ਚਮਚਿਆਂ ਦੀ ਚਮਚਾਗਿਰੀ ਦੀ ਚਰਚਾ

ਤਰਲੋਚਨ ਸਿੰਘ ਦੁਪਾਲਪੁਰ
ਫੋਨ: 408-915-1268
ਡਾਇਨਿੰਗ ਟੇਬਲ ਉਤੇ ਚਮਕਦੇ ਪਏ ਬੇ-ਜਾਨ ਚਮਚੇ ਉਹ ਕੰਮ ਨਹੀਂ ਕਰ ਸਕਦੇ, ਜਿਹੜਾ ਕੰਮ ਜਿਉਂਦੇ ਜਾਗਦੇ ਮਨੁੱਖੀ ਜਾਮਾ ਧਾਰੀ ਚਮਚੇ ਕਰ ਸਕਦੇ ਹਨ। ਇੰਜ ਵੀ ਕਿਹਾ ਜਾ ਸਕਦਾ ਹੈ ਕਿ ਖਾਣ-ਪੀਣ ਵੇਲੇ ਚਮਚਿਆਂ ਬਗੈਰ ਔਖੇ ਸੌਖੇ ਸਾਰਿਆ ਜਾ ਸਕਦਾ ਹੈ, ਪਰ ਜਿਥੇ ਮਨੁੱਖੀ ਚਮਚਿਆਂ ਦੀ ਲੋੜ ਹੋਵੇ, ਉਥੇ ਉਨ੍ਹਾਂ ਦੀ ਹਾਜ਼ਰੀ ਬਿਨਾਂ ਸਾਰਾ ਕੁਝ ਅਧੂਰਾ ਜਿਹਾ ਲੱਗਦਾ ਹੈ।

ਇਸੇ ਕਰ ਕੇ ਆਮ ਘਰਾਂ ਤੋਂ ਲੈ ਕੇ ਛੋਟੇ-ਵੱਡੇ ਸਰਕਾਰੀ, ਗੈਰ-ਸਰਕਾਰੀ ਦਫਤਰਾਂ ਜਾਂ ਕਾਰੋਬਾਰੀ ਧੰਦਿਆਂ ਦੇ ਪ੍ਰਬੰਧਕੀ ਸਿਸਟਮ ਵਿਚ ਚਮਚਿਆਂ ਦੇ ਝੰਡੇ ਝੂਲਦੇ ਦੇਖੇ ਜਾ ਸਕਦੇ ਹਨ। ਘਰ ਵਿਚ ਝਾਤੀ ਮਾਰ ਲਓ, ਜੇ ਕਿਤੇ ਕੋਈ ਪਤੀ ਆਪਣੀ ਸ੍ਰੀਮਤੀ ਦੀ ਲੋੜੋਂ ਵੱਧ ਤਾਰੀਫ਼ ਕਰ ਰਿਹਾ ਹੋਵੇ ਤਾਂ ਸਮਝੋ ਉਹ ਨੇੜ ਭਵਿੱਖ ਵਿਚ ਪਤਨੀ ਵੱਲੋਂ ਕੀਤੀ ਜਾਣ ਵਾਲੀ ਕਿਸੇ ਖ਼ਰਚੀਲੀ ਮੰਗ ਤੋਂ ਖਹਿੜਾ ਛੁਡਾਉਣ ਲਈ ਚਾਪਲੂਸੀ ਕਰ ਰਿਹਾ ਹੈ। ਇਸੇ ਤਰ੍ਹਾਂ ਜੇ ਕੋਈ ਸ੍ਰੀਮਤੀ ਆਪਣੇ ਪਤੀ ਦੇਵ ਦੀਆਂ ਸਿਫ਼ਤਾਂ ਦੇ ਪੁਲ ਬੰਨ੍ਹ ਰਹੀ ਹੋਵੇ ਤਾਂ ਸਮਝੋ ਕਿ ਕੋਈ ‘ਵੱਡਾ ਸਵਾਲ’ ਪਤੀ ਦੇ ਗਲ ਪੈਣ ਹੀ ਵਾਲਾ ਹੈ; ਤਦੇ ਹੀ ਚਾਪਲੂਸੀ ਦੀ ਬੂੰਦਾ-ਬਾਂਦੀ ਹੋ ਰਹੀ ਹੈ।
ਸਿਆਸਤ ਦਾ ਪਿੜ ਤਾਂ ਚੱਲਦਾ ਹੀ ਚਮਚਿਆਂ ਦੇ ਸਿਰ ‘ਤੇ ਹੈ। ਇਹ ਗੱਲ ਵੱਖਰੀ ਹੈ ਕਿ ਇਸ ਖੇਤਰ ਦੇ ਚਮਚੇ ਕੁਝ ਜ਼ਿਆਦਾ ਹੀ ਢੀਠ ਤੇ ਵਾਟਰ-ਪਰੂਫ਼ ਘੜੀਆਂ ਵਾਂਗ ‘ਸ਼ਰਮ ਪਰੂਫ਼’ ਹੋਣੇ ਚਾਹੀਦੇ ਹਨ; ਤਾਂ ਹੀ ਉਹ ਸਿਆਸਤਦਾਨਾਂ ਦੇ ਲਾਮ-ਲਸ਼ਕਰ ਵਿਚ ਫਿੱਟ ਬਹਿ ਸਕਦੇ ਹਨ। ਅਜ ਸਾਰਾ ਸੰਸਾਰ ‘ਗਲੋਬਲ ਪਿੰਡ’ ਬਣ ਜਾਣ ਕਾਰਨ ਦੂਰ-ਦਰਾਜ ਦੇ ਇਲਾਕਿਆਂ ਵਿਚ ਵਸਦੇ ਚਮਚਿਆਂ ਨੇ ਆਪੋ-ਆਪਣੇ ਮਹਿਬੂਬ ਸਿਆਸਤਦਾਨਾਂ ਦੀ ਚਮਚਾਗਿਰੀ ਲਈ ਦੇਸ-ਵਿਦੇਸ ਵਿਚ ਮੋਰਚੇ ਸੰਭਾਲੇ ਹੋਏ ਹਨ।
ਚਾਪਲੂਸੀ ਰਾਹੀਂ ਚੌਧਰਾਂ ਚਮਕਾਉਣ ਦਾ ਭੁੱਸ ਰੱਖਣ ਵਾਲੇ ਕੌਮਾਂਤਰੀ ਚਮਚੇ’ ਗਾਹੇ-ਬ-ਗਾਹੇ ਚਮਚਾਗਿਰੀ ਦੇ ਬਾਣ ਚਲਾਉਂਦੇ ਰਹਿੰਦੇ ਹਨ। ਆਗੂ ਭਾਵੇਂ ਦੇਸ ਕੌਮ ਦੀਆਂ ਬੇੜੀਆਂ ਵਿਚ ਦੋਹੀਂ ਹੱਥੀਂ ਵੱਟੇ ਪਾ ਰਿਹਾ ਹੋਵੇ, ਪਰ ਚਮਚੇ ਉਸ ਨੂੰ ‘ਕੌਮ ਦਾ ਮਸੀਹਾ’ ਦੱਸ ਰਹੇ ਹੁੰਦੇ ਹਨ। ਅਗਲਾ ਭਾਵੇਂ ਆਪਣੀ ਕੁਰਸੀ ਦੀ ਸਲਾਮਤੀ ਹਿੱਤ ਨੌਜਵਾਨ ਵਰਗ ਨੂੰ ਨਸ਼ਿਆਂ ਵਿਚ ਗਰਕ ਕਰ ਰਿਹਾ ਹੋਵੇ, ਪਰ ਚਮਚੇ ਵੱਡੇ ਵੱਡੇ ਇਸ਼ਤਿਹਾਰਾਂ ਵਿਚ ਉਸ ਨੂੰ ‘ਨੌਜਵਾਨਾਂ ਦੇ ਦਿਲਾਂ ਦੀ ਧੜਕਣ’ ਲਿਖ ਰਹੇ ਹੁੰਦੇ ਹਨ।
ਜਿਹੜਾ ਕੋਈ ਨੇਤਾ ਵਿਧਾਨ ਸਭਾ ਜਾਂ ਲੋਕ ਸਭਾ ਵਿਚ ‘ਸੁੱਚੇ ਮੂੰਹ’ ਹੀ ਪੰਜ ਸਾਲ ਪੂਰੇ ਕਰ ਆਵੇ, ਚਮਚੇ ਉਸ ਨੂੰ ‘ਨਿਧੜਕ ਬੁਲਾਰਾ’ ਦੱਸ ਰਹੇ ਹੁੰਦੇ ਹਨ। ਜਿਹੜਾ ਲੀਡਰ ਗੱਪ-ਗੋਲੇ ਦਾਗਦਾ ਨਿੱਤ ‘ਅੰਬਰ ਟਾਕੀਆਂ’ ਲਾ ਰਿਹਾ ਹੋਵੇ, ਚਮਚੇ ਸ੍ਰੀਮਾਨ ਉਸ ਨੂੰ ‘ਵਿਕਾਸ ਦਾ ਅਲੰਬਰਦਾਰ’ ਕਹਿ ਕੇ ਚਮਚਾਗਿਰੀ ਹੁਨਰ ਦੇ ਨਵੇਂ ਰਿਕਾਰਡ ਬਣਾ ਰਹੇ ਹੁੰਦੇ ਹਨ।
ਵਿਧਾਨ ਸਭਾ ਚੋਣਾਂ ਮੌਕੇ ਸਿਆਸਤ ਵਿਚ ਨਵਾਂ ਨਵਾਂ ਕੁੱਦਿਆ ਉਮੀਦਵਾਰ ਧੜਾ-ਧੜ ਚੋਣ ਜਲਸਿਆਂ ਨੂੰ ਸੰਬੋਧਨ ਕਰ ਰਿਹਾ ਸੀ। ਸ਼ਹਿਰ ਦੇ ਬਾਹਰਵਾਰ ਮਜ਼ਾਰ ਉਤੇ ਇਕੱਠ ਜੁੜਿਆ ਹੋਇਆ ਸੀ। ਸਾਰਾ ਦਿਨ ਬੋਲ ਬੋਲ ਕੇ ਬੌਂਦਲੇ ਪਏ ਉਮੀਦਵਾਰ ਨੇ ਉਥੇ ਮਾਈਕ ‘ਤੇ ਕਹਿ ਦਿੱਤਾ-
“ਭਗਤ ਜਨੋ, ਮੈਂ ਮਾਤਾ ਦੇ ਇਸ ਪਾਵਨ ਦਰਬਾਰ ਦੀ ਸਹੁੰ ਚੁੱਕ ਕੇ ਆਖਦਾ ਹਾਂ ਕਿ ਮੈਂ ਤੁਹਾਡੇ ਹਰ ਦੁੱਖ-ਸੁੱਖ ਵਿਚ ਭਾਈਵਾਲ ਬਣਿਆ ਰਹਾਂਗਾ। ਬੱਸ, ਇਕ ਵਾਰ ਮੈਨੂੰ ਵੋਟਾਂ ਪਾ ਕੇ ਜਿਤਾ ਦਿਓ।”
ਮੁਸਲਮਾਨ ਪੀਰ ਦੀ ਕਬਰ ਉਤੇ ਕਿਸੇ ਅੰਨ੍ਹੇ ਸ਼ਰਧਾਲੂ ਵੱਲੋਂ ਚੜ੍ਹਾਈ ਹੋਈ ਲਾਲ ਚੁੰਨੀ ਵੱਲ ਦੇਖ ਕੇ ਉਮੀਦਵਾਰ ਨੇ ਉਸ ਸਥਾਨ ਨੂੰ ‘ਦੇਵੀ ਦਰਬਾਰ’ ਹੀ ਸਮਝ ਲਿਆ ਸੀ, ਪਰ ਇਕੱਠ ਵਿਚ ਸਿਰ ‘ਤੇ ਹਰੇ ਰੰਗ ਦੇ ਪਰਨੇ ਦਾ ਮੋਘੜ ਜਿਹਾ ਮਾਰੀ ਬੈਠੇ ਮਜੌਰ ਨੂੰ ਫਿਕਰ ਪੈ ਗਿਆ ਕਿ ਕਿਤੇ ਇਥੇ ਵੀ ਬਾਬਰੀ ਮਸਜਿਦ ਤੇ ਮੰਦਰ ਦਾ ਪੰਗਾ ਨਾ ਉਠ ਖੜ੍ਹੇ। ਹੋਰ ਨਾ ਕਿਤੇ ਉਹਦਾ ਤੋਰੀ-ਫੁਲਕਾ ਹੀ ਬੰਦ ਹੋ ਜਾਏ। ਉਹ ਸਟੇਜ ਦੇ ਮੂਹਰੇ ਬੈਠਾ ਬੈਠਾ ਹੀ ਆਪਣੀ ਕਰੜ-ਬਰੜੀ ਦਾੜ੍ਹੀ ਖੁਰਕਦਾ ਉਮੀਦਵਾਰ ਨੂੰ ਟੋਕਣ ਦੀ ਕੋਸ਼ਿਸ਼ ਕਰਨ ਲੱਗਾ, “ਏæææਸ਼’ਦਾਰ ਜੀ, ਇਹ ਮਾਤਾ ਦਾ ਨ੍ਹੀਂ, ਇਹ ਤਾਂ ਰੌਜ਼ਾ ਬਾਬਾ ਗੁਲਾਮੇ ਸ਼ਾਹæææ।”
ਲਾਗਿਉਂ ਹੀ ਹੰਭਲਾ ਮਾਰ ਕੇ ਉਠੇ ਚਮਚੇ ਨੇ ਮਜੌਰ ਦੇ ਮੋਢੇ ਘੁੱਟਦਿਆਂ, ਉਸ ਨੂੰ ਚੁੱਪ ਕਰਾ ਦਿੱਤਾ। ਉਮੀਦਵਾਰ ਦਾ ਭਾਸ਼ਣ ਮੁਕਣ ਦੀ ਦੇਰ ਸੀ ਕਿ ਸਟੇਜ ਸੈਕਟਰੀ ਦੇ ਪੈਰ ਮਿੱਧਦਾ ਚਮਚਾ ਮਾਈਕ ਨੂੰ ਜਾ ਝਪਟਿਆ, “ਇਸ ਮਹਾਨ ਸਥਾਨ ਦੀਆਂ ਹਾਜ਼ਰੀਆਂ ਭਰ ਰਹੇ ਇਲਾਕਾ ਨਿਵਾਸੀਓ, ਅਸਲ ਵਿਚ ਸਾਡੇ ਉਮੀਦਵਾਰ ਸ੍ਰੀæææਸਿੰਘ ਜੀ ਸਾਰੇ ਧਰਮਾਂ, ਰਿਸ਼ੀਆਂ-ਮੁਨੀਆਂ, ਪੀਰ-ਪੈਗੰਬਰਾਂ ਨੂੰ ਇਕ ਬਰਾਬਰ ਮੰਨਦੇ ਹਨ। ਇਹ ਚਾਹੁੰਦੇ ਨੇ ਕਿ ਮਜ਼ਹਬਾਂ ਦੇ ਵੰਡ-ਵਖਰੇਵੇਂ ਬੰਦ ਹੋ ਜਾਣ; ਕਿਉਂਕਿ ਗੁਰੂ ਪੀਰ ਔਲੀਏ ਇਕੋ ਜੋਤ ਦਾ ਨੂਰ ਹੁੰਦੇ ਹਨ। ਵਿਤਕਰਿਆਂ ਨੂੰ ਮਿਟਾਉਣ ਦੀ ਮਨਸ਼ਾ ਨਾਲ ਇਹ ਸਰਦਾਰ ਜੀ (ਬਿਟਰ ਬਿਟਰ ਝਾਕ ਰਹੇ ਉਮੀਦਵਾਰ ਵੱਲ ਇਸ਼ਾਰਾ ਕਰ ਕੇ) ਮੰਦਰ ਵਿਚ ਜਾ ਕੇ ਅੱਲ੍ਹਾ-ਤਾਅਲਾ ਨੂੰ ਯਾਦ ਕਰ ਲੈਂਦੇ ਹਨ ਅਤੇ ਮਸਜਿਦ-ਮਜੌਰਾਂ ਵਿਚ ਜਾ ਕੇ ਇਨ੍ਹਾਂ ਨੂੰ ਲਾਟਾਂ ਵਾਲੀ ਜਾਂ ਸ਼ੇਰਾਂ ਵਾਲੀ ਦੇ ਦੀਦਾਰੇ ਹੋਣ ਲੱਗ ਪੈਂਦੇ ਹਨ।”
ਮਗਰੋਂ ਇਸ ਚਮਚੇ ਨੇ ਗੱਡੀ ਵਿਚ ਬਹਿ ਕੇ ਨੌ-ਸਿਖੀਏ ਉਮੀਦਵਾਰ ਨੂੰ ਹਰੇ, ਭਗਵੇਂ ਤੇ ਪੀਲੇ ਰੰਗਾਂ ਦੇ ‘ਧਾਰਮਿਕ ਅਰਥ’ ਸਮਝਾਏ ਤੇ ਆਪਣੀ ਚਮਚਾਗਿਰੀ ਦਾ ਲੋਹਾ ਮੰਨਵਾਇਆ।
ਕੋਈ ਸੇਠ ਆਪਣੇ ਮੁਨੀਮ ਨੂੰ ਪੁੱਛਣ ਲੱਗਾ, “ਆਲੂਆਂ ਦੀ ਤਾਸੀਰ ਤਾਂ ਵਾਇ-ਬਾਦੀ ਹੁੰਦੀ ਹੋਵੇਗੀ?”
“ਹਾਂ ਜਨਾਬ” ਮੁਨੀਮ ਨੇ ਝੱਟ ਜਵਾਬ ਦਿੱਤਾ।
“ਇਹ ਠੰਢੇ ਮੌਸਮ ਵਿਚ ਬੀਜਿਆ ਜਾਂਦਾ ਹੈ। ਇਹ ਫਸਲ ਪਾਲਣ ਲਈ ਪਾਣੀ ਬਹੁਤ ਲਾਉਣਾ ਪੈਂਦਾ ਹੈ। ਆਲੂ ਤਾਂ ਅੱਗੇ ਈ ਪਾਣੀ ਦਾ ਘਰ ਹੁੰਦਾ ਹੈ। ਉਤੋਂ ਹੋਰ ਪਾਣੀ ਦੇਣ ਨਾਲ ਇਹ ਬਾਦਲਾ ਤਾਸੀਰ ਹੋ ਜਾਂਦਾ ਹੈ।”
ਹਫ਼ਤੇ-ਦਸਾਂ ਦਿਨਾਂ ਬਾਅਦ ਸੇਠ ਜੀ ਦਾ ਆਲੂਆਂ ਦੀ ਮਸਾਲੇਦਾਰ ਤਰੀ ਖਾਣ ਨੂੰ ਜੀਅ ਕੀਤਾ। ਸਿਆਲ ਦਾ ਮੌਸਮ ਸੀ, ਮੁਨੀਮ ਨੂੰ ਕਹਿਣ ਲੱਗਾ, “ਮੇਰਾ ਖਿਆਲ ਐ ਆਲੂ ਤਰ-ਗਰਮ ਹੁੰਦੇ ਹੋਣਗੇ?”
ਚਮਚਾ ਰੂਪ ਮੁਨੀਮ ਨੇ ਫਰਮਾਇਆ, “ਹਜ਼ੂਰ! ਤੁਸੀਂ ਬਿਲਕੁਲ ਸਹੀ ਕਿਹਾ ਹੈ। ਆਲੂਆਂ ਨੂੰ ਵੱਟਾਂ ਵਿਚ ਦੱਬ ਕੇ ਬੀਜਿਆ ਜਾਂਦਾ ਹੈ। ਇਨ੍ਹਾਂ ਨੂੰ ਬਾਹਰਲੀ ਹਵਾ ਤਾਂ ਲੱਗਦੀ ਕੋਈ ਨਹੀਂ। ਵੱਟਾਂ ‘ਤੇ ਫਿਰ ਮਿੱਟੀ ਚੜ੍ਹਾਈ ਜਾਂਦੀ ਹੈ। ਮਿੱਟੀ ਵਿਚ ਹੀ ਦੱਬਿਆ ਰਹਿਣ ਕਾਰਨ ਇਹ ਸਾਰੀ ਗਰਮੀ ਸੋਖ ਲੈਂਦਾ ਹੈ। ਇਸੇ ਕਾਰਨ ਇਸ ਦੀ ਤਾਸੀਰ ਗਰਮ ਹੀ ਹੁੰਦੀ ਹੈ।”
ਆਲੂਆਂ ਦੀ ਤਰੀ ਬਣਾਉਣ ਦੀ ਤਿਆਰੀ ਕਰਦਾ ਰਸੋਈਆ ਹੱਸਦਿਆਂ ਮੁਨੀਮ ਨੂੰ ਕਹਿੰਦਾ, “ਥੋੜ੍ਹੇ ਦਿਨ ਪਹਿਲਾਂ ਆਲੂ ਵਾਇ-ਬਾਦੀ, ਪਰ ਅੱਜ ਗਰਮ ਕਿਵੇਂ ਹੋ ਗਏ?”
ਨਿੰਮਾ ਨਿੰਮਾ ਮੁਸਕਾਉਂਦਿਆਂ ਮੁਨੀਮ ਬੋਲਿਆ, “ਭਰਾਵਾ ਤਨਖਾਹ ਅਸੀਂ ਸੇਠ ਜੀ ਤੋਂ ਲੈਣੀ ਹੈ, ਆਲੂਆਂ ਤੋਂ ਨਹੀਂ।”
ਹਿੰਦੀ ਦੇ ਇਕ ਕਵੀ ਨੇ ਮਾਲਕ ਅਤੇ ਉਸ ਦੇ ਨੌਕਰ ਦੀ ਚਮਚਾਗਿਰੀ ਨੂੰ ਬੜੇ ਵਿਅੰਗਮਈ ਢੰਗ ਨਾਲ ਬਿਆਨ ਕੀਤਾ ਹੈ। ਮਾਲਕ ਆਪਣੇ ਨੌਕਰ ਨੂੰ ਕਹਿੰਦਾ ਹੈ ਕਿ ਬੈਂਗਣ ਦੀ ਸਬਜ਼ੀ ਬਿਲਕੁਲ ਨਾ ਬਣਾਇਆ ਕਰ, ਇਹ ਬੇਕਾਰ ਚੀਜ਼ ਹੈ। ਨੌਕਰ ਕਹਿੰਦਾ, “ਮਾਲਿਕ, ਬਜਾ ਫਰਮਾਇਆ ਆਪ ਨੇ, ਯੇਹ ਬੈਂਗਣ ਨਹੀਂ, ਇਸ ਸੁਸਰੇ ਕੋ ਤੋ ‘ਬੇ-ਗੁਣ’ ਕਹਿਨਾ ਚਾਹੀਏ।”
ਥੋੜ੍ਹੇ ਹੀ ਦਿਨ ਗੁਜ਼ਰੇ ਸਨ ਕਿ ਮਾਲਕ ਨੂੰ ਬੈਂਗਣਾਂ ਦਾ ਭੜਥਾ ਚੇਤੇ ਆ ਗਿਆ। ਮਾਲਕ ਕਹਿਣ ਲੱਗਾ ਕਿ ਤਾਜ਼ੇ ਬੈਂਗਣਾਂ ਦੇ ਜ਼ਾਇਕੇਦਾਰ ਭੜਥੇ ਮੂਹਰੇ ਦੂਜੀਆਂ ਸਬਜ਼ੀਆਂ ਦੀ ਕਿਆ ਵਟੀਂਦੀ ਐ। ਅੱਜ ਆਪਣੇ ਮਾਲਕ ਮੂੰਹੋਂ ਬੈਂਗਣ ਦੀਆਂ ਸਿਫ਼ਤਾਂ ਸੁਣ ਕੇ ਨੌਕਰ ਨੇ ਝੱਟ ਚਮਚੀ ਮਾਰੀ, “ਮਾਲਿਕ, ਇਸੀ ਲੀਏ ਕੁਦਰਤ ਨੇ ਬੈਂਗਣ ਕੇ ਸਿਰ ਪੇ ਹਰਾ ਮੁਕਟ ਧਰਾ ਹੈæææਯਿਹ ਤੋਂ ‘ਸ਼ਾਹੀ ਸਬਜ਼ੀ’ ਕਹਿਲਾਤੀ ਹੈ।”
ਕੋਈ ਬੁੱਢਾ ਸਿਆਸੀ ਆਗੂ ਕਿਸੇ ਇਕੱਠ ਵਿਚ ਆਪਣੀ ਜਵਾਨੀ ਵੇਲੇ ਦੇ ਕਿੱਸੇ ਸੁਣਾਉਂਦਿਆਂ ਗੱਪ ਮਾਰ ਬੈਠਾ। ਅਖੇ, ਇਕ ਵਾਰ ਜੰਗਲ ਵਿਚ ਸ਼ਿਕਾਰ ਖੇਡਣ ਗਿਆ। ਝਾੜੀਆਂ ਉਹਲੇ ਖੜ੍ਹਾ ਹਿਰਨ ਮੇਰੀ ਨਜ਼ਰ ਪੈ ਗਿਆ। ਮੈਂ ਐਸਾ ਨਿਸ਼ਾਨਾ ਬੰਨ੍ਹ ਕੇ ਤੀਰ ਛੱਡਿਆ ਕਿ ਹਿਰਨ ਦੀ ਖੁਰੀ ਨੂੰ ਚੀਰਦਾ ਹੋਇਆ ਕੰਨ ਵਿਚੀਂ ਲੰਘ ਕੇ ਉਸ ਦੇ ਸਿੰਗ ‘ਤੇ ਵੱਜਿਆ। ਸਰੋਤਿਆਂ ਵਿਚ ਘੁਸਰ-ਮੁਸਰ ਹੋਣ ਲੱਗ ਪਈ। ਕਈ ਮੁਸਕੜੀਏ ਹੱਸਣ ਲੱਗ ਪਏ। ਲੋਕੀਂ ਸੋਚਣ ਕਿ ਕਿਥੇ ਹਿਰਨ ਦਾ ਖੁਰ, ਕਿਥੇ ਕੰਨ ਤੇ ਕਿਥੇ ਸਿਰ ਉਤੇ ਸਿੰਗ! ਜਦ ਆਪਣੇ ਲੀਡਰ ਦੀ ਹਾਸੋ-ਹੀਣੀ ਗੱਲ ਉਸ ਦੇ ਚਮਚੇ ਨੇ ਭਾਂਪੀ, ਤਦ ਉਹ ਛਾਲ ਮਾਰ ਕੇ ਸਟੇਜ ‘ਤੇ ਜਾ ਖੜ੍ਹਾ ਹੋਇਆ,
“ਭਾਈਓ ਤੇ ਭੈਣੋ, ਹੁਣੇ ਹੁਣੇ ਮੇਰੇ ਮਹਿਬੂਬ ਆਗੂ ਜੀ ਵੱਲੋਂ ਸੁਣਾਈ ਹੱਡ-ਬੀਤੀ ਸੁਣ ਕੇ ਮੈਨੂੰ ਜਾਪਦੈ ਕਿ ਕਈਆਂ ਨੂੰ ਸ਼ੰਕਾ ਹੋ ਗਿਆ ਹੈ। ਦਰਅਸਲ ਮੈਂ ਆਗੂ ਜੀ ਦਾ ਬੜਾ ਪੁਰਾਣਾ ਦੋਸਤ ਹਾਂ। ਹਿਰਨ ਦੇ ਸ਼ਿਕਾਰ ਵੇਲੇ ਵੀ ਮੈਂ ਸਰਦਾਰ ਜੀ ਦੇ ਨਾਲ ਹੀ ਸਾਂ। ਨਿਪੁੰਨ ਤੀਰ-ਅੰਦਾਜ਼ ਵਾਂਗ ਜਦੋਂ ਇਨ੍ਹਾਂ ਨੇ ਹਿਰਨ ‘ਤੇ ਤੀਰ ਛੱਡਿਆ, ਉਸ ਵੇਲੇ ਹਿਰਨ ਆਪਣੇ ਖੁਰ ਨਾਲ ਸਿੰਗ ਖੁਰਕ ਰਿਹਾ ਸੀ, ਇਸੇ ਕਾਰਨ ਖੁਰ, ਕੰਨ ਤੇ ਸਿੰਗ ਇਕੋ ਨਿਸ਼ਾਨੇ ਵਿੰਨ੍ਹੇ ਗਏ।”
ਚਮਚਿਆਂ ਨੂੰ ਚਮਚਾਗਿਰੀਆਂ ਤੇ ਚਾਪਲੂਸੀਆਂ ਸਦਕਾ ਦੇਖੋ ਕਿੰਨਾ ਕੁਝ ਮਿਲ ਜਾਂਦਾ ਹੈ,
ਕੈਸ਼ ਭੀ, ਕਾਰ ਭੀ, ਕੋਠੀ ਭੀ, ਫੋਨ ਭੀ
ਲੀਡਰ ਕੀ ਖ਼ਿਦਮਤ ਕਾ ਯੇ ਅੱਛਾ ‘ਰੇਟ’ ਹੈ।
ਹਰ ਸ਼ਖਸ ਮੁਬਤਲਾ ਹੈ, ਖੁਸ਼ਾਮਦ ਕੇ ਰੋਗ ਕਾ
‘ਚਮਚਾ’ ਕੋਈ ਬਨਾ ਹੈ ਤੋ ਕੋਈ ‘ਪਲੇਟ’ ਹੈ।