ਮੇਜਰ ਕੁਲਾਰ ਬੋਪਾਰਾਏ ਕਲਾਂ
ਫੋਨ: 916-273-2856
ਮਾਂਵਾਂ ਨੂੰ ਪੁੱਤ ਜਾਨ ਤੋਂ ਵੱਧ ਪਿਆਰੇ ਹੁੰਦੇ ਨੇ, ਪੁੱਤਾਂ ਨੂੰ ਮਾਂਵਾਂ ਦੀ ਗੋਦ ਜੰਨਤ ਵਰਗੀ ਲੱਗਦੀ ਹੈ, ਪਰ ਇਹ ਦੋਵੇਂ ਸ਼ਬਦ ਹੀ ਮੇਰੇ ਅਤੇ ਮੇਰੀ ਮਾਂ ਦੇ ਦਿਲ ਵਿਚੋਂ ਗਾਇਬ ਹੀ ਰਹੇ ਨੇ। ਮੇਰਾ ਜਨਮ ਚਾਰ ਭੈਣਾਂ ਤੋਂ ਬਾਅਦ ਹੋਣ ਕਰ ਕੇ ਵੀ ਮੈਂ ਨਾ ਤਾਂ ਮਾਂ ਦਾ ਰਾਜਾ ਪੁੱਤ ਬਣਿਆ, ਤੇ ਨਾ ਨਵਾਬ ਪੁੱਤ। ਲੋਕਾਂ ਦੇ ਦੋ ਧੀਆਂ ਤੋਂ ਬਾਅਦ ਹੋਏ ਪੁੱਤ ਦਾ ਨਾਂ ਜਿਵੇਂ ਪ੍ਰਿੰਸ ਰੱਖਿਆ ਹੁੰਦਾ ਹੈ, ਮੇਰਾ ਨਾਂ ਮਾਂ ਨੇ ਪਿਛੋਂ ਹੋਣ ਕਰ ਕੇ ਪਿਸ਼ੌਰਾ ਸਿੰਘ ਰੱਖਿਆ ਸੀ। ਮਾਂ ਦਾ ਪੇਕਾ ਪਿੰਡ ਵੀ ਬੜਾ ਨਿਰਦਈ ਸੀ।
ਮਾਮੇ ਤਾਂ ਬੰਦਾ ਵੱਢ ਕੇ ਝੱਟ ਦੱਬ ਦਿੰਦੇ ਸਨ, ਤੇ ਮਾਂ ਵੀ ਤਾਂ ਉਨ੍ਹਾਂ ਦੀ ਭੈਣ ਸੀ। ਮਾਂ ਦਾ ਹੱਥ ਅੱਠ ਇੰਚ ਲੰਮਾ ਸੀ। ਜਦੋਂ ਉਹ ਕਦੇ ਭੈਣਾਂ ਦੇ ਜਾਂ ਮੇਰੇ ਮਾਰਦੀ, ਲੱਗਦਾ ਧਰਤੀ ਘੁੰਮ ਗਈ ਹੋਵੇ। ਪਿਤਾ ਹੋਰੀਂ ਤਿੰਨ ਭਰਾ ਸਨ। ਪਿਤਾ, ਫੌਜੀ ਚਾਚਾ ਤੇ ਸਭ ਤੋਂ ਛੋਟਾ ਚਾਚਾ ਜਿਹੜਾ ਸਿੱਧਾ ਸਾਦਾ ਬੰਦਾ ਸੀ। ਪਿਤਾ ਵਾਲੇ ਪਾਸੇ ਸਾਰਾ ਪਰਿਵਾਰ ਮਿਹਨਤੀ ਤੇ ਸਾਊ ਸੀ। ਮਾਂ ਦਾ ਰਿਸ਼ਤਾ ਕਰਵਾਉਣ ਵਾਲਾ ਵਿਚੋਲਾ ਵੀ ਬੜਾ ਸਾਊ ਸੀ, ਪਰ ਪਤਾ ਨਹੀਂ ਫਿਰ ਕਿਉਂ ਉਸ ਨੇ ਪਿਤਾ ਦਾ ਵਾਹ ਬੰਦੇ-ਵੱਢ ਬੰਦਿਆਂ ਨਾਲ ਪਾ ਦਿੱਤਾ।
ਮੇਰੇ ਦਾਦਾ-ਦਾਦੀ ਪਿਤਾ ਦੇ ਵਿਆਹ ਤੋਂ ਛੇਤੀ ਬਾਅਦ ਹੀ ਜਹਾਨੋਂ ਕੂਚ ਕਰ ਗਏ ਸਨ। ਚਾਚਾ ਖੇਤ ਵਿਚ ਹੀ ਫੌਜ ਵਿਚ ਭਰਤੀ ਹੋ ਗਿਆ ਸੀ। ਸਾਡਾ ਖੂਹ ਸਵਰਗਾਂ ਤੋਂ ਘੱਟ ਨਹੀਂ ਸੀ। ਛੇ ਤੂਤ ਗੋਲ ਘੇਰੇ ਵਿਚ ਲਾਏ ਹੋਏ ਸਨ ਤੇ ਦੋਹੀਂ ਪਾਸੀਂ ਅੰਬ ਦੇ ਵੱਡੇ ਰੁੱਖ ਸਨ। ਦੋਹੀਂ ਪਾਸੀਂ ਦੋ ਧਰੇਕਾਂ ਸਨ। ਕਣਕ ਦੀ ਵਾਢੀ ਤੋਂ ਬਾਅਦ ਖੇਤ ਵਿਹਲੇ ਹੋਣ ਕਰ ਕੇ ਫੌਜੀ ਖੇਤਾਂ ਵਿਚ ਆ ਜਾਂਦੇ, ਰਾਤਾਂ ਨੂੰ ਲੜਾਈ ਦੀ ਟਰੇਨਿੰਗ ਚੱਲਦੀ। ਖੂਹ ‘ਤੇ ਸਾਰੇ ਅਫਸਰ ਠਹਿਰਦੇ। ਉਨ੍ਹਾਂ ਸ਼ਾਨਦਾਰ ਤੰਬੂ ਲਾਏ ਹੁੰਦੇ।
ਇਕ ਦਿਨ ਇਕ ਅਫ਼ਸਰ ਨੇ ਚਾਚੇ ਨੂੰ ਖੂਹ ‘ਤੇ ਨਹਾਉਂਦੇ ਨੂੰ ਦੇਖ ਲਿਆ। ਉਹ ਪੰਜਾਬੀ ਅਫ਼ਸਰ ਚਾਚੇ ਦਾ ਸਰੀਰ ਦੇਖ ਕੇ ਹੈਰਾਨ ਹੋ ਗਿਆ ਕਿ ਜਵਾਨ ਨੇ ਸਰੀਰ ਐਨਾ ਸਾਂਭਿਆ ਹੋਇਆ ਹੈ। ਉਹ ਚਾਚੇ ਨੂੰ ਕਹਿੰਦਾ, “ਕਿਹੜੀ ਕਸਰਤ ਕਰਦਾ ਏਂ।” ਚਾਚਾ ਕਹਿੰਦਾ, “ਖੇਤਾਂ ਦਾ ਕੰਮ ਕਰੀਦੈ। ਗਰੀਬੀ ਹੋਣ ਕਰ ਕੇ ਬਲਦ ਇਕ ਹੀ ਹੈ, ਤੇ ਮੈਂ ਦੂਜਾ ਬਲਦ ਬਣ ਕੇ ਪੰਜਾਲੀ ਥੱਲੇ ਧੌਣ ਕਰ ਲੈਂਦਾਂ, ਤੇ ਖੂਹ ਜੋੜ ਲਈਦਾ।” ਅਫ਼ਸਰ ਹੈਰਾਨ ਹੋ ਗਿਆ। ਉਹਨੇ ਅੰਬ ਦੇ ਰੁੱਖ ‘ਤੇ ਰੱਸਾ ਬੰਨ੍ਹਵਾ ਲਿਆ ਤੇ ਚਾਚੇ ਨੂੰ ਕਹਿਣ ਲੱਗਾ, “ਚੜ੍ਹ ਜਾ ਉਤੇ”, ਤੇ ਚਾਚਾ ਝੱਟ ਅੰਬ ‘ਤੇ ਚੜ੍ਹ ਗਿਆ। ਫਿਰ ਡੰਡ ਲਵਾ ਕੇ ਦੇਖੇ, ਫੌਜੀਆਂ ਨਾਲ ਦੌੜ ਲਵਾ ਕੇ ਦੇਖੀ, ਤੇ ਚਾਚਾ ਭਰਤੀ ਹੋ ਗਿਆ। ਅਫ਼ਸਰ ਨੇ ਬਲਦ ਦੇ ਰੁਪਏ ਪਿਤਾ ਦੇ ਹੱਥ ਰੱਖ ਕੇ ਕਿਹਾ, “ਲੈ ਜਵਾਨਾ! ਤੇਰਾ ਭਰਾ ਹੋ ਗਿਆ ਜੇ ਭਰਤੀ, ਤੇ ਤੂੰ ਦੂਜਾ ਬਲਦ ਖਰੀਦ ਲਈਂ, ਇਸ ਨੂੰ ਅਸੀਂ ਆਪਣੇ ਨਾਲ ਲੈ ਜਾਣਾ ਹੈ।” ਇਕ ਫ਼ਾਰਮ ‘ਤੇ ਪਿਤਾ ਦਾ ਅੰਗੂਠਾ ਲਵਾ ਲਿਆ ਤੇ ਚਾਚੇ ਦੇ ਸਾਈਨ ਕਰਵਾ ਲਏ। ਛੇ ਦਿਨ ਸਾਡਾ ਖੇਤ ਛਾਉਣੀ ਬਣਿਆ ਰਿਹਾ ਤੇ ਸੱਤਵੇਂ ਦਿਨ ਚਾਚੇ ਨੂੰ ਲੁਧਿਆਣੇ ਫੌਜੀ ਭਰਤੀ ਦਫ਼ਤਰ ਸੱਦ ਕੇ ਸਾਰੀਆਂ ਸ਼ਰਤਾਂ ਪੂਰੀਆਂ ਕਰਦੇ ਹੋਏ ਰਾਮਗੜ੍ਹ-ਰਾਂਚੀ ਦੀ ਰੇਲ ਬਿਠਾ ਦਿੱਤਾ, ਤੇ ਪਿਤਾ ਅੱਖਾਂ ਮਲਦਾ ਤਾਂਗੇ ਵਿਚ ਬੈਠ ਗਿਆ।
ਫੌਜੀ ਚਾਚੇ ਦੀ ਤਨਖਾਹ ਨਾਲ ਘਰ ਦੀ ਗਰੀਬੀ ਹੌਲੀ ਹੌਲੀ ਘਟਦੀ ਗਈ। ਚਾਰ ਸਾਲਾਂ ਵਿਚ ਬਹੁਤ ਫਰਕ ਪੈ ਗਿਆ। ਚਾਚਾ ਕੰਮ ਦੀ ਰੁੱਤੇ ਹੀ ਛੁੱਟੀ ਲੈ ਕੇ ਪਿੰਡ ਆਉਂਦਾ, ਤੇ ਪਿਤਾ ਨਾਲ ਕੰਮ ਕਰਵਾ ਕੇ ਮੁੜ ਜਾਂਦਾ। ਫਿਰ ਚਾਚੇ ਦਾ ਵਿਆਹ ਹੋ ਗਿਆ। ਚਾਚੀ ਸਾਡੀ ਚੰਨ ਦਾ ਟੁਕੜਾ ਸੀ। ਚਾਚੀ ਦਾ ਪੇਕਾ ਪਿੰਡ ਸਾਊ ਤੇ ਦਿਆਲੂ-ਕਿਰਪਾਲੂ ਸੀ, ਮਾਂ ਦੇ ਪਰਿਵਾਰ ਤੋਂ ਐਨ ਉਲਟ।
ਚਾਚੀ ਦੇ ਭਰਾ ਪੂਰੇ ਅਕਾਲੀ ਸਨ। ਸ਼ਹੀਦਾਂ ਦੇ ਪਰਿਵਾਰ ਵਿਚ ਚਾਚੀ ਦਾ ਜਨਮ ਹੋਇਆ ਸੀ। ਉਹ ਗੁਰ-ਇਤਿਹਾਸ ਜਾਣਦੀ ਸੀ। ਉਹਦੇ ਮੁਬਾਰਕ ਕਦਮਾਂ ਨੇ ਸਾਡੇ ਘਰ ਦੇ ਭਾਗ ਜਗਾ ਦਿੱਤੇ। ਉਹਨੇ ਜਦੋਂ ਤੜਕਿਓਂ ਮਧਾਣੀ ਰਿੜਕਣੀ, ਤੇ ਗੁਰਬਾਣੀ ਦੇ ਸ਼ਬਦ ਗਾਉਣੇ, ਮਨ ਨਿਹਾਲ ਹੋ ਜਾਂਦਾ। ਮਾਂ ਨੂੰ ਤਾਂ ਸ਼ਾਇਦ ਧੀਆਂ ਨੇ ਕਮਲੀ ਕਰ ਦਿੱਤਾ ਸੀ, ਪਰ ਚਾਚੀ ਨੇ ਸਭ ਨੂੰ ਹਿੱਕ ਨਾਲ ਲਾ ਕੇ ਠੰਢ ਪਾ ਦਿੱਤੀ ਸੀ। ਚਾਚੀ ਨੇ ਸਾਰੀਆਂ ਭੈਣਾਂ ਦੀ ਜ਼ਿੰਮੇਵਾਰੀ ਆਪਣੇ ਸਿਰ ਲੈ ਕੇ ਮਾਂ ਨੂੰ ਧੀਆਂ ਤੋਂ ਮੁਕਤੀ ਦਿਵਾ ਦਿੱਤੀ। ਭੈਣਾਂ ਨੂੰ ਤਿਆਰ ਕਰ ਕੇ ਸਕੂਲ ਭੇਜਣਾ, ਉਨ੍ਹਾਂ ਦੇ ਬਸਤਿਆਂ ਵਿਚ ਪਰੌਂਠੇ ਤੇ ਲੱਸੀ ਦੀ ਬੋਤਲ ਪਾ ਦੇਣੀ। ਭੈਣਾਂ ਸਕੂਲੀ ਪੜ੍ਹਾਈ ਨਾਲ ਚਾਚੀ ਤੋਂ ਗੁਰ-ਇਤਿਹਾਸ ਵੀ ਸੁਣਦੀਆਂ। ਮਾਂ ਨੇ ਸਾਡੇ ਨਾਲੋਂ ਪਿਆਰ ਤੋੜ ਕੇ ਜਿਵੇਂ ਪਸ਼ੂਆਂ ਨਾਲ ਪਾ ਲਿਆ ਹੋਵੇ। ਉਹ ਸਾਰਾ ਦਿਨ ਪਸ਼ੂ ਸਾਂਭਦੀ ਰਹਿੰਦੀ, ਕੱਟੀਆਂ ਵੱਛੀਆਂ ਨੂੰ ਪਿਆਰ ਕਰਦੀ।
ਚਾਚੇ ਦੇ ਵਿਆਹ ਨੂੰ ਪੰਜ ਸਾਲ ਹੋ ਗਏ ਸਨ, ਪਰ ਕੋਈ ਬੱਚਾ ਨਹੀਂ ਸੀ ਹੋਇਆ। ਚਾਚੀ ਨੇ ਕਦੇ ਬੱਚੇ ਦੀ ਘਾਟ ਮਹਿਸੂਸ ਵੀ ਨਹੀਂ ਸੀ ਕੀਤੀ। ਨਾ ਹੀ ਉਸ ਨੂੰ ਬੱਚੇ ਦੀ ਕੋਈ ਲਾਲਸਾ ਸੀ। ਮੇਰੀ ਮਾਂ ਨੇ ਵੀ ਕਦੇ ਮਿਹਣਾ ਨਹੀਂ ਸੀ ਮਾਰਿਆ। ਚਾਚੀ ਦੇ ਸੁਭਾਅ ਨੇ ਮਾਂ ਨੂੰ ਥੋੜ੍ਹਾ ਥੋੜ੍ਹਾ ਬਦਲ ਦਿੱਤਾ ਸੀ, ਪਰ ਜਦੋਂ ਮਾਮਿਆਂ ਦੇ ਗੇੜਾ ਵੱਜਦਾ, ਮਾਂ ਨੂੰ ਜਿਵੇਂ ਗੁੱਸੇ ਵਾਲੀ ਚਾਬੀ ਭਰ ਹੋ ਜਾਂਦੀ। ਫਿਰ ਉਹ ਚਾਰ ਦਿਨ ਦੀਵਾਲੀ ਦੇ ਅਨਾਰ ਵਾਂਗ ਚੰਗਿਆੜੇ ਜਿਹੇ ਕੱਢੀ ਜਾਂਦੀ।
ਮਾਂ ਤਾਂ ਭੈਣਾਂ ਦੇ ਸਕੂਲ ਜਾਣ ‘ਤੇ ਵੀ ਡਾਢੀ ਔਖੀ ਰਹਿੰਦੀ। ਚਾਚੀ ਨੂੰ ਆਖਦੀ, “ਤੂੰ ਇਨ੍ਹਾਂ ਨੂੰ ਪੜ੍ਹਾ ਕੇ ਲਾ ਲਈਂ ਜੱਜ਼ææਗੋਹਾ-ਕੂੜਾ ਹੀ ਕਰਨਾ ਹੈ, ਚਾਹੇ ਪੜ੍ਹ ਲੈਣ, ਚਾਹੇ ਨਾ ਪੜ੍ਹਨ।” ਚਾਚੀ ਨੇ ਪਿਆਰ ਭਰੇ ਬੋਲਾਂ ਨਾਲ ਮਾਂ ਨੂੰ ਜਵਾਬ ਦੇਣਾ, “ਵੱਡੀ ਭੈਣ! ਇੰਜ ਨਹੀਂ ਕਹੀਦਾ ਕੰਨਿਆ ਨੂੰ। ਜੱਜ ਕਿਹੜਾ ਰੱਬ ਤੋਂ ਡਿੱਗਦੇ ਨੇ ਭਲਾ! ਉਹ ਵੀ ਤਾਂ ਮਾਂਵਾਂ ਦੇ ਪੇਟੋਂ ਜਨਮ ਲੈ ਕੇ ਪੜ੍ਹ ਲਿਖ ਕੇ ਲੱਗਦੇ ਨੇ, ਤੇ ਸਾਡੀਆਂ ਧੀਆਂ ਜੱਜਾਂ ਤੋਂ ਘੱਟ ਨਹੀਂ।” ਮਾਂ ਗੁੱਸੇ ਨਾਲ ਮੂੰਹ ਮੋਟਾ ਕਰਦੀ ਅਗਲੀ ਗੱਲ ਕੱਢ ਮਾਰਦੀ, ਪਰ ਚਾਚੀ ਸ਼ਾਂਤੀ ਦੀ ਮੂਰਤ ਸੀ। ਨਿਰਮਲ ਜਲ ਵਾਂਗ ਸਾਫ਼। ਹੌਲੀ ਹੌਲੀ ਇਸੇ ਤਰ੍ਹਾਂ ਦਿਨ ਟੱਪਦੇ ਗਏ। ਵੱਡੀਆਂ ਦੋ ਭੈਣਾਂ ਪੰਜਵੀਂ ਜਮਾਤ ਪਾਸ ਕਰ ਗਈਆਂ। ਅਗਲੀ ਜਮਾਤ ਦਾ ਸਕੂਲ ਲਾਗਲੇ ਪਿੰਡ ਸੀ। ਮਾਂ ਕਹੇ, ਧੀਆਂ ਜੂਹ ਨਹੀਂ ਟੱਪਣ ਦੇਣੀਆਂ। ਫਿਰ ਮਾਮੇ ਸੱਦ ਲਏ। ਉਨ੍ਹਾਂ ਚੰਗਾ ਖੌਰੂ ਪਾਇਆ, ਪਰ ਚਾਚੀ ਦੀ ਸਿਆਣਪ ਨੇ ਮਾਮਿਆਂ ਦੁਆਲੇ ਘੇਰਾ ਪਾਉਂਦਿਆਂ ਉਨ੍ਹਾਂ ਨੂੰ ਮਨਾ ਲਿਆ ਤੇ ਦੋਵੇਂ ਭੈਣਾਂ ਪਿੰਡ ਦੀਆਂ ਹੋਰ ਕੁੜੀਆਂ ਨਾਲ ਤੁਰ ਕੇ ਲਾਗਲੇ ਪਿੰਡ ਪੜ੍ਹਨ ਜਾਣ ਲੱਗ ਪਈਆਂ।
ਸਾਡੇ ਘਰ ਦੇ ਵਿਹੜੇ ਵਿਚ ਬੜੀ ਭਾਰੀ ਨਿੰਮ ਸੀ ਜਿਸ ਦੀ ਬੜੀ ਸੰਘਣੀ ਛਾਂ ਹੁੰਦੀ ਸੀ। ਆਂਢ-ਗੁਆਂਢ ਦੀਆਂ ਕੁੜੀਆਂ ਗਰਮੀ ਦੇ ਦਿਨਾਂ ਵਿਚ ਚਾਚੀ ਕੋਲ ਆ ਕੇ ਕਰੋਸ਼ੀਆ ਤੇ ਸਲਾਈਆਂ ਸਿੱਖਦੀਆਂ, ਚਾਦਰਾਂ ਕੱਢਦੀਆਂ। ਚਾਚੀ ਸਭ ਨੂੰ ਪਿਆਰ ਕਰਦੀ, ਤੇ ਜੇ ਘੂਰਦੀ ਵੀ ਤਾਂ ਸੱਸ ਕੋਲੋਂ ਮਿਲਣ ਵਾਲੀਆਂ ਗਾਲਾਂ ਦਾ ਡਰ ਦਿਖਾਉਂਦੀ, “ਸੱਸਾਂ ਆਪਣੀਆਂ ਨੂੰਹਾਂ ਨੂੰ ਜੁੱਤੀ ਥੱਲੇ ਰੱਖਦੀਆਂ। ਜੇ ਕੁਝ ਨਾ ਸਿੱਖ ਕੇ ਗਈਆਂ ਤਾਂ ਸੱਸ ਨੇ ਕਹਿਣਾ, ਕੁੰਡੇਰ ਮੱਥੇ ਮਾਰੀ।” ਚਾਚੀ ਦੀਆਂ ਇਨ੍ਹਾਂ ਗੱਲਾਂ ਨਾਲ ਕੁੜੀਆਂ ਘੁੱਟੇ ਬੁੱਲ੍ਹਾਂ ਨਾਲ ਹੱਸਦੀਆਂ।
ਇਕ ਵਾਰ ਸਾਡੇ ਪਿੰਡ ਦੀ ਇਕ ਬੁੱਢੀ ਨੇ ਚਾਚੀ ਨੂੰ ਗੱਲਾਂ ਗੱਲਾਂ ਵਿਚ ਟਕੋਰ ਮਾਰੀ, “ਨੀ ਅਮਰ ਕੁਰੇ! ਕੁੜੀਆਂ ਨੂੰ ਆਪਣੇ ਤੋਂ ਦੂਰ ਹੀ ਰੱਖਿਆ ਕਰ। ਤੂੰ ਤਾਂ ਢਿੱਡੋਂ ਫੁੱਟੀ ਨਹੀਂ, ਤੇ ਕੁੜੀਆਂ ਨੂੰ ਨਾ ਜੂਠਾ ਪਾਣੀ ਪਿਆ ਦੇਈਂ।”
“ਬੇਬੇ ਜੀ! ਆਹ ਸਾਰਾ ਬਾਗ-ਪਰਿਵਾਰ ਮੇਰੇ ਪੁੱਤ-ਧੀਆਂ ਨੇ।” ਚਾਚੀ ਨੇ ਕੁੜੀਆਂ ਵੱਲ ਹੱਥ ਕਰ ਕੇ ਕਿਹਾ, “ਤੁਸੀਂ ਬਹੁਤਾ ਫਿਕਰ ਨਾ ਕਰਿਆ ਕਰੋ, ਨਾਮ ਜਪਿਆ ਕਰੋ। ਜਿੰਨੀ ਤੁਹਾਡੀ ਉਮਰ ਹੋ ਗਈ ਹੈ, ਹੁਣ ਤਾਂ ਤੁਸੀਂ ਲੱਕੜਾਂ ਵੱਲ ਦੇਖਿਆ ਕਰੋ।” ਚਾਚੀ ਦੀ ਗੱਲ ਸੁਣ ਕੇ ਸਾਰੇ ਹੱਸ ਪਏ, ਤੇ ਬੁੱਢੀ ਨਿੰਮੋਝੂਣੀ ਹੋ ਕੇ ਤੁਰ ਗਈ।
ਚਾਚੀ ਨੇ ਦੋਵੇਂ ਭੈਣਾਂ ਪੜ੍ਹਾ ਕੇ ਮਾਸਟਰਨੀਆਂ ਲਵਾ ਦਿੱਤੀਆਂ, ਤੇ ਦੋਵੇਂ ਛੋਟੀਆਂ ਅਜੇ ਪੜ੍ਹਦੀਆਂ ਸਨ। ਚਾਚੀ ਨੇ ਮੇਰੇ ਕੇਸਾਂ ਨੂੰ ਕੈਂਚੀ ਨਹੀਂ ਲਾਉਣ ਦਿੱਤੀ। ਉਹ ਨਾਲੇ ਜੂੜਾ ਕਰਦੀ, ਤੇ ਨਾਲੇ ਸ਼ਬਦ ਸੁਣਾਉਂਦੀ। ਝੜੇ ਹੋਏ ਕੇਸਾਂ ਨੂੰ ਸਤਿਕਾਰ ਨਾਲ ਗੁਥਲੀ ਵਿਚ ਪਾਉਂਦੀ, ਫਿਰ ਕੇਸਾਂ ਦਾ ਅੰਗੀਠੇ ਵਿਚ ਸਸਕਾਰ ਕਰਦੀ। ਜਦੋਂ ਚਾਚੀ ਦਾ ਭਰਾ ਜਾਂ ਬਾਪੂ ਆਉਂਦਾ ਤਾਂ ਸਾਡੇ ਘਰ ਬੰਦਿਆਂ ਦਾ ਇਕੱਠ ਜੁੜ ਜਾਂਦਾ। ਸਾਡੇ ਪਿੰਡ ਵਾਲੇ ਉਨ੍ਹਾਂ ਤੋਂ ਗੁਰ-ਇਤਿਹਾਸ ਸੁਣਦੇ, ਦਸਵੇਂ ਪਾਤਸ਼ਾਹ ਦੀਆਂ ਜੰਗਾਂ ਦੀਆਂ ਬਹਾਦਰੀ ਭਰੀਆਂ ਗੱਲਾਂ ਸੁਣਦੇ। ਉਨ੍ਹਾਂ ਦੀਆਂ ਗੱਲਾਂ ਸੁਣ ਕੇ ਪਿੰਡ ਦੇ ਕਈ ਬੰਦੇ ਨਸਵਾਰ ਸੁੰਘਣੋਂ ਹਟ ਗਏ, ਕਈਆਂ ਨੇ ਅਫੀਮ ਤੱਕ ਛੱਡ ਦਿੱਤੀ। ਸੱਚ ਜਾਣਿਓਂ, ਜਿਹੜੇ ਬੰਦੇ ਕਦੇ ਗੁਰਦੁਆਰੇ ਨਹੀਂ ਸਨ ਗਏ, ਉਨ੍ਹਾਂ ਉਤੇ ਵੀ ਬਹੁਤ ਅਸਰ ਹੋਇਆ, ਤੇ ਉਹ ਗੁਰੂ ਦੇ ਲੜ ਲੱਗ ਗਏ।
ਫੌਜੀ ਚਾਚਾ ਪੈਨਸ਼ਨ ਆ ਗਿਆ। ਉਹ ਬਾਪੂ ਨਾਲ ਖੇਤੀ ਕਰਨ ਲੱਗ ਪਿਆ। ਸਭ ਤੋਂ ਛੋਟਾ ਚਾਚਾ ਰੇਲ ਥੱਲੇ ਆ ਕੇ ਖੁਦਕਸ਼ੀ ਕਰ ਗਿਆ। ਉਸ ਦੇ ਭੋਗ ਤੋਂ ਬਾਅਦ ਮੇਰੇ ਮਾਮੇ ਆਏ ਤੇ ਬਾਪੂ ਨੂੰ ਕਹਿੰਦੇ, “ਆਪਣੇ ਛੋਟੇ ਭਰਾ ਦੀ ਜ਼ਮੀਨ ਦਾ ਹਿੱਸਾ ਤੂੰ ਇਕੱਲਾ ਲੈ, ਫੌਜੀ ਨੂੰ ਅੱਧ ਨਹੀਂ ਮਿਲਣਾ ਚਾਹੀਦਾ।” ਬਾਪੂ ਨੂੰ ਗੁੱਸਾ ਆ ਗਿਆ, ਕਹਿੰਦਾ, “ਮੇਰੇ ਭਰਾ ਦਾ ਸਿਵਾ ਠੰਢਾ ਨਹੀਂ ਹੋਇਆ, ਤੇ ਤੁਸੀਂ ਜ਼ਮੀਨਾਂ ‘ਤੇ ਕਬਜ਼ਾ ਕਰਨ ਆ ਗਏ।” ਗੱਲ ਚਾਚੀ ਕੋਲ ਪਹੁੰਚ ਗਈ। ਚਾਚੀ ਨੇ ਗੱਲੀਂ-ਬਾਤੀਂ ਮਾਮਿਆਂ ਦੀ ਉਹ ਰੇਲ ਬਣਾਈ ਕਿ ਉਹ ਮੁੜ ਕੇ ਨਹੀਂ ਆਏ।
ਫਿਰ ਦੋਹਾਂ ਵੱਡੀਆਂ ਭੈਣਾਂ ਨੂੰ ਚੰਗੇ ਘਰਾਂ ਦੇ ਪੜ੍ਹੇ-ਲਿਖੇ ਮੁੰਡਿਆਂ ਨਾਲ ਵਿਆਹ ਦਿੱਤਾ। ਭੈਣਾਂ ਤੋਰ ਕੇ ਮਾਂ ਨਾਲੋਂ ਚਾਚੀ ਵੱਧ ਰੋਈ। ਚਾਚੀ ਦੀ ਸਿਆਣਪ ਦੀਆਂ ਗੱਲਾਂ ਸਾਰੇ ਪਿੰਡ ਵਿਚ ਹੁੰਦੀਆਂ। ਚਾਚੀ ਨੇ ਛੋਟੀਆਂ ਭੈਣਾਂ ਨੂੰ ਵੀ ਮਾਸਟਰਨੀਆਂ ਬਣਾਉਣ ਲਈ ਜ਼ਿਦ ਫੜੀ ਹੋਈ ਸੀ। ਜੇ ਕਦੀ ਪੈਸੇ-ਧੇਲੇ ਦੀ ਘਾਟ ਰੜਕਦੀ ਤਾਂ ਚਾਚੀ ਆਪਣੇ ਬਾਪੂ ਜੀ ਤੋਂ ਲੈ ਆਉਂਦੀ। ਮੈਂ ਵੀ ਪਿੰਡੋਂ ਪੜ੍ਹ ਕੇ ਲਾਗਲੇ ਪਿੰਡ ਪੜ੍ਹਨ ਲੱਗ ਪਿਆ। ਚਾਚੇ ਨੇ ਮੈਨੂੰ ਸਾਇਕਲ ਲੈ ਦਿੱਤਾ ਸੀ। ਮੈਂ ਚਾਵਾਂ ਨਾਲ ਭਰਿਆ ਸਕੂਲ ਜਾਣ ਲੱਗਿਆ।
ਮਾਂ ਦੇ ਦੁਆਲੇ ਅਸੀਂ ਘੱਟ ਹੀ ਬੈਠਦੇ। ਹਮੇਸ਼ਾ ਮਾਂ ਦੇ ਭਾਰੇ ਹੱਥ ਤੋਂ ਡਰਦੇ ਰਹਿੰਦੇ, ਪਰ ਚਾਚੀ ਦਾ ਪਿੱਛਾ ਨਾ ਛੱਡਦੇ। ਘਰ ਵੜਦਿਆਂ ਹੀ ਮੂੰਹੋਂ ਨਿਕਲਣਾ, “ਚਾਚੀ ਕਿੱਥੇ ਐ?” ਮਾਂ ਨੇ ਗੁੱਸੇ ਵਿਚ ਕਹਿਣਾ, “ਮਾਂ ਤੁਹਾਡੀ ਅੰਦਰ ਹੈ।” ਫਿਰ ਚਾਚੀ ਦੀ ਮਿਹਨਤ ਫਲ ਲਿਆਈ। ਛੋਟੀਆਂ ਭੈਣਾਂ ਵੀ ਮਾਸਟਰਨੀਆਂ ਲੱਗ ਗਈਆਂ। ਜਿਨ੍ਹਾਂ ਸਮਿਆਂ ਵਿਚ ਲੋਕ ਕੁੜੀਆਂ ਨੂੰ ਪੜ੍ਹਨ ਨਹੀਂ ਸਨ ਭੇਜਣਾ ਚਾਹੁੰਦੇ, ਉਦੋਂ ਮੇਰੀ ਚਾਚੀ ਨੇ ਚਾਰੇ ਭੈਣਾਂ ਨੂੰ ਮਾਸਟਰਨੀਆਂ ਬਣਾ ਦਿੱਤਾ। ਚਾਚੇ ਨਾਲ ਹੀ ਰਿਟਾਇਰ ਹੋਏ ਬ੍ਰਿਗੇਡੀਅਰ ਦੇ ਦੋਵੇਂ ਮੁੰਡਿਆਂ ਨੂੰ ਮੇਰੀਆਂ ਦੋਵਾਂ ਭੈਣਾਂ ਦਾ ਰਿਸ਼ਤਾ ਕਰਵਾ ਦਿੱਤਾ। ਚਾਰੇ ਭੈਣਾਂ ਸੁੱਖੀ ਵੱਸਣ ਲੱਗੀਆਂ।
ਮੇਰੇ ਵੀ ਮੱਸ ਫੁੱਟਣ ਲੱਗ ਪਈ ਸੀ। ਚਾਚੀ ਨੇ ਚੜ੍ਹਦੀ ਜਵਾਨੀ ਨੂੰ ਸਾਂਭਣ ਲਈ ਮੈਨੂੰ ਪੰਜ ਗ੍ਰੰਥੀ ਦਾ ਪਾਠ ਸਿਖਾਉਣਾ ਸ਼ੁਰੂ ਕਰ ਦਿੱਤਾ। ਫਿਰ ਦਸ ਗ੍ਰੰਥੀ ਸਿਖਾਈ। ਜਦੋਂ ਮੈਂ ਭਗਤਾਂ ਦੀ ਬਾਣੀ ਦੀ ਸੰਥਿਆ ਲਈ, ਸੱਚੀਂ ਫਕੀਰ ਹੀ ਹੋ ਗਿਆ। ਮੈਂ ਅੱਖਾਂ ਭਰਦੇ ਨੇ ਚਾਚੀ ਦੇ ਪੈਰ ਫੜ ਲਏ। ਚਾਚੀ ਨੇ ਮੋਢਿਆਂ ਤੋਂ ਫੜ ਕੇ ਬੁੱਕਲ ਵਿਚ ਲੈ ਲਿਆ, “ਮੇਰਾ ਸੋਹਣਾ ਪੁੱਤ। ਪੈਰ ਨਾ ਫੜ, ਸੀਨੇ ਲੱਗ। ਤੂੰ ਤਾਂ ਸਾਡੇ ਘਰ ਦਾ ਚਿਰਾਗ ਏਂ। ਤੇਰੇ ਨਾਲ ਹੀ ਸਾਡੇ ਘਰ ਵਿਚ ਰੋਸ਼ਨੀ ਹੈ।”
ਚਾਚੀ ਦੀ ਸਿੱਖਿਆ ਨਾਲ ਮੈਂ ਪਾਠੀ, ਰਾਗੀ ਤੇ ਕਥਾਵਾਚਕ ਬਣ ਗਿਆ। ਫਿਰ ਚਾਚੀ ਨੇ ਆਪਣੀ ਭਤੀਜੀ ਦਾ ਰਿਸ਼ਤਾ ਮੈਨੂੰ ਕਰਵਾ ਦਿੱਤਾ। ਨਾ ਮਾਂ ਨੇ ਕੁਝ ਕਿਹਾ ਤੇ ਨਾ ਮਾਮਿਆਂ ਨੇ। ਚਾਚੀ ਦੀ ਭਤੀਜੀ ਵੀ ਚਾਚੀ ਦੇ ਸੁਭਾਅ ਦੀ ਕਾਰਬਨ ਕਾਪੀ ਸੀ। ਮੈਂ ਵਿਆਹ ਕਰਵਾ ਕੇ ਖੁਸ਼ ਸੀ। ਚਾਚੀ ਨੇ ਕਿਹਾ, “ਖੇਤੀਬਾੜੀ ਕਰ, ਬਾਰਾਂ ਕਿਲੇ ਜ਼ਮੀਨ ਹੈ। ਕਦੇ ਵੀ ਪਾਠ ਕੀਰਤਨ ਦੀ ਭੇਟਾ ਘਰ ਨਹੀਂ ਲਿਆਉਣੀ, ਸਾਰੀ ਭੇਟਾ ਗੁਰਦੁਆਰੇ ਜਾਣੀ ਚਾਹੀਦੀ ਹੈ, ਤੇ ਤੈਨੂੰ ਕਿਸੇ ਚੀਜ਼ ਦੀ ਕਦੇ ਵੀ ਘਾਟ ਨਹੀਂ ਰਹੇਗੀ।” ਮੈਂ ਚਾਚੀ ਦੀਆਂ ਦਿੱਤੀਆਂ ਨਸੀਹਤਾਂ ਪੱਲ ਬੰਨ੍ਹ ਲਈਆਂ।
ਮਾਂ ਅਚਾਨਕ ਮੰਜੇ ‘ਤੇ ਪੈ ਗਈ। ਇਕ ਦਿਨ ਕਹਿੰਦੀ, “ਮੇਰਾ ਸਮਾਂ ਨੇੜੇ ਆ ਗਿਆ ਹੈ।” ਮਾਂ ਆਖਰੀ ਸਮੇਂ ਚਾਚੀ ਦੇ ਹੱਥ ਘੁੱਟ ਕੇ ਕਹਿੰਦੀ, “ਅਮਰ ਕੁਰੇ, ਜੇ ਮੈਂ ਤੇਰੀ ਥਾਂ ਹੁੰਦੀ, ਤਾਂ ਮੈਂ ਇੰਜ ਨਾ ਕਰ ਸਕਦੀ ਜਿਵੇਂ ਤੂੰ ਮੇਰੇ ਬੱਚਿਆਂ ਨੂੰ ਆਪਣੇ ਤੋਂ ਵੱਧ ਸਮਝ ਕੇ ਬਲਹਾਰਿਆ ਹੈ। ਮੈਂ ਤਾਂ ਤੇਰਾ ਦੇਣਾ ਸੱਤ ਜਨਮਾਂ ਵਿਚ ਵੀ ਨਹੀਂ ਉਤਾਰ ਸਕਦੀ। ਆਪਣੇ ਪਿਸ਼ੌਰੇ ਦਾ ਖਿਆਲ ਰੱਖੀਂ। ਪਿਸ਼ੌਰਾ ਮੈਨੂੰ ਜਾਨ ਤੋਂ ਵੀ ਵੱਧ ਪਿਆਰਾ ਹੈ। ਮੈਂ ਇਸ ਨੂੰ ਆਪਣੇ ਤੋਂ ਦੂਰ ਇਸ ਲਈ ਰੱਖਿਆ ਕਿਉਂਕਿ ਉਹ ਚੀਜ਼ ਹਮੇਸ਼ਾ ਖੁੱਸ ਜਾਂਦੀ ਹੈ ਜੋ ਜਾਨ ਤੋਂ ਵੱਧ ਪਿਆਰੀ ਹੁੰਦੀ ਹੈ। ਹੁਣ ਮੈਨੂੰ ਲੱਗਦਾ ਹੈ, ਉਹ ਤੈਨੂੰ ਮੇਰੇ ਤੋਂ ਵੱਧ ਪਿਆਰ ਹੈ।” ਕਹਿੰਦੀ ਮਾਂ ਸਦਾ ਲਈ ਚੁੱਪ ਹੋ ਗਈ ਤੇ ਸਾਡੀ ਧਾਹ ਨਿਕਲ ਗਈ। ਫਿਰ ਚਾਚੇ-ਚਾਚੀ ਨੇ ਆਪਣੇ ਹਿੱਸੇ ਦੀ ਜ਼ਮੀਨ ਮੇਰੇ ਨਾਂ ਕਰਵਾ ਦਿੱਤੀ। ਬਾਪੂ, ਚਾਚਾ, ਚਾਚੀ ਵਾਰੀ ਵਾਰੀ ਤੁਰ ਗਏ। ਮੈਂ ਆਪਣੀ ਪਹਿਲੀ ਧੀ ਦਾ ਨਾਂ ਅਮਰ ਕੌਰ ਰੱਖਿਆ ਜੋ ਮੇਰੇ ਵਿਹੜੇ ਵਿਚ ਮੇਰੇ ਸਾਹਮਣੇ ਰਹਿੰਦੀ ਰਹੀ। ਚਾਚੀ ਸੱਚੀਂ ਅਮਰ ਹੋ ਗਈ।