। ਕਦੀ ਕਦੀ ਉਥੇ ਵੀ ਰਹਿ ਪੈਂਦਾ ਪਰ ਬਹੁਤੀ ਵਾਰ ਤਾਂ ਰੋਜ਼ ਹੀ ਪਿੰਡ ਆ ਜਾਂਦਾ ਕਿਉਂਕਿ ਪਿੱਛੇ ਪਤਨੀ ਤੇ ਛੋਟੇ ਬੱਚੇ ਇਕੱਲੇ ਰਹਿੰਦੇ ਸਨ। ਸਵੇਰੇ ਤੜਕੇ ਬੱਸ ਫੜ ਕੇ ਫਿਰ ਸਕੂਲ ਵੱਲ ਤੁਰ ਪੈਂਦਾ। ਸ਼ਨਿੱਚਰ-ਐਤ ਤਾਂ ਪਿੰਡ ਆਉਂਦਾ ਹੀ।
ਇਸ ਸ਼ਨਿੱਚਰ ਦੀ ਰਾਤ ਨੂੰ ਮੈਂ ਘਰ ਪਹੁੰਚਿਆ ਤਾਂ ਪਤਨੀ ਨੇ ਬੜੀ ਉਦਾਸ ਖ਼ਬਰ ਸੁਣਾਈ। ਪਿੰਡ ਦੇ ਹੀ ਕੁਝ ਬੰਦਿਆਂ ਨੇ ਪਿੰਡ ਦੀ ਔਰਤ ਨੂੰ ਗਲੀਆਂ ਵਿਚ ਨੰਗਿਆਂ ਕਰ ਕੇ ਫੇਰਿਆ ਸੀ। ‘ਕਸੂਰ’ ਉਸ ਦਾ ਇਹ ਸੀ ਕਿ ਉਸ ਦੇ ਮੁੰਡੇ ਨੇ ਅਗਲਿਆਂ ਦੀ ਕੁੜੀ ਨਾਲ ਬਦਤਮੀਜ਼ੀ ਕੀਤੀ ਸੀ। ਮੁੰਡੇ ਨੇ ਬੜੀ ਮਾੜੀ ਗੱਲ ਕੀਤੀ ਸੀ। ਪਿੰਡ ਦੀ ਧੀ-ਭੈਣ ਤਾਂ ਸਾਰੇ ਪਿੰਡ ਦੀ ਧੀ-ਭੈਣ ਹੁੰਦੀ ਸੀ। ਉਹਨੇ ਆਪਣੀ ਭੈਣ ਨਾਲ ਭੱਦਾ ਮਜ਼ਾਕ ਕੀਤਾ ਸੀ। ਉਹਨੂੰ ਬਣਦੀ ਸਜ਼ਾ ਮਿਲਣੀ ਚਾਹੀਦੀ ਸੀ। ਉਹ ਤਾਂ ਲੁਕ ਗਿਆ ਸੀ ਪਰ ਸਜ਼ਾ ਉਹਦੀ ਮਾਂ ਭੁਗਤ ਰਹੀ ਸੀ। ਪਹਿਲਾਂ ਉਸ ਨੇ ਆਪਣੀ ‘ਭੈਣ’ ਨੂੰ ਛੇੜਿਆ ਸੀ ਤੇ ਹੁਣ ਮਾਂ ਨੂੰ ਨੰਗੀ ਕਰਨ ਦਾ ਕਾਰਨ ਬਣ ਗਿਆ ਸੀ। ਜਟਕੇ ਜਿਹੇ ਤਰਕ ਮੁਤਾਬਕ ਮਾਂ ਦਾ ‘ਕਸੂਰ’ ਇਹ ਸੀ ਕਿ ਉਹਨੇ ਅਜਿਹੀ ‘ਗੰਦੀ ਔਲਾਦ’ ਜੰਮੀ ਹੀ ਕਿਉਂ ਸੀ! ਜੇ ਉਸ ਨੇ ਇਹੋ ਜਿਹਾ ਮੁੰਡਾ ਜੰਮਿਆਂ ਸੀ ਤਾਂ ਹੁਣ ਭੁਗਤੇ ਵੀ ਉਹੋ ਈ। ਅਗਲਿਆਂ ਨੇ ਬਦਲਾ ਲੈਣ ਲਈ ਇਹ ਕਾਰਵਾਈ ਕੀਤੀ ਸੀ।
ਮੇਰੀ ਪਤਨੀ ਨੂੰ ਗਿਲਾ ਸੀ ਕਿ ਪਿੰਡ ਦੇ ਬੰਦਿਆਂ ਨੇ ਉਸ ਔਰਤ ਨੂੰ ਛੁਡਾਉਣ ਦਾ ਕੋਈ ਚਾਰਾ ਨਹੀਂ ਸੀ ਕੀਤਾ। ਲੋਕ ਕੋਠਿਆਂ ਉਤੇ, ਗਲੀਆਂ ਦੇ ਮੋੜਾਂ ‘ਤੇ ਖਲੋ ਕੇ ‘ਤਮਾਸ਼ਾ’ ਵੇਖਦੇ ਰਹੇ ਪਰ ਉਸ ਔਰਤ ਵੱਲੋਂ ਛੁਡਾਏ ਜਾਣ ਲਈ ਪਾਈਆਂ ਬਹੁੜੀਆਂ ਤੇ ਦੁਹਾਈਆਂ ਦਾ ਉਨ੍ਹਾਂ ‘ਤੇ ਕੋਈ ਅਸਰ ਨਾ ਹੋਇਆ। ਅਸਰ ਤਾਂ ਹੋਇਆ ਹੋਵੇਗਾ ਪਰ ਕਿਸੇ ਵਿਚ ਅੱਗੇ ਵਧ ਕੇ ਛੁਡਾਉਣ ਦੀ ਹਿੰਮਤ ਨਹੀਂ ਸੀ। ਅਗਲਿਆਂ ਨੇ ਲਲਕਾਰਿਆ ਸੀ ਕਿ ਜਿਹੜਾ ਉਹਨੂੰ ਛੁਡਾਉਣ ਲਈ ਅੱਗੇ ਆਇਆ, ਉਹਦੀ ਜਾਨ ਦੀ ਖ਼ੈਰ ਨਹੀਂ। ਜਾਨ ਦੀ ਖ਼ੈਰ ਤਾਂ ਸਾਰੇ ਹੀ ਲੋੜਦੇ ਸਨ। ਹੋਰਨਾਂ ਵਾਂਗ ਕੋਠੇ ‘ਤੇ ਖਲੋ ਕੇ ਔਰਤ ਨਾਲ ਹੁੰਦੀ ਬਦਸਲੂਕੀ ਵੇਖ ਕੇ ਮੇਰੀ ਪਤਨੀ ਨੇ ਅੱਖਾਂ ‘ਚ ਗਲੇਡੂ ਭਰ ਕੇ ਨੇੜੇ ਆਣ ਖਲੋਤੀ ਗਵਾਂਢਣ ਸੁਰਜੀਤ ਕੌਰ ਨੂੰ ਕਿਹਾ ਸੀ, “ਨੀ ਸੁਰਜੀਤ ਕੁਰੇ! ਪਿੰਡ ਅਸਲੋਂ ਈ ਗਰਕ ਗਿਆ। ਵੇਖ! ਬੰਦੇ ਬੁਢੀਆਂ ਕੰਧਾਂ ਕੌਲਿਆਂ ‘ਤੇ ਖਲੋਤੇ ਬੂਥੇ ਚੁੱਕੀ ਤਮਾਸ਼ਾ ਵੇਖੀ ਜਾਂਦੇ ਆ। ਉਹਨੂੰ ਇਨ੍ਹਾਂ ਰਾਖ਼ਸ਼ਾਂ ਤੋਂ ਛੁਡਾਉਂਦਾ ਕੋਈ ਨਹੀਂ ਅੜੀਏ!”
ਗਲੀ ਦੇ ਅਗਲੇ ਮੋੜ ‘ਤੇ ਬਜ਼ੁਰਗ ਕਾਮਰੇਡ ਹਰਬੰਸ ਸਿੰਘ ਨੇ ਬੰਦੂਕ ਵਾਲੇ ਦਾ ਨਾਂ ਲੈ ਕੇ ਫਿਟਕਾਰਿਆ ਜ਼ਰੂਰ ਸੀ, “ਓ ਚੱਜ ਕਰੋ ਕੁਝ ਉਏ! ਬੰਦਿਆਂ ਵਾਲੀ ਗੱਲ ਕਰੋ। ਇਹਦਾ ਵਿਚਾਰੀ ਦਾ ਕੀ ਕਸੂਰ ਏ? ਮੁੰਡੇ ਨੂੰ ਫੜ ਕੇ ਭਾਵੇਂ ਗੋਲੀ ਮਾਰ ਦੋ।”
ਉਹ ਅੱਗੇ ਵਧਿਆ ਤਾਂ ਬੰਦੂਕ ਵਾਲੇ ਨੇ ਸੱਜੇ ਹੱਥ ਨਾਲ ਬੰਦੂਕ ਸੰਭਾਲੀ ਤੇ ਖੱਬੇ ਹੱਥ ਨਾਲ ਅੱਗੇ ਵਧੀ ਆਉਂਦੇ ਕਾਮਰੇਡ ਦੇ ਗਲ੍ਹੱਥਾ ਮਾਰਿਆ। ਕਾਮਰੇਡ ਪਿੱਠ ਪਰਨੇ ਗਲੀ ਵਿਚ ਡਿਗ ਪਿਆ। ਕਾਮਰੇਡ ਆਪਣੀ ਵਿੰਗੀ ਬਾਂਹ ਪਲੋਸਣ ਲੱਗਾ।
“ਕਾਮਰੇਡਾ! ਆਪਣਾ ਕੰਮ ਕਰ। ਅੱਗੇ ਤੇਰੀ ਖੱਬੀ ਬਾਂਹ ਟੁੱਟੀ ਆ; ਹੁਣ ਸੱਜੀ ਨਾ ਤੁੜਾ ਬe੍ਹੀਂ।”
ਕੋਠਿਆਂ ‘ਤੇ ਖਲੋਤੇ ਲੋਕਾਂ ਨੇ ਸਭ ਕੁਝ ਵੇਖਿਆ ਸੀ। ਕਾਮਰੇਡ ਨੂੰ ਅੱਗੇ ਵਧਦਿਆਂ ਵੀ ਤੇ ਪਿੱਛੇ ਡਿੱਗਦਿਆਂ ਵੀ। ਉਹ ਕਾਮਰੇਡ ਨੂੰ ਵੇਖ ਕੇ ਅੱਗੇ ਵਧਦੇ, ਤਾਂ ਔਰਤ ਦੀ ‘ਇੱਜ਼ਤ’ ਤਾਂ ਗਈ ਹੀ ਸੀ, ਪਿੰਡ ਦੀ ਇੱਜ਼ਤ ਤਾਂ ਰਹਿ ਜਾਂਦੀ।
ਮੈਂ ਕਲਪਨਾ ਵਿਚ ਅਜੇ ਵੀ ਗਲੀ ਵਿਚ ਫਿਰ ਰਿਹਾ ਸਾਂ। ਕੋਲ ਪਈ ਪਤਨੀ ਹੌਲੀ ਜਿਹੀ ਫੁਸਫੁਸਾਈ, “ਮੈਂ ਤਾਂ ਸੁਰਜੀਤ ਕੌਰ ਨੂੰ ਆਂਹਦੀ ਸਾਂ ਕਿ ਜੇ ਉਹ ਇਥੇ ਹੁੰਦੇ, ਉਨ੍ਹਾਂ ਤਾਂ ਇਸ ਤਰ੍ਹਾਂ ਨਹੀਂ ਸੀ ਹੋਣ ਦੇਣਾ ਕਦੀ ਵੀ। ਭਾਵੇਂ ਕੁੱਝ ਹੁੰਦਾ, ਉਹ ਤਾਂ ਲੋਕਾਂ ਨੂੰ ਵੰਗਾਰ ਕੇ ਕਾਮਰੇਡ ਤੋਂ ਵੀ ਪਹਿਲਾਂ ਜਾ ਕੁੱਦਦੇ ਮੌਤ ਦੇ ਮੂੰਹ ਵਿਚ, ਪਰ ਉਹਨੂੰ ਨੰਗਿਆਂ ਨਹੀਂ ਸਨ ਹੋਣ ਦਿੰਦੇ!”
ਮੇਰੀ ਪਤਨੀ ਨੇ ਮੇਰੇ ਨਾਲ ਵਿਆਹ ਕਰਵਾਉਣ ਤੋਂ ਬਾਅਦ ਮੇਰੇ ਵੱਲੋਂ ਕਦੇ ਬਹੁਤੇ ਸੁਖ ਦੇ ਦਿਨ ਨਹੀਂ ਸਨ ਵੇਖੇ। ਇੰਨੇ ਕੁ ਸਾਲਾਂ ਵਿਚ ਤਿੰਨ-ਚਾਰ ਵਾਰ ਜੇਲ੍ਹ ਯਾਤਰਾ ਕਰ ਆਇਆ ਸਾਂ। ਇਕ-ਦੋ ਵਾਰ ਤਾਂ ਅਜਿਹਾ ਵੀ ਹੋਇਆ ਕਿ ਉਸ ਨੂੰ ਕਈ ਕਈ ਦਿਨ ਖ਼ਬਰ ਹੀ ਨਾ ਹੁੰਦੀ ਕਿ ਪੁਲਿਸ ਮੈਨੂੰ ਕਿੱਥੇ ਲੈ ਗਈ ਹੈ! ਉਹਨੂੰ ਇਹ ਵੀ ਧੁੜਕੂ ਰਹਿੰਦਾ ਕਿ ਪੁਲਿਸ ਨੇ ਮੈਨੂੰ ਮਾਰ ਖ਼ਪਾ ਹੀ ਨਾ ਦਿੱਤਾ ਹੋਵੇ ਜਾਂ ਕਿਸੇ ਵੇਲੇ ਵੀ ਅਜਿਹਾ ਭਾਣਾ ਵਾਪਰ ਨਾ ਜਾਵੇ! ਇਸ ਸਭ ਕੁਝ ਦੇ ਬਾਵਜੂਦ ਉਹਨੂੰ ਮੇਰੇ ‘ਤੇ ਗਿਲਾ ਕੋਈ ਨਹੀਂ ਸੀ। ਉਹਨੂੰ ਅੰਦਰੋਂ ਸ਼ਾਇਦ ਇਹ ਲੱਗਦਾ ਸੀ ਕਿ ਮੈਂ ਗ਼ਲਤ ਨਹੀਂ ਸਾਂ, ਪਰ ਅਜਿਹਾ ਵੀ ਨਹੀਂ ਸੀ ਕਿ ਉਹ ਮੈਨੂੰ ‘ਮੇਰੇ ਰਾਹ’ ਉਤੇ ਤੁਰੇ ਜਾਣ ਲਈ ਕੋਈ ਉਚੇਚੀ ਹੱਲਾਸ਼ੇਰੀ ਦਿੰਦੀ ਹੋਵੇ। ਨਾ ਉਸ ਨੇ ਕਦੀ ਜ਼ਾਹਿਰਾ ਤੌਰ ‘ਤੇ ਮੇਰੇ ਕੀਤੇ ਦੀ ਕੋਈ ਪ੍ਰਸੰਸਾ ਕੀਤੀ ਸੀ, ਨਾ ਨਿੰਦਿਆ। ਉਹ ਤਾਂ ਜਿਵੇਂ ਵੀ ਜ਼ਿੰਦਗੀ ਚੱਲਦੀ ਸੀ, ਉਸ ‘ਤੇ ਖ਼ੁਸ਼ ਸੀ। ਅੱਜ ਪਹਿਲੀ ਵਾਰ ਸੀ ਕਿ ਉਸ ਨੇ ਮੇਰੇ ਬਾਰੇ ਅਜਿਹੀ ਟਿੱਪਣੀ ਕੀਤੀ ਸੀ- “ਮੈਂ ਤਾਂ ਸੁਰਜੀਤ ਕੌਰ ਨੂੰ ਆਂਹਦੀ ਸਾਂ ਕਿ ਜੇ ਉਹ ਇਥੇ ਹੁੰਦੇ, ਉਨ੍ਹਾਂ ਤਾਂ ਇਸ ਤਰ੍ਹਾਂ ਨਹੀਂ ਸੀ ਹੋਣ ਦੇਣਾ ਕਦੀ ਵੀ। ਭਾਵੇਂ ਕੁਝ ਹੁੰਦਾ, ਉਹ ਤਾਂ ਲੋਕਾਂ ਨੂੰ ਵੰਗਾਰ ਕੇ, ਕਾਮਰੇਡ ਤੋਂ ਵੀ ਪਹਿਲਾਂ, ਜਾ ਕੁੱਦਦੇ ਮੌਤ ਦੇ ਮੂੰਹ ਵਿਚ, ਪਰ ਉਹਨੂੰ ਨੰਗਿਆਂ ਨਹੀਂ ਸੀ ਹੋਣ ਦਿੰਦੇ!” ਉਹ ਤਾਂ ਹੁਣ ਵੀ ਚਾਹ ਰਹੀ ਸੀ ਕਿ ਜੇ ਮਜ਼ਲੂਮ ਧਿਰ ਦੀ ਮਦਦ ਕੀਤੀ ਜਾ ਸਕਦੀ ਹੋਵੇ ਤਾਂ ਜ਼ਰੂਰ ਕਰਾਂ!
ਮੈਨੂੰ ਇਕ ਪਲ ਲਈ ਉਹਦੇ ‘ਤੇ ਲਾਡ ਆਇਆ ਤੇ ਆਪਣੇ ਆਪ ‘ਤੇ ਮਾਣ ਵੀ ਹੋਇਆ। ਇਹ ਵੀ ਜਾਪਿਆ ਜਿਵੇਂ ਕਾਮਰੇਡ ਦੀ ਥਾਂ ਮੈਂ ਖ਼ੁਦ ਗਲੀ ਵਿਚ ਨਿੱਤਰ ਪਿਆ ਸਾਂ, ਪਰ ਮੈਂ ਤਾਂ ਇਕੱਲਾ ਸਾਂ! ਮੇਰੇ ਸਾਥੀ ਕਿੱਥੇ ਸਨ! ਅਗਲੇ ਪਲ ਮੈਂ ਪਿੱਠ ਪਰਨੇ ਧਰਤੀ ‘ਤੇ ਡਿੱਗਾ ਪਿਆ ਸਾਂ।
ਇਕੱਲੇ ਕਾਮਰੇਡ ਤੋਂ ਬਿਨਾਂ ਸਾਰੇ ਪਿੰਡ ‘ਚੋਂ ਕੋਈ ਮਰਦ ਨਿੱਤਰਿਆ ਈ ਨਾ ਜਿਹੜਾ ਉਸ ਅਬਲਾ ਦੀ ਮਦਦ ਕਰਦਾ! ਇਹ ਠੀਕ ਹੈ ਕਿ ਕਾਮਰੇਡ ਵੀ ਅੱਜ ਕੱਲ੍ਹ ‘ਇਕੱਲਾ’ ਹੀ ਰਹਿ ਗਿਆ ਸੀ। ਕਾਮਰੇਡੀ ਹਰਬੰਸ ਸਿੰਘ ਨੂੰ ਵਿਰਾਸਤ ‘ਚੋਂ ਮਿਲੀ ਸੀ। ਕਦੀ ਉਹਦਾ ਬਜ਼ੁਰਗ ਬਾਪ ਫ਼ਤਹਿ ਸਿੰਘ ਕਾਮਰੇਡ ਪਿੰਡ ਵਿਚ ਵੱਡੇ ਵੱਡੇ ਜਲਸੇ ਕਰਵਾਉਂਦਾ ਹੁੰਦਾ ਸੀ। ਭੀੜਾਂ ਉਲਰ ਆਉਂਦੀਆਂ ਸਨ ਕਾਮਰੇਡਾਂ ਦਾ ਜਲਸਾ ਤੇ ਡਰਾਮਾ ਵੇਖਣ ਲਈ। ਕਮਿਊਨਿਸਟ ਲੀਡਰ ਤਕਰੀਰਾਂ ਕਰਦੇ ਤਾਂ ਨਾ ਉਹ ਇਲਾਕੇ ਤੇ ਪਿੰਡ ਦੇ ਚੌਧਰੀਆਂ ਤੋਂ ਡਰਦੇ, ਤੇ ਨਾ ਹੀ ਸਰਕਾਰ ਜਾਂ ਪੁਲਿਸ ਤੋਂ। ਉਹ ਤਾਂ ਲਲਕਾਰ ਕੇ ਆਖਦੇ, “ਜੇ ਕੋਈ ਇਨ੍ਹਾਂ ਧੱਕੜਾਂ ਤੇ ਬਦਮਾਸ਼ਾਂ ਦਾ ਟੁਕੜ-ਬੋਚ ਜਲਸੇ ਵਿਚ ਬੈਠਾ ਹੈ ਤਾਂ ਜਾ ਦੱਸੇ ਉਨ੍ਹਾਂ ਨੂੰ। ਉਨ੍ਹਾਂ ਦਾ ਧੱਕਾ ਹੁਣ ਲੋਕ ਚੱਲਣ ਨਹੀਂ ਦੇਣਗੇ। ਸੀæਆਈæਡੀæ ਵਾਲੇ ਵੀ ਕੰਨ ਖੋਲ੍ਹ ਕੇ ਸੁਣ ਲੈਣ। ਦੱਸ ਦੇਣ ਆਪਣੇ ਆਕਾਵਾਂ ਨੂੰ। ਲੋਕ ਹੁਣ ਜਾਗ ਪਏ ਨੇ। ਹੁਣ ਤੁਹਾਡੀਆਂ ਚੰਮ ਦੀਆਂ ਬਹੁਤੀ ਦੇਰ ਨਹੀਂ ਚੱਲਣ ਲੱਗੀਆਂ।”
ਫਿਰ ਵੀ ਸ਼ੁਕਰ ਸੀ; ਕਾਮਰੇਡ ‘ਇਕੱਲਾ’ ਰਹਿ ਜਾਣ ਦੇ ਬਾਵਜੂਦ ‘ਮਰਿਆ’ ਨਹੀਂ ਸੀ। ਉਸ ਵਿਚ ਇਸ ਪਿੰਡ ਦੀ ਆਤਮਾ ਜਿਉਂਦੀ ਸੀ ਅਜੇ। ਕੋਈ ਤਾਂ ਸੀ ਜਿਸ ਨੇ ਪਿੰਡ ਦੇ ਇਤਿਹਾਸ ਦਾ ਮੂੰਹ ਅਸਲੋਂ ਹੀ ਕਾਲ਼ਾ ਨਹੀਂ ਸੀ ਹੋਣ ਦਿੱਤਾ। ਉਹ ਸਫ਼ਲ ਤਾਂ ਨਹੀਂ ਸੀ ਹੋਇਆ ਪਰ ਉਸ ਨੇ ‘ਹਾਅ’ ਦਾ ਨਾਅਰਾ ਤਾਂ ਮਾਰਿਆ ਹੀ ਸੀ। ਪਤਨੀ ਫਿਰ ਹੁੰਗਾਰੀ, “ਕਲਜੁਗ ਆ ਗਿਆ। ਹਨੇਰ ਸਾਈਂ ਦਾ! ਇਹ ਕਿਹੋ ਜਿਹਾ ਏ ਤੁਹਾਡਾ ਪਿੰਡ?”
ਮੈਂ ਸ਼ਰਮਸਾਰ ਹੋ ਗਿਆ। ‘ਇਹੋ ਜਿਹਾ ਤਾਂ ਨਹੀਂ ਸੀ ਮੇਰਾ ਪਿੰਡ।’ ਮੈਂ ਤਾਂ ਪਿੰਡ ਦੇ ਸ਼ਾਨਾਂ-ਮੱਤੇ ਇਤਿਹਾਸ ਦਾ ਬੜਾ ਮਾਣ ਕਰਦਾ ਸਾਂ। ਜਦੋਂ ਵੀ ਆਪਣੇ ਪਿੰਡ ਦਾ ਜ਼ਿਕਰ ਕਰਦਾ ਤਾਂ ਮੇਰੇ ਬੋਲਾਂ ਵਿਚ ਬੱਚਿਆਂ ਵਾਲਾ ਉਤਸ਼ਾਹ ਹੁੰਦਾ। ਮੈਂ ਹੁਣ ਵੀ ਅਕਸਰ ਬੜੇ ਮਾਣ ਨਾਲ ਆਪਣੇ ਪਿੰਡ ਦੇ ਇਸ ਵਿਰਾਸਤੀ ਗੌਰਵ ਦੀ ਵਡਿਆਈ ਕਰਦਾ ਰਹਿੰਦਾਂ। ਸੁਰ ਸਿੰਘ ਦਾ ਪੰਜਾਬ ਅਤੇ ਭਾਰਤ ਦੇ ਇਤਿਹਾਸ ਵਿਚ ਬਹੁਤ ਹੀ ਮਾਣਯੋਗ ਸਥਾਨ ਹੈ| ਗੁਰੂ-ਕਾਲ ਦੇ ਮੁਢਲੇ ਦਿਨਾਂ ਤੋਂ ਇਸ ਦੀ ਸਿੱਖੀ ਦੀ ਵਿਰਾਸਤੀ ਸ਼ਾਨ ਨਾਲ ਸਾਂਝ ਰਹੀ ਹੈ। ਗੁਰੂ ਅਰਜਨ ਤੇ ਗੁਰੂ ਹਰਗੋਬਿੰਦ ਵੇਲੇ ਸਾਡੇ ਪਿੰਡ ਦਾ ਭਾਈ ਬਿਧੀ ਚੰਦ ਉਨ੍ਹਾਂ ਦਾ ਸਿੱਖ ਤੇ ਸੰਗੀ-ਸਾਥੀ ਰਿਹਾ। ਸ਼ਾਹਜਹਾਨ ਦੇ ਫੌਜੀਆਂ ਵੱਲੋਂ ਗੁਰੂ ਹਰਗੋਬਿੰਦ ਦੀ ਭੇਟਾ ਲਿਆਂਦੇ ਜਾਣ ਵਾਲੇ ਕਾਬਲ ਦੇ ਸਿੱਖ ਕੋਲੋਂ ਖੋਹੇ ਗਏ ਘੋੜੇ, ਦਿਲਬਾਗ ਤੇ ਗੁਲਬਾਗ, ਭਾਈ ਬਿਧੀ ਚੰਦ ਹੀ ਇਕ ਵਾਰ ਘਾਹੀ ਤੇ ਇਕ ਵਾਰ ਨਜੂਮੀ ਦਾ ਭੇਸ ਧਾਰ ਕੇ ਲਾਹੌਰ ਦੇ ਕਿਲ੍ਹੇ ਵਿਚੋਂ ਕੱਢ ਕੇ ਲਿਆਇਆ ਸੀ। ਪੱਟੀ ਸ਼ਹਿਰ ‘ਚੋਂ ਮੁਗ਼ਲਾਂ ਵੱਲੋਂ ਖੋਹੇ ਗੁਰੂ ਘਰ ਦੇ ਦੁਸ਼ਾਲੇ ਲਿਆਉਣ ਵਾਲਾ ਬਿਧੀ ਚੰਦ ਦਾ ਪ੍ਰਸੰਗ ਵੀ ਅਸੀਂ ਪੜ੍ਹਦੇ ਸੁਣਦੇ ਆਏ ਹਾਂ। ਗੁਰੂ ਹਰਗੋਬਿੰਦ ਨੇ ਅਕਾਲ ਤਖ਼ਤ ਦੀ ਸਾਜਨਾ ਕੀਤੀ ਤਾਂ ਸਿੱਖਾਂ ਵਿਚ ਹੱਕ-ਸੱਚ ਲਈ ਲੜ ਮਰਨ ਲਈ ਜੋਸ਼ ਪੈਦਾ ਕਰਨ ਲਈ, ਯੋਧਿਆਂ ਦੀਆਂ ਵਾਰਾਂ ਦਾ ਗਾਇਨ ਕਰਨ ਵਾਲੇ ਪਹਿਲੇ ਢਾਡੀ ਨੱਥਾ ਤੇ ਅਬਦੁੱਲਾ ਸੁਰ ਸਿੰਘ ਪਿੰਡ ਦੇ ਹੀ ਸਨ। ਗੁਰੂ ਗੋਬਿੰਦ ਸਿੰਘ ਲਈ ਜਾਨ ਦੀ ਬਾਜ਼ੀ ਲਾਉਣ ਵਾਲੇ ਅਤੇ ਟੁੱਟੀ ਗੰਢਣ ਵਾਲੇ ਚਾਲੀ ਮੁਕਤਿਆਂ ਦੇ ਆਗੂ ਜਥੇਦਾਰ ਭਾਈ ਮਹਾਂ ਸਿੰਘ ਇਸੇ ਹੀ ਪਿੰਡ ਦੇ ਸਨ|
ਪਤਨੀ ਨੇ ਗੁੱਸੇ ਅਤੇ ਹਿਰਖ਼ ਨਾਲ ਆਖਿਆ, “ਇਨ੍ਹਾਂ ਨੂੰ ਕੀਤੇ ਦੀ ਸਜ਼ਾ ਜ਼ਰੂਰ ਮਿਲਣੀ ਚਾਹੀਦੀ ਏ। ਕਰੋ ਕੁਝ ਤੁਸੀਂ। ਮੈਨੂੰ ਪਤੈ; ਕਰ ਸਕਦੇ ਜੇ। ਮੁੰਡੇ ਨੂੰ ਵੀ ਸਜ਼ਾ ਮਿਲੇ ਤੇ ਇਨ੍ਹਾਂ ਨੂੰ ਵੀ। ਪਹਿਲਾਂ ਵਾਂਗ ਬੰਦੇ ‘ਕੱਠੇ ਕਰੋ। ਪੁਲਿਸ ਨੂੰ ਮਿਲੋ। ਕੁਝ ਵੀ ਕਰੋ। ਕੀ ਕਰਨੈ, ਤੁਸੀਂ ਜਾਣੋ। ਹੈ ਹਾਇ! ਇੰਨਾ ਕਲਜੁਗ!”
ਮੈਨੂੰ ਲੱਗਾ ਉਹਦੇ ਪਿੰਡ ਝਬਾਲ ਦੀ ਮਾਈ ਭਾਗੋ ਮੇਰੇ ਪਿੰਡ ਦੇ ਭਾਈ ਮਹਾਂ ਸਿੰਘ ਨੂੰ ਫਿਰ ਵੰਗਾਰ ਰਹੀ ਹੈ, “ਮਹਾਂ ਸਿੰਘਾ! ਤੇਰੇ ਪਿੰਡ ਦੇ ਸਿੰਘ ਗੁਰੂ ਤੋਂ ਫਿਰ ਬੇਮੁੱਖ ਹੋ ਗਏ ਈ। ਇਨ੍ਹਾਂ ਨੂੰ ਆਖ ਪਾ ਲੈਣ ਚੂੜੀਆਂ ਆਪਣੇ ਹੱਥੀਂ।”
ਗੁਰੂ ਗੋਬਿੰਦ ਸਿੰਘ ਕੋਲੋਂ ਅੰਮ੍ਰਿਤ ਛਕਣ ਵਾਲੇ ਸੁਰ ਸਿੰਘ ਦੇ ਜੱਦੀ ਵਸਕੀਨ ਤੇ ਜੱਸਾ ਸਿੰਘ ਰਾਮਗੜ੍ਹੀਏ ਦੇ ਬਾਬੇ ਭਾਈ ਹਰਦਾਸ ਸਿੰਘ ਨੇ ਬਚਿੱਤਰ ਸਿੰਘ ਵੱਲੋਂ ਹਾਥੀ ਦਾ ਮੱਥਾ ਵਿੰਨ੍ਹਣ ਵਾਲੀ ਆਪਣੇ ਹੱਥੀਂ ਬਣਾਈ ਨਾਗਣੀ ਮੇਰੇ ਮੱਥੇ ਵੱਲ ਸਿੱਧੀ ਕੀਤੀ ਹੋਈ ਸੀ।
ਮੁਗ਼ਲ ਰਾਜ ਹੀ ਨਹੀਂ, ਸਗੋਂ ਅੰਗਰੇਜ਼ੀ ਰਾਜ ਸਮੇਂ ਚੱਲੇ ਹਰ ਅੰਗਰੇਜ਼ ਵਿਰੋਧੀ ਅੰਦੋਲਨ ਵਿਚ ਸੁਰ ਸਿੰਘ ਪੇਸ਼-ਪੇਸ਼ ਰਿਹਾ| ਵੀਹਵੀਂ ਸਦੀ ਦੇ ਸ਼ੁਰੂ ਵਿਚ ਅੰਗਰੇਜ਼ੀ ਰਾਜ ਦੀਆਂ ਜੜ੍ਹਾਂ ਪੁੱਟਣ ਲਈ ਬਣੀ ਗ਼ਦਰ ਪਾਰਟੀ ਵਿਚ ਸੁਰ ਸਿੰਘ ਪਿੰਡ ਦਾ ਮੁੱਖ ਰੋਲ ਸੀ| ਮਾਝੇ ਵਿਚ ਇਸ ਪਿੰਡ ਨੂੰ ਗ਼ਦਰ ਪਾਰਟੀ ਦਾ ਸਭ ਤੋਂ ਵੱਡਾ ਗੜ੍ਹ ਸਮਝਿਆ ਜਾਂਦਾ ਸੀ| ਕਰਤਾਰ ਸਿੰਘ ਸਰਾਭਾ ਦੇ ਨਜ਼ਦੀਕੀ ਸਾਥੀਆਂ ਭਾਈ ਜਗਤ ਸਿੰਘ ਅਤੇ ਪ੍ਰੇਮ ਸਿੰਘ ਨੂੰ ਫਾਂਸੀ ਦੀ ਸਜ਼ਾ ਦਿੱਤੀ ਗਈ। ਪ੍ਰੇਮ ਸਿੰਘ ਦੇ ਛੋਟੇ ਭਰਾ ਭਾਈ ਮਿਤ ਸਿੰਘ ਨੇ ਮੈਨੂੰ ਸਾਡੀ ਬਾਹਰਲੀ ਚੰਦੂ ਕੀ ਪੱਤੀ ਦੀ ਖੂਹੀ ਨੇੜੇ ਖਲੋ ਕੇ ਦੱਸਿਆ ਸੀ, “ਇਸ ਖੂਹੀ ‘ਤੇ ਮੈਂ ਕਰਤਾਰ ਸੁੰਹ ਸਰਾਭੇ ਨੂੰ ਨਵ੍ਹਾਇਆ ਸੀ ਪਾਣੀ ਦੇ ਡੋਲ ਕੱਢ ਕੱਢ ਕੇ। ਉਹਦਾ ਗੋਰਾ ਚਿੱਟਾ ਪਿੰਡਾ ਤੇ ਥੱਬੇ ਥੱਬੇ ਦੇ ਲਿਸ਼ਕਦੇ ਪੱਟ ਸਨ। ਉਦੋਂ ਸਰਾਭਾ ਆਪਣੇ ਪਿੰਡ ਕਈ ਦਿਨ ਠਹਿਰਿਆ ਸੀ। ਉਹ ਪਾਰਟੀ ਬਣਾਉਣ ਲਈ ਦਿਨੇ ਨਿਕਲ ਜਾਂਦੇ ਤੇ ਰਾਤ-ਬਰਾਤੇ ਘਰ ਮੁੜਦੇ।”
ਸੁਰ ਸਿੰਘ ਦੇ ਹੀ ਗੁਰਦਿੱਤ ਸਿੰਘ, ਇੰਦਰ ਸਿੰਘ, ਕਾਲਾ ਸਿੰਘ, ਜਵੰਦ ਸਿੰਘ, ਬੁੱਢਾ ਸਿੰਘ, ਗੰਡਾ ਸਿੰਘ, ਕੇਸਰ ਸਿੰਘ ਆਦਿ ਨੂੰ ਉਮਰ ਕੈਦ, ਕਾਲੇ ਪਾਣੀ ਅਤੇ ਜਾਇਦਾਦ ਜ਼ਬਤੀ ਦੀ ਸਜ਼ਾ ਸੁਣਾਈ ਗਈ| ‘ਕਾਮਾਗਾਟਾ ਮਾਰੂ’ ਇਨਕੁਆਰੀ ਕਮੇਟੀ ਦੀ ਰਿਪੋਰਟ ਇਹ ਵੀ ਦੱਸਦੀ ਹੈ ਕਿ ਅੰਗਰੇਜ਼ ਸਰਕਾਰ ਬਾਬਾ ਗੁਰਦਿੱਤ ਸਿੰਘ ਤੋਂ ਬਿਨਾਂ ਜਿਨ੍ਹਾਂ ਹੋਰ ਵਿਅਕਤੀਆਂ ਨੂੰ ਖ਼ਤਰਨਾਕ ਲੀਡਰਾਂ ਵਿਚ ਗਿਣਦੀ ਸੀ, ਉਨ੍ਹਾਂ ਵਿਚ ਸ਼ ਸੁੱਚਾ ਸਿੰਘ, ਪਿੰਡ ਸੁਰ ਸਿੰਘ ਵੀ ਇਕ ਅਜਿਹਾ ਹੀ ਖ਼ਤਰਨਾਕ ਬਾਗ਼ੀ ਸੀ ਅਤੇ ਬਜਬਜ ਘਾਟ ‘ਤੇ ਚੱਲੀ ਗੋਲੀ ਵਿਚ ਉਸ ਦੀ ਲੱਤ ਉØੱਪਰ ਗੋਲੀ ਵੱਜੀ ਸੀ| ਸੁੱਚਾ ਸਿੰਘ ਵੀ ਸਾਡੀ ਪੱਤੀ ਦਾ ਸੀ। ਮੈਂ ਆਪਣੇ ਬਚਪਨ ਵਿਚ ਉਹਦੀ ਲੱਤ ‘ਤੇ ਲੱਗਾ ਗੋਲੀ ਦਾ ਨਿਸ਼ਾਨ ਆਪ ਵੇਖਿਆ ਸੀ। ਇਨ੍ਹਾਂ ਸਭ ਲੀਡਰਾਂ ਤੋਂ ਇਲਾਵਾ ਇਨ੍ਹਾਂ ਦੇ ਪਿੱਛੇ ਸੈਂਕੜਿਆਂ ਦੀ ਗਿਣਤੀ ਵਿਚ ਹੋਰ ਵਰਕਰ ਵੀ ਦੇਸ਼ ਦੀ ਆਜ਼ਾਦੀ ਪ੍ਰਾਪਤ ਕਰਨ ਲਈ ਗ਼ਦਰ ਪਾਰਟੀ ਵਲੋਂ ਆਰੰਭ ਕੀਤੇ ਸੰਘਰਸ਼ ਵਿਚ ਜੁਟੇ ਹੋਏ ਸਨ| ਗ਼ਦਰੀਆਂ ਤੇ ਆਜ਼ਾਦੀ ਸੰਗਰਾਮੀਆਂ ਦੀ ਵੱਧ ਤੋਂ ਵੱਧ ਸਹਾਇਤਾ ਕਰਨ ਲਈ ਤਤਪਰ ਰਹਿਣ ਵਾਲਾ ਸਰਦਾਰ ਹਰਚੰਦ ਸਿੰਘ ਲਾਇਲਪੁਰ ਸੁਰ ਸਿੰਘ ਦਾ ਜੰਮ-ਪਲ ਹੀ ਸੀ| ਉਨ੍ਹੀਵੀਂ ਸਦੀ ਦੇ ਅਖ਼ੀਰ ‘ਤੇ ਸ਼ਾਂਤ ਸਾਗਰ ਦੇ ਪੱਛਮੀ ਕੰਢੇ ‘ਤੇ ਉਤਰਨ ਵਾਲਾ ਤੇ ਹੋਰ ਭਾਰਤੀਆਂ ਲਈ ਅਮਰੀਕਾ ਕੈਨੇਡਾ ਲਈ ਰਾਹ ਖੋਲ੍ਹਣ ਲਈ ਬਹਾਨਾ ਬਣਨ ਵਾਲਾ ਪਹਿਲਾ ਬੰਦਾ ਭਾਈ ਬਖ਼ਸ਼ੀਸ਼ ਸਿੰਘ ਵੀ ਸੁਰ ਸਿੰਘ ਦਾ ਸੀ। ਗ਼ਦਰ ਪਾਰਟੀ ਦਾ ਆਖ਼ਰੀ ਸਕੱਤਰ ਕੇਸਰ ਸਿੰਘ ਵੀ ਸੁਰ ਸਿੰਘ ਦਾ ਵਸਨੀਕ ਸੀ|
ਕਿਸਾਨ ਮੋਰਚਾ, ਅਕਾਲੀ ਮੋਰਚੇ ਤੇ ਹਰਛਾ ਛੀਨਾ ਮੋਘਾ ਮੋਰਚਾ ਵਿਚ ਵੀ ਸੁਰ ਸਿੰਘ ਦੇ ਅਨੇਕਾਂ ਕਿਸਾਨ ਜੇਲ੍ਹਾਂ ਵਿਚ ਗਏ| ਸਰਕਾਰ ਵਿਰੋਧੀ ਕਿਸਾਨ ਮੋਰਚੇ ਵਿਚ ਜੇਲ੍ਹ ਦੀਆਂ ਤੰਗੀਆਂ ਸਹਿੰਦੇ ਹੋਏ ਸੁਰ ਸਿੰਘ ਦਾ ਲਾਲ ਦੀਨ ਸ਼ਹੀਦੀ ਪਾ ਗਿਆ|
ਪਿੰਡ ਦਾ ਇਤਿਹਾਸ ਮੇਰੇ ਕੋਲੋਂ ਜਵਾਬ ਮੰਗ ਰਿਹਾ ਸੀ। ਸਾਰੀ ਰਾਤ ਮੈਂ ਅੱਜ ਵਾਲੀ ਦੁਖਦਾਈ ਘਟਨਾ ਨੂੰ ਇਸ ਪਿੰਡ ਦੇ ਬਹਾਦਰੀ ਭਰੇ ਇਤਿਹਾਸ ਨਾਲ ਜੋੜ ਕੇ ਸੋਚਦਾ ਰਿਹਾ। ਭਾਈ ਬਿਧੀ ਚੰਦ, ਜਥੇਦਾਰ ਮਹਾਂ ਸਿੰਘ, ਜੱਸਾ ਸਿੰਘ ਰਾਮਗੜ੍ਹੀਏ ਦੇ ਵਡੇਰਿਆਂ ਦਾ ਇਹ ਪਿੰਡ ਅਸਲੋਂ ਹੀ ਕਿਵੇਂ ਗ਼ਰਕ ਗਿਆ ਕਿ ਆਪਣੀ ਹੀ ਇਕ ਔਰਤ ਨੂੰ ਨੰਗਾ ਹੋਣੋਂ ਬਚਾ ਨਾ ਸਕਿਆ! ਇਹ ਤਾਂ ਉਨ੍ਹਾਂ ਗ਼ਦਰੀ ਸੂਰਬੀਰਾਂ ਦਾ ਪਿੰਡ ਸੀ ਜਿਹੜੇ ਦੇਸ਼ ਦੀ ਆਜ਼ਾਦੀ ਲਈ ਕੁਰਬਾਨ ਹੋ ਗਏ ਸਨ ਤੇ ਜਿਨ੍ਹਾਂ ਦੀ ਯਾਦਗ਼ਾਰ ਪਿੰਡ ਵਿਚ ਬਣਾਉਣ ਲਈ ਮੈਂ ਕਦੋਂ ਦਾ ਤਰਲੋ-ਮੱਛੀ ਹੋ ਰਿਹਾ ਸਾਂ।
ਉਸ ਰਾਤ ਮੈਨੂੰ ਨੀਂਦ ਨਹੀਂ ਸੀ ਆ ਰਹੀ। ਬੇਚੈਨੀ ਵਿਚ ਕਰਵਟਾਂ ਬਦਲ ਰਿਹਾ ਸਾਂ। ਅੱਖਾਂ ਮੀਟਦਾ ਤਾਂ ਸ਼ਰਮਿੰਦਿਆਂ ਕਰਨ ਵਾਲਾ ਦ੍ਰਿਸ਼ ਕਲਪਨਾ ਵਿਚ ਸਾਕਾਰ ਹੋ ਉਠਦਾ। ਭੂਤਾਂ ਦੀ ਭੀੜ ਵਿਚ ਘਿਰੀ ਅਲਫ਼ ਨੰਗੀ ਔਰਤ ਆਪਣੇ ਹੱਥਾਂ ਬਾਹਵਾਂ ਨਾਲ ਨੰਗੇਜ ਨੂੰ ਕੱਜਣ ਦੀ ਕੋਸ਼ਿਸ਼ ਕਰਦੀ ਹੈ। ਗੰਦੀਆਂ ਗਾਲ੍ਹਾਂ ਕੱਢਦੇ ਹੋਏ ਦੋ ਜਣੇ ਸੱਜੇ ਖੱਬਿਓਂ ਉਸ ਦੀਆਂ ਬਾਹਵਾਂ ਖਿੱਚਦੇ ਹਨ। ਇਕ ਦੇ ਹੱਥ ਕਿਰਪਾਨ, ਦੂਜੇ ਹੱਥ ਬਰਛਾ। ਇਕ ਜਣਾ ਉਨ੍ਹਾਂ ਦੇ ਪਿੱਛੇ ਦੁਨਾਲੀ ਬੰਦੂਕ ਫੜੀ ਕੰਧਾਂ ਕੋਠਿਆਂ ‘ਤੇ ਚੜ੍ਹੇ ਤਮਾਸ਼ਬੀਨ ਲੋਕਾਂ ਵੱਲ ਇੰਜ ਵੇਖਦਾ ਹੈ ਜਿਵੇਂ ਹੁਣੇ ਹੁਣੇ ਜਮਰੌਦ ਦਾ ਕਿਲ੍ਹਾ ਫ਼ਤਹਿ ਕੀਤਾ ਹੋਵੇ ਤੇ ਹੁਣ ਸਿਖ਼ਰ ਦੁਪਹਿਰੇ ਪਿੰਡ ਦੀਆਂ ਗਲੀਆਂ ਵਿਚ ਜੇਤੂ ਜਲੂਸ ਨਿਕਲ ਰਿਹਾ ਹੈ! ਦੋ ਹਥਿਆਰਬੰਦ ਬੰਦੇ ਬੰਦੂਕ ਵਾਲੇ ਦੇ ਪਿੱਛੇ ਪਿੱਛੇ ਤੁਰ ਰਹੇ ਹਨ।
ਨੰਗੀ ਔਰਤ ਚੀਕਦੀ ਹੈ, ਰੋਂਦੀ ਹੈ। ਉਨ੍ਹਾਂ ਦੀ ਪਕੜ ਵਿਚੋਂ ਬਾਹਵਾਂ ਛੁਡਾਉਣ ਦੀ ਅਸਫ਼ਲ ਕੋਸ਼ਿਸ਼ ਕਰਦੀ ਹੈ। ਫਿਰ ਗੋਡਿਆਂ ਭਾਰ ਹੋ ਕੇ ਭੁੰਜੇ ਬਹਿ ਜਾਂਦੀ ਹੈ। ਜਿਸਮ ਦਾ ਅਗਲਾ ਹਿੱਸਾ ਲੁਕਾਉਣ ਲਈ ਆਪਣਾ ਸਿਰ ਜ਼ਮੀਨ ਵਿਚ ਗੱਡ ਦਿੰਦੀ ਹੈ। ਧਰਤੀ ਨੂੰ ਕਹਿ ਰਹੀ ਹੈ ਫਟ ਜਾਣ ਲਈ। ਧਰਤੀ ਫਟਦੀ ਨਹੀਂ। ਬੰਦੂਕ ਵਾਲਾ ਗਾਲ੍ਹ ਕੱਢ ਕੇ ਪਿੱਠ ਵਿਚ ਲੱਤ ਮਾਰਦਾ ਹੈ। ਬਰਛੇ ਵਾਲਾ ਗੁੱਤੋਂ ਫੜ ਕੇ ਉਠਾਉਂਦਾ ਹੈ। ਵਾਲਾਂ ਤੋਂ ਫੜ ਕੇ ਗਲੀ ਵਿਚ ਧੂਹੀ ਜਾ ਰਹੀ ਹੈ। ਬੰਦੂਕ ਵਾਲਾ ਨਾਲਦਿਆਂ ਨੂੰ ਗਾਲ੍ਹ ਕੱਢ ਕੇ ਆਖਦਾ ਹੈ, “ਭੈਣæææ! ਇਹਨੂੰ ਮਾਂ ਨੂੰ ਸਿੱਧਾ ਖੜ੍ਹਾ ਕਰ ਕੇ ਤੋਰੋ।” ਉਹਦੀ ਮਾਂ-ਭੈਣ ਦੀ ਗਾਲ੍ਹ ਸੁਣ ਕੇ ਉਸ ਔਰਤ ਦੇ ਅਮੂਰਤ ਚਿਹਰੇ ‘ਤੇ ਕਦੀ ਮੇਰੀ ਭੈਣ ਦਾ ਤੇ ਕਦੀ ਮੇਰੀ ਮਾਂ ਦਾ ਚਿਹਰਾ ਲੱਗ ਜਾਂਦਾ ਹੈ। ਮੈਂ ਸ਼ਰਮ ਨਾਲ ਪਾਣੀ ਪਾਣੀ ਹੋ ਜਾਂਦਾ ਹਾਂ। ਇਸ ਦ੍ਰਿਸ਼ ਨੂੰ ਅੱਖੋਂ ਓਹਲੇ ਕਰਨ ਲਈ ਜ਼ੋਰ ਨਾਲ ਸਿਰ ਝਟਕਦਾ ਹਾਂ। ਹਾੜ੍ਹੇ ਕੱਢਦੀ ਤੇ ਤਰਲੇ ਲੈਂਦੀ ਜ਼ਨਾਨਾ ਆਵਾਜ਼ ਕੰਨੀਂ ਮੱਚਣ ਲੱਗਦੀ ਹੈ, “ਵੇ ਲੋਕੋ! ਮੈਂ ਤੁਹਾਡੀ ਭੈਣ ਵੇ; ਮੈਂ ਤੁਹਾਡੀ ਮਾਂ ਵੇ; ਮੈਨੂੰ ਇਨ੍ਹਾਂ ਰਾਖ਼ਸ਼ਾਂ ਤੋਂ ਬਚਾਓ।”
ਲੱਗਦਾ ਹੈ ਇਹ ਆਵਾਜ਼ ਤਾਂ ਮੇਰੀ ਪਤਨੀ ਦੀ ਹੈ। ਮੈਂ ਉਭੜਵਾਹੇ ਸਿਰ ਚੁੱਕ ਕੇ ਨਾਲ ਪਈ ਪਤਨੀ ਵੱਲ ਵੇਖਦਾ ਹਾਂ।
“ਕੀ ਗੱਲ ਨੀਂਦ ਨਹੀਂ ਆਉਂਦੀ?” ਉਹ ਪੁੱਛਦੀ ਹੈ। ਮੇਰੇ ਜਵਾਬ ਦੇਣ ਤੋਂ ਪਹਿਲਾਂ ਮੁੜ ਬੋਲ ਪੈਂਦੀ ਹੈ, “ਮੈਨੂੰ ਤਾਂ ਅਜੇ ਵੀ ਵਿਚਾਰੀ ਦਿਸੀ ਜਾਂਦੀ ਹੈ। ਇਹ ਕੀ ਤਰੀਕਾ ਹੋਇਆ ਬਦਲਾ ਲੈਣ ਦਾ। ਕਸੂਰ ਪੁੱਤ ਦਾ ਤੇ ਭੁਗਤੇ ਮਾਂ? ਜਨਾਨੀ ਤਾਂ ਜੰਮੇ ਈ ਨਾ।”
ਸਾਰੀ ਰਾਤ ਆਪਣੀ ਤਾਕਤ ਨੂੰ ਜੋਂਹਦਾ ਰਿਹਾ। ਆਪਣੇ ਨਿੱਕੇ ਜਿਹੇ ਨਿੱਜੀ ਇਤਿਹਾਸ ਦੇ ਨਾਲ ਨਾਲ ਤੁਰਨ ਲੱਗਾ, ਪਰ ਮੈਂ ਵੀ ਤਾਂ ਇਸ ਇਤਿਹਾਸ ਦਾ ਹੀ ਹਿੱਸਾ ਸਾਂ। ਮੈਂ ਮਜ਼ਲੂਮ ਧਿਰ ਦੀ ਕੀ ਤੇ ਕਿਵੇਂ ਮਦਦ ਕਰ ਸਕਦਾ ਸਾਂ!
ਬਚਪਨ ਵਿਚ ਇਤਿਹਾਸ ਦੀ ਸੋਝੀ ਉਦੋਂ ਆਉਣ ਲੱਗੀ ਜਦੋਂ ਗੁਰੂ ਹਰਗੋਬਿੰਦ ਤੇ ਭਾਈ ਬਿਧੀ ਚੰਦ ਦੀ ਯਾਦ ਵਿਚ, ਪਿੰਡ ਵਿਚ, ਲੱਗਦੇ ਮੇਲਿਆਂ ਵਿਚ ਢਾਡੀਆਂ-ਕਵੀਸ਼ਰਾਂ ਤੋਂ ਇਤਿਹਾਸਕ ਪ੍ਰਸੰਗ ਸੁਣਦਾ। ਪਤਾ ਲੱਗਾ ਇਹ ਧਰਤੀ ਤਾਂ ਸ਼ਹੀਦ ਸੂਰਮੇ ਪੈਦਾ ਕਰਨ ਵਾਲ਼ੀ ਜਰਖ਼ੇਜ਼ ਜ਼ਮੀਨ ਹੈ। ਮੇਰੇ ਨਾਲ ਦੇ ਪਿੰਡ ਸਿੰਘਪੁਰੇ ਨਾਲ ਨਵਾਬ ਕਪੂਰ ਸਿੰਘ ਦੀ ਹਸਤੀ ਜੁੜੀ ਹੋਈ ਸੀ। ਦੂਜਾ ਪਿੰਡ ਭਾਈ ਤਾਰੂ ਸਿੰਘ ਦਾ ਸੀ। ਅਗਲਾ ਪਿੰਡ ਬਾਬੇ ਦੀਪ ਸਿੰਘ ਦਾ ਸੀ। ਉਸ ਤੋਂ ਦੋ ਪਿੰਡ ਛੱਡ ਕੇ ਮੱਸੇ ਰੰਘੜ ਦਾ ਸਿਰ ਵੱਢਣ ਵਾਲੇ ਭਾਈ ਸੁੱਖਾ ਸਿੰਘ ਦਾ ਪਿੰਡ ਮਾੜੀ ਕੰਬੋਕੇ ਸੀ। ਨੇੜੇ ਹੀ ਡੱਲ-ਵਾਂ ਵਾਲੇ ਭਾਈ ਤਾਰਾ ਸਿੰਘ ਦੀ ਯਾਦਗ਼ਾਰ ਸੀ।
ਇਤਿਹਾਸ ਦਾ ਇਹ ਖ਼ਮੀਰ ਮੇਰੀ ਆਤਮਾ ਵਿਚ ਰਚਦਾ ਰਿਹਾ ਸੀ। ਇਸ ਇਤਿਹਾਸ ਦੇ ਸਿਰ ‘ਤੇ ਮੈਂ ਆਪਣੇ ਹਿੱਸੇ ਦੀ ਲੜਾਈ ਪਿਛਲੇ ਸਾਲਾਂ ਵਿਚ ਲੜਦਾ ਵੀ ਰਿਹਾ ਸਾਂ।
ਪਿੰਡ ਦੇ ਮਾਣ-ਮੱਤੇ ਇਤਿਹਾਸ ਦੇ ਨਾਲ ਨਾਲ ਮੈਨੂੰ ਆਪਣੇ ਇਸ ਨਿੱਜੀ ਇਤਿਹਾਸ ‘ਤੇ ਵੀ ਬੜਾ ਮਾਣ ਸੀ। ਜਾਤਾਂ-ਗੋਤਾਂ ਨੂੰ ਮੰਨਣਾ ਹੈ ਤਾਂ ਗੱਲ ਮਾੜੀ ਪਰ ਸਦੀਆਂ ਤੋਂ ਇਹ ਸਾਡੇ ਸੰਸਕਾਰਾਂ ਦਾ ਹਿੱਸਾ ਬਣ ਕੇ ਧੁਰ ਅਵਚੇਤਨ ਵਿਚ ਧਸ ਕੇ ਬੈਠੀਆਂ ਹੋਈਆਂ ਨੇ, ਇਨ੍ਹਾਂ ਤੋਂ ਅਸਲੋਂ ਛੁਟਕਾਰਾ ਪਾਉਣਾ ਸੰਭਵ ਨਹੀਂ। ਇਸੇ ਕਰ ਕੇ ਮੈਨੂੰ ਆਪਣੇ ‘ਸੰਧੂ ਜੱਟ’ ਹੋਣ ਦਾ ਵੀ ਬੜਾ ਗੌਰਵ ਸੀ। ਮੈਂ ਆਪਣੇ ਆਪ ਨੂੰ ਭਾਈ ਬਾਲੇ, ਭਾਈ ਤਾਰੂ ਸਿੰਘ, ਸ਼ਹੀਦ ਭਗਤ ਸਿੰਘ ਦੀ ਸੰਧੂਆਂ ਦੀ ਵਿਰਾਸਤ ਨਾਲ ਵੀ ਜੋੜ ਲੈਂਦਾ ਸਾਂ। ਮੈਨੂੰ ਆਪਣੇ ਮਰਾਸੀ ਦੀ ਇਹ ਗੱਲ ਵੀ ਨਹੀਂ ਭੁੱਲੀ ਸੀ ਕਿ ‘ਸੰਧੂਆਂ ਦੀਆਂ ਤਾਂ ਸੁੱਤਿਆਂ ਦੀਆਂ ਵੀ ਅੱਖਾਂ ਖੁੱਲ੍ਹੀਆਂ ਰਹਿੰਦੀਆਂ ਹਨ। ਇਕ ਵਾਰ ਕੋਈ ਦੁਸ਼ਮਣ ਸੁੱਤੇ ਪਏ ਕਿਸੇ ਸੂਰਮੇ ਸੰਧੂ ਨੂੰ ਮਾਰਨ ਲਈ ਅੱਗੇ ਵਧਿਆ ਤਾਂ ਸੁੱਤੇ ਪਏ ਸੰਧੂ ਦੀਆਂ ਖੁੱਲ੍ਹੀਆਂ ਅੱਖਾਂ ਤੋਂ ਹੀ ਭੈਅ-ਭੀਤ ਹੋ ਗਿਆ ਤੇ ਉਸ ਦਾ ਹੌਸਲਾ ਰੇਤ ਹੋ ਗਿਆ ਸੀ।’
ਅੱਜ ਮੇਰੇ ਪਿੰਡ ਦਾ ਸਮੂਹਿਕ ਇਤਿਹਾਸ ਤੇ ਮੇਰਾ ਨਿੱਜੀ ਇਤਿਹਾਸ ਮੈਨੂੰ ਮਜ਼ਲੂਮ ਔਰਤ ਦੀ ਸਹਾਇਤਾ ਕਰਨ ਲਈ ਵੰਗਾਰ ਰਿਹਾ ਸੀ, ਪਰ ਪਿਛਲੇ ਸਾਲਾਂ ਵਿਚ ਐਮਰਜੈਂਸੀ ਲੱਗ ਜਾਣ ਕਰ ਕੇ, ਤੇ ਮੇਰੇ ਦੋ ਵਾਰ ਗ੍ਰਿਫ਼ਤਾਰ ਹੋਣ ਅਤੇ ਫਿਰ ਐਮæਫ਼ਿਲ਼ ਕਰਨ ਜਾ ਲੱਗਣ ਕਰ ਕੇ ਪਿੰਡ ਦੀ ਨੌਜਵਾਨ ਭਾਰਤ ਸਭਾ ਕਾਰਜਹੀਣ ਹੋ ਗਈ ਸੀ। ਇਲਾਕੇ ਵਿਚਲਾ ਇਸ ਦਾ ਢਾਂਚਾ ਵੀ ਬਿਖ਼ਰ ਗਿਆ ਸੀ। ਪਿੰਡ-ਸੁਧਾਰ ਲਈ ਸਾਡੇ ਬਣਾਏ ਨਿਯਮ ਤਾਕਤ ਵਾਲਿਆਂ ਨੇ ਮੁੜ ਮੌਕਾ ਮਿਲਦੇ ਸਾਰ ਹੀ ਤੋੜ ਦਿੱਤੇ ਸਨ।
ਹੁਣ ਕਿਸੇ ਜਥੇਬੰਦਕ ਤਾਕਤ ਤੋਂ ਬਿਨਾਂ ਮੈਂ ਇਕੱਲਾ ਪੀੜਤ ਧਿਰ ਦੀ ਕੀ ਮਦਦ ਕਰ ਸਕਦਾ ਸਾਂ!
ਸਾਰੀ ਰਾਤ ਸੋਚਦਾ ਰਿਹਾ। ਪੁਲਿਸ ਨੂੰ ਮਿਲਾਂ; ਸਰਪੰਚ ਜਾਂ ਪੰਚਾਇਤ ਨੂੰ ਮਿਲਾਂ, ਜਾਂ ਪਹਿਲਾਂ ਵਾਂਗ ਪਿੰਡ ਦੇ ਮੋਹਤਬਰ ਬੰਦਿਆਂ ਦਾ ਇਕੱਠ ਬੁਲਾ ਕੇ ਮਸਲਾ ਵਿਚਾਰਿਆ ਜਾਏ? ਕਿਹੜੇ ਕਿਹੜੇ ਪੁਰਾਣੇ ਸਾਥੀ ਨਾਲ ਤੁਰ ਸਕਦੇ ਨੇ? ਕਾਮਰੇਡ ਹਰਬੰਸ ਸਿੰਘ ਤੇ ਕਾਮਰੇਡ ਸ਼ੇਰ ਸਿੰਘ ਨੂੰ ਮਿਲ ਕੇ ਉਨ੍ਹਾਂ ਦੀ ਸਲਾਹ ਲਵਾਂ? ਪਹਿਲਾ ਸੱਜੀ ਪਾਰਟੀ ਦਾ ਸੀ ਦੂਜਾ ਖੱਬੀ ਦਾ। ਇਹ ਵੀ ਸੋਚਿਆ ਕਿ ਇਲਾਕੇ ਦੇ ਸਾਰੇ ਖੱਬੇ ਪੱਖੀ ਵਿਚਾਰਾਂ ਵਾਲੇ ਬੰਦਿਆਂ ਨਾਲ ਤਾਲ-ਮੇਲ ਕਰਾਂ? ਕਰਾਂ ਤਾਂ ਕੀ ਕਰਾਂ? ਮਨ ਵਿਚ ਵਾਰ ਵਾਰ ਇਹ ਖ਼ਿਆਲ ਆਉਂਦਾ, ‘ਜੇ ਕਿਤੇ ਪਹਿਲਾਂ ਵਰਗੇ ਦਿਨ ਤੇ ਤਾਕਤ ਹੁੰਦੀ ਤਾਂ ਧੱਕਾ ਕਰਨ ਵਾਲਿਆਂ ਨੂੰ ਗਿਆਨ ਕਰਾ ਦਿੰਦੇ ਇਕ ਵਾਰ!’ ਖੱਬੇ ਪੱਖੀਆਂ ਦੀ ਆਪਸੀ ਫੁੱਟ ਤੇ ਕੁਸੇਧ ਨੇ ਜਥੇਬੰਦੀਆਂ ਦਾ ਢਾਂਚਾ ਖੰਡਿਤ ਕਰ ਦਿੱਤਾ ਸੀ। ਲੋਕਾਂ ਦੇ ਰਹਿੰਦੇ ਵੱਟ ਐਮਰਜੈਂਸੀ ਦੇ ਸੁਹਾਗੇ ਨੇ ਕੱਢ ਛੱਡੇ ਸਨ।
ਇਸੇ ਉਧੇੜ-ਬੁਣ ਵਿਚ ਰਾਤ ਲੰਘ ਗਈ। ਸਵੇਰੇ ਉਠਿਆ ਤਾਂ ਪਤਨੀ ਕਹਿੰਦੀ, “ਕਾਮਰੇਡ ਨੂੰ ਨਾਲ ਲੈ ਕੇ ਇਕ ਵਾਰ ਸਰਪੰਚ ਨੂੰ ਤਾਂ ਮਿਲੋ। ਢੇਰੀ ਢਾਹ ਕੇ ਨਾ ਬਹੋ। ਤੁਸੀਂ ਚਾਹੋ ਤਾਂ ਸਭ ਕੁਝ ਕਰ ਸਕਦੇ ਓ।”
ਘਰੋਂ ਬਾਹਰ ਨਿਕਲਿਆ। ਬਾਜ਼ਾਰ ਦੇ ਵਿਚਕਾਰਲੇ ਚੌਕ ਵਿਚ ਜੁੜ ਖਲੋਤੇ ਬੰਦੇ ਕੱਲ੍ਹ ਦੀ ਘਟਨਾ ਦੀ ਜੁਗਾਲੀ ਕਰ ਰਹੇ ਸਨ। ਮੈਂ ਵੀ ਉਨ੍ਹਾਂ ਵਿਚ ਇਕ ਪਾਸੇ ਖਲੋ ਗਿਆ। ਡਾæ ਤਰਲੋਕ ਸਿੰਘ ਸਮੁੰਦਰੀ ਵਾਲਾ ਆਖ ਰਿਹਾ ਸੀ, “ਬੜਾ ਘੋਰ ਜ਼ੁਲਮ ਹੋਇਐ ਜੀ। ਇਕ ਤਰ੍ਹਾਂ ਨਾਲ ਪੂਰੇ ਪਿੰਡ ਦੇ ਮੱਥੇ ‘ਤੇ ਕਾਲਖ ਦਾ ਧੱਬਾ ਲੱਗ ਗਿਐ। ਮੈਂ ਤਾਂ ਆਖੂੰਗਾ ਜੀ ਕਿ ਇਕ ਬੀਬੀ ਨੰਗੀ ਨਹੀਂ ਹੋਈ, ਸਾਰਾ ਪਿੰਡ ਨੰਗਾ ਹੋ ਗਿਆ। ਭਾਰਤ ਮਾਂ ਨੰਗੀ ਹੋ ਗਈ।”
ਉਹਦਾ ਕੋਈ ਜੋਟੀਦਾਰ ਬੋਲਿਆ, “ਡਾਕਟਰ ਸਾਹਬ! ਭਾਰਤ ਮਾਂ ਦਾ ਐਨਾ ਫਿਕਰ ਸੀ ਤਾਂ ਕੱਲ੍ਹ ਅੱਗੇ ਹੁੰਦੋਂ। ਛੇਆਂ ਕਰਮਾਂ ‘ਤੇ ਤੇਰੀ ਦੁਕਾਨ ਸੀ। ਉਦੋਂ ਤਾਂæææ।”
ਡਾਕਟਰ ਦੀ ਮੇਰੇ ਵੱਲ ਨਜ਼ਰ ਗਈ। ਖਸਿਆਨੀ ਜਿਹੀ ਹਾਸੀ ਹੱਸ ਕੇ ਕਹਿੰਦਾ, “ਓ ਅਸੀਂ ਤਾਂ ਜੀ ਵੇਖੋ ਬੁੱਢੇ ਬੰਦੇ ਆਂ। ਇਹ ਤਾਂ ਇਨ੍ਹਾਂ ਵਰਗੇ ਬੰਦਿਆਂ ਦਾ ਕੰਮ ਏਂ; ਨੌਜਵਾਨਾਂ ਦਾæææ ਲੜਨਾ ਭਿੜਨਾ।”
“ਹਾਹੋæææ ਹਾਹੋæææ ਇਹਨੂੰ ਫਿਰ ਦਿਓ ਖਾਂ ਬਲਦੀ ਦੇ ਬੁੱਥੇ। ਸੁਖ ਨਾਲ ਟੁੱਕ ਨਾ ਖਾਣ ਦਿਓ ਇਹਨੂੰ। ਇਹਨੇ ਬੋਂਡੀ ਬੰਦਿਆਂ ਲਈ ਫਾਟਾਂ ਭੰਨਾਉਣ ਦਾ ਠੇਕਾ ਲਿਐ? ਪਿੰਡ ਵਾਲੇ ਕਿੰਨੇ ਕੁ ਸੂਰਮੇ ਨੇ, ਇਹਦੀ ਭੁੱਲ ਨਹੀਂ ਇਹਨੂੰ। ਤੁਹਾਡੀ ਪਿੰਡ ਵਾਲਿਆਂ ਦੀ ਕਰਤੂਤ ਦਾ ਇਹਨੂੰ ਪਤਾ ਨਹੀਂ ਨਾ? ਦਲੀਪ ਸੁੰਹ ਅਟਾਰੀ ਵਾਲੇ ਦੀ ਗੱਲ ਭੁੱਲ ਗਈ ਹੋਣੀ ਆਂ ਇਹਨੂੰ? ਕਿਵੇਂ ਸਾਰੇ ਪਿੰਡ ਦੇ ਚੌਧਰੀ ਇਹਦੀ ਮਦਦ ਲਈ ਭੱਜੇ ਗਏ ਸੀ!”
“ਦਲੀਪ ਵਾਲੀ ਗੱਲ ਤਾਂ ਨਹੀਂ ਭੁੱਲੀ ਮੈਨੂੰ, ਪਰ ਇਹ ਗੱਲ ਵੀ ਤਾਂ ਬੜੀ ਮਾੜੀ ਹੋਈ ਐ।” ਮੈਂ ਆਖਿਆ।
“ਮਾੜੀ ਜੀæææ ਬਿਲਕੁਲ ਮਾੜੀæææ ਇੰਜ ਨਹੀਂ ਸੀ ਹੋਣਾ ਚਾਹੀਦਾ।” ਸਾਰੇ ਸਹਿਮਤ ਸਨ।
“ਮਾੜੀ ਸੀ ਤਾਂ ਅੱਗੇ ਹੋ ਕੇ ਛੁਡਾਉਣਾ ਸੀ ਫਿਰ? ਉਦੋਂ ਕਿਉਂ ਸਭ ਨੂੰ ਸੱਪ ਸੁੰਘ ਗਿਆ?” ਲਾਗੋਂ ਕੋਈ ਦੁਕਾਨਦਾਰ ਬੋਲਿਆ, “ਬਗਾਨੀ ਮੌਤੇ ਕੌਣ ਮਰਦੈ ਜੀ?”
“ਓ ਛੱਡੋ ਖਹਿੜਾ! ਜਾਓ ਆਪੋ ਆਪਣੇ ਘਰਾਂ ਨੂੰæææ ਆਪਸ ਵਿਚ ਨਾ ਲੜ ਪਿਓ। ਉਨ੍ਹਾਂ ਉਨ੍ਹਾਂ ਦੀ ਕੁੜੀ ਛੇੜੀ, ਉਨ੍ਹਾਂ ਉਨ੍ਹਾਂ ਦੀ ਬੁੱਢੀ ਨੰਗੀ ਕਰ’ਤੀ। ਇਹਦੇ ‘ਚ ਬਹੁਤੀ ਜਮ੍ਹਾਂ ਤਫ਼ਰੀਕ ਦੀ ਲੋੜ ਈ ਨਹੀਂ। ਸ੍ਹਾਬ ਦਾ ਸਿੱਧਾ ਸਵਾਲ ਆ। ਜੱਟ ਇੰਜ ਬਦਲੇ ਲੈਂਦੇ ਈ ਹੁੰਦੇ ਆ। ਨਾਲੇ ਹੋਣ ਵਾਲੀ ਗੱਲ ਤਾਂ ਹੋ ਗਈ। ਹੁਣ ਪਹਿਆ ਕੁੱਟੀ ਜਾਣ ਦਾ ਕੀ ਫ਼ਾਇਦਾ?” ਰੋਡਾ ਧੂਸ਼ ਦੋਵਾਂ ਹੱਥਾਂ ਨਾਲ ਨਾਲ ਇੰਜ ਇਸ਼ਾਰੇ ਕਰ ਰਿਹਾ ਸੀ ਜਿਵੇਂ ਭੇਡਾਂ ਬੱਕਰੀਆਂ ਦੇ ਇੱਜੜ ਨੂੰ ਖਿੰਡ ਜਾਣ ਲਈ ਸ਼ਿਸ਼ਕਾਰ ਰਿਹਾ ਹੋਵੇ।
ਮੈਨੂੰ ਉਸ ਵੱਲ ਮੁਸਕਰਾਉਂਦਾ ਤੱਕ ਕੇ ਰੋਡਾ ਕਹਿੰਦਾ, “ਓ ਤੂੰ ਵੀ ਜਾ ਸਰਦਾਰਾ! ਇਨ੍ਹਾਂ ਦੇ ਆਖੇ, ਚੁੱਕੇ ਫਿਰ ਨਾ ਕੋਈ ਪੰਗਾ ਲੈ ਬਹਿੰਦਾ ਹੋਵੀਂ। ਮਸਾਂ ਸਿੱਧੇ ਰਾਹੇ ਪੈ ਕੇ ਟੱਬਰ ਪਾਲਣ ਲੱਗੈਂ।”
ਮੈਂ ਖੇਤਾਂ ਨੂੰ ਨਿਕਲ ਗਿਆ। ਹੁਣੇ ਹੋਈ ਗੱਲ-ਬਾਤ ਨੂੰ ਚਿੱਥਦਾ ਰਿਹਾ। ਲੋਕ ਤਾਂ ਆਪਣੀ ਆਪਣੀ ਜਾਨ ਬਚਾਉਣ ਦੀ ਫ਼ਿਕਰ ਵਿਚ ਲੱਗੇ ਹੋਏ ਨੇ। ਵਾਕਿਆ ਈ ਬੇਗ਼ਾਨੀ ਮੌਤੇ ਕੌਣ ਮਰਦਾ ਏ?æææ ਰੋਡੇ ਦੀ ਆਵਾਜ਼ ਇਕ ਵਾਰ ਫਿਰ ਕੰਨਾਂ ਵਿਚ ਗੂੰਜੀ, “ਓ ਤੂੰ ਵੀ ਜਾ ਸਰਦਾਰਾ! ਇਨ੍ਹਾਂ ਦੇ ਆਖੇ, ਚੁੱਕੇ ਫਿਰ ਨਾ ਕੋਈ ਪੰਗਾ ਲੈ ਬਹਿੰਦਾ ਹੋਵੀਂ। ਮਸਾਂ ਸਿੱਧੇ ਰਾਹੇ ਪੈ ਕੇ ਟੱਬਰ ਪਾਲਣ ਲੱਗੈਂ।”
ਦੁਨੀਆਂਦਾਰ ਲੋਕਾਂ ਲਈ ਤਾਂ ਮੈਂ ਹੁਣ ਹੀ ‘ਟੱਬਰ ਨੂੰ ਪਾਲਣ ਵਾਲੇ ਸਿੱਧੇ ਰਾਹ’ ਤੁਰਿਆ ਸਾਂ। ਪਹਿਲਾਂ ਤਾਂ ਪੁੱਠੇ ਪੰਗੇ ਹੀ ਲੈਂਦਾ ਰਿਹਾ ਸਾਂ! ਮੇਰੀ ਭੈਣ ਦੀ ਸਹੇਲੀ ਦੇ ਚਿੰਤਤ ਬੋਲ ਮੇਰੇ ਅੰਦਰ ਖ਼ੌਰੂ ਪਾਉਣ ਲੱਗੇ। ਕਈ ਸਾਲ ਪਹਿਲਾਂ ਜਦੋਂ ਮੇਰੇ ਪਿਤਾ ਦੀ ਮੌਤ ਹੋਈ ਤਾਂ ਮੈਂ ਕੁਝ ਦਿਨ ਪਹਿਲਾਂ ਈ ‘ਮੋਗਾ ਐਜੀਟੇਸ਼ਨ’ ਵਿਚ ਜੇਲ੍ਹ ਵਿਚੋਂ ਛੁੱਟ ਕੇ ਆਇਆ ਸਾਂ। ਮੇਰੀ ਭੈਣ ਦੀ ਉਸ ਸਹੇਲੀ ਨੇ ਮੇਰੇ ਪਿਤਾ ਦੀ ਮੌਤ ਦਾ ਅਫ਼ਸੋਸ ਕਰਦਿਆਂ ਕਿਹਾ, “ਭੈਣੇ! ਬੜਾ ਮਾੜਾ ਹੋਇਆ। ਚਾਚੇ ਦੇ ਜਾਣ ਪਿੱਛੋਂ ਘਰ ਦਾ ਭਾਰ ਤਾਂ ਪੈ ਗਿਆ ਵਿਚਾਰੇ ਛੋਟੇ ਵੀਰ ਦੇ ਮੋਢਿਆਂ ‘ਤੇ। ਵੱਡਾ ਵੀਰ ਤਾਂ ਸੁਣਿਐਂ ਨਲਾਇਕ ਈ ਨਿਕਲਿਆ।”
ਸਾਰਾ ਦਿਨ ਮੇਰੀ ਜ਼ਮੀਰ ਤੇ ਮੇਰੇ ਅੰਦਰਲੇ ਦੁਨੀਆਂਦਾਰ ਬੰਦੇ ਵਿਚ ਲੜਾਈ ਹੁੰਦੀ ਰਹੀ। ਆਖ਼ਰਕਾਰ ਦੁਨੀਆਂਦਾਰ ਬੰਦਾ ਜਿੱਤ ਗਿਆ।
ਮੇਰਾ ਮਨ ਬੜਾ ਦੁਖੀ ਹੋਇਆ। ਮੈਂ ਬਣਦੀ ਜ਼ਿੰਮੇਵਾਰੀ ਤੋਂ ਭਗੌੜਾ ਹੋ ਗਿਆ ਸਾਂ।
***
ਸੋਮਵਾਰ ਨੂੰ ਮੈਂ ਡਿਊਟੀ ‘ਤੇ ਚਲਿਆ ਤਾਂ ਪਤਨੀ ਨੂੰ ਅੱਜ ਹੀ ਛੁੱਟੀ ਲੈ ਕੇ ਆਉਣ ਦਾ ਲਾਰਾ ਲਾਇਆ ਤੇ ਆਖਿਆ ਕਿ ਆ ਕੇ ਕੁਝ ਨਾ ਕੁਝ ਕਰਦੇ ਹਾਂ। ਬੱਚੀ ਰੂਪ ਨੂੰ ਲਾਡ ਲਡਾ ਕੇ ਦੋ ਕੁ ਸਾਲ ਦੇ ਸੁੱਤੇ ਪਏ ਬੇਟੇ ਸੁਪਨਦੀਪ ਵੱਲ ਵੇਖਿਆ। ਉਸ ਦਾ ਮੱਥਾ ਚੁੰਮਣ ਲਈ ਝੁਕਿਆ ਤਾਂ ਵੇਖਿਆ, ਉਸ ‘ਸੁੱਤੇ ਪਏ ਸੰਧੂ’ ਦੀਆਂ ਅੱਖਾਂ ਖੁੱਲ੍ਹੀਆਂ ਹੋਈਆਂ ਸਨ। ਇਹ ਖੁੱਲ੍ਹੀਆਂ ਅੱਖਾਂ ਜੋ ਮੇਰੇ ਲਈ ਸਦਾ ‘ਸੰਧੂਆਂ ਦੀ ਬਹਾਦਰੀ’ ਦਾ ਚਿੰਨ੍ਹ ਰਹੀਆਂ ਸਨ, ਅੱਜ ਮੇਰੀ ‘ਬਹਾਦਰੀ’ ਨੂੰ ਵੰਗਾਰ ਰਹੀਆਂ ਸਨ, ਜਿਹੜਾ ‘ਮੈਦਾਨ’ ਵਿਚੋਂ ਪਿੱਠ ਵਿਖਾ ਕੇ ਭੱਜ ਨਿਕਲਿਆ ਸੀ!
ਲੱਗਦਾ ਸੀ ਉਸ ਨੇ ਮੇਰੀ ਕਮਜ਼ੋਰੀ ਤੇ ਚੋਰੀ ਫੜ ਲਈ ਸੀ। ਉਹ ਖੁੱਲ੍ਹੀਆਂ ਅੱਖਾਂ ਅੱਜ ਵੀ ਜਦੋਂ ਮੈਨੂੰ ਯਾਦ ਆਉਂਦੀਆਂ ਹਨ ਤਾਂ ਜਿੱਥੇ ਇਸ ਹਕੀਕਤ ਦਾ ਖ਼ਿਆਲ ਆਉਂਦਾ ਹੈ ਕਿ ਜ਼ੁਲਮ ਨਾਲ ਲੜਨ ਲਈ ਹਮੇਸ਼ਾ ਜਥੇਬੰਦਕ ਏਕਾ ਲੋੜੀਂਦਾ ਹੈ, ਉਥੇ ਮੇਰੀ ‘ਬਹਾਦਰੀ ਵਾਲੀ ਵਿਅਕਤੀਗਤ ਹਉਮੈ’ ਦੀ ਨਿਕਲਦੀ ਫੂਕ ਮੈਨੂੰ ਹਰ ਵਾਰ ਸ਼ਰਮਿੰਦਾ ਕਰ ਜਾਂਦੀ ਹੈ।
ਪਿੱਛੋਂ ਆਪਣੇ ਅੰਦਰ ਦੀ ਇਹ ਲੜਾਈ ਮੈਂ ‘ਦਲਦਲ’ ਕਹਾਣੀ ਵਿਚ ਸਾਂਭ ਲਈ। ਜਦੋਂ ਵੀ ਕਦੀ ਮੈਂ ਇਸ ਕਹਾਣੀ ਦੀਆਂ ਅੱਖਾਂ ਨਾਲ ਅੱਖਾਂ ਮਿਲਾਉਣ ਦੀ ਕੋਸ਼ਿਸ਼ ਕਰਦਾ ਹਾਂ ਤਾਂ ਮੇਰੀਆਂ ਅੱਖਾਂ ਨੀਵੀਂਆਂ ਹੋ ਜਾਂਦੀਆਂ ਹਨ।
ਮੈਨੂੰ ਲੱਗਣ ਲੱਗਦਾ ਹੈ, ਮੇਰੇ ਵੱਲੋਂ ਪਹਿਲਾਂ ਸੁਣਾਈਆਂ ਗੱਲਾਂ ਤਾਂ ਨਿਰੀਆਂ ਗੱਪਾਂ ਜਾਂ ਫੜਾਂ ਹਨ। ਪਹਿਲਾਂ ਮੈਂ ਜੋ ਕੁਝ ਕਰ ਸਕਿਆ ਸਾਂ, ਆਪਣੇ ਸੰਗੀਆਂ ਦੇ ਸਾਥ ਵਿਚ ਹੀ ਕਰ ਸਕਿਆ ਸਾਂ। ਮੈਂ ਇਕੱਲਾ-ਕਾਰਾ ਕੀ ਸਾਂ? ਕੁਝ ਵੀ ਨਹੀਂ। ਬੰਦਾ ਬੰਦਿਆਂ ਨਾਲ ਮਿਲ ਕੇ ਈ ਬੰਦਿਆਈ ਲਈ ਲੜ ਸਕਦਾ ਹੈ। ਮੇਰੇ ਅੰਦਰ ਇਸ ਘਟਨਾ ਨੂੰ ਚੇਤੇ ਕਰਦਿਆਂ ਪੈਦਾ ਹੁੰਦੇ ਗਿਲਾਨੀ ਤੇ ਸ਼ਰਮਿੰਦਗੀ ਦੇ ਅਹਿਸਾਸ ਤੋਂ ਇਹ ਤਾਂ ਲੱਗਦਾ ਹੈ ਕਿ ਮੈਂ ਅਸਲੋਂ ਪੱਥਰ ਨਹੀਂ ਸਾਂ ਹੋ ਗਿਆ। ਮੇਰੀ ਜ਼ਮੀਰ ਅਸਲੋਂ ਹੀ ਮਰ ਖਪ ਨਹੀਂ ਸੀ ਗਈ, ਪਰ ਮੌਕੇ ਦੀ ਲੋੜ ਮੁਤਾਬਕ ਮੈਂ ਲੜ ਵੀ ਤਾਂ ਨਹੀਂ ਸਾਂ ਸਕਿਆ।
ਇਹ ਸੱਚ ਹੈ ਕਿ ਤੁਹਾਡਾ ਇਤਿਹਾਸ, ਤੁਹਾਡੀ ਬਹਾਦਰੀ ਦੀ ਮਿੱਥ ਤਾਂ ਹੀ ਤੁਹਾਡੇ ਹੱਕ ਵਿਚ ਭੁਗਤਦੀ ਹੈ ਜੇ ਤੁਹਾਡੇ ਨਾਲ ਭਰਾਵਾਂ ਦਾ ਸਾਥ ਹੋਵੇ। ਭਰਾਵਾਂ ਦੇ ਸਾਥ ਬਿਨਾਂ ਬੰਦਾ ਅੱਜ ਵੀ ਮਰਿਆ ਜਾਂ ਕੱਲ੍ਹ ਵੀ।
ਤੇ ਮੌਤ ਸਦਾ ਸਰੀਰਕ ਹੀ ਨਹੀਂ ਹੁੰਦੀ।
(ਸਮਾਪਤ)