ਬਾਬੇ ਦਾ ਘਰ ਤੇ ਕੁਰੀਤੀਆਂ

ਬੌਬ ਖਹਿਰਾ ਮਿਸ਼ੀਗਨ
ਫੋਨ: 734-925-0177
ਜਦੋਂ ਵੀ ਕਦੇ ਬਾਬੇ ਨਾਨਕ ਵਲੋਂ ਸਥਾਪਤ ਕੀਤੇ ਗਏ ਸਿੱਖ ਧਰਮ ਵਿਚ ਆ ਰਹੀਆਂ ਕੁਰੀਤੀਆਂ ਤੇ ਪਾਖੰਡ ਦੀ ਗੱਲ ਕਰੀਦੀ ਹੈ ਅਤੇ ਕਿਸੇ ਹੱਲ ਜਾਂ ਸੁਧਾਰ ਦੀ ਗੱਲ ਕਰਦੇ ਹਾਂ ਤਾਂ ਲੋਕ ਚੁੱਪ ਕਰ ਜਾਂਦੇ ਹਨ। ਜਿਸ ਹਿਸਾਬ ਨਾਲ ਸਿੱਖੀ ਵਿਚ ਬ੍ਰਾਹਮਣਵਾਦ ਦੀ ਵੇਖਾ-ਵੇਖੀ ਦਿਨ-ਬਦਿਨ ਪਾਖੰਡਵਾਦ ਭਾਰੂ ਹੋ ਰਿਹਾ ਹੈ, ਤੇ ਸਿੱਖੀ ਜਾਂ ਪੰਜਾਬੀਅਤ ਨੂੰ ਖਤਮ ਕਰਨ ਦੀਆਂ ਜੋ ਸਾਜ਼ਿਸ਼ਾਂ ਚੱਲ ਰਹੀਆਂ ਹਨ, ਉਸ ਤੋਂ ਜਾਪਦਾ ਹੈ ਕਿ ਉਹ ਦਿਨ ਦੂਰ ਨਹੀਂ ਜਦੋਂ ਮਾੜੀ ਸੋਚ ਵਾਲੇ ਲੋਕਾਂ ਦੇ ਮਨਸੂਬੇ ਪੂਰੇ ਹੋ ਜਾਣਗੇ।

ਹੁਣੇ ਹੁਣੇ ਦੋ ਘਟਨਾਵਾਂ ਵਾਪਰੀਆਂ ਹਨ; ਇਕ ਸਿਆਟਲ ਦੇ ਇਕ ਗੁਰਦੁਆਰੇ ਵਿਚ ਅਤੇ ਦੂਜੀ ਟਰਲਕ ਦੇ ਗੁਰਦੁਆਰੇ ਵਿਚ। ਕਿੱਦਾਂ ਪੱਗਾਂ ਲੱਥੀਆਂ ਤੇ ਗਾਲੀ-ਗਲੋਚ ਕੀਤਾ ਗਿਆ, ਇਹ ਵੇਖ ਕੇ ਹੈਰਾਨੀ ਹੁੰਦੀ ਹੈ ਕਿ ਕੀ ਇਹ ਉਹੀ ਲੋਕ ਹਨ ਜਿਨ੍ਹਾਂ ਨੇ ਗੁਰਦੁਆਰੇ ਦਾ ਨਾਮ ਬਦਲ ਕੇ ਹੁਣ ਗੁਰੂ ਘਰ ਰੱਖ ਦਿੱਤਾ ਹੈ? ਕੀ ਗੁਰੂ ਘਰ ਵਿਚ ਇਹ ਸਭ ਕਰਨਾ ਕਿਸੇ ਵੀ ਸਿੱਖ ਨੂੰ ਸੋਭਾ ਦਿੰਦਾ ਹੈ? ਇਹ ਕਿਸ ਗੁਰੂ ਦਾ ਘਰ ਹੈ? ਕੀ ਗੁਰੂ ਦਾ ਇਨ੍ਹਾਂ ਨੂੰ ਕੋਈ ਡਰ ਨਹੀਂ? ਉਸ ਗੁਰੂ ਲਈ ਕੋਈ ਸਤਿਕਾਰ ਨਹੀਂ ਇਨ੍ਹਾਂ ਲੋਕਾਂ ਨੂੰ? ਜੇ ਨਹੀਂ ਤਾਂ ਫਿਰ ਉਥੇ ਕਿਉਂ ਜਾਂਦੇ ਹਨ? ਸਿਰਫ ਲੰਗਰ ਜਾਂ ਲੜਾਈਆਂ ਲਈ?
ਇੰਨਾ ਪੈਸਾ ਲਾ ਕੇ ਬਣਾਏ ਗੁਰਦੁਆਰੇ ਕੀ ਸਿਰਫ਼ ਲੰਗਰ ਅਤੇ ਲੜਾਈ ਲਈ ਹੀ ਹਨ? ਅਸੀਂ ਜਦੋਂ ਪੰਜਾਬ ਤੋਂ ਤੁਰੇ ਸੀ, ਕੀ ਅਜਿਹਾ ਕੁਝ ਸੋਚ ਕੇ ਤੁਰੇ ਸੀ? ਜੇ ਨਹੀਂ, ਤਾਂ ਫਿਰ ਕਿਉਂ ਹੋ ਰਿਹਾ ਹੈ ਇਹ ਸਭ? ਸਾਨੂੰ ਅਜੇ ਵੀ ਸਮਝ ਨਹੀਂ ਆ ਰਹੀ ਕਿ ਇਸ ਤਰ੍ਹਾਂ ਕਰਨ ਨਾਲ ਸਾਡੀਆਂ ਆਉਣ ਵਾਲੀਆਂ ਨਸਲਾਂ ‘ਤੇ ਕੀ ਅਸਰ ਪੈ ਰਿਹਾ ਹੈ ਜਾਂ ਪਵੇਗਾ।
ਅਸੀਂ ਧਾਰਮਿਕ ਹੋਣ ਦੇ ਦਾਅਵੇ ਕਰਦੇ ਹਾਂ, ਵਿਖਾਵਾ ਵੀ ਕਰਦੇ ਹਾਂ, ਪਰ ਬਿਨਾਂ ਸੋਚੇ ਸਮਝੇ ਹਿੰਦੂਆਂ ਵਾਲੇ ਸਾਰੇ ਕਰਮਕਾਂਡ ਵੀ ਕਰੀ ਜਾਂਦੇ ਹਾਂ, ਜਿਨ੍ਹਾਂ ਗੋਰਿਆਂ ਨੂੰ ਅਸੀਂ ਮਾੜੇ ਕਹਿੰਦੇ ਸੀ, ਉਨ੍ਹਾਂ ਤੋਂ ਮੁਕਤੀ ਲਈ ਕਿੰਨੀਆਂ ਕੁਰਬਾਨੀਆਂ ਦਿੱਤੀਆਂ, ਪਰ ਹੁਣ ਸਭ ਕੁਝ ਸਾਡੀਆਂ ਅੱਖਾਂ ਦੇ ਸਾਹਮਣੇ ਹੈ। ਜੋ ਸਾਡੇ ਆਪਣੇ ਹਨ, ਉਹ ਕੀ ਕਰ ਰਹੇ ਹਨ ਭਲਾ? ਅਸੀਂ ਉਨ੍ਹਾਂ ਆਪਣਿਆਂ ਨੂੰ ਛੱਡ ਕੇ ਬਿਗਾਨੇ ਮੁਲਕ ਵਿਚ ਆਏ ਹਾਂ, ਚੰਗੀ ਜ਼ਿੰਦਗੀ ਜਿਉਣ ਲਈ, ਪਰ ਇਥੇ ਆਉਣ ਤੋਂ ਬਾਅਦ ਵੀ ਅਸੀਂ ਗੋਰਿਆਂ ਦੀਆਂ ਚੰਗੀਆਂ ਗੱਲਾਂ ਨਹੀਂ ਸਿੱਖਦੇ। ਇਹ ਦੇਸ਼ ਖੁਸ਼ਹਾਲ ਕਿਉਂ ਹੈ, ਇਸ ਬਾਰੇ ਕਦੀ ਜਾਣਨ ਦੀ ਕੋਸ਼ਿਸ਼ ਨਹੀਂ ਕਰਦੇ। ਇਥੇ ਇੰਨੀ ਸਖ਼ਤ ਮਿਹਨਤ ਕਰਦੇ ਹਾਂ, ਵੱਡੇ ਵੱਡੇ ਘਰ ਲੈਂਦੇ ਹਾਂ, ਮਹਿੰਗੀਆਂ ਕਾਰਾਂ ਰੱਖਦੇ ਹਾਂ, ਪਰ ਸੋਚ ਉਥੇ ਦੀ ਉਥੇ ਹੈ; ਇਸ ਵਿਚ ਕੋਈ ਤਬਦੀਲੀ ਨਹੀਂ ਹੋਈ।
ਸਵਾਲ ਹੈ ਕਿ ਸਾਡੀ ਸੋਚ ਦਾ ਦਾਇਰਾ ਕਿਉਂ ਉਹੋ ਜਿਹਾ ਹੀ ਰਹਿੰਦਾ ਹੈ? ਹਾਲਾਂਕਿ ਇਥੇ ਸਭ ਨੂੰ ਖੁੱਲ੍ਹ ਹੈ, ਤੇ ਹਰ ਕੰਮ ਕਰਨ ਦੀ ਆਜ਼ਾਦੀ ਹੈ। ਇੰਨੀ ਆਜ਼ਾਦੀ ਤਾਂ ਅਸੀਂ ਪੰਜਾਬ ਵਿਚ ਪਰਵਾਸੀ ਮਜ਼ਦੂਰਾਂ ਨੂੰ ਵੀ ਨਹੀਂ ਦਿੰਦੇ। ਫਿਰ ਕਿਉਂ ਅਸੀਂ ਇੰਨੇ ਵਧੀਆ ਮੁਲਕਾਂ ਵਿਚ ਆ ਕੇ ਵੀ ਆਪਣੀ ਸੋਚ ਨਹੀਂ ਬਦਲਦੇ। ਜੋ ਵੀ ਬੰਦਾ ਇਥੇ ਆ ਕੇ ਰਹਿਣ ਲੱਗ ਪਿਆ, ਵਾਪਸ ਨਹੀਂ ਜਾਂਦਾ; ਫਿਰ ਕਿਉਂ ਨਹੀਂ ਅਸੀਂ ਗੋਰਿਆਂ ਕੋਲੋਂ ਕੁਝ ਸਿੱਖਦੇ?
ਅਸੀਂ ਇਥੇ ਆ ਕੇ ਵੱਡੇ ਵੱਡੇ ਗੁਰਦੁਆਰੇ ਬਣਾਏ; ਗੋਰਿਆਂ ਨੇ ਵੀ ਭਾਵੇਂ ਚਰਚ ਬਣਾਏ ਹਨ, ਪਰ ਉਹ ਉਥੇ ਹਫ਼ਤੇ ਵਿਚ ਇਕ ਦਿਨ ਜਾਂਦੇ ਹਨ। ਉਸ ਤੋਂ ਬਾਅਦ ਨਾ ਤਾਂ ਕੋਈ ਰੋਜ਼ ਸਵੇਰੇ-ਸ਼ਾਮ ਉਠ ਕੇ ਪਾਠ ਪੂਜਾ ਕਰਦਾ ਹੈ ਤੇ ਨਾ ਹੀ ਘਰ ਟੀæਵੀæ ਜਾਂ ਗੱਡੀਆਂ ਵਿਚ ਕਿਸੇ ਤਰ੍ਹਾਂ ਦਾ ਕੋਈ ਕਥਾ ਜਾਂ ਕੀਰਤਨ ਸੁਣਦਾ ਹੈ। ਫਿਰ ਵੀ ਉਹ ਪੂਰੀ ਦੁਨੀਆਂ ‘ਤੇ ਰਾਜ ਕਰ ਰਹੇ ਹਨ। ਇਥੇ ਬਹੁਤ ਸਾਰੇ ਘਰ ਪਰਿਵਾਰ ਅਜਿਹੇ ਹਨ ਜਿਨ੍ਹਾਂ ਨੇ ਹਿੰਦੂਆਂ ਦੀ ਰੀਸ ਨਾਲ ਘਰਾਂ ਵਿਚ ਵੱਖਰਾ ਕਮਰਾ ਰੱਖਿਆ ਹੁੰਦਾ ਹੈ ਜਿਸ ਨੂੰ ਬਾਬੇ ਦਾ ਕਮਰਾ ਦੱਸਿਆ ਜਾਂਦਾ ਹੈ। ਉਥੇ ਗੁਰੂ ਮਹਾਰਾਜ ਅਗੇ ਮੱਥਾ ਵੀ ਟੇਕਿਆ ਜਾਂਦਾ ਹੈ ਤੇ ਗੁਰਬਾਣੀ ਦਾ ਪਾਠ ਵੀ ਕੀਤਾ ਜਾਂਦਾ ਹੈ ਪਰ ਸਵਾਲ ਹੈ ਕਿ ਅਸੀਂ ਗੁਰੂ ਮਹਾਰਾਜ ਵਲੋਂ ਆਪਣੀ ਬਾਣੀ ਵਿਚ ਦਰਸਾਏ ਮਾਰਗ ‘ਤੇ ਕਿੰਨਾ ਕੁ ਚਲਦੇ ਹਾਂ? ਜੇ ਅਸੀਂ ਗੁਰੂ ਦੇ ਦਰਸਾਏ ਮਾਰਗ ‘ਤੇ ਨਹੀਂ ਚਲਣਾ ਤਾਂ ਇਸ ਨੂੰ ਬੁਤਪ੍ਰਸਤੀ ਹੀ ਕਿਹਾ ਜਾਣਾ ਬਣਦਾ ਹੈ ਜਿਸ ਦੀ ਗੁਰੂ ਸਾਹਿਬਾਨ ਨੇ ਸਖਤ ਮਨਾਹੀ ਕੀਤੀ ਹੈ। ਕਈ ਘਰਾਂ ਵਿਚ ਟੀæਵੀæ ‘ਤੇ ਪਾਠ ਚੱਲ ਰਿਹਾ ਹੁੰਦਾ ਹੈ ਤੇ ਘਰ ਵਾਲੇ ਸਭ ਉਸ ਤਰ੍ਹਾਂ ਹੀ ਕਰਦੇ ਹਨ ਜਿਵੇਂ ਗੁਰਦੁਆਰੇ ਵਿਚ ਬੈਠੇ ਹੋਣ। ਇਹ ਸਭ ਹਿੰਦੂਆਂ ਵਾਲੇ ਪਾਖੰਡ ਹਨ।
ਬੜਾ ਦੁੱਖ ਹੁੰਦਾ ਹੈ ਕਿ ਗੁਰੂ ਸਾਹਿਬਾਨ ਨੇ ਤਾਂ ਲੋਕਾਈ ਨੂੰ ਇਨ੍ਹਾਂ ਸਭ ਪਾਖੰਡਾਂ ਵਿਚੋਂ ਬਾਹਰ ਕੱਢਿਆ ਸੀ, ਪਰ ਨਿੱਤ ਨਵੇਂ ਪਾਖੰਡ ਕਿਥੋਂ ਸ਼ੁਰੂ ਹੋ ਜਾਂਦੇ ਹਨ ਤੇ ਲੋਕ ਚੁੱਪ-ਚਾਪ ਜਾਂ ਤਾਂ ਉਸ ਪਾਖੰਡ ਵਿਚ ਉਨ੍ਹਾਂ ਦਾ ਸਾਥ ਦਿੰਦੇ ਹਨ, ਤੇ ਜਾਂ ਵੇਖਦੇ ਰਹਿੰਦੇ ਹਨ। ਕੋਈ ਵੀ ਆਵਾਜ਼ ਨਹੀਂ ਉਠਾਉਂਦਾ ਕਿ ਇਹ ਸਭ ਕਿਉਂ ਹੋ ਰਿਹਾ ਹੈ। ਜੇ ਕੋਈ ਬੋਲਦਾ ਹੈ ਤਾਂ ਉਸ ਨੂੰ ਨਾਸਤਿਕ ਕਹਿ ਕੇ ਭੰਡਣ ਲੱਗ ਪੈਂਦੇ ਹਨ।
ਪਿਛੇ ਜਿਹੇ ਪੰਜਾਬ ਦੇ ਇਕ ਪਿੰਡ ਗਿਆ। ਦੇਖਿਆ ਕਿ ਪੰਜ ਸਿੰਘ ਸ੍ਰੀ ਗੁਰੂ ਗ੍ਰੰਥ ਸਾਹਿਬ ਚੁੱਕ ਕੇ ਖੇਤਾਂ ਵਿਚ ਤੁਰ-ਫਿਰ ਰਹੇ ਸਨ। ਜਿਸ ਦੋਸਤ ਦੀ ਮੋਟਰ ‘ਤੇ ਬੈਠੇ ਸਾਂ, ਉਹਨੂੰ ਪੁੱਛਿਆ ਕਿ ਮਾਜਰਾ ਕਿਆ ਹੈ? ਪਤਾ ਲੱਗਾ ਕਿ ਹਫਤੇ ਵਿਚ ਦੋ-ਤਿੰਨ ਵਾਰ ਇਹ ਲੋਕ ਇਸ ਤਰ੍ਹਾਂ ਕਰਦੇ ਹਨ; ਅਖੇ, ਅਸੀਂ ਗੁਰੂ ਸਾਹਿਬ ਨੂੰ ਸੈਰ ਕਰਾ ਰਹੇ ਹਾਂ। ਹੁਣ ਜ਼ਰਾ ਸੋਚੋæææਜਦੋਂ ਅਸੀਂ ਬਾਬੇ ਦਾ ਵੱਖਰਾ ਕਮਰਾ ਰੱਖਦੇ ਹਾਂ ਘਰ ਵਿਚ, ਗੁਰਦੁਆਰੇ ਸੁੱਖ ਆਸਣ ਵਾਲੇ ਕਮਰੇ ਵਿਚ ਏæਸੀæ ਜਾਂ ਪੱਖੇ ਜਾਂ ਹੀਟਰ ਤੇ ਪਾਣੀ ਦਾ ਗਿਲਾਸ ਰੱਖਦੇ ਹਾਂ, ਫਿਰ ਇਹੋ ਜਿਹੇ ਸੈਰ ਕਰਾਉਣ ਵਾਲਿਆਂ ਨੂੰ ਕੀ ਕਹਿ ਸਕਾਂਗੇ ਜਾਂ ਕਿਵੇਂ ਰੋਕਾਂਗੇ? ਇਸ ਨੂੰ ਬੁਤਪ੍ਰਸਤੀ ਨਹੀਂ ਤਾਂ ਹੋਰ ਭਲਾ ਕੀ ਕਿਹਾ ਜਾਏਗਾ?
ਪਤਾ ਨਹੀਂ ਇਹ ਕਿੰਨਾ ਕੁ ਸੱਚ ਹੈ, ਇਕ ਵਾਰ ਇੰਗਲੈਂਡ ਤੋਂ ਫੋਨ ਕਰ ਕੇ ਇਕ ਸੱਜਣ ਨੇ ਦੱਸਿਆ ਕਿ ਉਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਲੈਮੀਲੇਸ਼ਨ ਕੀਤਾ ਜਾ ਰਿਹਾ ਹੈ; ਅਖੇ, ਰੋਜ਼ ਸਵੇਰੇ ਇਸ਼ਨਾਨ ਕਰਵਾਇਆ ਕਰਨਾ ਹੈ। ਜਿਸ ਪੂਜਾ ਤੇ ਪਾਖੰਡ ਤੋਂ ਗੁਰੂ ਨਾਨਕ ਨੇ ਵਰਜਿਆ ਸੀ, ਉਹੀ ਕਰ ਰਹੇ ਹਾਂ। ਅਸੀਂ ਤਾਂ ਸੋਭਾ ਸਿੰਘ ਵੱਲੋਂ ਬਣਾਈਆਂ ਗੁਰੂਆਂ ਦੀਆਂ ਤਸਵੀਰਾਂ ਨੂੰ ਵੀ ਹਿੰਦੂਆਂ ਵਾਂਗ ਧੂਫ-ਬੱਤੀ ਕਰੀ ਜਾਂਦੇ ਹਾਂ। ਬਹੁਤ ਲੋਕ ਦੇਖੇ ਹਨ ਜੋ ਫੋਟੋ ਅੱਗੇ ਅਗਰਬੱਤੀ ਲਾ ਕੇ ਅਰਦਾਸ ਕਰਦੇ ਹਨ, ਫਿਰ ਮੰਗਦੇ ਹਨ ਕਿ ਬਾਬਾ ਜੀ, ਸਾਨੂੰ ਇਹ ਦੇ ਦਿਓ, ਅਹੁ ਦੇ ਦਿਓ।
ਅਸੀਂ ਜਾਣਦੇ ਹਾਂ ਕਿ ਗੁਰੂ ਸਾਹਿਬਾਨ ਦੀ ਕੋਈ ਤਸਵੀਰ ਅਸਲੀ ਨਹੀਂ, ਸਭ ਕਲਾਕਾਰ ਦੀ ਕਲਪਨਾ ਹੈ ਫਿਰ ਵੀ ਹਰ ਗੱਡੀ ਵਿਚ ਗੁਰੂਆਂ ਦੀਆਂ ਤਸਵੀਰਾਂ ਲੱਗੀਆਂ ਹੋਈਆਂ ਹਨ ਤੇ ਡਰਾਈਵਰ ਗੱਡੀ ਤੋਰਨ ਤੋਂ ਪਹਿਲਾਂ ਉਸ ਨੂੰ ਹੱਥ ਲਾ ਕੇ ਅੱਖਾਂ ਤੇ ਮੱਥੇ ਨੂੰ ਲਾਉਂਦਾ ਹੈ, ਭਾਵੇਂ ਸ਼ਰਾਬ ਹੀ ਪੀਤੀ ਹੋਵੇ। ਇਹ ਸਭ ਕੁਰੀਤੀਆਂ ਹਨ ਜੋ ਦੂਰ ਹੋਣੀਆਂ ਚਾਹੀਦੀਆਂ ਹਨ, ਚੰਗੇ ਦੇਸ਼ ਵਿਚ ਆ ਕੇ ਚੰਗੀ ਸੋਚ ਰੱਖਣੀ, ਚੰਗੇ ਇਨਸਾਨ ਬਣਨਾ ਤੇ ਬੱਚਿਆਂ ਨੂੰ ਚੰਗਾ ਇਨਸਾਨ ਬਣਾਉਣਾ ਸਾਡਾ ਫਰਜ਼ ਹੈ। ਅਸੀਂ ਚੰਗੇ ਤਾਂ ਹੀ ਬਣਾਂਗੇ ਜੇ ਕੁਰੀਤੀਆਂ ਨੂੰ ਸਮਝਾਂਗੇ, ਪਾਖੰਡਾਂ ਤੋਂ ਛੁਟਕਾਰਾ ਪਾਵਾਂਗੇ। ਪੂਜਾ ਤੇ ਅਗਰਬੱਤੀਆਂ ਤੋਂ ਉਪਰ ਉਠਾਂਗੇ, ਸੋਚ ਨੂੰ ਉਪਰ ਚੁੱਕਾਂਗੇ।
ਇਕੱਲੇ ਧਾਰਮਿਕ ਹੋਣ ਨਾਲ ਹੀ ਅਸੀਂ ਚੰਗੇ ਇਨਸਾਨ ਨਹੀਂ ਬਣ ਸਕਦੇ। ਚੰਗੀ ਸੋਚ ਤੇ ਚੰਗੇ ਕੰਮ ਕਰਨ ਨਾਲ ਹੀ ਚੰਗੇ ਇਨਸਾਨ ਬਣ ਸਕਦੇ ਹਾਂ ਤੇ ਦੂਜਿਆਂ ਵਿਚ ਚੰਗਿਆਈ ਵੰਡ ਸਕਦੇ ਹਾਂ। ਇਸ ਲਈ ਹਰ ਇਕ ਨੂੰ ਚਾਹੀਦਾ ਹੈ ਕਿ ਚੰਗਿਆਈ ਦੀ ਰੋਸ਼ਨੀ ਸਭ ਪਾਸੇ ਫੈਲਾਏ ਤਾਂ ਕਿ ਅੰਧ-ਵਿਸ਼ਵਾਸ ਤੇ ਪਾਖੰਡਵਾਦ ਦਾ ਹਨੇਰਾ ਦੂਰ ਹੋਵੇ।