ਬਲਜੀਤ ਬਾਸੀ
‘ਨਮੋ’- ਨ(ਨਰਿੰਦਰ)+ਮੋ(ਦੀ)- ਦੀ ਮਿਹਰਬਾਨੀ ਸਦਕਾ ਯੋਗ ਦਾ ਪੁਹਾਰਾ ਦੇਸ਼-ਦੇਸਾਂਤਰ ਵਿਚ ਫੈਲ ਗਿਆ ਹੈ। ਇਸ ਵਿਚ ਕੋਈ ਬੁਰਾਈ ਨਹੀਂ ਭਾਵੇਂ ਯੋਗ ਦਾ ਉਦਭਵ ਧਾਰਮਿਕ ਵਿਰਸੇ ਵਿਚੋਂ ਹੀ ਹੋਵੇ। ਸਰਲਤਮ ਰੂਪ ਵਿਚ ਯੋਗ ਦੀਆਂ ਕਸਰਤਾਂ ਦਾ ਧਰਮ ਨਾਲ ਕੋਈ ਲੈਣਾ-ਦੇਣਾ ਨਹੀਂ। ਬਹੁਤ ਸਾਰੇ ਲੋਕ ਸਿਹਤ ਲਈ ਇਸ ਦੇ ਲਾਭਾਂ ਦਾ ਦਾਅਵਾ ਕਰਦੇ ਹਨ। ਐਪਰ ਬਿਨਾ ਸ਼ੱਕ ਹਿੰਦੁਤਵ-ਪ੍ਰਣਾਈ ਸ਼ਾਸਕ ਪਾਰਟੀ ਵਲੋਂ ਇਸ ਦੇ ਵਿਆਪਕ ਪੱਧਰ ‘ਤੇ ਜਸ਼ਨ ਪਿਛੇ ਸੁਆਰਥੀ ਰਾਜਸੀ ਹਿੱਤ ਹਨ।
ਹੋਰ ਗੱਲਾਂ ਤੋਂ ਇਲਾਵਾ ‘ਸੂਰਜ ਨਮਸਕਾਰ’ ਨਾਮਕ ਆਸਣ ਵਿਚ ਨਿਸਚੇ ਹੀ ਹਿੰਦੂ ਧਰਮ ਦੇ ਚਿੰਨ੍ਹ ਪ੍ਰਗਟ ਹੁੰਦੇ ਹਨ। ਇਸ ਆਸਣ ਵਿਚ ਬਾਰਾਂ ਮੰਤਰ ਉਚਾਰੇ ਜਾਂਦੇ ਹਨ ਤੇ ਹਰ ਇਕ ਵਿਚ ਸੂਰਜ ਦਾ ਅਲੱਗ ਨਾਂ ਹੈ, ਹਰ ਇਕ ਦੇ ਸ਼ੁਰੂ ਵਿਚ ਓਮ ਆਉਂਦਾ ਹੈ। ਸਭ ਮੰਤਰਾਂ ਦਾ ਸਰਲ ਅਰਥ ਹੈ, “ਸੂਰਜ ਨੂੰ ਮੇਰਾ ਨਮਸਕਾਰ ਹੈ।” ਓਮ ਹਿੰਦੂਆਂ ਦਾ ਧਾਰਮਕ ਚਿੰਨ੍ਹ ਹੈ ਤੇ ਸੂਰਜ ਉਨ੍ਹਾਂ ਦਾ ਦੇਵਤਾ। ਨਿਸਚੇ ਹੀ ਕਠੋਰ ਧਾਰਮਿਕ ਵੰਡੀਆਂ ਵਿਚ ਵੰਡੇ ਭਾਰਤ ਦੇ ਜਨ ਸਮੂਹ ਵਿਚੋਂ ਹੋਰ ਧਰਮਾਂ ਜਿਵੇਂ ਮੁਸਲਮਾਨ, ਈਸਾਈ ਤੇ ਸਿੱਖ ਆਦਿ ਦੀਆਂ ਜਥੇਬੰਦੀਆਂ ਵਲੋਂ ਇਸ ਦਾ ਵਿਰੋਧ ਹੋਣਾ ਸੀ। ਸਿਧਾਂਤਕ ਤੌਰ ‘ਤੇ ਇਕ-ਈਸ਼ਵਰਵਾਦੀ ਧਰਮਾਂ ਦਾ ਦੇਵਤਿਆਂ ਵਿਚ ਵਿਸ਼ਵਾਸ ਨਹੀਂ, ਨਾਸਤਕਾਂ ਦਾ ਤਾਂ ਹੋਣਾ ਹੀ ਕੀ ਹੈ। ਇਸ ਸਥਿਤੀ ਵਿਚ ਇਕ ਧਰਮ ਦੀਆ ਮਾਨਤਾਵਾਂ ਨੂੰ ਰਾਜਸੱਤਾ ਦੇ ਬਲਬੂਤੇ ਦੂਸਰਿਆਂ ‘ਤੇ ਠੋਸਣਾ ਆਪਹੁਦਰੇਪਣ ਦਾ ਸਿਖਰ ਹੈ। ਕੁਝ ਹਿੰਦੂ ਹਲਕਿਆਂ ਵਲੋਂ ਸੁਝਾਅ ਆਇਆ ਸੀ ਕਿ ਜੇ ਮੁਸਲਮਾਨਾਂ ਨੂੰ ‘ਸੂਰਜ ਨਮਸਕਾਰ’ ਬੋਲਣ ‘ਤੇ ਇਤਰਾਜ਼ ਹੈ ਤਾਂ ਉਹ ‘ਅੱਲਾ ਨਮਸਕਾਰ’ ਕਹਿ ਸਕਦੇ ਹਨ। ਮਤਲਬ ਕਿ ਉਹ ਰਿਆਇਤ ਦੇ ਰਹੇ ਹਨ ਅਤੇ ਰਿਆਇਤ ਦੇਣ ਦਾ ਹੱਕ ਰੱਖਦੇ ਹਨ। ਪ੍ਰਸ਼ਨ ਹੈ ਕਿ ਭਾਰਤ ਦੇ ਧਰਮ-ਨਿਰਪੱਖ ਰਾਜ ਹੁੰਦਿਆਂ ਇਸ ਦੀ ਸਰਪ੍ਰਸਤੀ ਅਧੀਨ ਕਿਸੇ ਵੀ ਵਿਸ਼ੇਸ਼ ਧਰਮ ਦਾ ਪ੍ਰਚਾਰ-ਪ੍ਰਸਾਰ ਕਿਉਂ ਹੋਵੇ?
ਆਓ ਜ਼ਰਾ ਹਿੰਦੂ ਧਾਰਮਿਕ ਜਨੂਨ ਅਧੀਨ ਹਿੰਦੁਤਵ ਦੇ ਬੋਲਬਾਲੇ ਦਾ ਇਕ ਨਮੂਨਾ ਦੇਖੀਏ। ਮੁਸਲਮਾਨ ਐਕਟਰਾਂ ਸ਼ਾਹਰੁਖ ਖਾਂ, ਆਮਿਰ ਖਾਂ ਤੇ ਸਲਮਾਨ ਖਾਂ ਦੇ ਬਾਈਕਾਟ ਕਰਨ ਦਾ ਹੋਕਾ ਦੇਣ ਵਾਲੀ ਭਾਜਪਾ ਸੰਸਦ ਮੈਂਬਰ ਸਾਧਵੀ ਪਰਾਚੀ ਨੇ ਪਿਛਲੇ ਦਿਨੀਂ ਜਲੰਧਰ ਵਿਖੇ ਇਕ ਟੀæਵੀæ ਚੈਨਲ ਵਿਚ ਬੋਲਦਿਆਂ ਜੋ ਕਿਹਾ ਉਸ ਦੀ ਖਬਰ ਇਸ ਪ੍ਰਕਾਰ ਪੜ੍ਹਨ ਨੂੰ ਮਿਲੀ, “ਸਾਧਵੀ ਪ੍ਰਾਚੀ ਨੇ ਸੂਰਜ ਨਮਸਕਾਰ ‘ਤੇ ਰੋਕ ਲਾਉਣ ਵਾਲਿਆਂ ਨੂੰ ਚਿਤਾਵਨੀ ਦਿੱਤੀ ਹੈ। ਉਨ੍ਹਾਂ ਕਿਹਾ ਕਿ ਸੂਰਿਆ ਨਮਸਕਾਰ ‘ਤੇ ਨਹੀਂ, ਸਗੋਂ ਮੁੱਖ ਮਾਰਗਾਂ ਅਤੇ ਚੌਕਾਂ ਖਾਸ ਕਰਕੇ ਨੈਸ਼ਨਲ ਹਾਈਵੇ ‘ਤੇ ਨਮਾਜ਼ ਅਦਾ ਕਰਨ ਵਾਲਿਆਂ ‘ਤੇ ਰੋਕ ਲੱਗਣੀ ਚਾਹੀਦੀ ਹੈ ਕਿਉਂਕਿ ਸੂਰਿਆ ਨਮਸਕਾਰ ਨਾਲ ਕਿਸੇ ਨੂੰ ਨੁਕਸਾਨ ਨਹੀਂ ਹੁੰਦਾæææ।” ਸਾਧਵੀ ਦੀ ਦਲੀਲ ਕਿ ਜੇ ਕਿਸੇ ਨੂੰ ਨੁਕਸਾਨ ਨਹੀਂ ਪਹੁੰਚਦਾ ਦੇ ਅਨੁਸਾਰ ਕਿਹਾ ਜਾ ਸਕਦਾ ਹੈ ਕਿ ਤਥਾ ਕਥਿਤ ਅਛੂਤਾਂ ਨੂੰ ਨਾ ਛੂਹ ਲੈਣ ਨਾਲ ਵੀ ਅਛੂਤਾਂ ਦਾ ਕੀ ਵਿਗੜਦਾ ਹੈ ਤੇ ਫਿਰ ਉਹ ਇਤਰਾਜ਼ ਕਿਉਂ ਕਰਦੇ ਹਨ?
ਕੁਝ ਹਲਕਿਆਂ ਵਲੋਂ ਇਸ ਗੱਲ ਨੂੰ ਵੀ ਉਭਾਰਿਆ ਗਿਆ ਕਿ ਮੁਸਲਮਾਨਾਂ ਦੀ ਨਮਾਜ਼ ਅਦਾ ਕਰਦੇ ਵਕਤ ਅਨੇਕਾਂ ਰਕਾਤਾਂ ਯੋਗ ਦੇ ਆਸਣ ਹਨ। ਉਂਜ ਸਿੱਖ ਵੀ ਅਰਦਾਸ ਕਰਦੇ ਵਕਤ ਘਟੋ ਘਟ ਦੋ ਵਾਰ ਤਾਂ ਉਠਕ ਬੈਠਕ ਕਰਦੇ ਹਨ ਤੇ ਇਸ ਨੂੰ ਹੋਰ ਰੀਤੀਬਧ ਬਣਾਉਣ ਦੀ ਪ੍ਰਵਿਰਤੀ ਹਮੇਸ਼ਾ ਰਹਿੰਦੀ ਹੈ। ਅਨੇਕਾਂ ਧਰਮਾਂ ਵਿਚ ਆਪਣੇ ਇਸ਼ਟ ਪ੍ਰਤੀ ਸ਼ਰਧਾ ਸਿਰ ਜਾਂ ਕਈ ਵਾਰੀ ਪੂਰਾ ਸਰੀਰ ਝੁਕਾ ਕੇ ਹੀ ਪ੍ਰਗਟਾਈ ਜਾਂਦੀ ਹੈ। ਨਮਾਜ਼ ਫਾਰਸੀ ਦਾ ਸ਼ਬਦ ਹੈ ਜਿਸ ਨੂੰ ਮੋਟੇ ਤੌਰ ‘ਤੇ ਮੁਸਲਮਾਨੀ ਪ੍ਰਾਰਥਨਾ ਕਿਹਾ ਜਾ ਸਕਦਾ ਹੈ। ਇਹੀ ਸ਼ਬਦ ਬਾਅਦ ਵਿਚ ਉਰਦੂ, ਪੰਜਾਬੀ ਤੇ ਹੋਰ ਭਾਰਤੀ ਭਾਸ਼ਾਵਾਂ ਵਿਚ ਦਾਖਿਲ ਹੋਇਆ। ਫਾਰਸੀ ਭਾਸ਼ਾ ਦੇ ਦੇਸ਼ ਇਰਾਨ ਵਿਚ ਇਸਲਾਮ ਧਰਮ ਅਰਬਾਂ ਦੇ ਜ਼ੋਰ ਨਾਲ ਆਇਆ। ਕੁਰਾਨ ਸ਼ਰੀਫ ਵਿਚ ਇਸ ਲਈ ਅਰਬੀ ਸ਼ਬਦ ਹੈ, ਸਲਾਤ। ਇਰਾਨੀਆਂ ਨੇ ਇਸਲਾਮ ਨਾਲ ਸਬੰਧਤ ਬਹੁਤ ਸਾਰੇ ਅਰਬੀ ਸ਼ਬਦ ਆਪਣੀ ਭਾਸ਼ਾ ਫਾਰਸੀ ਵਿਚ ਆਪਣੇ ਲਈ ਪਰ ਸਲਾਤ ਲਈ ਆਪਣਾ ਪੁਰਾਣਾ ਸ਼ਬਦ ਨਮਾਜ਼ ਹੀ ਰੱਖਿਆ ਜੋ ਨਿਸਚੇ ਹੀ ਪਾਰਸੀ ਧਰਮ ਵਾਲੇ ਵਰਤਦੇ ਸਨ। ਹਾਂ, ਉਨ੍ਹਾਂ ਨਮਾਜ਼ ਦਾ ਰੀਤੀਬਧ ਢੰਗ ਅਰਬੀ ਮੁਸਲਮਾਨਾਂ ਵਾਲਾ ਹੀ ਅਪਨਾਇਆ ਕਿਉਂਕਿ ਕਿਸੇ ਧਰਮ ਵਿਸ਼ੇਸ਼ ਦੀ ਪੂਜਾ ਵਿਧੀ ਨੂੰ ਉਸ ਧਰਮ ਤੋਂ ਨਿਖੇੜਿਆ ਨਹੀਂ ਜਾ ਸਕਦਾ। ਮੁਸਲਮਾਨਾਂ ਲਈ ਦਿਨ ਵਿਚ ਪੰਜ ਵਾਰੀ ਨਮਾਜ਼ ਪੜ੍ਹਨ ਦੀ ਹਦਾਇਤ ਹੈ, ਨਮਾਜ਼ ਤੋਂ ਪਹਿਲਾਂ ਪਾਣੀ ਨਾਲ ਵੂਜ਼ੂ ਕਰਨਾ, ਮੂੰਹ ਕਾਅਬੇ ਵੱਲ ਕਰਨਾ ਤੇ ਰੱਬ ਦੀ ਮਹਾਨਤਾ ਚਿਤਵਦਿਆਂ ਅਤਿ ਦੀ ਨਿਮਰਤਾ ਵਿਚ ਰਹਿਣਾ ਹੁੰਦਾ ਹੈ। ‘ਪੰਜੇ ਵਖਤ’ ਨਮਾਜ਼ ਗੁਜ਼ਾਰਨ ਦੀ ਹਦਾਇਤ ਕੁਰਾਨ ਵਿਚ ਨਹੀਂ ਬਲਕਿ ਹਦੀਸਾਂ ਵਿਚ ਹੈ। ਹਰ ਭਾਸ਼ਾ ਦਾ ਮੁਸਲਮਾਨ ਨਮਾਜ਼ ਕੇਵਲ ਅਰਬੀ ਵਿਚ ਪੜ੍ਹਦਾ ਹੈ। ਨਮਾਜ਼ ਦੀ ਅਦਾਇਗੀ ਸਮੇਂ ਕਈ ਰਕਾਤਾਂ ਹੁੰਦੀਆਂ ਹਨ ਜਿਵੇਂ ਧਿਆਨਪੂਰਬਕ ਖਲੋਣਾ (ਕਯਾਮ), ਨਿਮਰ ਹੋ ਕੇ ਝੁਕਣਾ (ਰਕੂਅ), ਸਜਦਾ ਕਰਨਾ (ਸਜੂਦ)। ਹਰ ਰਕਾਤ ਵੇਲੇ ਕਲਮੇ ਤੋਂ ਇਲਾਵਾ ਆਇਤਾਂ ਦਾ ਪਾਠ ਵੀ ਕੀਤਾ ਜਾਂਦਾ ਹੈ। ਇਨ੍ਹਾਂ ਕਿਰਿਆਵਾਂ ਵਿਚ ਪਿਆ ਨਮਾਜ਼ੀ ਯੋਗ ਕਰਦਾ ਹੀ ਤਾਂ ਪ੍ਰਤੀਤ ਹੁੰਦਾ ਹੈ।
ਇਕ ਕਹਾਵਤ ਪ੍ਰਸਿਧ ਹੈ ਕਿ ਨਮਾਜ਼ਾਂ ਬਖਸ਼ਾਣ ਗਏ, ਰੋਜ਼ੇ ਗਲ ਪੈ ਗਏ। ਦੱਸਿਆ ਜਾਂਦਾ ਹੈ ਕਿ ਜਦ ਮੁਹੰਮਦ ਸੱਤਵੇਂ ਅਕਾਸ਼ ਗਏ ਤਾਂ ਅੱਲ੍ਹਾ ਦਾ ਹੁਕਮ ਹੋਇਆ ਕਿ ਉਸ ਦੀ ਉਮੱਤ ਰੋਜ਼ 50 ਨਮਾਜ਼ਾਂ ਪੜ੍ਹੇ। ਜਦੋਂ ਹਜ਼ਰਤ ਛੇਵੇਂ ਅਸਮਾਨ ਪਰਤੇ ਤਾਂ ਮੂਸਾ ਮਿਲ ਪਿਆ ਜਿਸ ਨੇ ਟਿੱਪਣੀ ਕੀਤੀ ਕਿ ਏਨੀਆਂ ਨਮਾਜ਼ਾਂ ਪੜ੍ਹਨੀਆ ਸੰਭਵ ਨਹੀਂ। ਹਜ਼ਰਤ ਨੇ ਵਾਪਿਸ ਅੱਲਾ ਕੋਲ ਜਾ ਕੇ ਨਮਾਜ਼ਾਂ ਦੀ ਗਿਣਤੀ ਘਟਾ ਕੇ ਪੰਜ ਕਰਵਾ ਦਿੱਤੀ ਪਰ ਅੱਲਾ ਨੇ ਨਾਲ ਹੀ ਰੋਜ਼ੇ ਰੱਖਣ ਦੀ ਤਾਗੀਦ ਕਰ ਦਿੱਤੀ। ਉਪਰੋਕਤ ਅਖਾਣ ਇਥੋਂ ਹੀ ਬਣਿਆ ਦੱਸਿਆ ਜਾਂਦਾ ਹੈ। ਮੁਢਲੇ ਸੂਫੀਆਂ ਨੇ ਨਮਾਜ਼ ਪੜ੍ਹਨ ‘ਤੇ ਜ਼ੋਰ ਦਿੱਤਾ ਹੈ ਜਿਵੇਂ “ਉਠੁ ਫਰੀਦਾ ਉਜੂ ਸਾਜਿ ਸੁਬਹ ਨਿਵਾਜ ਗੁਜਾਰਿ” ਪਰ ਬੁਲ੍ਹੇ ਸ਼ਾਹ ਦੇ ਵੇਲੇ ਇਸ ਨੂੰ ਪਖੰਡ ਸਮਝਿਆ ਗਿਆ, “ਭੱਠ ਨਮਾਜ਼ਾਂ ਚਿਕੜ ਰੋਜ਼ੇ, ਕਲਮੇ ਤੇ ਫਿਰ ਗਈ ਸਿਆਹੀæææ।” ਗੁਰੂਆਂ ਭਗਤਾਂ ਨੇ ਕਰਮ ਕਾਂਡ ਦਾ ਵਿਰੋਧ ਕੀਤਾ ਤਾਂ ਨਮਾਜ਼ ਵੀ ਇਸੇ ਲਪੇਟ ਵਿਚ ਆ ਗਈ, “ਰੋਜਾ ਧਰੈ ਨਿਵਾਜ ਗੁਜਾਰੈ ਕਲਮਾ ਭਿਸਤਿ ਨ ਹੋਈ॥” (ਭਗਤ ਕਬੀਰ) ਹਾਂ ਇਸ ਦੇ ਭਾਵੀਕ੍ਰਿਤ ਰੂਪ ਵੱਲ ਵੀ ਸੰਕੇਤ ਹੈ, “ਕਰਣੀ ਕਾਬਾ ਸਚੁ ਪੀਰੁ ਕਲਮਾ ਕਰਮ ਨਿਵਾਜ॥” (ਗੁਰੂ ਨਾਨਕ ਦੇਵ)
ਭਾਰਤ ਵਿਚ ਇਕ ਦੂਸਰੇ ਨੂੰ ਪ੍ਰਣਾਮ ਕਰਨ ਲਈ ਨਮਸਕਾਰ ਸ਼ਬਦ ਦੀ ਵਰਤੋਂ ਹੁੰਦੀ ਹੈ, “ਨਮਸਕਾਰ ਡੰਡਉਤ ਬੰਦਨਾ”; ਨਾਨਕ ਗੁਰ ਪੂਰੇ ਨਮਸਕਾਰ (ਗੁਰੂ ਅਰਜਨ ਦੇਵ); “ਕੁੰਚਰੁ ਪੋਟ ਲੈ ਲੈ ਨਮਸਕਾਰੈ” (ਭਗਤ ਕਬੀਰ)। ਬਾਣੀ ਵਿਚ ਨਮਸਕਾਰ ਸ਼ਬਦ ਦੀ ਵਰਤੋਂ ਆਪਣੇ ਤੋਂ ਵੱਡੇ ਭਾਵ ਪਰਮਾਤਮਾ ਜਾਂ ਗੁਰੂ ਲਈ ਪ੍ਰਣਾਮ ਵਾਸਤੇ ਕੀਤੀ ਗਈ ਹੈ। ਆਮ ਜੀਵਨ ਵਿਚ ਵੀ ਅਸੀਂ ਇਸ ਦੀ ਵਰਤੋਂ ਆਪਣੇ ਤੋਂ ਵੱਡੇ ਲਈ ਕਰਦੇ ਹਾਂ, ਜੇਕਰ ਛੋਟੇ ਲਈ ਵੀ ਕੀਤੀ ਜਾਂਦੀ ਹੈ ਤਾਂ ਉਸ ਨੂੰ ਵੱਡਾ ਜਾਣ ਕੇ, ਨਿਮਰਤਾ ਦੇ ਭਾਵਾਂ ਨਾਲ ਕਿਉਂਕਿ ਨਮਸਕਾਰ ਵਿਚ ਭਾਵ ਹੀ ਨਿਵਣ, ਝੁਕਣ ਦਾ ਹੈ। ਸੂਰਜ ਨਮਸਕਾਰ ਵਿਚ ਵੀ ਸੂਰਜ ਅੱਗੇ ਨਿਵਿਆ ਹੀ ਜਾਂਦਾ ਹੈ। ਕਹਿਣਾ ਹੋਵੇਗਾ ਕਿ ਧਰਮ ਦੇ ਪ੍ਰਸੰਗ ਵਿਚ ਇਸ ਸ਼ਬਦ ਦੀ ਵਧੇਰੇ ਵਰਤੋਂ ਹੁੰਦੀ ਹੈ ਕਿਉਂਕਿ ਕੋਈ ਵੀ ਇਸ਼ਟ ਮਨੁੱਖ ਤੋਂ ਉਪਰ ਹੈ ਤੇ ਮਨੁਖ ਆਪਣੇ ਇਸ਼ਟ ਪ੍ਰਤੀ ਸਤਿਕਾਰ ਉਸ ਅੱਗੇ ਨਿਵ ਕੇ ਹੀ ਕਰਦਾ ਹੈ। ਨਮਸਕਾਰ ਸ਼ਬਦ ਸੰਸਕ੍ਰਿਤ ਧਾਤੂ ḔਨਮḔ ਤੋਂ ਬਣੇ ਨਮਸ ਸ਼ਬਦ ਤੋਂ ਬਣਿਆ ਹੈ ਜਿਸ ਵਿਚ ਝੁਕਣ, ਨਿਵਣ ਦੇ ਭਾਵ ਹਨ। ਗੁਰੂ ਅਰਜਨ ਦੇਵ ਦੀਆਂ ਇਨ੍ਹਾਂ ਤੁਕਾਂ ਤੋਂ ਇਹ ਭਾਵ ਸਪਸ਼ਟ ਹੋ ਜਾਂਦੇ ਹਨ, “ਨਾਨਕ ਅਨਿਕ ਬਾਰ ਨਮੋ ਨਮਹ” ਅਤੇ “ਓੁਂ ਨਮੋ ਭਗਵੰਤ ਗੁਸਾਈ।” ਨਮੋ ਸ਼ਬਦ ਦੀ ਇਸ ਰੋਸ਼ਨੀ ਵਿਚ ਪਾਠਕ ਸਮਝ ਗਏ ਹੋਣਗੇ ਕਿ ਨਰਿੰਦਰ ਮੋਦੀ ਦੇ ਭਗਤ ਉਸ ਲਈ ਹੁਬ ਕੇ ‘ਨਮੋ’ ਨਾਮ ਦੀ ਵਰਤੋਂ ਕਿਉਂ ਕਰਦੇ ਹਨ! ਅਸਲ ਵਿਚ ਨਿਮਰ, ਨਿਮਰਤਾ ਤੇ ਫਿਰ ਵਿਨਿਮ੍ਰਤਾ ਸ਼ਬਦ ਵੀ ਇਸੇ ਤੋਂ ਬਣੇ ਹਨ ਜਿਨ੍ਹਾਂ ਵਿਚ ਇਹੀ ਭਾਵ ਹੈ। ਬੇਨਤੀ ਸ਼ਬਦ ਵੀ ਇਥੇ ਢੁਕਦਾ ਹੈ। “ਸੈਨਾ ਸਾਧ ਸਮੂਹ ਸੂਰ ਅਜਿਤੰ ਸੰਨਾਹੰ ਤਨਿ ਨਿੰਮ੍ਰਤਾਹ”, “ਨੀਚ ਨੀਚ ਨਿਮ੍ਰਿਤ ਘਨੀ ਕਰਨੀ ਕਮਲ ਜਮਾਲ” (ਗੁਰੂ ਅਰਜਨ ਦੇਵ)। ਇਸ ਤੋਂ ਬਣੇ ḔਨਮਸਤੇḔ ਸ਼ਬਦ ਦਾ ਅਰਥ ਵੀ ‘ਆਪ ਨੂੰ ਨਮਸਕਾਰ ਹੈ’ ਹੁੰਦਾ ਹੈ। ਹੋਰ ਤਾਂ ਹੋਰ ਪ੍ਰਣਾਮ ਵਿਚ ਵੀ ਸ਼ਰਧਾ ਪੂਰਬਕ ਝੁਕਣ ਦਾ ਹੀ ਭਾਵ ਹੈ। ਪ੍ਰਣਾਮ=ਪ੍ਰ+ਣਾਮ। ਣਾਮ ḔਨਮḔ ਧਾਤੂ ਦਾ ਬਣਿਆ ਹੈ। ਇਸ ਤੋਂ ਬਣੇ ਪ੍ਰਣਵ ਵਿਚ ਵੀ ਨਮਸਕਾਰ ਦਾ ਭਾਵ ਹੈ, “ਪ੍ਰਣਵੈ ਨਾਨਕੁ ਬੇਨਤੀ ਤੂ ਸਰਵਰੁ ਤੂ ਹੰਸੁ॥” ਪ੍ਰਣਵਤ ਪ੍ਰਣਾਮ ਕਰਨ ਵਾਲਾ ਹੈ, “ਪ੍ਰਣਵਤਿ ਨਾਮਦੇਉ ਇਹੁ ਜੀਉ ਚਿਤਵੈ ਸੁ ਲਹੈ॥”
ਸੰਕੀਰਣ ਸੋਚ ਵਾਲੇ ਹਿੰਦੁਤਵਵਾਦੀਆਂ ਨੇ ਨਮਾਜ਼ ਅਤੇ ਨਮਸਕਾਰ ਦੀਆਂ ਕਿਰਿਆਵਾਂ ਵਿਚ ਯੋਗ ਮੁਦਰਾਵਾਂ (ਠੇਠ ਪੰਜਾਬੀ:ਜੋਗ) ਦੀ ਝੂਠੀ ਸਮਾਨਤਾ ਦੇਖੀ ਹੈ ਪਰ ਦਰਅਸਲ ਦੋਵਾਂ ਸ਼ਬਦਾਂ ਵਿਚ ਝੁਕਣ ਦੇ ਭਾਵ ਦੀ ਸਾਂਝ ਸਪਸ਼ਟ ਝਲਕਦੀ ਹੈ। ਅਸੀਂ ਪਹਿਲਾਂ ਦੇਖ ਚੁੱਕੇ ਹਾਂ ਕਿ ਨਮਾਜ਼ ਵਿਚ ਵੀ ਸਜਦਾ ਕਰਦੇ ਸਮੇਂ ਝੁਕਣ ਜਾਂ ਸਿਰ ਨੀਵਾਂ ਕਰਨ ਦੀ ਕਿਰਿਆ ਨਿਭਾਈ ਜਾਂਦੀ ਹੈ। ਅਵੇਸਤਾ ਵਾਲੀ ਪੁਰਾਣੀ ਫਾਰਸੀ ਅਤੇ ਸੰਸਕ੍ਰਿਤ ਸਕੀਆਂ ਭਾਸ਼ਾਵਾਂ ਹਨ। ਅਵੇਸਤਾ ਦੀ ਇਕ ਗਾਥਾ ਇਸ ਤਰ੍ਹਾਂ ਸ਼ੁਰੂ ਹੁੰਦੀ ਹੈ: Ḕਅਹਅ ਯਸਅ ਨਿਮਾਂਹਅ ਉਸਤੰਜ਼ਸਤੋ’ ਅਰਥਾਤ ‘(ਮੈਂ) ਹੁਣ ਨਿਵ ਕੇ (ਅਤੇ) ਹੱਥ ਉਠਾ ਕੇ ਪ੍ਰਾਰਥਨਾ ਕਰਦਾ ਹਾਂ।Ḕ ਅਸਲ ਵਿਚ ਦੋਨਾਂ ਭਾਸ਼ਾਵਾਂ ਨੂੰ ਭਾਰੋਪੀ ਪਰਿਵਾਰ ਦੇ ਉਪ-ਪਰਿਵਾਰ ਦੀ ਹਿੰਦ-ਇਰਾਨੀ ਸ਼ਾਖਾ ਵਿਚ ਰੱਖਿਆ ਜਾਂਦਾ ਹੈ। ਨਮਾਜ਼ ਸ਼ਬਦ ਦੇ ਪੁਰਾਤਨ ਰੂਪ ਇਸ ਪ੍ਰਕਾਰ ਹਨ: ਜੰਦ, ਨਮਾਂਹ; ਪਹਿਲਵੀ, ਨਮਾਜ਼ ਪੁਰਾਣੀ ਫਾਰਸੀ, ਨਮਾਜ਼ਹ। ਇਸ ਵਿਉਤਪਤੀ ਵਿਚ ਇਸ ਸ਼ਬਦ ਦੇ ਪੁਰਤਨਤਮ ਰੂਪ ਨਮਾਂਹ ਦਾ ਸੰਸਕ੍ਰਿਤ ḔਨਮਸḔ ਨਾਲ ਸਪਸ਼ਟ ਸਾਂਝ ਦਿਸ ਰਹੀ ਹੈ। ਇਹ ਵੀ ਸਪਸ਼ਟ ਹੈ ਕਿ ਇਸਲਾਮ ਤੋਂ ਪਹਿਲਾਂ ਇਰਾਨ ਦੇ ਜ਼ਰਥੁਸ਼ਟਰੀ ਧਰਮ (ਪਾਰਸੀ) ਵਿਚ ਨਮਾਜ਼ ਅਦਾ ਕੀਤੀ ਜਾਂਦੀ ਸੀ ਭਾਵੇਂ ਕਿਸੇ ਹੋਰ ਰੂਪ ਵਿਚ ਪਰ ਬਾਅਦ ਵਿਚ ਇਸਲਾਮ ਧਰਮ ਅਧੀਨ ਸ਼ਬਦ ਤਾਂ ਉਹੋ ਰਿਹਾ ਪਰ ਇਸ ਕਿਰਿਆ ਉਤੇ ਸਲਾਤ ਦੀ ਪਾਣ ਚੜ੍ਹ ਗਈ।
ਦਿਲਚਸਪ ਤੱਥ ਹੈ ਕਿ ਪਾਰਸੀ ਧਰਮ ਵਿਚ ਵੀ ਪ੍ਰਾਰਥਨਾ ਦਿਨ ਵਿਚ ਪੰਜ ਵਾਰ ਕੀਤੀ ਜਾਂਦੀ ਹੈ ਤੇ ਮੂੰਹ ਅਗਨੀ ਦੀ ਦਿਸ਼ਾ ਵੱਲ ਕੀਤਾ ਜਾਂਦਾ ਹੈ। ਅੱਜ ਨਮਾਜ਼ ਸ਼ਬਦ ਹਿੰਦ-ਉਪਦੀਪ ਦੇ ਦੇਸ਼ਾਂ ਜਿਵੇਂ ਭਾਰਤ, ਪਾਕਿਸਤਾਨ, ਨੇਪਾਲ, ਬਰਮਾ, ਸ਼੍ਰੀਲੰਕਾ, ਤਜਾਕਿਸਤਾਨ ਆਦਿ ਵਿਚ ਤਾਂ ਵਰਤਿਆ ਹੀ ਜਾਂਦਾ ਹੈ, ਇਸ ਦਾ ਪ੍ਰਚਲਨ ਇੰਡੋਨੇਸ਼ੀਆ, ਮਲੇਸ਼ੀਆ, ਥਾਈਲੈਂਡ, ਕੋਰੀਆ ਆਦਿ ਦੇਸ਼ਾਂ ਵਿਚ ਵੀ ਫੈਲ ਚੁੱਕਾ ਹੈ। ਨਮਾਜ਼ ਤੋਂ ਬਣੇ ਕੁਝ ਹੋਰ ਸ਼ਬਦ ਹਨ ਨਮਾਜ਼ੀ, ਨਮਾਜ਼ੇ ਈਦ, ਨਮਾਜ਼ਗਾਹ, ਨਮਾਜ਼ੇ ਜਨਾਜਾ। ਬੇਨਮਾਜ਼ੀ ਦਾ ਸ਼ਾਬਦਿਕ ਅਰਥ ਹੁੰਦਾ ਹੈ, ਨਮਾਜ਼ਰਹਿਤ। ਦਰਅਸਲ ਬੇਨਿਮਾਜ਼ੀ ਮਾਹਵਾਰੀ ਕਾਰਨ ਔਰਤਾਂ ਦੀ ਨਮਾਜ਼ ਨਾ ਕਰਨ ਦੀ ਸਥਿਤੀ ਹੈ ਕਿਉਂਕਿ ਇਸਲਾਮ ਅਨੁਸਾਰ ਇਸ ਸਮੇਂ ਔਰਤਾਂ ਨਾਪਾਕ ਹੁੰਦੀਆਂ ਹਨ, ਇਸ ਲਈ ਨਮਾਜ਼ ਦੀ ਮਨਾਹੀ ਹੈ।