ਲੋਕ ਪੱਖੀ ਰਾਜਨੀਤੀ ਦਾ ਨਾਇਕ ਵਸੰਤਰਾਓ ਨਾਇਕ

ਡਾæ ਮੋਹਨ ਸਿੰਘ ਤਿਆਗੀ
ਵਸੰਤਰਾਓ ਨਾਇਕ ਦਾ ਜਨਮ ਪਹਿਲੀ ਜੁਲਾਈ, 1913 ਨੂੰ ਮਹਾਂਰਾਸ਼ਟਰ ਦੇ ਜ਼ਿਲ੍ਹਾ ਯਵਤਮਾਲ ਦੀ ਪੁਸਾਦ ਤਾਲੁਕਾ ਵਿਚ ਸਾਧਾਰਨ ਬੰਜਾਰਾ ਪਰਿਵਾਰ ਵਿਚ ਹੋਇਆ। ਉਨ੍ਹਾਂ ਦਸਵੀਂ ਨੀਲ ਸਿਟੀ ਹਾਈ ਸਕੂਲ, ਨਾਗਪੁਰ ਤੋਂ ਪਾਸ ਕਰਨ ਉਪਰੰਤ ਉਥੋਂ ਦੇ ਮੌਰਿਸ ਕਾਲਜ ਤੋਂ ਬੀæਏæ ਦੀ ਡਿਗਰੀ ਕੀਤੀ। ਇਸ ਤੋਂ ਬਾਅਦ ਉਨ੍ਹਾਂ ਯੂਨੀਵਰਸਿਟੀ ਲਾਅ ਕਾਲਜ, ਨਾਗਪੁਰ ਤੋਂ ਐਲ਼ਐਲ਼ਬੀ ਕਰ ਲਈ ਅਤੇ ਫਿਰ ਅਮਰਾਵਤੀ ਦੇ ਪ੍ਰਸਿੱਧ ਬੈਰਿਸਟਰ ਪੰਜਾਬ ਰਾਓ ਦੇਸ਼ਮੁੱਖ ਦੀ ਰਹਿਨੁਮਾਈ ਵਿਚ ਵਕਾਲਤ ਸ਼ੁਰੂ ਕੀਤੀ।

ਇਹ ਉਹ ਸਮਾਂ ਸੀ ਜਦੋਂ ਉਹ ਰਾਜਨੀਤੀ ਵਿਚ ਪੂਰੀ ਤਰ੍ਹਾਂ ਸਰਗਰਮ ਹੋ ਗਏ। ਰਾਜਨੀਤੀ ਵਿਚ ਉਨ੍ਹਾਂ ਦਾ ਉਭਾਰ ਪੁਸਾਦ ਮਿਉਂਸਿਪਲ ਕਮੇਟੀ ਦਾ ਪਹਿਲੀ ਵਾਰ ਪ੍ਰਧਾਨ ਨਿਯੁਕਤ ਹੋਣ ‘ਤੇ ਹੋਇਆ।
ਦੇਸ਼ ਦੀਆਂ ਪਹਿਲੀਆਂ ਚੋਣਾਂ ਵਿਚ ਉਹ ਮੱਧ ਪ੍ਰਦੇਸ਼ ਸਰਕਾਰ ਦੇ ਰੈਵੇਨਿਊ ਵਿਭਾਗ ਵਿਚ ਬਤੌਰ ਉਪ ਮੰਤਰੀ ਕਾਰਜਸ਼ੀਲ ਹੋਏ। ਰਾਜਾਂ ਦੇ ਪੁਨਰਗਠਨ ਤੋਂ ਬਾਅਦ ਉਨ੍ਹਾਂ ਨੂੰ ਮੁੰਬਈ ਰਾਜ ਦੀ ਸਰਕਾਰ ਵਿਚ ਖੇਤੀ, ਸਹਿਕਾਰਤਾ ਅਤੇ ਡੇਅਰੀ ਵਿਕਾਸ ਮੰਤਰੀ ਨਿਯੁਕਤ ਕੀਤਾ ਗਿਆ। ਇਸ ਤਰ੍ਹਾਂ ਦਿਨ ਰਾਤ ਲੋਕ ਸੇਵਾ ਅਤੇ ਦ੍ਰਿੜ ਨਿਸ਼ਚੈ ਦੀ ਮਸ਼ਾਲ ਫੜੀ ਉਹ 5 ਦਸੰਬਰ 1963 ਨੂੰ ਮਹਾਂਰਾਸ਼ਟਰ ਦੇ ਮੁੱਖ ਮੰਤਰੀ ਬਣੇ। 1967 ਦੀਆਂ ਚੋਣਾਂ ਜਿੱਤਣ ਤੋਂ ਬਾਅਦ ਉਨ੍ਹਾਂ ਇਕ ਵਾਰ ਫਿਰ ਸਰਬਸੰਮਤੀ ਨਾਲ ਮੁੱਖ ਮੰਤਰੀ ਦਾ ਅਹੁਦਾ ਹਾਸਲ ਕੀਤਾ।
ਸ੍ਰੀ ਨਾਇਕ ਭਾਵੇਂ ਬੰਜਾਰਾ ਕਬੀਲਾਈ ਸਭਿਆਚਾਰ ਵਿਚੋਂ ਉਦੈ ਹੋ ਕੇ ਮਹਾਂਰਾਸ਼ਟਰ ਦੀ ਰਾਜ ਸੱਤਾ ਦੇ ਧਰੂ ਤਾਰੇ ਬਣ ਗਏ ਸਨ, ਪਰ ਉਨ੍ਹਾਂ ਆਪਣੇ ਰਾਜ ਅਤੇ ਲੋਕਾਂ ਪ੍ਰਤੀ ਆਤਮਿਕ ਅਹਿਦਨਾਮਾ ਕੀਤਾ ਹੋਇਆ ਸੀ ਜਿਸ ਨੂੰ ਉਹ ਲਾਗੂ ਕਰਨ ਲਈ ਹਰ ਵੇਲੇ ਤਤਪਰ ਰਹਿੰਦੇ ਸਨ। ਇਹੀ ਕਾਰਨ ਸੀ ਕਿ ਉਹ ਕਿਸਾਨਾਂ ਅਤੇ ਕਿਰਤੀਆਂ ਲਈ ਗਹਿਰੀ ਸਦਭਾਵਨਾ ਅਤੇ ਨਿਸ਼ਠਾ ਰੱਖਦੇ ਸਨ। ਉਹ ਡੂੰਘੀ ਦ੍ਰਿਸ਼ਟੀ ਵਾਲੀ ਬਹੁ-ਪੱਖੀ ਸ਼ਖਸੀਅਤ ਸਨ। ਉਹ ਆਪਣੇ ਸਮੇਂ ਦੇ ਪ੍ਰਸਿੱਧ ਨਾਵਲਕਾਰਾਂ ਹਰੀਭਾਓ ਆਪਟੇ ਅਤੇ ਨਾਥ ਮਾਧਣ ਤੋਂ ਬਹੁਤ ਪ੍ਰਭਾਵਿਤ ਸਨ। ਇਸ ਤੋਂ ਇਲਾਵਾ ਉਨ੍ਹਾਂ ਉਤੇ ਮਹਾਤਮਾ ਫੂਲੇ ਅਤੇ ਸੇਨ ਗੁਰੂ ਦੇ ਅਧਿਆਤਮਕ ਦਰਸ਼ਨ ਦਾ ਵੀ ਗਹਿਰਾ ਪ੍ਰਭਾਵ ਸੀ। ਇਨ੍ਹਾਂ ਮਹਾਂਪੁਰਸ਼ਾਂ ਦੀ ਵਿਚਾਰਧਾਰਾ ਤਹਿਤ ਉਨ੍ਹਾਂ ਛੂਆ-ਛਾਤ, ਨਾਰੀ ਸਿੱਖਿਆ ਅਤੇ ਸਮਾਜਕ ਕ੍ਰਾਂਤੀ ਦੇ ਸੰਕਲਪਾਂ ਨੂੰ ਜੀਵਨ ਵਿਹਾਰ ਵਿਚ ਲਿਆਂਦਾ। ਡਾæ ਬੀæਆਰæ ਅੰਬੇਦਕਰ ਅਤੇ ਡੇਲ ਕਰਨੇਗੀ ਦੇ ਸਮਾਜਕ ਸੰਘਰਸ਼ ਨੇ ਉਨ੍ਹਾਂ ਨੂੰ ਧੁਰ ਅੰਦਰ ਤਕ ਪ੍ਰਭਾਵਿਤ ਕੀਤਾ।
ਮਹਾਂਰਾਸ਼ਟਰ ਵਿਚ ਹਰੇ ਅਤੇ ਚਿੱਟੇ ਇਨਕਲਾਬ ਦੇ ਉਹ ਪਿਤਾਮਾ ਵਜੋਂ ਜਾਣੇ ਜਾਂਦੇ ਹਨ। ਉਨ੍ਹਾਂ ਖੇਤੀਬਾੜੀ ਅਤੇ ਡੇਅਰੀ ਸੈਕਟਰ ਵਿਚ ਅਜਿਹੇ ਯਾਦਗਾਰੀ ਸੁਧਾਰ ਕੀਤੇ ਜਿਨ੍ਹਾਂ ਨਾਲ ਨਾ ਸਿਰਫ ਮਹਾਂਰਾਸ਼ਟਰ ਹੀ ਆਤਮ-ਨਿਰਭਰ ਹੋਇਆ, ਸਗੋਂ ਉਹ ਪੂਰੇ ਦੇਸ਼ ਦੇ ਰਾਜਾਂ ਲਈ ਮਿਸਾਲ ਬਣ ਗਏ। ਉਹ ਖੇਤੀਬਾੜੀ ਆਰਥਿਕਤਾ, ਉਦਯੋਗ, ਸਮਾਜ ਅਤੇ ਰਾਜਨੀਤਕ ਹਲਕਿਆਂ ਵਿਚ ਕੀਤੇ ਵਿਕਾਸ ਕਾਰਨ ਸਫਲ ਰਾਜਨੇਤਾ ਵਜੋਂ ਉਭਰੇ। ਇਹੀ ਕਾਰਨ ਸੀ ਕਿ ਉਨ੍ਹਾਂ ਦੇ ਰਾਜਨੀਤਕ ਜੀਵਨ ਵਿਚ ਗਤੀਸ਼ੀਲਤਾ ਅਤੇ ਪ੍ਰਗਤੀ ਲਗਾਤਾਰ ਬਣੀ ਰਹੀ। ਉਨ੍ਹਾਂ ਮੁੱਖ ਮੰਤਰੀ ਵਜੋਂ ਆਪਣੇ ਕਾਰਜਕਾਲ ਦੌਰਾਨ ਕਈ ਮਹੱਤਵਪੂਰਨ ਫੈਸਲੇ ਕੀਤੇ ਜਿਨ੍ਹਾਂ ਨੇ ਮਹਾਂਰਾਸ਼ਟਰ ਨੂੰ ਪ੍ਰਗਤੀ ਦੇ ਮਾਰਗ ‘ਤੇ ਤੋਰਿਆ। ਸ੍ਰੀ ਨਾਇਕ ਨੇ 14 ਫਰਵਰੀ 1964 ਨੂੰ ਮਰਾਠੀ ਨੂੰ ਰਾਜ ਭਾਸ਼ਾ ਦਾ ਰੁਤਬਾ ਦੇ ਕੇ ਇਤਿਹਾਸਕ ਕਾਰਜ ਕੀਤਾ। ਇਸ ਨਾਲ ਹਟਕੋਰੇ ਲੈ ਰਹੀਆਂ ਖੇਤਰੀ ਭਾਸ਼ਾਵਾਂ ਨੂੰ ਪੂਰੇ ਦੇਸ਼ ਵਿਚ ਸਨਮਾਨ ਮਿਲਿਆ। ਇਸ ਤੋਂ ਇਲਾਵਾ ਉਨ੍ਹਾਂ ਆਪਣੇ ਰਾਜ ਵਿਚ ਹੋਰ ਵੀ ਬਹੁਤ ਸਾਰੇ ਸਮਾਜਕ, ਆਰਥਿਕ ਅਤੇ ਰਾਜਨੀਤਕ ਕਾਰਜ ਕੀਤੇ।
ਸ੍ਰੀ ਨਾਇਕ ਨੇ ਵੱਡੇ ਪੱਧਰ ‘ਤੇ ਭੂਮੀ ਸੁਧਾਰ ਕਰ ਕੇ ਭੂਮੀ ਹਲਵਾਹਕਾਂ ਦੇ ਨਾਂ ਕੀਤੀ। ਇਸ ਸਬੰਧੀ ਐਕਟ ਬਣਾ ਕੇ ਕਿਰਤੀਆਂ ਦਾ ਸ਼ੋਸ਼ਣ ਰੋਕਿਆ। ਉਨ੍ਹਾਂ ਉਦਯੋਗਿਕ ਵਿਕਾਸ ਵਿਚ ਵੀ ਵੱਡਾ ਯੋਗਦਾਨ ਪਾਇਆ। ਨਾਗਪੁਰ, ਔਰੰਗਾਬਾਦ, ਨਾਸਿਕ ਅਤੇ ਲਾਤੂਰ ਜ਼ਿਲ੍ਹਿਆਂ ਵਿਚ ਉਦਯੋਗ ਲਾ ਕੇ ਕਿਰਤੀਆਂ ਲਈ ਰੋਜ਼ੀ-ਰੋਟੀ ਦਾ ਰਾਹ ਪੱਧਰਾ ਕੀਤਾ। ਰੁਜ਼ਗਾਰ ਗਰੰਟੀ ਸਕੀਮ ਤਹਿਤ ਨਵੇਂ ਕਾਨੂੰਨ ਬਣਾ ਕੇ ਸ੍ਰੀ ਨਾਇਕ ਨੇ ਲੱਖਾਂ ਲੋਕਾਂ ਨੂੰ ਰੁਜ਼ਗਾਰ ਮੁਹੱਈਆ ਕਰਵਾਇਆ। ਇਹ ਸਕੀਮ ਆਦਮੀਆਂ ਅਤੇ ਔਰਤਾਂ ਲਈ ਬਰਾਬਰ ਦਾ ਦਰਜਾ ਰੱਖਦੀ ਹੈ। ਕਾਲ ਵਾਲੇ ਇਲਾਕਿਆਂ ਵਿਚ ਖੂਹ ਅਤੇ ਝੀਲਾਂ ਬਣਵਾਈਆਂ।
ਮਹਾਂਰਾਸ਼ਟਰ ਨੂੰ ਜੂਆ ਅਤੇ ਦੜਾ-ਸੱਟਾ ਵਰਗੀਆਂ ਸਮਾਜਕ ਬੁਰਾਈਆਂ ਤੋਂ ਮੁਕਤ ਕਰਾਉਣ ਲਈ ਉਨ੍ਹਾਂ ਸਟੇਟ ਲਾਟਰੀ ਦੀ ਸਕੀਮ ਸ਼ੁਰੂ ਕੀਤੀ। ਇਸ ਨਾਲ ਜੂਏ ਦੇ ਰੁਝਾਨ ਨੂੰ ਕਾਫ਼ੀ ਹੱਦ ਤੱਕ ਠੱਲ੍ਹ ਪਈ ਅਤੇ ਆਮਦਨ ਵਿਚ ਵੀ ਵਾਧਾ ਹੋਇਆ।
ਕੌਟਨ ਮੋਨੋਪਲੀ ਸਕੀਮ ਤਹਿਤ ਕਿਸਾਨਾਂ ਨੂੰ ਏਜੰਟਾਂ ਅਤੇ ਵਪਾਰੀਆਂ ਦੀ ਲੁੱਟ ਤੋਂ ਬਚਾਉਣ ਲਈ ਮੰਡੀ ਨਾਲ ਸਿੱਧਾ ਸੰਪਰਕ ਬਣਾਇਆ। ‘ਕੌਟਨ ਕੰਪਲੀਏਸ਼ਨ ਪ੍ਰੋਸੈਸ ਅਤੇ ਸੇਲਜ਼’ ਐਕਟ ਲਾਗੂ ਕਰ ਕੇ ਕਿਸਾਨਾਂ ਦੇ ਹੱਕ ਵਿਚ ਫਤਵਾ ਦਿੱਤਾ। ਇਸ ਨਾਲ ਰੂੰਅ ਦੀ ਵਾਜਬ ਤੇ ਚੰਗੀ ਕੀਮਤ ਤੈਅ ਹੋਈ।
ਮੁਖ ਮੰਤਰੀ ਹੁੰਦਿਆਂ ਸ੍ਰੀ ਨਾਇਕ ਨੇ ਨਵੀਂ ਮੁੰਬਈ ਉਸਾਰ ਕੇ ਵਿਕਾਸ ਲਈ ਵਿਸ਼ੇਸ਼ ਉਦਮ ਕੀਤਾ। ਇਸ ਨਾਲ ਮੁੰਬਈ ਆਧੁਨਿਕ ਉਦਯੋਗਾਂ ਦੇ ਖੇਤਰ ਵਿਚ ਵਿਸ਼ੇਸ਼ ਮੋਹਰੀ ਬਣਿਆ। ਪਿੰਡਾਂ ਵਿਚ ਘਰ ਘਰ ਬਿਜਲੀ ਪਹੁੰਚਾਉਣ ਲਈ ਖਪਰਖੇੜਾ, ਪਾਰਸ, ਬੁਸਾਵਲ, ਪੋਫਾਲੀ ਅਤੇ ਜੇਲ੍ਹਦਾਰੀ ਹਾਈਡਰੋ-ਪ੍ਰੋਜੈਕਟਾਂ ਨੂੰ ਕਮਿਸ਼ਨ ਦੇ ਕੇ ਬਿਜਲੀ ਸਪਲਾਈ ਸ਼ੁਰੂ ਕਰਵਾਉਣ ਦਾ ਸਿਹਰਾ ਵੀ ਸ੍ਰੀ ਨਾਇਕ ਨੂੰ ਹੀ ਜਾਂਦਾ ਹੈ।
1972 ਵਿਚ ਮਹਾਂਰਾਸ਼ਟਰ ਵਿਚ ਅਕਾਲ ਪਿਆ ਤਾਂ ਅਕਾਲ ਮਾਰੇ ਇਲਾਕਿਆਂ ਵਿਚ ਵਿਸ਼ੇਸ਼ ਕਾਰਜ ਕੀਤੇ। ਲੋਕਾਂ ਨੂੰ ਰੋਜ਼ੀ-ਰੋਟੀ ਦੇਣ ਦੇ ਨਾਲ ਨਾਲ ਬੱਚਿਆਂ ਦੀਆਂ ਫੀਸਾਂ ਦੇਣ ਦਾ ਪ੍ਰਬੰਧ ਕੀਤਾ।
ਖੇਤੀਬਾੜੀ ਯੂਨੀਵਰਸਿਟੀਆਂ ਬਣਾ ਕੇ ਖੇਤੀਬਾੜੀ ਸੈਕਟਰ ਵਿਚ ਉਨ੍ਹਾਂ ਨਵਾਂ ਇਨਕਲਾਬ ਲਿਆਂਦਾ। ਅਹਿਮਦਨਗਰ, ਅਕੋਲਾ, ਪਾਰਾਭਾਨੀ ਅਤੇ ਦਪੋਲੀ ਦੀਆਂ ਖੇਤੀਬਾੜੀ ਯੂਨੀਵਰਸਿਟੀਆਂ ਇਸ ਦੀ ਮਿਸਾਲ ਹਨ। ਇਹ ਉਨ੍ਹਾਂ ਦੀ ਦੂਰਅੰਦੇਸ਼ੀ ਅਤੇ ਦ੍ਰਿੜ ਨਿਸ਼ਚੇ ਦਾ ਹੀ ਪ੍ਰਮਾਣ ਸੀ ਕਿ ਉਨ੍ਹਾਂ 1965 ਵਿਚ ਭਾਸ਼ਣ ਦੌਰਾਨ ਮਹੱਤਵਪੂਰਨ ਤੇ ਬੇਬਾਕ ਟਿੱਪਣੀ ਕੀਤੀ ਸੀ: “ਜੇ ਮਹਾਂਰਾਸ਼ਟਰ ਦੋ ਸਾਲਾਂ ਵਿਚ ਅੰਨ-ਦਾਣੇ ਪੱਖੋਂ ਆਤਮ-ਨਿਰਭਰ ਨਾ ਬਣਿਆ, ਤਾਂ ਤੁਸੀਂ ਬੇਸ਼ੱਕ ਮੈਨੂੰ ਫਾਹੇ ਲਾ ਦਿਓ।”
ਇਸ ਟਿੱਪਣੀ ਤੋਂ ਸ੍ਰੀ ਨਾਇਕ ਦੀ ਸ਼ਕਤੀਸ਼ਾਲੀ ਸ਼ਖਸੀਅਤ ਸਾਕਾਰ ਹੋ ਜਾਂਦੀ ਹੈ। ਉਨ੍ਹਾਂ ਰਾਜ ਦੀ ਆਰਥਿਕਤਾ ਨੂੰ ਮਜ਼ਬੂਤ ਕਰਨ ਲਈ ਜਿਥੇ ਜ਼ਮੀਨੀ ਪੱਧਰ ‘ਤੇ ਕੰਮ ਕੀਤਾ, ਉਥੇ ਪਾਣੀ ਲਈ ਖੂਹ/ਤਲਾਬ ਖੁਦਵਾ ਕੇ ਅਤੇ ਵੱਡੀ ਪੱਧਰ ‘ਤੇ ਲਿੰਕ ਰੋਡ ਬਣਵਾ ਕੇ ਵਿਕਾਸ ਲਈ ਸਿਸਕਦੇ ਪਿੰਡਾਂ ਨੂੰ ਨਵੀਂ ਨੁਹਾਰ ਦਿੱਤੀ। ਖੇਤੀਬਾੜੀ ਸੈਕਟਰ ਦੀ ਉਨਤੀ ਲਈ ਚਾਰ ਯੂਨੀਵਰਸਿਟੀਆਂ ਦੀ ਸਥਾਪਨਾ ਕਰ ਕੇ ਹਰੇ ਅਤੇ ਚਿੱਟੇ ਇਨਕਲਾਬ ਲਈ ਮੀਲ ਪੱਥਰ ਧਰਿਆ। ਵਿਕਾਸ ਬਾਰੇ ਸ੍ਰੀ ਵਸੰਤਰਾਓ ਨਾਇਕ ਅਤੇ ਮਹਾਂਰਾਸ਼ਟਰ ਨੂੰ ਅਲੱਗ ਕਰ ਕੇ ਨਹੀਂ ਦੇਖਿਆ ਜਾ ਸਕਦਾ। ਉਨ੍ਹਾਂ ਆਪਣੇ ਗਿਆਰਾ ਸਾਲਾਂ ਦੇ ਕਾਰਜਕਾਲ ਦੌਰਾਨ ਮਹਾਂਰਾਸ਼ਟਰ ਦੇ ਨਵ-ਨਿਰਮਾਣ ਦੇ ਨਾਲ ਨਾਲ ਕੁਦਰਤੀ ਆਫ਼ਤਾਂ ਨਾਲ ਨਜਿੱਠਣ ਲਈ ਵੀ ਉਸਾਰੂ ਅਤੇ ਸਾਰਥਕ ਕਦਮ ਚੁੱਕੇ। ਉਹ ਆਪਣੀ ਨਿਮਰ, ਉਸਾਰੂ ਅਤੇ ਇਕਾਗਰ ਬਿਰਤੀ ਕਾਰਨ ਕੇਂਦਰੀ ਲੀਡਰਸ਼ਿਪ ਵਿਚ ਵੀ ਹਰਮਨ ਪਿਆਰੇ ਸਨ। ਆਪਣੇ ਇਨ੍ਹਾਂ ਸਦਗੁਣਾਂ ਕਾਰਨ ਉਹ ਕਾਂਗਰਸ ਪਾਰਟੀ ਦੀਆਂ ਪ੍ਰਸਿੱਧ ਸ਼ਖਸੀਅਤਾਂ ਦੇ ਬਹੁਤ ਨਜ਼ਦੀਕੀ ਸਨ। ਉਨ੍ਹਾਂ ਰਾਜਨੀਤੀ ਦੇ ਖੇਤਰ ਵਿਚ ਹਰ ਫੈਸਲਾ ਲੋਕ ਹਿੱਤਾਂ ਨੂੰ ਧਿਆਨ ਵਿਚ ਰੱਖ ਕੇ ਕੀਤਾ। ਸ੍ਰੀ ਨਾਇਕ ਬਾਰੇ ਉਘੇ ਨੇਤਾ ਸ਼ਰਦ ਪਵਾਰ ਦੇ ਇਹ ਵਿਚਾਰ ਵਿਸ਼ੇਸ਼ ਤੌਰ ‘ਤੇ ਜ਼ਿਕਰਯੋਗ ਹਨ: “ਇਹ ਕੋਈ ਅਤਿ-ਕਥਨੀ ਨਹੀਂ ਕਿ ਜੇ ਯਸ਼ਵੰਤ ਰਾਓ ਚਵਾਨ ਨੇ ਮਾਡਰਨ ਮਹਾਂਰਾਸ਼ਟਰ ਦਾ ਨੀਂਹ ਪੱਥਰ ਰੱਖਿਆ, ਤਾਂ ਵਸੰਤਰਾਓ ਨਾਇਕ ਨੇ ਇਸ ਨੂੰ ਵਿਕਾਸ ਦੇ ਸਿਖਰ ‘ਤੇ ਪਹੁੰਚਾਇਆ।”
ਸਿਰਫ਼ ਇਹੀ ਨਹੀਂ, ਮਰਾਠੀ ਦੇ ਪ੍ਰਸਿੱਧ ਲੇਖਕ ਅਤੇ ਰੋਜ਼ਾਨਾ ਅਖਬਾਰ ‘ਲੋਕਮੱਤ’ ਦੇ ਸੰਪਾਦਕ ਸੁਰੇਸ਼ ਦਵਾਦਾਸ਼ੀਵਰ ਦੇ ਉਨ੍ਹਾਂ ਬਾਰੇ ਇਹ ਸ਼ਬਦ ਵਿਸ਼ੇਸ਼ ਮਹੱਤਤਾ ਦੇ ਧਾਰਨੀ ਹਨ ਕਿ ਉਹ ਆਪਣੇ ਸਾਹਮਣੇ ਸਮੱਸਿਆਵਾਂ ਵੇਖ ਕੇ ਭਾਰ ਮਹਿਸੂਸ ਨਹੀਂ ਸੀ ਕਰਦੇ ਅਤੇ ਨਾ ਹੀ ਇਨ੍ਹਾਂ ਸਮੱਸਿਆਵਾਂ ਕਾਰਨ ਆਪਣੀ ਦੂਰ-ਦ੍ਰਿਸ਼ਟੀ ਨੂੰ ਧੁੰਦਲਾ ਹੋਣ ਦਿੰਦੇ ਸਨ। ਉਘੇ ਨੇਤਾ ਸੁਸ਼ੀਲ ਕੁਮਾਰ ਸ਼ਿੰਦੇ ਨੇ ਉਨ੍ਹਾਂ ਦੀ ਅਜ਼ੀਮ ਸ਼ਖਸੀਅਤ ਬਾਰੇ ਕਿਹਾ ਸੀ, “ਸ੍ਰੀ ਵਸੰਤਰਾਓ ਨਾਇਕ ਨੇ ਆਪਣੇ ਆਲੇ-ਦੁਆਲੇ ਵਿਚਰ ਰਹੇ ਲੋਕਾਂ ਦੀਆਂ ਸਮੱਸਿਆਵਾਂ ਨੇੜੇ ਤੋਂ ਵੇਖੀਆਂ ਸਨ। ਇਹੀ ਕਾਰਨ ਸੀ ਕਿ ਉਨ੍ਹਾਂ ਨੇ ਕਿਸਾਨਾਂ, ਕਿਰਤੀਆਂ ਅਤੇ ਪੀੜਤ ਧਿਰਾਂ ਦੀ ਆਵਾਜ਼ ਤੇ ਧੜਕਨ ਨੂੰ ਦਿਲੋਂ ਮਹਿਸੂਸ ਕੀਤਾ।” ਮਰਹੂਮ ਦਲਿਤ ਨੇਤਾ ਜਗਜੀਵਨ ਰਾਮ ਦਾ ਕਥਨ ਸੀ, “ਸ੍ਰੀ ਨਾਇਕ ਸਫ਼ਲ ਪ੍ਰਸ਼ਾਸਕ ਹੋਣ ਦੇ ਨਾਲ ਨਾਲ ਮਜ਼ਬੂਤ ਅਤੇ ਨਿਡਰ ਸ਼ਖ਼ਸੀਅਤ ਦੇ ਮਾਲਕ ਹਨ।”
ਸ੍ਰੀ ਵਸੰਤਰਾਓ ਨਾਇਕ ਭਾਵੇਂ 18 ਅਗਸਤ 1979 ਨੂੰ 66 ਸਾਲ ਦੀ ਉਮਰ ਵਿਚ ਸਾਥੋਂ ਸਦਾ ਲਈ ਵਿਛੜ ਗਏ ਪਰ ਉਨ੍ਹਾਂ ਦੁਆਰਾ ਦੇਸ਼ ਦੇ ਵਿਕਾਸ ਲਈ ਕੀਤੇ ਕਾਰਜਾਂ ਲਈ ਉਨ੍ਹਾਂ ਨੂੰ ਸਦਾ ਯਾਦ ਰੱਖਿਆ ਜਾਵੇਗਾ। ਦੁਨੀਆਂ ਭਰ ਦੇ ਬੰਜਾਰਾ ਭਾਈਚਾਰੇ ਨੇ ਜੁਲਾਈ ਦੇ ਪਹਿਲੇ ਹਫਤੇ ਆਪਣੇ ਇਸ ਮਹਿਬੂਬ ਨੇਤਾ ਦਾ ਜਨਮ ਦਿਵਸ ਦਿਲ ਦੀਆਂ ਗਹਿਰਾਈਆਂ ਵਿਚੋਂ ਮਨਾਇਆ।