ਦਿਲੀਪ ਕੁਮਾਰ ਦਾ ਅੰਦਾਜ਼-ਏ-ਬਯਾਂ

ਕੁਲਦੀਪ ਕੌਰ
ਫੋਨ: +91-98554-04330
ਅਦਾਕਾਰ ਦਲੀਪ ਕੁਮਾਰ ਜਿਸ ਦਾ ਅਸਲ ਨਾਂ ਯੂਸਫ ਖਾਨ ਸੀ, ਪੇਸ਼ਾਵਰ ਤੋਂ ਸੀ। ਉਹਦੇ ਪੁਰਖੇ ਹਿੰਦਕੋ ਬੋਲਣ ਵਾਲੇ ਕਬਾਇਲੀ ਸਨ। ਜਦੋਂ ਉਹਦਾ ਅੱਬਾ ਆਪਣੇ ਬਾਰਾਂ ਬੱਚਿਆਂ ਸਮੇਤ ਰੋਜ਼ੀ-ਰੋਟੀ ਦੀ ਤਲ਼ਾਸ਼ ਵਿਚ ਮੁੰਬਈ ਆਇਆ ਤਾਂ ਉਹਨੇ ਪਰਿਵਾਰ ਦੇ ਗੁਜ਼ਾਰੇ ਲਈ ਵੱਖ ਵੱਖ ਸ਼ਹਿਰਾਂ ਵਿਚ ਫਲਾਂ ਦੀ ਸਪਲਾਈ ਸ਼ੁਰੂ ਕੀਤੀ।

ਸੁਰਤ ਸੰਭਾਲਣ ‘ਤੇ ਜਦੋਂ ਯੂਸਫ ਨੇ ਫਿਲਮਾਂ ਨਾਲ ਜੁੜਨ ਦੀ ਇੱਛਾ ਪ੍ਰਗਟ ਕੀਤੀ ਤਾਂ ਅੱਬਾ ਨੇ ਸਿਨੇਮਾ ਨੂੰ ਘਟੀਆ ਦਰਜੇ ਦੀ ਕਲਾ ਅਤੇ ਬੇਗੈਰਤੀ ਵਾਲਾ ਕੰਮ ਗਿਣਦਿਆਂ ਮਨ੍ਹਾਂ ਕਰ ਦਿੱਤਾ। ਹਤਾਸ਼ ਹੋ ਕੇ ਯੂਸਫ ਨੇ ਆਰਮੀ ਕੰਨਟੀਨ ਵਿਚ ਨੌਕਰੀ ਕਰ ਲਈ।
ਯੂਸਫ ਦੀ ਜ਼ਿੰਦਗੀ ਵਿਚ ਵੱਡਾ ਮੋੜ ਉਦੋਂ ਆਇਆ ਜਦੋਂ ਉਹਦੀ ਮੁਲਾਕਾਤ ਬੰਬੇ ਟਾਕੀਜ਼ ਦੇ ਸੰਸਥਾਪਕ ਹਿੰਮਾਸ਼ੂ ਰਾਏ ਅਤੇ ਦੇਵਿਕਾ ਰਾਣੀ ਨਾਲ ਹੋਈ। ਦੇਵਿਕਾ ਨੇ ਉਹਨੂੰ ‘ਜਵਾਰਭਾਟਾ’ ਵਿਚ ਮੁੱਖ ਭੂਮਿਕਾ ਲਈ ਸਾਈਨ ਕਰ ਲਿਆ। ਉਹਦਾ ਨਾਮ ਦਲੀਪ ਕੁਮਾਰ ਹਿੰਦੀ ਦੇ ਪ੍ਰਸਿੱਧ ਲੇਖਕ ਭਗਵਤੀ ਚਰਨ ਵਰਮਾ ਨੇ ਰੱਖਿਆ। ‘ਜਵਾਰਭਾਟਾ’ ਬੰਗਾਲ ਦੇ ਨੌਜਵਾਨ ਨਿਰਦੇਸ਼ਕ ਅਮੀਆਂ ਚੱਕਰਵਰਤੀ ਨੇ ਨਿਰਦੇਸ਼ਤ ਕੀਤੀ ਸੀ ਅਤੇ ਫਿਲਮ ਪੈਸੇ ਵਸੂਲਣ ਵਿਚ ਨਾਕਾਮਯਾਬ ਰਹੀ, ਪਰ ਬਾਅਦ ਵਿਚ ਆਈ ਫਿਲਮ ‘ਜੁਗਨੂੰ’ ਨੇ ਦਲੀਪ ਕੁਮਾਰ ਨੂੰ ਸਟਾਰ ਬਣਾ ਦਿੱਤਾ। ਇਸ ਫਿਲ਼ਮ ਵਿਚ ਦਲੀਪ ਕੁਮਾਰ ਨਾਲ ਮੁੱਖ ਭੂਮਿਕਾ ਨੂਰਜਹਾਂ ਦੀ ਸੀ। ਦਲੀਪ ਕੁਮਾਰ ਦਾ ਚਿਹਰਾ ਜਿਵੇਂ ਕਿਰਦਾਰ ਦੀਆਂ ਰੂਹ ਵਿਚਲੀਆਂ ਤਿਸ਼ਨਗੀਆਂ ਅਤੇ ਪੇਚਦਗੀਆਂ ਨੂੰ ਜ਼ੁਬਾਨ ਦੇ ਦਿੰਦਾ ਸੀ। ਉਹਦੀ ਅਦਾਕਾਰੀ ਵਿਚ ਨਾਟਕੀਅਤਾ ਦੀ ਥਾਂ ਸੁਭਾਵਿਕਤਾ ਸੀ। ਲੱਗਦਾ ਸੀ ਜਿਵੇਂ ਉਹ ਅਦਾਕਾਰੀ ਨਹੀਂ ਕਰ ਰਿਹਾ, ਸਗੋਂ ਪਾਤਰ ਨੂੰ ਜੀਅ ਰਿਹਾ ਹੈ।
1949 ਵਿਚ ਬਣੀ ਫਿਲਮ ‘ਅੰਦਾਜ਼’ ਵਿਚ ਪਹਿਲੀ ਵਾਰ ਰਾਜਕਪੂਰ, ਨਰਗਿਸ ਅਤੇ ਦਲੀਪ ਕੁਮਾਰ ਨੇ ਇਕੱਠੇ ਆਏ। ਮਹਿਬੂਬ ਖਾਨ ਦੇ ਨਿਰਦੇਸ਼ਨ ਵਿਚ ਬਣੀ ਇਸ ਫਿਲਮ ਦਾ ਵੱਖਰਾ ਹੀ ਰੰਗ ਸੀ। ਪਹਿਲੀ ਵਾਰ ਮੁਲਕ ਦੀ ਆਜ਼ਾਦੀ ਤੋਂ ਬਾਅਦ ਪੱਛਮੀ ਪ੍ਰਭਾਵ ਹੇਠ ਆਏ ਉਚ ਵਰਗ ਦੇ ਕਿਰਦਾਰਾਂ ਨੂੰ ਪੇਸ਼ ਕੀਤਾ ਗਿਆ ਸੀ। ਫਿਲਮ ਸਫਲ ਰਹੀ ਪਰ ਰਾਜਕਪੂਰ ਅਤੇ ਦਲੀਪ ਕੁਮਾਰ ਨੇ ਫਿਰ ਕਦੇ ਇਕੱਠਿਆਂ ਕੰਮ ਨਹੀਂ ਕੀਤਾ। ਦਲੀਪ ਕੁਮਾਰ ਦੇ ਫਿਲਮੀ ਗਰਾਫ ਵਿਚ ਦੂਜਾ ਵੱਡਾ ਯੋਗਦਾਨ ਸੀ ਫਿਲਮ ‘ਦੇਵਦਾਸ’ ਦਾ ਜਿਸ ਨੇ ਸਿਨਮੇ ਵਿਚ ਮੁਹੱਬਤ ਨੂੰ ਵੱਖਰੇ ਤੇ ਨਵੇਂ ਤਰੀਕੇ ਨਾਲ ਪੇਸ਼ ਕਰਨ ਦੀ ਪਿਰਤ ਪਾਈ। ਇਸ ਫਿਲਮ ਨੇ ਹੀ ਦਲੀਪ ਕੁਮਾਰ ਨੂੰ ‘ਟਰੈਜਿਡੀ ਕਿੰਗ’ ਦਾ ਰੁਤਬਾ ਦਿਵਾਇਆ। ਆਖਿਰ ਇਸ ਨਾਵਲ ਵਿਚ ਅਜਿਹਾ ਕੀ ਸੀ ਕਿ ਹਿੰਦੀ ਸਮੇਤ ਤਮਿਲ, ਤੈਲਗੂ, ਬੰਗਲਾ ਆਦਿ ਭਾਸ਼ਾਵਾਂ ਵਿਚ ਇਸ ‘ਤੇ ਵੀਹ ਤੋਂ ਵੀ ਜ਼ਿਆਦਾ ਫਿਲਮਾਂ ਬਣੀਆਂ? ਇਨ੍ਹਾਂ ਫਿਲਮਾਂ ਨੇ ਜਿਥੇ ਕੁੰਦਨ ਲਾਲ ਸਹਿਗਲ, ਦਲੀਪ ਕੁਮਾਰ ਅਤੇ ਸ਼ਾਹਰੁਖ ਖਾਨ ਨੂੰ ਮਣਾਂਮੂੰਹੀ ਸ਼ੋਹਰਤ ਦਿੱਤੀ, ਉਥੇ ਇਨ੍ਹਾਂ ਫਿਲਮਾਂ ਨੇ ਆਪੋ-ਆਪਣੇ ਸਮੇਂ ਦੀ ਨੌਜਵਾਨੀ ਨੂੰ ਇਸ ਹੱਦ ਤੱਕ ਨਿਰਾਸ਼ਤਾ ਅਤੇ ਬੇਗਾਨਗੀ ਵੱਲ ਜਾਣ ਲਈ ਪ੍ਰੇਰਿਆ ਕਿ ਸ਼ਰਤ ਚੰਦਰ ਚੈਟਰਜੀ ਨੂੰ ਦਲੀਪ ਕੁਮਾਰ ਵਾਲੀ ਫਿਲਮ ਤੋਂ ਬਾਅਦ ਕਹਿਣਾ ਪਿਆ- “ਜੇ ਮੈਨੂੰ ਪਤਾ ਹੁੰਦਾ ਕਿ ਇਹ ਨਾਵਲ ਇੱਦਾਂ ਸ਼ਰਾਬ ਬਣ ਕੇ ਨੌਜਵਾਨੀ ਦੀਆਂ ਰਗਾਂ ਵਿਚ ਵਹੇਗਾ, ਮੈਂ ਫਿਲਮ ਬਣਾਉਣ ਦੀ ਕਦੇ ਇਜਾਜ਼ਤ ਨਾ ਦਿੰਦਾ।
‘ਦੇਵਦਾਸ’ ਤੋਂ ਪਹਿਲਾਂ ਦਲੀਪ ਕੁਮਾਰ ਨੂੰ ਫਿਲਮ ‘ਦਾਗ’ ਲਈ ਸਰਬੋਤਮ ਅਦਾਕਾਰ ਦਾ ਕੌਮੀ ਪੁਰਸਕਾਰ ਮਿਲ ਚੁੱਕਾ ਸੀ। ਕਿਸੇ ਅਦਾਕਾਰ ਨੂੰ ਮਿਲਣ ਵਾਲਾ ਇਹ ਪਹਿਲਾ ਪੁਰਸਕਾਰ ਸੀ। ‘ਦਾਗ’ ਤੋਂ ਹੀ ਉਸ ਦੀ ਆਵਾਜ਼ ਵਿਚਲੀ ਗਹਿਰਾਈ, ਡਾਇਲਾਗ ਬੋਲਣ ਦਾ ਢੰਗ, ਸਾਹਮਣੇ ਵਾਲੇ ਨੂੰ ਬੇਚੈਨ ਕਰ ਦੇਣ ਵਾਲੀ ਨਜ਼ਰ ਉਹਦਾ ਖਾਸ ਅੰਦਾਜ਼ ਬਣ ਗਏ। 1955 ਤੱਕ ਉਹ ‘ਜੋਗਨ’, ‘ਯਹੂਦੀ’ ਅਤੇ ‘ਉਡਨ ਖਟੋਲਾ’ ਵਰਗੀਆਂ ਅਨੇਕਾਂ ਫਿਲਮਾਂ ਕਰ ਚੁੱਕੇ ਸਨ ਜਿਨ੍ਹਾਂ ਵਿਚੋਂ ਜ਼ਿਆਦਾਤਰ ਵਿਚ ਉਹ ਨਿਰਾਸ਼ ਪ੍ਰੇਮੀ ਜਾਂ ਉਦਾਸ ਇਨਸਾਨ ਦੀ ਭੂਮਿਕਾ ਵਿਚ ਸਨ। ਫਿਲਮ ‘ਫੁੱਟਪਾਥ’, ‘ਮੁਸਾਫਿਰ’ ਅਤੇ ‘ਪੈਗਾਮ’ ਰਾਹੀਂ ਉੁਹਨੇ ਸਮਾਜਕ ਤੇ ਯਥਾਰਥਵਾਦੀ ਸਿਨੇਮਾ ਵਿਚ ਵੀ ਨਾਮ ਕਮਾਇਆ ਸੀ। ਸ਼ਾਇਦ ਇਨ੍ਹਾਂ ਫਿਲਮਾਂ ਦੇ ਕਿਰਦਾਰਾਂ ਨਾਲ ਭਾਵਕਤਾ ਦਾ ਅਸਰ ਸੀ, ਜਾਂ ਦਲੀਪ ਕੁਮਾਰ ਦੀਆਂ ਆਪਣੀਆਂ ਮਾਨਿਸਕ ਗੁੰਝਲਾਂ; ਉਸ ਨੂੰ ਮਨੋਵਿਗਿਆਨੀ ਦੀ ਮੱਦਦ ਲੈਣੀ ਪਈ। ਮਨੋਵਿਗਿਆਨੀ ਨੇ ਉਹਨੂੰ ਅਜਿਹੀਆਂ ਭੂਮਿਕਾਵਾਂ ਤੋਂ ਕੁਝ ਸਮੇਂ ਲਈ ਕਿਨਾਰਾ ਕਰਨ ਲਈ ਕਿਹਾ। ਨਤੀਜੇ ਵਜੋਂ ਦਰਸ਼ਕਾਂ ਨੂੰ ਦਲੀਪ ਕੁਮਾਰ ਦਾ ਵੱਖਰਾ ਰੂਪ ਦੇਖਣ ਨੂੰ ਮਿਲ਼ਿਆ। ਉਹ ‘ਕੋਹਿਨੂਰ’ ਅਤੇ ‘ਆਜ਼ਾਦ’ ਵਿਚ ਕਾਮੇਡੀ ਭੂਮਿਕਾਵਾਂ ਵਿਚ ਨਜ਼ਰ ਆਇਆ।
(ਚਲਦਾ)