ਡਾæ ਗੁਰਨਾਮ ਕੌਰ ਕੈਨੇਡਾ
ਗੁਰੂ ਨਾਨਕ ਦੇਵ ਜੀ ਅਨੁਸਾਰ ਪਰਮਸਤਿ ਭਾਵ ਅਕਾਲ ਪੁਰਖ ਸ਼ਬਦ ਰੂਪ ਹੋ ਕੇ ਸਭ ਦੇ ਅੰਦਰ ਵਰਤ ਰਿਹਾ ਹੈ। ਪਰਮਸਤਿ ਹੀ ਸੱਚਾ ਸ਼ਬਦ ਹੈ ਤੇ ਇਸ ਦਾ ਅਨੁਭਵ ਵਾਹਿਗੁਰੂ ਦੀ ਮਿਹਰ ਰਾਹੀਂ ਪ੍ਰਾਪਤ ਹੁੰਦਾ ਹੈ। ਜਦੋਂ ਉਸ ਦੀ ਮਿਹਰ ਹੁੰਦੀ ਹੈ ਤਾਂ ਮਨੁੱਖ ਉਸ ਪਰਮਸਤਿ ਨਾਲ ਇੱਕਸੁਰ ਹੋ ਜਾਂਦਾ ਹੈ। ਇਹੀ ਸ਼ਬਦ ਦਾ ਮਰਮ ਜਾਂ ਭੇਦ ਹੈ।
ਉਸ ਅਕਾਲ ਪੁਰਖ ਦੀ ਮਿਹਰ ਪ੍ਰਾਪਤ ਕਰਨ ਲਈ ਮਨੁੱਖ ਨੂੰ ਆਪਣੇ ਅੰਦਰੋਂ ਹਉਮੈ ਦੂਰ ਕਰਕੇ ਹਲੀਮੀ ਪੈਦਾ ਕਰਨੀ ਪੈਂਦੀ ਹੈ ਅਤੇ ਵਿਕਾਰਾਂ ਨੂੰ ਮਨ ਵਿਚੋਂ ਕੱਢਣਾ ਹੁੰਦਾ ਹੈ। ਉਦਾਹਰਣ ਰਾਹੀਂ ਸਮਝਾਇਆ ਗਿਆ ਹੈ ਕਿ ਜੇ ਲਮਢੀਂਗ ਪੰਛੀ ਉਚੇ ਆਕਾਸ਼ ਵਿਚ ਉਡ ਰਿਹਾ ਹੈ ਤਾਂ ਪਿਆਸ ਬੁਝਾਉਣ ਲਈ ਪਾਣੀ ਉਸ ਨੂੰ ਆਕਾਸ਼ ਵਿਚ ਨਹੀਂ ਮਿਲਣਾ ਕਿਉਂਕਿ ਪਾਣੀ ਤਾਂ ਨੀਚੇ ਸਮੁੰਦਰ ਵਿਚ ਹੈ। ਭਾਵ ਆਤਮਕ ਸ਼ਾਂਤੀ ਤਾਂ ਨਿਮਰਤਾ ਵਿਚ ਹੈ, ਹਉਮੈ ਵਿਚ ਨਹੀਂ। ਮਨੁੱਖ ਆਪਣੇ ਆਪ ਨੂੰ ਵਿਕਾਰਾਂ ਤੋਂ ਬਚਾਉਣ ਲਈ ਸਤਿਸੰਗ ਕਰਦਾ ਹੈ ਪਰ ਉਸ ਦੇ ਅੰਦਰ ਹਉਮੈ ਤੇ ਹੰਕਾਰ ਹਨ ਜੋ ਉਸ ਨੂੰ ਉਪਰ ਵੱਲ ਲਈ ਜਾ ਰਹੇ ਹਨ ਤਾਂ ਉਹ ਵਿਕਾਰਾਂ ਤੋਂ ਬਚ ਨਹੀਂ ਸਕਦਾ।
ਮਨੁੱਖ ਨੂੰ ਜੀਵਨ-ਰਸਤੇ ਦੀ ਸਮਝ ਗੁਰੂ ਦੇ ਸ਼ਬਦ ‘ਤੇ ਵਿਚਾਰ ਕੀਤਿਆਂ ਆਉਂਦੀ ਹੈ। ਗੁਰੂ ਦੇ ਸ਼ਬਦ ਦੀ ਵਿਚਾਰ ਰਾਹੀਂ ਵਿਕਾਰਾਂ ਦੀ ਅੱਗ ਸ਼ਾਂਤ ਹੁੰਦੀ ਹੈ ਅਤੇ ਮਨੁੱਖ ਸੰਸਾਰ-ਸਮੁੰਦਰ ਤੋਂ ਪਾਰ ਲੰਘਦਾ ਹੈ। ਹਉਮੈ ਅੰਦਰੋਂ ਦੂਰ ਹੁੰਦੀ ਹੈ ਅਤੇ ਜੀਵਨ-ਰਸਤਾ ਖੁਲ੍ਹਾ ਹੋ ਜਾਂਦਾ ਹੈ। ਇਸ ਤਰ੍ਹਾਂ ਜਿਹੜਾ ਮਨੁੱਖ ਸਤਿਗੁਰੂ ਦੇ ਸ਼ਬਦ ਦੀ ਵਿਚਾਰ ਰਾਹੀਂ ਜੀਵਨ ਦੇ ਪੱਧਰੇ ਰਸਤੇ ਨੂੰ ਸਮਝ ਲੈਂਦਾ ਹੈ, ਉਹ ਇਸ ਜੀਵਨ-ਰਾਹ ‘ਤੇ ਗੁਰੂ ਦੇ ਆਸਰੇ ਤੁਰਦਾ ਹੈ। ਅਕਾਲ ਪੁਰਖ ਦੇ ਨਾਮ ਦਾ ਸਹਾਰਾ ਲੈਂਦਾ ਹੈ ਅਤੇ ਸਤਿਗੁਰੂ ਦੀ ਬਾਣੀ ਰਾਹੀਂ ਅਕਾਲ ਪੁਰਖ ਦਾ ਨਾਮ ਆਪਣੇ ਅੰਦਰ ਵਸਾਉਂਦਾ ਹੈ। ਗੁਰੂ ਨਾਨਕ ਸਾਹਿਬ ਅਨੁਸਾਰ ਜਦੋਂ ਉਸ ਪਰਵਦਗਾਰ ਦੀ ਮਿਹਰ ਹੁੰਦੀ ਹੈ ਤਾਂ ਮਨੁੱਖ ਉਸ ਦਾ ਦਰ ਪਛਾਣ ਕੇ ਲੱਭ ਲੈਂਦਾ ਹੈ।
ਗੁਰੂ ਅਮਰਦਾਸ ਸਾਹਿਬ ਅਨੁਸਾਰ ਗੁਰੂ ਦਾ ਸ਼ਬਦ ਅੰਮ੍ਰਿਤ ਹੈ ਜਿਸ ਨੂੰ ਪੀਣ ਨਾਲ ਮਨੁੱਖ ਦੇ ਅੰਦਰੋਂ ਹਰ ਤਰ੍ਹਾਂ ਦੀ ਤ੍ਰਿਸ਼ਨਾ ਅਤੇ ਭੁੱਖ, ਜੋ ਕਿ ਪਰਮਸਤਿ ਦੀ ਪ੍ਰਾਪਤੀ ਦੇ ਰਸਤੇ ਵਿਚ ਰੁਕਾਵਟ ਹੈ, ਦੂਰ ਹੋ ਜਾਂਦੀ ਹੈ। ਸ਼ਬਦ ਉਹ ਗਿਆਨ ਹੈ ਜਿਸ ਨੂੰ ਪ੍ਰਾਪਤ ਕਰਕੇ ਮਨੁੱਖ ਦੇ ਅੰਦਰ ਸਤਿ ਦਾ ਵਾਸਾ ਹੁੰਦਾ ਹੈ ਅਤੇ ਉਸ ਦਾ ਮਨ ਹਰ ਤਰ੍ਹਾਂ ਦੇ ਲੋਭ-ਮੋਹ ਆਦਿ ਵਿਕਾਰਾਂ ਤੋਂ ਉਤੇ ਉਠ ਕੇ ਸਹਿਜ-ਅਵਸਥਾ ਵਿਚ ਆ ਜਾਂਦਾ ਹੈ, ਜਿਸ ਦੀ ਇੱਕ ਪਰਤ ਸੰਤੋਖ ਹੈ। ਇਸ ਸਤਿ ਵਿਚ ਮਨ ਨੂੰ ਜੋੜ ਲੈਣ ਨਾਲ ਪਰਮ-ਪਦ ਦੀ ਪ੍ਰਾਪਤੀ ਹੋ ਸਕਦੀ ਹੈ ਅਤੇ ਪਰਮਸਤਿ ਸ਼ਬਦ ਦੇ (ਅਨਹਦ ਸ਼ਬਦ) ਰੂਪ ਵਿਚ ਮਨੁੱਖ ਨੂੰ ਸੁਣਾਈ ਦਿੰਦਾ ਹੈ। ਇਸ ਤਰ੍ਹਾਂ ਸ਼ਬਦ ਗਿਆਨ ਵੀ ਹੈ, ਗਿਆਨ ਦਾ ਸਾਧਨ ਵੀ ਹੈ ਅਤੇ ਪਰਮਸਤਿ ਦਾ ਪ੍ਰਗਟਾਵਾ ਵੀ। ਇਹ ਮਨੁੱਖ ਨੂੰ ਉਦੋਂ ਸੁਣਾਈ ਦਿੰਦਾ ਹੈ ਜਦੋਂ ਉਹ ਸਤਿਗੁਰੂ ਦੇ ਸ਼ਬਦ ਰਾਹੀਂ ਆਪਣੇ ਅੰਦਰ ਪਰਮਸਤਿ ਨੂੰ ਅਨੁਭਵ ਕਰ ਲੈਂਦਾ ਹੈ। ਇਸ ਨੂੰ ਜੋਤ ਦਾ ਪ੍ਰਕਾਸ਼ ਹੋਣਾ ਵੀ ਆਖ ਸਕਦੇ ਹਾਂ।
ਗੁਰੂ ਨਾਨਕ ਸਾਹਿਬ ਨੇ ਰਾਗ ਧਨਾਸਰੀ ਵਿਚ ਸਪਸ਼ਟ ਕੀਤਾ ਗਿਆ ਹੈ ਕਿ ਸਾਰਿਆਂ ਅੰਦਰ ਉਸ ਇੱਕ ਦੀ ਜੋਤਿ ਨਿਵਾਸ ਕਰ ਰਹੀ ਹੈ ਜਿਸ ਦੀ ਰੋਸ਼ਨੀ ਨਾਲ ਸਭ ਦਾ ਅੰਦਰ ਰੁਸ਼ਨਾਉਂਦਾ ਹੈ ਅਤੇ ਗੁਰੂ ਦੀ ਸਿੱਖਿਆ ਨਾਲ ਅਰਥਾਤ ਗੁਰੂ ਦੇ ਸ਼ਬਦ ਦਾ ਅਨੁਸਾਰੀ ਹੋ ਕੇ ਚੱਲਣ ਨਾਲ ਇਹ ਜੋਤਿ ਅੰਦਰ ਪ੍ਰਗਟ ਹੁੰਦੀ ਹੈ। ਸ਼ਬਦ ਇਸ ਜੋਤਿ-ਪ੍ਰਕਾਸ਼ਨ ਲਈ ਪ੍ਰਵਾਨਿਤ ਮਾਧਿਅਮ ਹੈ। ਪਰਮਸਤਿ ਦਾ ਅਨੁਭਵ ਇਸ ਗੁਰਸ਼ਬਦ ‘ਤੇ ਵਿਚਾਰ ਕਰਨ ਨਾਲ ਸੰਭਵ ਹੋ ਸਕਦਾ ਹੈ। ਇਸ ਵਿਚ ਗੁਰੂ ਦੀ ਮਿਹਰ ਵੀ ਸ਼ਾਮਲ ਹੈ। ਇਸ ਦੇ ਨਾਲ ਨਾਲ, ਮਿਹਰ ਦੀ ਪ੍ਰਾਪਤੀ ਲਈ ਮਨ ਦਾ ਸੱਚਾ ਅਤੇ ਨਿਰਮਲ (ਵਿਕਾਰਾਂ ਦੀ ਮੈਲ ਤੋਂ ਰਹਿਤ) ਹੋਣਾ ਵੀ ਜ਼ਰੂਰੀ ਹੈ। ਅਜਿਹੇ ਸੱਚੇ ਅਤੇ ਨਿਰਮਲ ਮਨ ਵਿਚ ਸ਼ਬਦ (ਪਰਮਸਤਿ) ਦੀ ਪਿਆਸ ਜਾਗਦੀ ਹੈ। ਗੁਰਮਤਿ ਦਰਸ਼ਨ ਵਿਚ ਸ਼ਬਦ ਨੂੰ ਵਿਚਾਰ ਨਾਲ ਜੋੜਿਆ ਗਿਆ ਹੈ ਅਰਥਾਤ ਗੁਰੂ ਸਾਹਿਬਾਨ ਨੇ ਸ਼ਬਦ ਦੀ ਵਿਚਾਰ ਕਰਨ ਦਾ ਆਦੇਸ਼ ਕੀਤਾ ਹੈ। ਜਿਨ੍ਹਾਂ ਮਨੁੱਖਾਂ ਦਾ ਮਨ ਸ਼ਬਦ ਦੀ ਵਿਚਾਰ ਨਾਲ ਨਿਰਮਲ ਹੋ ਜਾਂਦਾ ਹੈ, ਉਨ੍ਹਾਂ ਦੇ ਮਨ ਵਿਚ ਸਤਿ ਦਾ ਵਾਸ ਹੋ ਜਾਂਦਾ ਹੈ। ਅਜਿਹੇ ਮਨੁੱਖਾਂ ਨੂੰ ਹੀ ਗੁਰਮਤਿ ਵਿਚ ਸਚਿਆਰ, ਗੁਰਮੁਖਿ ਅਤੇ ਬ੍ਰਹਮਗਿਆਨੀ ਕਿਹਾ ਹੈ। ਅਜਿਹੇ ਮਨੁੱਖਾਂ ਦੀ ਪ੍ਰਾਪਤੀ ਦਾ ਪ੍ਰਗਟਾਵਾ ਉਨ੍ਹਾਂ ਦੀ ਕਰਣੀ ਵਿਚੋਂ ਹੁੰਦਾ ਹੈ। ਗੁਰਮਤਿ ਅਨੁਸਾਰ ਸ਼ਬਦ ਦੀ ਪ੍ਰਾਪਤੀ ਵਾਲੇ ਮਨੁੱਖ ਦਾ ਵਿਅਕਤੀਤਵ ਵਿਕਾਸਮਈ ਹੋ ਜਾਂਦਾ ਹੈ, ਖੜੋਤ ਦੀ ਸੰਭਾਵਨਾ ਦਾ ਖਾਤਮਾ ਹੋ ਜਾਂਦਾ ਹੈ, ਜਿਸ ਨੂੰ ਗੁਰੂ ਮਹਾਰਾਜ ਨੇ ‘ਗੁਰਮੁਖਿ ਬੁਢੇ ਕਦੇ ਨਾਹੀ’ ਕਿਹਾ ਹੈ। ਇਹ ਗੁਰਮਤਿ ਵਿਚਾਰਧਾਰਾ ਦੀ ਰਵਾਇਤੀ ਭਾਰਤੀ ਵਿਚਾਰਧਾਰਾ ਨਾਲੋਂ ਵਿਲੱਖਣਤਾ ਹੈ।
ਗੁਰੂ ਰਾਮਦਾਸ ਸਾਹਿਬ ਨੇ ਸ਼ਬਦ ਨੂੰ ਅਨਹਦ, ਪਰਮਸਤਿ, ਗਿਆਨ ਅਤੇ ਗਿਆਨ ਪ੍ਰਾਪਤੀ ਦੇ ਸਾਧਨ ਰੂਪ ਵਿਚ ਦਰਸਾਇਆ ਹੈ। ਗੁਰੂ ਰਾਮਦਾਸ ਸਾਹਿਬ ਅਨੁਸਾਰ ਪਰਮਸਤਿ ਸ਼ਬਦ-ਰੂਪ ਹੋ ਕੇ ਸਾਰੀ ਰਚਨਾ ਵਿਚ ਰਮ ਰਿਹਾ ਹੈ। ਇਸ ਦਾ ਗਿਆਨ ਵੀ ਸ਼ਬਦ ਰਾਹੀਂ ਪ੍ਰਾਪਤ ਹੁੰਦਾ ਹੈ। ਰਾਗ ਵਡਹੰਸੁ ਵਿਚ ਗੁਰੂ ਰਾਮਦਾਸ ਸਾਹਿਬ ਦੀ ਰਚਨਾ ‘ਘੋੜੀਆਂ’ ਦੇ ਰੂਪ ਵਿਚ ਕੀਤੀ ਗਈ ਮਿਲਦੀ ਹੈ। ‘ਘੋੜੀਆਂ’ ਪੰਜਾਬੀ ਲੋਕ ਪਰੰਪਰਾ ਵਿਚ ਲੜਕੇ ਦੇ ਵਿਆਹ ਤੋਂ ਪਹਿਲਾਂ ਗਾਏ ਜਾਣ ਵਾਲੇ ਗੀਤ ਹਨ। ਇਥੇ ਗੁਰੂ ਰਾਮਦਾਸ ਸਾਹਿਬ ਦੱਸਦੇ ਹਨ ਕਿ ਜਿਸ ਮਨੁੱਖ ਦੇ ਹਿਰਦੇ ਵਿਚ ਗੁਰੂ ਨੇ ਆਤਮ ਜੀਵਨ ਦਾ ਗਿਆਨ ਦ੍ਰਿੜ ਕਰਵਾ ਦਿੱਤਾ ਹੈ, ਉਸ ਨੇ ਸਮਝੋ ਆਪਣੀ ਕਾਇਆ ਰੂਪੀ ਘੋੜੀ ਦੇ ਮੂੰਹ ਵਿਚ ਲਗਾਮ ਪਾ ਲਈ ਹੈ। ਅਜਿਹੇ ਹਿਰਦੇ ਵਿਚ ਅਕਾਲ ਪੁਰਖ ਦਾ ਪ੍ਰੇਮ ਪੈਦਾ ਹੁੰਦਾ ਹੈ ਜੋ ਇੱਕ ਤਰ੍ਹਾਂ ਨਾਲ ਕਾਇਆ-ਘੋੜੀ ਨੂੰ ਚਾਬੁਕ ਮਾਰਨਾ ਹੈ ਜਿਸ ਨਾਲ ਮਨ ਵੱਸ ਵਿਚ ਰਹਿੰਦਾ ਹੈ। ਪਰ ਇਸ ਮਨ ਨੂੰ ਗੁਰੂ ਦੀ ਸ਼ਰਨ ਪੈ ਕੇ ਹੀ ਜਿੱਤਿਆ ਜਾ ਸਕਦਾ ਹੈ। ਅਜਿਹਾ ਮਨੁੱਖ ਗੁਰੂ ਦਾ ਸ਼ਬਦ ਪ੍ਰਾਪਤ ਕਰਦਾ ਹੈ ਅਤੇ ਆਤਮਕ ਜੀਵਨ ਦੇਣ ਵਾਲਾ ਅਕਾਲ ਪੁਰਖ ਦਾ ਨਾਮ-ਰਸ ਪੀਂਦਾ ਰਹਿੰਦਾ ਹੈ ਅਤੇ ਆਪਣੇ ਅਲ੍ਹੜ ਮਨ ਨੂੰ ਸਾਧ ਲੈਂਦਾ ਹੈ। ਗੁਰੂ ਦੀ ਉਚਾਰੀ ਬਾਣੀ ਨੂੰ ਸੁਣਦਾ ਅਤੇ ਉਸ ਨੂੰ ਆਪਣੇ ਅੰਦਰ ਵਸਾਉਂਦਾ ਹੈ, ਜਿਸ ਨਾਲ ਪਰਮਾਤਮਾ ਦਾ ਪ੍ਰੇਮ ਪੈਦਾ ਹੁੰਦਾ ਹੈ ਅਤੇ ਕਾਇਆ-ਘੋੜੀ ‘ਤੇ ਸਵਾਰ ਹੁੰਦਾ ਹੈ ਭਾਵ ਉਸ ਨੂੰ ਵੱਸ ਵਿਚ ਕਰ ਲੈਂਦਾ ਹੈ। ਗੁਰੂ ਰਾਮਦਾਸ ਸਾਹਿਬ ਦੱਸਦੇ ਹਨ ਕਿ ਇਹ ਜੀਵਨ ਦਾ ਪੰਧ ਬਹੁਤ ਔਖਾ ਹੈ ਪਰ ਗੁਰੂ ਦੇ ਸਨਮੁਖ ਹੋ ਕੇ ਮਨੁੱਖ ਇਸ ਨੂੰ ਪਾਰ ਕਰ ਲੈਂਦਾ ਹੈ।
ਪੰਚਮ ਪਾਤਿਸ਼ਾਹ ਗੁਰੂ ਅਰਜਨ ਦੇਵ ਅਨੁਸਾਰ ਪਰਮਸਤਿ ਸ਼ਬਦ ਰੂਪ ਹੋ ਕੇ ਸਾਰੀ ਸ੍ਰਿਸ਼ਟੀ ਵਿਚ ਰਮ ਰਿਹਾ ਹੈ। ਜਦੋਂ ਜਗਿਆਸੂ ਉਸ ਪਰਮਸਤਿ ਨੂੰ ਆਪਣੇ ਅਨੁਭਵ ਵਿਚ ਉਤਾਰ ਲੈਂਦਾ ਹੈ ਤਾਂ ਅਨਹਦ ਸ਼ਬਦ ਸੁਣਾਈ ਦੇਣ ਲੱਗ ਪੈਂਦਾ ਹੈ। ਸ਼ਬਦ ਬਾਣੀ ਹੈ। ਗੁਰੂ ਸਾਹਿਬਾਨ ਨੂੰ ਪਰਮਸਤਿ ਦਾ ਜੋ ਰਹੱਸਾਤਮਕ ਅਨੁਭਵ ਹੋਇਆ, ਉਸ ਨੂੰ ਉਨ੍ਹਾਂ ਨੇ ਸ਼ਬਦ ਰਾਹੀਂ ਪ੍ਰਗਟ ਕੀਤਾ ਅਤੇ ਬਾਣੀ ਹੀ ਗੁਰੂ ਹੈ। ਗੁਰੂ ਰਾਮਦਾਸ ਸਾਹਿਬ ਗੁਰੂ ਗ੍ਰੰਥ ਸਾਹਿਬ ਦੇ ਪੰਨਾ 982 ‘ਤੇ ਰਾਗੁ ਨਟਨਾਰਾਇਣ ਵਿਚ ਇਹ ਤੱਥ ਸਪੱਸ਼ਟ ਕਰਦੇ ਹਨ ਕਿ ਗੁਰੂ ਦੀ ਬਾਣੀ ਗੁਰੂ ਹੈ ਅਰਥਾਤ ਸਿੱਖ ਦੀ ਰਾਹਨੁਮਾਈ ਕਰਦੀ ਹੈ ਅਤੇ ਗੁਰੂ ਬਾਣੀ ਵਿਚ ਮੌਜੂਦ ਹੈ। ਗੁਰੂ ਦੀ ਬਾਣੀ ਵਿਚ ਨਾਮ ਰੂਪੀ ਅੰਮ੍ਰਿਤ-ਜਲ ਹੈ ਜੋ ਮਨੁੱਖ ਨੂੰ ਆਤਮਕ ਜੀਵਨ ਦਿੰਦਾ ਹੈ, ਜਿਸ ਨੂੰ ਜਗਿਆਸੂ ਆਪਣੇ ਹਿਰਦੇ ਵਿਚ ਸਾਂਭ ਕੇ ਰੱਖਦਾ ਹੈ। ਗੁਰੂ ਬਾਣੀ ਉਚਾਰਦਾ ਹੈ ਅਤੇ ਗੁਰੂ ਦਾ ਸੇਵਕ (ਸਿੱਖ) ਉਸ ਬਾਣੀ ਉਤੇ ਸ਼ਰਧਾ ਧਾਰਦਾ ਹੈ। ਗੁਰੂ ਉਸ ਨੂੰ ਯਕੀਨਨ ਇਸ ਸੰਸਾਰ-ਸਾਗਰ ਤੋਂ ਪਾਰ ਲੰਘਾ ਦਿੰਦਾ ਹੈ। ਗੁਰੂ ਅਰਜਨ ਦੇਵ ਜੀ ਨੇ ਗੁਰੂ ਸਾਹਿਬਾਨ ਅਤੇ ਗੁਰੂ-ਸਿਧਾਂਤਾਂ ਨਾਲ ਸਮਸਵਰਤਾ ਰੱਖਣ ਵਾਲੀ ਭਗਤਾਂ, ਸੂਫੀ ਸੰਤਾਂ ਅਤੇ ਭੱਟਾਂ ਦੀ ਬਾਣੀ ਇੱਕ ਥਾਂ ਸੰਕਲਨ ਕਰਕੇ ਇਸ ਨੂੰ ਧਰਮ-ਗ੍ਰੰਥ ਦੇ ਰੂਪ ਵਿਚ 1604 ਈæ ਨੂੰ ਹਰਿਮੰਦਰ ਸਾਹਿਬ ਵਿਚ ਪਹਿਲਾ ਪ੍ਰਕਾਸ਼ ਕੀਤਾ। ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਜੋਤੀ ਜੋਤਿ ਸਮਾਉਣ ਤੋਂ ਪਹਿਲਾਂ ਬਾਕਾਇਦਾ ਗੁਰਮਤਿ ਪਰੰਪਰਾ ਅਨੁਸਾਰ ‘ਗ੍ਰੰਥ ਸਾਹਿਬ’ ਨੂੰ ਗੁਰਗੱਦੀ ਦੇ ਕੇ ਆਉਣ ਵਾਲੇ ਸਰਬ ਸਮਿਆਂ ਵਾਸਤੇ ਸ਼ਬਦ ਗੁਰੂ ਥਾਪ ਦਿੱਤਾ ਅਤੇ ਪੰਥ ਨੂੰ ਸ਼ਬਦ ਗੁਰੂ ਤੋਂ ਅਗਵਾਈ ਲੈਣ ਦਾ ਆਦੇਸ਼ ਕੀਤਾ।।
ਇਸ ਸਾਰੀ ਵਿਚਾਰ-ਚਰਚਾ ਦਾ ਸਿੱਟਾ ਇਹ ਨਿਕਲਦਾ ਹੈ ਕਿ ਗੁਰਮਤਿ ਵਿਚ ਸ਼ਬਦ ਦਾ ਵੱਖ-ਵੱਖ ਸੰਦਰਭਾਂ ਵਿਚ ਇੱਕ ਤੋਂ ਵੱਧ ਅਰਥਾਂ ਵਿਚ ਪ੍ਰਯੋਗ ਹੋਇਆ ਹੈ। ਸ਼ਬਦ ਪਰਮਸਤਿ ਦਾ ਪ੍ਰਗਟਾਓ ਹੈ। ਪਰਮਸਤਿ ਮਨੁੱਖੀ ਮਨ ਵਿਚ ਸ਼ਬਦ-ਰੂਪ ਹੋ ਕੇ ਰਮ ਰਹਿਆ ਹੈ। ਸ਼ਬਦ ਉਚਤਮ ਸਤਿ ਦੇ ਪ੍ਰਕਾਸ਼ਨ ਦਾ ਸਾਧਨ ਹੈ। ਇਸ ਸਤਿ ਦੀ ਪ੍ਰਾਪਤੀ ਸ਼ਬਦ ਦੀ ਵਿਚਾਰ, ਮਨਣ ਅਤੇ ਧਿਆਨ ਰਾਹੀਂ ਹੁੰਦੀ ਹੈ। ਪਰਮਸਤਿ ਦਾ ਰਹੱਸਾਤਮਕ ਅਨੁਭਵ ਸ਼ਬਦ ਰਾਹੀਂ ਪ੍ਰਗਟ ਹੋ ਸਕਦਾ ਹੈ। ਜਦੋਂ ਜਗਿਆਸੂ ਦਾ ਮਨ ਪਰਮਸਤਿ ਦਾ ਅਨੁਭਵ ਕਰ ਲੈਂਦਾ ਹੈ ਤਾਂ ਪਰਮਸਤਿ ਉਸ ਦੇ ਹਿਰਦੇ ਅੰਦਰ ਅਨਹਦ-ਨਾਦ (ਸ਼ਬਦ) ਦੇ ਰੂਪ ਵਿਚ ਸੁਣਾਈ ਦੇਣ ਲੱਗ ਪੈਂਦਾ ਹੈ। ਗੁਰਮਤਿ ਅਨੁਸਾਰ ਇਸ ਅਨਹਦ-ਨਾਦ ਦੇ ਅਨੁਭਵ ਲਈ ਮਨੁੱਖ ਨੂੰ ਕਿਸੇ ਯੋਗ-ਅਭਿਆਸ ਜਾਂ ਤਪੱਸਵੀ-ਇਕਾਂਤਕਤਾ ਦੀ ਮਾਨਤਾ ਦੀ ਜ਼ਰੂਰਤ ਨਹੀਂ ਹੈ। ਮਨੁੱਖ ਨੂੰ ਹਉਮੈ ਅਤੇ ਮਾਇਆ ‘ਤੇ ਕਾਬੂ ਪਾਉਣ ਦੀ ਲੋੜ ਹੈ ਜੋ ਮਨੁੱਖ ਦੇ ਅਕਾਲ ਪੁਰਖ ਨਾਲੋਂ ਵਿਛੋੜੇ ਦਾ ਕਾਰਨ ਬਣਦੀ ਹੈ। ਇਹ ਅਗਿਆਨ ਹੈ ਜਿਸ ਨੂੰ ਜਪੁਜੀ ਸਾਹਿਬ ਵਿਚ ‘ਕੂੜੈ ਪਾਲਿ’ ਕਿਹਾ ਹੈ। ਇਸ ‘ਕੂੜੈ ਪਾਲਿ’ ਨੂੰ ਤੋੜਨ ਲਈ ਗੁਰੂ ਰਾਹੀਂ ਜੋ ਸ਼ਬਦ ਪ੍ਰਾਪਤ ਹੋਇਆ ਹੈ, ਉਸ ਦੀ ਵਿਚਾਰ, ਮਨਣ ਅਤੇ ਧਿਆਨ ਸਮਰੱਥ ਸਾਧਨ ਹੈ।
ਗੁਰਮਤਿ ਅਨੁਸਾਰ ਸ਼ਬਦ ਗੁਰੂ ਹੈ ਅਤੇ ਗੁਰੂ ਸ਼ਬਦ ਹੈ। ਸ਼ਬਦ ਹੀ ਗਿਆਨ ਹੈ ਅਤੇ ਸ਼ਬਦ ਹੀ ਗਿਆਨ ਦਾ ਸਭ ਤੋਂ ਉਤਮ ਸਾਧਨ ਹੈ। ਇਸ ਵਿਚ ਕੋਈ ਵਿਰੋਧਾਭਾਸ ਨਹੀਂ ਹੈ, ਜਿਸ ਤਰ੍ਹਾਂ ਗੁਰਮਤਿ ਵਿਚ ‘ਆਪੇ ਗੁਰ ਚੇਲਾ’ ਵਿਚ ਕੋਈ ਵਿਰੋਧਾਭਾਸ ਨਹੀਂ ਹੈ। ਇਸੇ ਤਰ੍ਹਾਂ ਸ਼ਬਦ ਉਚਤਮ ਗਿਆਨ ਹੈ ਅਤੇ ਸ਼ਬਦ ਉਚਤਮ ਗਿਆਨ ਦਾ ਸਾਧਨ ਹੈ; ਇਸ ਵਿਚ ਵੀ ਕੋਈ ਵਿਰੋਧਾਭਾਸ ਨਹੀਂ ਹੈ। ਸ਼ਬਦ ਗਿਆਨ ਹੈ ਜੋ ਮਨੁੱਖ ਨੂੰ ਸੱਚੀ ਰਹਿਣੀ ਦਾ ਰਸਤਾ ਦੱਸਦਾ ਹੈ। ਸਿੱਖ ਧਰਮ ਵਿਚ ਗੁਰੂ ਗ੍ਰੰਥ ਸਾਹਿਬ ਦੇ ਰੂਪ ਵਿਚ ਸ਼ਬਦ ਉਚਤਮ ਸਤਿ ਦੇ ਗਿਆਨ ਦੀ ਪ੍ਰਾਪਤੀ ਦਾ ਸਾਧਨ ਹੈ ਕਿਉਂਕਿ ਇਹ ਗਿਆਨ ਗੁਰੂ ਦੇ ਸ਼ਬਦ ਉਤੇ ਵਿਚਾਰ ਕਰਨ ਅਤੇ ਧਿਆਨ ਧਰਨ ਨਾਲ ਪ੍ਰਾਪਤ ਹੁੰਦਾ ਹੈ। ਜਗਿਆਸੂ ਨੂੰ ਪਰਮਸਤਿ ਦਾ ਜੋ ਅਨੁਭਵ ਹੁੰਦਾ ਹੈ, ਉਸ ਨੂੰ ਪ੍ਰਗਟ ਕਰਨ ਦਾ ਸ਼ਬਦ ਤੋਂ ਬਿਨਾ ਹੋਰ ਕੋਈ ਸਮਰੱਥ ਸਾਧਨ ਨਹੀਂ ਹੈ। ਗੁਰੂ ਸਾਹਿਬਾਨ ਨੂੰ ਅਕਾਲ ਪੁਰਖ ਨਾਲ ਇਕਸੁਰਤਾ ਦੇ ਪਲਾਂ ਵਿਚ ਸਤਿ ਦਾ ਜੋ ਇਲਹਾਮ ਹੋਇਆ, ਗੁਰੂ ਗ੍ਰੰਥ ਸਾਹਿਬ ਦੀ ਬਾਣੀ ਰਾਹੀਂ ਉਸੇ ਦਾ ਪ੍ਰਗਟਾਓ ਸ਼ਬਦ ਰੂਪ ਵਿਚ ਕਾਇਮ ਹੈ। ਇਸ ਲਈ ਸ਼ਬਦ ਗੁਰੂ ਹੈ ਜਿਸ ਤੋਂ ਅਗਵਾਈ ਲੈਣੀ ਹੈ।
ਇਸ ਵਿਚਾਰ-ਚਰਚਾ ਤੋਂ ਇੱਕ ਹੋਰ ਅਹਿਮ ਗੱਲ ਸਾਹਮਣੇ ਆਉਂਦੀ ਹੈ। ਉਹ ਇਹ ਹੈ ਕਿ ਗੁਰੂ ਸਾਹਿਬਾਨ ਨੇ ਸ਼ਬਦ ਨੂੰ ਸੁਣਨ (ਜਪੁਜੀ ਵਿਚ ਇਸ ਦਾ ਵਿਸਥਾਰ ਪ੍ਰਾਪਤ ਹੈ), ਮਨਣ-ਵਿਚਾਰ ਅਤੇ ਧਿਆਨ ਨਾਲ ਜੋੜਿਆ ਹੋਇਆ ਹੈ। ਜਦੋਂ ਗੁਰੂ-ਸ਼ਬਦ ‘ਤੇ ਵਿਚਾਰ ਕਰਨੀ ਹੈ, ਉਸ ਦਾ ਮਨਣ ਕਰਨਾ ਹੈ, ਉਸ ਨੂੰ ਆਪਣੇ ਧਿਆਨ ਵਿਚ ਵਸਾਉਣਾ ਹੈ ਤਾਂ ਹੀ ਉਸ ਨੇ ਮਨੁੱਖ ਦੇ ਵਿਅਕਤੀਤਵ ਦੀ ਘਾੜਤ ਕਰਨੀ ਹੈ ਅਤੇ ਉਸ ਦੇ ਵਿਅਕਤੀਤਵ ਦਾ ਹਿੱਸਾ ਬਣਨਾ ਹੈ। ਵਿਚਾਰ ਰਾਹੀਂ ਮਨੁੱਖ ਦੇ ਵਿਅਕਤੀਤਵ ਦਾ ਹਿੱਸਾ ਬਣਿਆ ਸ਼ਬਦ ਹੀ ਮਨੁੱਖ ਨੂੰ ਵਿਕਾਸਸ਼ੀਲ ਅਤੇ ਉਸਾਰੂ ਬਣਾਉਂਦਾ ਹੈ, ਜਿਸ ਨਾਲ ਇੱਕ ਵਿਲੱਖਣ ਵਿਅਕਤੀਤਵ ਪੈਦਾ ਹੁੰਦਾ ਹੈ। ਇਹ ਵਿਅਕਤੀਤਵ ਮਾਣਸ ਤੋਂ ਦੇਵਤਾ ਥੀਣ ਤੱਕ ਦਾ ਸਫਰ ਹੈ ਜਿਸ ਦੀ ਸਮਰੱਥਾ ਸ਼ਬਦ ਗੁਰੂ ਵਿਚ ਹੈ ਅਤੇ ਇਸੇ ਵਿਚ ਸ਼ਬਦ ਦੇ ਸੰਕਲਪ ਦਾ ਪਰਿਪੇਖ ਲੁਪਤ ਹੈ।
ਬਾਣੀ ਨੂੰ, ਸ਼ਬਦ ਨੂੰ ਕਿਉਂਕਿ ਸੁਣਨਾ ਹੈ, ਮਨਣ ਕਰਨਾ ਹੈ, ਵਿਚਾਰਨਾ ਹੈ ਅਤੇ ਧਿਆਨ ਵਿਚ ਵਸਾਉਣਾ ਹੈ; ਇਸ ਲਈ ਬਾਣੀ ਨਾ ਕੋਈ ਤੋਤੇ-ਰਟਣੀ ਹੈ ਅਤੇ ਨਾ ਹੀ ਮੰਤਰੀਕਰਣ ਹੈ ਜਿਸ ਦੇ ਜਪਣ ਨਾਲ ਕੋਈ ਕ੍ਰਿਸ਼ਮਾ ਜਾਂ ਮਿਰੇਕਲ ਵਾਪਰਨਾ ਹੈ ਜਿਸ ਤਰ੍ਹਾਂ ਕਈ ਹੋਰ ਧਰਮਾਂ ਵਿਚ ਮੰਨਿਆ ਜਾਂਦਾ ਹੈ। ਬਾਣੀ ਦਾ ਸਭ ਤੋਂ ਵੱਡਾ ਕ੍ਰਿਸ਼ਮਾ ਇਹ ਹੈ ਕਿ ਇਸ ਨੇ ਮਨੁੱਖ ਦੇ ਵਿਅਕਤੀਤਵ ਨੂੰ ਘੜਨਾ ਹੈ, ਉਸ ਨੂੰ ਮਾਣਸ ਤੋਂ ਦੇਵਤਾ ਬਣਾਉਣਾ ਹੈ ਅਰਥਾਤ ਉਸ ਦੀ ਸਖਸ਼ੀਅਤ ਵਿਚ ਦੇਵ-ਗੁਣ ਪੈਦਾ ਕਰਨੇ ਹਨ। ਅੱਜ ਕੱਲ੍ਹ ਕੀ ਹੋ ਰਿਹਾ ਹੈ? ਅਸੀਂ ਗੁਰੂ ਸਾਹਿਬਾਨ ਦੀ ਸ਼ਬਦ ਨੂੰ ਗ੍ਰਹਿਣ ਕਰਨ ਦੀ ਵਿਧੀ ਅਪਨਾਉਣ ਦੀ ਥਾਂ ਇਸ ਦਾ ਮੰਤਰੀਕਰਣ ਕਰ ਲਿਆ ਹੈ ਅਤੇ ਸ਼ਬਦ-ਗੁਰੂ ਦੀ ਸੇਵਾ ਇਹ ਹੈ ਕਿ ਉਸ ਵਿਚ ਦੱਸੀ ਜੀਵਨ ਜਾਚ ਨੂੰ ਅਪਨਾਈਏ; ਪਰ ਇਸ ਦੀ ਥਾਂ ਅਸੀਂ ਉਸ ਕਿਸਮ ਦੇ ਮੂਰਤੀ-ਪੂਜ ਹੋ ਗਏ ਹਾਂ ਜਿਸ ਦਾ ਖੰਡਨ ਗੁਰੂ ਨਾਨਕ ਸਾਹਿਬ ਨੇ ਆਸਾ ਦੀ ਵਾਰ ਵਿਚ ਕੀਤਾ ਹੈ। ਸ਼ਬਦ ਗੁਰੂ ਦੀ ਸੇਵਾ ਅਸੀਂ ਸਰਦੀ ਦੇ ਮੌਸਮ ਵਿਚ ਗੁਰੂ ਗ੍ਰੰਥ ਸਾਹਿਬ ਦਾ ਸੁਖ-ਆਸਣ ਰਜਾਈ ਅਤੇ ਕੰਬਲ ਵਿਚ ਕਰਨਾ ਅਤੇ ਗਰਮ ਮੌਸਮ ਵਿਚ ਏæਸੀæ ਚਲਾਉਣ ਵਿਚ ਸਮਝਣ ਲੱਗ ਪਏ ਹਾਂ। ਸ਼ਬਦ ਦੇ ਅਨੁਸਾਰੀ ਹੋ ਕੇ ਚੱਲਣ ਦੀ ਥਾਂ ਸੁੱਖਣਾ ਸੁੱਖਣ ਲੱਗ ਪਏ ਹਾਂ ਕਿ ਜੇ ਫਲਾਣਾ ਕੰਮ ਹੋ ਜਾਵੇ ਤਾਂ ਫਲਾਣੇ ਗੁਰਦੁਆਰੇ ਅਖੰਡ ਪਾਠ ਕਰਾਵਾਂਗੇ। ਇੱਕ ਇੱਕ ਗੁਰਦੁਆਰੇ ਵਿਚ (ਸ਼੍ਰੋਮਣੀ ਕਮੇਟੀ ਇਸ ਕੰਮ ਲਈ ਸਭ ਤੋਂ ਅੱਗੇ ਹੈ) ਇੱਕੋ ਸਥਾਨ ‘ਤੇ ਇੱਕੋ ਵੇਲੇ ਕਈ ਕਈ ਅਖੰਡ ਪਾਠ ਹੋ ਰਹੇ ਹੁੰਦੇ ਹਨ ਜੋ ਪਾਠੀ ਸਿੰਘ ਆਪਣੇ ਮੁੰਹ ਵਿਚ ਕਰ ਰਹੇ ਹੁੰਦੇ ਹਨ। ਬਾਣੀ ਤਾਂ ਸੁਣਨ ਅਤੇ ਮਨਣ ਕਰਨ ਲਈ ਹੈ। ਜਦੋਂ ਪਾਠੀ ਸਿੰਘ ਮੂੰਹ ਵਿਚ ਪਾਠ ਕਰ ਰਿਹਾ ਹੈ ਤਾਂ ਬਾਣੀ ਦਾ ਸੁਣਨਾ ਕਿੱਥੇ ਸ਼ਾਮਲ ਹੈ? ਉਹ ਮਨੁੱਖੀ ਵਿਅਕਤੀਤਵ ਤੇ ਕਿਸ ਤਰ੍ਹਾਂ ਅਸਰ-ਅੰਦਾਜ਼ ਹੋਵੇਗਾ? ਇਹੀ ਨਹੀਂ ਵਿਦੇਸ਼ਾਂ ਵਿਚ ਬੈਠੇ ਸ਼ਰਧਾਲੂ ਵੀ ਪੈਸੇ ਭੇਜ ਕੇ ਹਰਿਮੰਦਰ ਸਾਹਿਬ ਅਖੰਡ ਪਾਠ ਕਰਾਉਂਦੇ ਹਨ। ਕੀ ਬਾਣੀ ਨੂੰ ਸਰਵਣ ਕਰਨ, ਉਸ ਨੂੰ ਮਨ ਵਿਚ ਵਸਾਉਣ ਤੋਂ ਬਿਨਾ ਹੀ ਕੋਈ ਪਾਰ-ਉਤਾਰਾ ਹੋ ਸਕਦਾ ਹੈ? ਜੋ ਕਰਨਾ ਚਾਹੀਦਾ ਹੈ, ਉਸ ਨੂੰ ਛੱਡ ਕੇ ਹੋਰ ਕਿਸਮ ਦਾ ਵਪਾਰ ਕਰਨ ਲੱਗ ਪਏ ਹਾਂ। ਸੋਚਣ ਵਾਲੀ ਗੱਲ ਇਹ ਹੈ ਕਿ ਕੀ ਗੁਰੂ ਸਾਹਿਬ ਨੇ ਬਾਣੀ ਨੂੰ ਪੜ੍ਹਨ-ਸੁਣਨ ਤੋਂ ਬਿਨਾ ਹੀ ਇਸ ਕਿਸਮ ਦੀ ਕਿਸੇ ਪ੍ਰਾਪਤੀ ਵੱਲ ਸੰਕੇਤ ਮਾਤਰ ਵੀ ਕੀਤਾ ਹੈ?