1929 ਵਿਚ ਸੰਪੂਰਨ ਸਵਰਾਜ ਦੇ ਦੋ ਮਤੇ

ਦੇਵਿੰਦਰ ਸਤਿਆਰਥੀ-5
ਗੁਰਬਚਨ ਸਿੰਘ ਭੁੱਲਰ
ਲੇਖਕਾਂ ਦੇ ਹਾਣ ਅਤੇ ਸਾਥ ਬਾਰੇ ਸਤਿਆਰਥੀ ਦਾ ਕਹਿਣਾ ਸੀ ਕਿ ਉਮਰ-ਭੋਗੀ ਬੈਠੇ ਸਾਹਿਤਕਾਰਾਂ ਨਾਲ ਮਿਲਣ-ਜੁਲਣ ਦੀ ਥਾਂ ਉਨ੍ਹਾਂ ਨੇ ਨਵਿਆਂ ਨਾਲ ਜੁੜ ਕੇ ਤੁਰਨ ਦੀ ਵਾਦੀ ਚਿਰੋਕਣੀ ਪਾਈ ਹੋਈ ਹੈ। ਆਖਦੇ ਸਨ, “ਭੁੱਲਰ ਜੀ, ਬੁੱਢੇ ਬਲ੍ਹਦਾਂ ਨਾਲ ਪੰਜਾਲੀ ਜੁੜਨ ਦਾ ਕੀ ਫ਼ਾਇਦਾ! ਸਾਥ ਵਹਿੜਕਿਆਂ ਦਾ ਹੀ ਠੀਕ ਰਹਿੰਦਾ ਹੈ।

ਬੁੱਢੇ ਲੋਕ ਸਾਹਿਤ ਦੀ ਗੱਲ ਘੱਟ, ਸਿਹਤ ਦੀ ਜ਼ਿਆਦਾ ਕਰਦੇ ਨੇ। ਤੁਸੀਂ ਦਿਲ ਦੇ ਦਰਦ ਦੀ ਬਾਤ ਪਾਉਂਦੇ ਹੋ, ਉਹ ਗੋਡਿਆਂ ਦੇ ਦਰਦ ਦੀ ਕਥਾ ਸੁਣਾਉਂਦੇ ਨੇ। ਤੁਸੀਂ ਰਚਨਾ ਦੇ ਅੱਜ ਜਾਂ ਭਲਕ ਦਾ ਜ਼ਿਕਰ ਕਰਦੇ ਹੋ, ਉਹ ਆਪਣਾ ਰਚਨਾਕਾਰ ਅਤੀਤ ਲੈ ਬੈਠਦੇ ਨੇ। ਕਹਿਣਗੇ, ਮੈਂ ਐਹ ਕੀਤਾ, ਮੈਂ ਔਹ ਕੀਤਾ, ਮੇਰੀ ਕਦਰ ਨਹੀਂ ਪਈ। ਭੁੱਲਰ ਜੀ, ਲੇਖਕ ਦੀ ਕਦਰ ਕੋਈ ਹੋਰ ਥੋੜ੍ਹੋ ਪਾਉਂਦਾ ਹੈ, ਲੇਖਕ ਨੇ ਤਾਂ ਜੀ ਆਪਣੀ ਕਦਰ ਆਪ ਪਾਉਣੀ ਹੁੰਦੀ ਹੈ!”
ਇਕ ਦਿਨ ਕਹਿਣ ਲੱਗੇ, “ਨਾਲੇ ਮੇਰੇ ਨਾਲ ਤਾਂ ਇਨ੍ਹਾਂ ਦਾ ਇਕ ਰਿਸ਼ਤਾ ਹੋਰ ਵੀ ਹੈ ਸੀ।”
ਗੱਲ ਇਉਂ ਹੋਈ, ਇਕ ਦਿਨ ਮੈਂ ਨਵਯੁਗ ਪਹੁੰਚਿਆ ਤਾਂ ਇਹ ਪਹਿਲਾਂ ਹੀ ਬਿਰਾਜਮਾਨ ਸਨ। ਭਾਪਾ ਜੀ ਕਈ ਵਾਰ ਮਖੌਲ ਵਿਚ ਜਾਣੂਆਂ ਨੂੰ ਮਿਲਾਉਣ ਲਗਦੇ। ਬੋਲੇ, ‘ਸਤਿਆਰਥੀ ਜੀ, ਤੁਹਾਡੇ ਪਿੰਡਾਂ ਦਾ ਮੁੰਡਾ ਮਿਲਾਵਾਂ।’ ਉਹ ਹੱਸੇ, ‘ਲਓ ਜੀ, ਇਹ ਤਾਂ ਹੋਏ ਮੇਰੇ ਪੌੜੀ-ਸਾਂਢੂ, ਮੈਂ ਇਨ੍ਹਾਂ ਤੋਂ ਅਣਜਾਣ ਕਿਵੇਂ ਰਹਿ ਸਕਦਾਂ!’ ਮੇਰਾ ਹੈਰਾਨ ਹੋਣਾ ਕੁਦਰਤੀ ਸੀ, ‘ਸਤਿਆਰਥੀ ਜੀ, ਮੈਂ ਤੁਹਾਡਾ ਬੱਚਾ, ਇਹ ਸਾਂਢੂਪੁਣੇ ਦਾ ਪਾਪ ਤਾਂ ਮੇਰੇ ਸਿਰ ਨਾ ਚਾੜ੍ਹੋ।…ਨਾਲੇ ਆਪਾਂ ਸਾਂਢੂ ਲੱਗੇ ਕਿਧਰੋਂ?’ ਭਾਪਾ ਜੀ ਨੇ ਵੀ ਸਵਾਲ ਕੀਤਾ, ਤੇ ਇਹ ਪੌੜੀ-ਸਾਂਢੂ ਕੀ ਹੋਇਆ?” ਸਤਿਆਰਥੀ ਜੀ ਮੁੱਛਾਂ ਵਿਚ ਹੱਸੇ, “ਇਨ੍ਹਾਂ ਨੂੰ ਵੀ ਉਹ ਪੌੜੀਆਂ ਚੜ੍ਹਨੀਆਂ ਵਰਜਿਤ ਹੋ ਗਈਆਂ ਨੇ ਜੋ ਮੈਨੂੰ ਵਰਜਿਤ ਨੇ।” ਉਨ੍ਹਾਂ ਦਾ ਇਸ਼ਾਰਾ ਉਨ੍ਹਾਂ ਨਾਲ ਤੇ ਮੇਰੇ ਨਾਲ ਅੰਮ੍ਰਿਤਾ ਜੀ ਦੇ ਰੋਸੇ ਵੱਲ ਸੀ। ਭਾਪਾ ਜੀ ਨੇ ਮੱਥੇ ਉਤੇ ਹੱਥ ਮਾਰਿਆ, “ਇਹਦੀ ਤਾਂ ਬੇਸ਼ੱਕ ਹੋ ਜਾਵੇ, ਤੁਹਾਡੀ ਗਤੀ ਤਾਂ, ਸਤਿਆਰਥੀ ਜੀ, ਉਹ ਪੌੜੀਆਂ ਚੜ੍ਹਨ ਦੀ ਆਗਿਆ ਮਿਲੇ ਬਿਨਾਂ ਹੋਣੀ ਨਹੀਂ! ਮਰ ਕੇ ਵੀ ਤੁਹਾਡੀ ਆਤਮਾ ਦਾ ਪ੍ਰੇਤ ਉਨ੍ਹਾਂ ਪੌੜੀਆਂ ਦੁਆਲੇ ਚੱਕਰ ਕਟਦਾ ਰਹਿਣਾ ਵੇ।” ਝਿਜਕਣ ਦੀ ਜਾਂ ਕੱਚੇ ਹੋਣ ਦੀ ਥਾਂ ਸਤਿਆਰਥੀ ਨੇ ਅਰਜ਼ੀ ਪਾਈ, “ਭਾਪਾ ਜੀ, ਤੁਸੀਂ ਕਿਰਪਾ-ਨਿਧਾਨ ਹੋ, ਸਭ ਕਰਨ-ਕਰਾਵਣਹਾਰ ਹੋ, ਕਰੋ ਕੋਈ ਹੀਲਾ!” ਤੇ ਖਿੜਖਿੜਾ ਕੇ ਖਚਰੀ ਹਾਸੀ ਹੱਸ ਪਏ।
ਹਰ ਸੋਹਣੀ ਇਸਤਰੀ ਨੂੰ ਪਹਿਲੀ ਵਾਰ ਦੇਖਦਿਆਂ ਹੀ ਉਹ ਆਖਦੇ ਸਨ, ਇਹ ਤਾਂ ਜੀ ਚਿਰੋਕਣੀ ਮੇਰੀ ਜਾਣੀ-ਪਛਾਣੀ ਹੈ। ਤੇ ਜਦੋਂ ਗੱਲ ਘਰੇ ਜਾ ਅੱਪੜਦੀ ਤਾਂ ਲੋਕ ਮਾਤਾ ਚੁੱਲ੍ਹੇ ਦੀ ਅੱਗ ਬੁਝਾ ਕੇ ਆਪਣੀ ਅੱਗ ਬਾਲ ਬੈਠਦੀ ਜਿਸ ਦਾ ਸੇਕ ਉਨ੍ਹਾਂ ਲਈ ਸਹਿਣਾ ਔਖਾ ਹੋ ਜਾਂਦਾ। ਕਾਂਗਰਸ ਦੇ ਜੈਪੁਰ ਸਮਾਗਮ ਸਮੇਂ ਅਮਰੀਕਾ ਅਤੇ ਚੈਕੋਸਲੋਵਾਕੀਆ ਦੀਆਂ ਦੋ ਮੁਟਿਆਰਾਂ ਆਈਆਂ ਹੋਈਆਂ ਸਨ। ਸਬੱਬ ਨਾਲ ਉਹ ਆਪੋ-ਆਪਣੀ ਭਾਸ਼ਾ ਦੇ ਲੋਕਯਾਨ ਦੀਆਂ ਮਾਹਿਰ ਸਨ। ਸਤਿਆਰਥੀ ਦੀ ਸੰਤੁਸ਼ਟੀ, “ਉਹ ਲੋਕਯਾਨ ਬਾਰੇ ਮੇਰੇ ਅੰਗਰੇਜ਼ੀ ਵਿਚ ਛਪੇ ਲੇਖ ਪੜ੍ਹ ਕੇ ਭਾਰਤ ਆਉਣ ਤੋਂ ਪਹਿਲਾਂ ਹੀ ਮੇਰੇ ਨਾਂ ਤੋਂ ਚੰਗੀ ਤਰ੍ਹਾਂ ਜਾਣੂ ਸਨ। ਲਉ ਜੀ, ਸੁਭਾਗ ਸਮਝ ਲਵੋ ਜਾਂ ਦੁਰਭਾਗ, ਉਨ੍ਹਾਂ ਨੇ ਮੈਨੂੰ ਵਿਚਕਾਰ ਖੜ੍ਹਾ ਕਰ ਕੇ ਮੁਸਕਰਾਉਂਦਿਆਂ ਹੋਇਆਂ ਤਸਵੀਰ ਖਿਚਵਾ ਲਈ।” ਸਤਿਆਰਥੀ ਦਾ ਹਉਕਾ, “ਮੇਰੇ ਨਾਲ ਖਹਿ ਕੇ ਖਲੋਤੀਆਂ ਕੁੜੀਆਂ ਨੂੰ ਮੁਸਕਰਾਉਂਦੀਆਂ ਦੇਖ ਲੋਕ ਮਾਤਾ ਦੇ ਤਾਂ ਜੀ ਇਕਦਮ ਮੱਥੇ ਤਿਉੜੀ ਪੈ ਗਈ। ਜਿੰਨਾ ਚਿਰ ਉਹਨੇ ਉਹ ਮੂਰਤ ਐਲਬਮ ਵਿਚੋਂ ਕੱਢ ਨਾ ਦਿੱਤੀ, ਉਹਨੂੰ ਚੈਨ ਨਾ ਆਇਆ।”
ਉਹ ਕਹਿੰਦੇ ਸਨ, ਵਿਆਹ ਸਮੇਂ ਲਾੜੀ ਦੀਆਂ ਸਹੇਲੀਆਂ ਨੇ ਉਹਦੀ ਤਲੀ ਉਤੇ ਕਾਲੇ ਤਿਲ ਰੱਖ ਕੇ ਇਨ੍ਹਾਂ ਤੋਂ ਚਬਵਾਏ ਸਨ, ਜਿਸ ਕਰਕੇ ਉਹ ਉਸੇ ਪਲ਼ ਤੋਂ ਪਤਨੀ ਦੇ ਦਬੇਲ ਬਣੇ ਤੁਰੇ ਆ ਰਹੇ ਹਨ। ਇਸੇ ਕਰਕੇ ਜਦੋਂ ਵੀ ਨਾਰੀ-ਸੁੰਦਰਤਾ ਨੇ ਖਿੱਚ ਪਾਈ, ਅੰਦਰਲੇ ਨੇ ਕਿਹਾ, “ਜਾ ਉਏ ਵਡਿਆ ਮੁਨੀਆ, ਤੂੰ ਤਾਂ ਕਾਲੇ ਤਿਲ ਚੱਬੇ ਹੋਏ ਨੇ!” ਉਹ ਇਕਬਾਲ ਕਰਦੇ ਸਨ, “ਮੇਰੀ ਦਬੇਲਤਾ ਦਾ ਤਾਂ ਜੀ ਇਹ ਹਾਲ ਐ, ਮੈਂ ਇਸੇ ਇਕੋ ਪਤਨੀ ਦਾ ਨਾਂ ਬਦਲ-ਬਦਲ ਕੇ ਬਹੁਤੇ ਵਿਆਹਾਂ ਦਾ ਸੁਆਦ ਲੈਂਦਾ ਰਿਹਾ ਹਾਂ। ਇਹਦਾ ਮੁੱਢਲਾ ਨਾਂ ਸ਼ਾਂਤੀ ਹੈ। ਸ਼ਾਂਤੀ ਬਦਲ ਕੇ ਮੈਂ ਜੈਜੈਵੰਤੀ ਕੀਤਾ ਤੇ ਫੇਰ ਜੈਜੈਵੰਤੀ ਬਦਲ ਕੇ ਰੇਖਾ ਕੀਤਾ।” ਉਨ੍ਹਾਂ ਦੇ ਹਿੰਦੀ ਕਹਾਣੀ-ਸੰਗ੍ਰਹਿ ‘ਚਾਏ ਕਾ ਰੰਗ’ ਦਾ ਸਮਰਪਨ ਹੈ: ਤੀਸਰੀ ਬਾਰ ਤੁਮ੍ਹਾਰਾ ਨਾਮ ਬਦਲ ਕਰ ਤੀਸਰੇ ਵਿਵਾਹ ਕਾ ਮਜ਼ਾ ਲੇ ਰਹਾ ਹੂੰ! ਹਾਂ ਤੋ ਬੜ੍ਹਾ ਦੋ ਚਾਏ ਕਾ ਪਿਆਲਾ ਮੇਰੀ ਓਰ, ਰੇਖਾ ਡਾਰਲਿੰਗ!
ਦਿੱਲੀ ਤਾਂ ਉਹ ਬਹੁਤ ਸਾਲਾਂ ਤੋਂ ਟਿਕੇ ਹੋਏ ਸਨ। ਦਿੱਲੀ ਨਾਲ ਉਨ੍ਹਾਂ ਦਾ ਘਿਓ-ਖਿਚੜੀ ਰੂਪ ਦੇਖ ਕੇ ਅਨਜਾਣ ਲੋਕਾਂ ਨੂੰ ਲਗਦਾ ਜਿਵੇਂ ਉਹ ਇਥੇ ਹੀ ਜੰਮੇ-ਪਲ਼ੇ ਹੋਣ। ਉਨ੍ਹਾਂ ਨਾਲ ਜ਼ਿਕਰ ਚਲਦਾ ਤਾਂ ਉਹ ਲੰਮੀ ਧੌਲ਼ੀ ਦਾੜ੍ਹੀ ਉਤੇ ਹੱਥ ਫੇਰ ਕੇ ਆਖਦੇ, “ਦਿੱਲੀ ਦੀ ਤਾਂ, ਭੁੱਲਰ ਜੀ, ਮੋੜ੍ਹੀ ਹੀ ਮੈਂ ਗੱਡੀ ਸੀ!” ਫੇਰ ਵੀ ਜੇ ਦਿੱਲੀ-ਨਿਵਾਸ ਦਾ ਸਮਾਂ ਪੁੱਛਣ ਦੀ ਰਿਹਾੜ ਕੀਤੀ ਜਾਂਦੀ, ਉਨ੍ਹਾਂ ਦਾ ਉਹੋ ਘੜਿਆ-ਘੜਾਇਆ ਜਵਾਬ ਹੁੰਦਾ:
ਚਾਲ਼ੀ ਬੂਟ ਹੰਢਾ ਲਏ ਦਿੱਲੀ ਵਸਦਿਆਂ,
ਕੋਟ ਮੇਰੇ ਨੂੰ ਸ਼ਰਮ ਨਾ ਆਵੇ ਦਸਦਿਆਂ!
ਪਰ ਉਨ੍ਹਾਂ ਦੀ ਆਵਾਰਗੀ ਦੀ, ਖ਼ਾਨਾਬਦੋਸ਼ੀ ਦੀ, ਘਰ ਹੁੰਦਿਆਂ ਬੇਘਰੇ ਰਹਿਣ ਦੀ ਆਦਤ ਗਈ ਨਹੀਂ ਸੀ। ਲੋਕ ਮਾਤਾ ਨੇ ਉਨ੍ਹਾਂ ਨੂੰ ਘਰ ਦੇ ਕੰਮਾਂ ਤੋਂ ਉਕਾ ਹੀ ਮੁਕਤ ਕਰ ਛੱਡਿਆ ਸੀ। ਕਾਰਨ ਇਹ ਨਹੀਂ ਸੀ ਕਿ ਉਹ ਇਨ੍ਹਾਂ ਦੀ ਰਚਨਾਕਾਰੀ ਵਿਚ ਵਿਘਣ ਨਹੀਂ ਸੀ ਪਾਉਣਾ ਚਾਹੁੰਦੀ। ਉਹ ਚੁੱਲ੍ਹੇ ਚੜ੍ਹੀ ਚਾਹ ਵਾਸਤੇ ਖੰਡ ਲੈਣ ਭੇਜਦੀ, ਇਹ ਜਾਂ ਤਾਂ ਹਲ਼ਦੀ-ਮਿਰਚਾਂ ਲੈ ਆਉਂਦੇ ਤੇ ਜਾਂ ਫੇਰ ਕਈ ਕਈ ਹਫ਼ਤੇ ਜਾਂ ਮਹੀਨੇ ਮੁੜਦੇ ਹੀ ਨਾ। ਲੋਕ ਮਾਤਾ ਕੋਲ ਉਨ੍ਹਾਂ ਨੂੰ ਕੰਮਾਂ ਤੋਂ ਮੁਕਤ ਕਰਨ ਬਿਨਾਂ ਹੋਰ ਚਾਰਾ ਹੀ ਕੋਈ ਨਹੀਂ ਸੀ। ਇਕ ਵਾਰ ਬਾਜ਼ਾਰ ਭੇਜੇ ਤਾਂ ਤਿੰਨ ਮਹੀਨਿਆਂ ਮਗਰੋਂ ਘਰ ਮੁੜੇ ਅਤੇ ਲੋਕ ਮਾਤਾ ਨੂੰ ਕਹਿਣ ਲਗੇ, “ਮੈਂ ਤਿੰਨ ਹਜ਼ਾਰ ਲੋਕ ਗੀਤ ਇਕੱਠੇ ਕਰ ਲਿਆਇਆ ਹਾਂ।” ਇਕ ਵਾਰ ਲਾਹੌਰ ਇਕ ਕਵੀ ਦਰਬਾਰ ਲਈ ਗਏ ਹੋਏ ਛੇਤੀ ਨਾ ਪਰਤੇ। ਲੋਕ ਮਾਤਾ ਨੇ ਬੜੀ ਮੁਸ਼ਕਲ ਨਾਲ ਕਰਾਚੀ ਦੀ ਉਘ-ਸੁੱਘ ਕੱਢ ਕੇ ਤਾਰ ਦਿਤੀ, ਬੱਚੀ ਬੀਮਾਰ ਹੈ। ਜਵਾਬੀ ਤਾਰ ਮਿਲੀ, ਡਾਕਟਰ ਨੂੰ ਵਿਖਾਉ, ਮੈਂ ਛੇਤੀ ਹੀ ਆਵਾਂਗਾ। ਵਾਪਸੀ ਘਰੋਂ ਜਾਣ ਤੋਂ ਚਾਰ ਮਹੀਨੇ ਮਗਰੋਂ ਹੋਈ। ਬੱਚੀ ਇਸ ਫ਼ਾਨੀ ਦੁਨੀਆਂ ਤੋਂ ਵਿਦਾ ਹੋ ਚੁਕੀ ਸੀ। ਏਨਾ ਕੁਝ ਗੁਆ ਕੇ, ਖੱਟਣ ਗਏ, ਕੀ ਖੱਟ ਕੇ ਲਿਆਂਦਾ? ਖੱਟ ਕੇ ਲਿਆਂਦਾ ਇਕ ਨਾਵਲ!
“ਤੁਹਾਡੀਆਂ ਇਨ੍ਹਾਂ ਉਦਾਸੀਆਂ ਸਮੇਂ ਬੇਬੇ ਅਕਦੀ-ਰੁਸਦੀ ਨਹੀਂ ਸੀ?” ਮੈਂ ਹੈਰਾਨ ਹੋਇਆ।
“ਮੈਂ ਜੀ ਆਪਣੀ ਇਸ ਆਦਤ ਬਾਰੇ ਇਹਨੂੰ ਵਿਆਹ ਵੇਲੇ ਹੀ ਦੱਸ ਦਿੱਤਾ ਸੀ। ਫੇਰ ਵੀ ਇਕ ਵਾਰ ਚਿਰਾਂ ਪਿਛੋਂ ਘਰ ਪਰਤੇ ਨੂੰ ਬੂਹਾ ਖੋਲ੍ਹਣ ਮਗਰੋਂ ਇਹਦੇ ਪਹਿਲੇ ਬੋਲ ਸਨ, ਤੁਸੀਂ ਜਿਹੇ ਜਿਉਂਦੇ, ਤਿਹੇ ਮੋਏ! ਮੈਂ ਗਦਗਦ ਹੋ ਗਿਆ।” ਉਹ ਮੈਨੂੰ ਇਹ ਗੱਲ ਸੁਣਾਉਂਦਿਆਂ ਵੀ ਪੂਰੇ ਖ਼ੁਸ਼ ਸਨ, “ਦੇਖੋ ਨਾ ਜੀ, ਜਦੋਂ ਬੰਦੇ ਦਾ ਜਿਉਣਾ-ਮਰਨਾ ਇਕ ਸਮਾਨ ਹੋ ਜਾਵੇ, ਉਹ ਤਾਂ ਬ੍ਰਹਮਗਿਆਨ ਨੂੰ ਪ੍ਰਾਪਤ ਹੋ ਗਿਆ ਸਮਝੋ। ਆਪਣੀ ਇਕ ਕਵਿਤਾ ਦੀ ਇਕ ਸਤਰ ਮੈਂ ਲੋਕ ਮਾਤਾ ਵਲੋਂ ਹੀ ਲਿਖ ਦਿੱਤੀ: ਮੈਂ ਭੁੱਲੀ ਵਿਆਹ ਕਰਾ ਕੇ ਵੇ ਮਨ ਪਛੋਤਾਣਾ!” ਮੈਂ ਹੱਸਿਆ, “ਤੁਸੀਂ ਲੋਕ ਮਾਤਾ ਨੂੰ ਇਹ ਨਹੀਂ ਸੀ ਦੱਸਿਆ ਕਿ ਭਦੌੜ ਦਾ ਤਾਂ ਮਤਲਬ ਹੀ ਭੱਜ-ਦੌੜ ਹੈ?” ਸਤਿਆਰਥੀ ਜੀ ਹੈਰਾਨ ਹੋਏ, “ਉਹ ਕਿਵੇਂ ਜੀ?”
ਮੈਂ ਵਿਆਖਿਆ ਕੀਤੀ, “ਜਦੋਂ ਪਿੰਡਾਂ ਦੇ ਬੱਚੇ ਬਿੱਲੀ-ਕੁੱਕੜ ਖੇਡਦੇ ਹਨ, ਆਖਣਾ ਤਾਂ ਹੁੰਦਾ ਹੈ, ਭੱਜ-ਭੱਜ ਕੁੱਕੜਾ, ਭੱਜ-ਦੌੜ ਬਿੱਲੀ ਆਈ ਐ, ਪਰ ਆਖਦੇ ਹਨ, ਭੱਜ-ਭੱਜ ਕੁੱਕੜਾ, ਭਦੌੜ ਬਿੱਲੀ ਆਈ ਐ। ਸੋ ਭਦੌੜ ਤਾਂ ਭੱਜ-ਦੌੜ ਦੇ ਉਚਾਰਨ ਦੀਆਂ ਨੁੱਕਰਾਂ ਘਸਾ ਕੇ ਗੋਲ ਬਣਾਇਆ ਗਿਆ ਸ਼ਬਦ ਹੀ ਹੈ।”
ਸਤਿਆਰਥੀ ਜੀ ਆਪਣੇ ਹੀ ਪਿੰਡ ਦੇ ਨਾਂ ਦੀ ਇਹ ਨਵੀਂ ਵਿਆਖਿਆ ਸੁਣ ਕੇ ਹੈਰਾਨ ਤਾਂ ਹੋਏ ਹੀ, ਖੁਸ਼ ਉਸ ਤੋਂ ਵੀ ਵਧੀਕ ਹੋਏ। ਫੇਰ ਉਨ੍ਹਾਂ ਨੇ ਇਹ ਗੱਲ ਇਕ ਕਾਗ਼ਜ਼ ਉਤੇ ਲਿਖ ਕੇ ਸਾਂਭ ਲਈ। ਜੇ ਉਨ੍ਹਾਂ ਨੂੰ ਸਾਰਾ ਥਲ ਨਿਚੋੜ ਕੇ ਇਕ ਬੂੰਦ ਵੀ ਮਿਲ ਜਾਂਦੀ, ਉਹ ਆਪਣੀ ਮਿਹਨਤ ਨੂੰ ਅਕਾਰਥ ਨਹੀਂ ਸਨ ਸਮਝਦੇ ਅਤੇ ਅਜਿਹੀਆਂ ਬੂੰਦਾਂ ਨਾਲ ਆਪਣੀ ਗੰਗਾਜਲੀ ਅੰਤ ਨੂੰ ਭਰ ਲੈਣਾ ਉਨ੍ਹਾਂ ਦਾ ਸੁਫ਼ਨਾ ਸੀ। ਇਸੇ ਸੁਫ਼ਨੇ ਦੀ ਸਾਕਾਰਤਾ ਦੀ ਭਟਕਣ ਉਨ੍ਹਾਂ ਨੂੰ ਅਮੁੱਕ ਰਾਹਾਂ ਉਤੇ ਤੋਰੀ ਫਿਰਦੀ ਰਹੀ। ਸਾਲਾਂ-ਦਹਾਕਿਆਂ-ਸਦੀਆਂ ਤੋਂ ਨਿਰੰਤਰ ਤੁਰਦੇ ਦੇਖ ਉਨ੍ਹਾਂ ਦਾ ਨਾ-ਤੁਰਨਾ ਮਾੜੀ ਗੱਲ ਹੋ ਗਈ। ਇਕ ਵਾਰ ਪਤਾ ਨਹੀਂ ਉਹਦੇ ਜਾਂ ਸਤਿਆਰਥੀ ਜੀ ਦੇ ਜਾਂ ਦੋਵਾਂ ਦੇ ਮਨ ਵਿਚ ਕੀ ਆਈ ਕਿ ਲੋਕ ਮਾਤਾ ਭਾਪਾ ਜੀ ਦੇ ਫ਼ਾਰਮ ਵਾਲੀ ਧੁੱਪ ਦੀ ਮਹਿਫ਼ਲ ਵਿਚ ਸਤਿਆਰਥੀ ਜੀ ਦੇ ਨਾਲ ਆ ਪਧਾਰੀ। ਮੈਂ ਪੁੱਛਿਆ, “ਬੇਬੇ, ਇਕੱਲੇ ਤੋਰਨ ਤੋਂ ਡਰਦਿਆਂ ਆਖ਼ਰ ਇਨ੍ਹਾਂ ਨਾਲ ਬਾਹਰ ਆਉਣਾ ਹੀ ਪਿਆ?” ਕਹਿਣ ਲੱਗੀ, “ਇਨ੍ਹਾਂ ਲੰਡੇ ਚਿੜਿਆਂ ਦੀ ਕਾਹਦੀ ਰਾਖੀ ਪੁੱਤ! ਹੁਣ ਤਾਂ ਇਨ੍ਹਾਂ ਦੇ ਤੁਰਨ ਤੋਂ ਨਹੀਂ, ਨਾ-ਤੁਰਨ ਤੋਂ ਡਰ ਲਗਦਾ ਹੈ। ਰਾਮ ਜੀ ਇਨ੍ਹਾਂ ਦੀ ਆਵਾਰਾਗਰਦੀ ਬਣਾਈ ਰਖਣ। ਹੁਣ ਤਾਂ ਮੈਨੂੰ ਇਹ ਬੂਟ ਘਸਾਉਂਦੇ ਹੀ ਚੰਗੇ ਲਗਦੇ ਨੇ। ਜੇ ਕਿਸੇ ਦਿਨ ਘਰ ਰਹਿ ਪੈਣ, ਸੰਸੇ ਨਾਲ ਕਾਲਜੇ ਮਰੋੜ ਚੜ੍ਹਦੇ ਨੇ, ਹੇ ਮੇਰੇ ਰਾਮ, ਅੱਜ ਰਾਜੀ ਤਾਂ ਹਨ!”
ਇਸੇ ਆਵਾਰਾਗਰਦ ਸੁਭਾਅ ਸਦਕਾ ਉਨ੍ਹਾਂ ਨੂੰ ਬੰਨ੍ਹਣ ਦੇ, ਵਿਆਹ ਸਮੇਤ, ਸਭ ਯਤਨ ਅਸਫਲ ਰਹੇ ਸਨ। ਸ਼ੁਰੂ ਵਿਚ ਧਕੇ-ਧਕਾਇਆਂ ਛੋਟੇ-ਮੋਟੇ ਇਕਾ-ਦੁੱਕਾ ਕੰਮ ਕੀਤੇ, ਫਿਰ ਸਭ ਛੱਡ ਦਿੱਤੇ।
1929 ਵਿਚ ਸਤਿਆਰਥੀ ਜੀ ਕਾਂਗਰਸ ਦੇ ਲਾਹੌਰ ਮਹਾਂ-ਸੰਮੇਲਨ ਵਿਚ ਸ਼ਾਮਲ ਹੋਏ। ਸੰਮੇਲਨ ਵਿਚ ਸੰਪੂਰਨ ਸਵਰਾਜ ਦਾ ਮਤਾ ਪੇਸ਼ ਹੋਇਆ ਤੇ ਵਿਚਾਰਿਆ ਗਿਆ। ਫੇਰ ਉਸ ਮਤੇ ਦੇ ਪੱਖ ਵਿਚ ਹੱਥ ਖੜ੍ਹੇ ਕਰਨ ਲਈ ਕਿਹਾ ਗਿਆ। ਬਾਕੀ ਸਭ ਲੋਕਾਂ ਨੇ ਤਾਂ ਇਕ ਇਕ ਹੱਥ ਖੜ੍ਹਾ ਕੀਤਾ, ਇਨ੍ਹਾਂ ਨੇ ਦੋਵੇਂ ਬਾਹਾਂ ਉਚੀਆਂ ਕਰ ਦਿੱਤੀਆਂ, ਇਕ ਦੇਸ ਦੇ ਸੰਪੂਰਨ ਸਵਰਾਜ ਦੇ ਕਾਂਗਰਸੀ ਮਤੇ ਵਾਸਤੇ ਅਤੇ ਦੂਜੀ ਉਥੇ ਹੀ ਮਨ ਵਿਚ ਪਾਸ ਕੀਤੇ ਅਗੇ ਲਈ ਸਾਹਿਤਕਾਰੀ ਤੋਂ ਬਿਨਾਂ ਹੋਰ ਕੋਈ ਵੀ ਕੰਮ ਨਾ ਕਰਨ ਦੇ ਆਪਣੇ ਸੰਪੂਰਨ ਸਵਰਾਜ ਦੇ ਮਤੇ ਵਾਸਤੇ!