ਗੁਲਜ਼ਾਰ ਸਿੰਘ ਸੰਧੂ
35 ਏਕੜ ਜ਼ਮੀਨ ਦੇ ਮਾਲਕ ਪਿਤਾ ਦਾ ਪੁੱਤਰ ਸ਼ਿਵ ਸਿੰਘ ਲਕੜ ਛਿੱਲਣ, ਲੋਹਾ ਚੰਡਣ ਤੇ ਪੱਥਰ ਘੜਨ ਦੀ ਕਲਾ ਨੂੰ ਉਤਮਤਾ ਪ੍ਰਦਾਨ ਕਰਕੇ ਤੁਰ ਗਿਆ ਹੈ। ਹੁਸ਼ਿਆਰਪੁਰ ਦੀ ਬੁੱਕਲ ਵਿਚ ਪੈਂਦੇ ਬਸੀ ਗੁਲਾਮ ਹੁਸੈਨ ਦਾ ਜੰਮਪਲ ਉਹ ਮੇਰਾ ਗਰਾਈਂ ਵੀ ਸੀ ਤੇ ਮੇਰੇ ਚੰਡੀਗੜ੍ਹ ਆਉਣ ਪਿੱਛੋਂ ਮੇਰਾ ਮਿੱਤਰ ਵੀ। ਪਰ ਮੇਰੇ ਜ਼ਿਲੇ ਦੇ ਤੇਜ਼ ਰਫਤਾਰ ਚੋਆਂ, ਸੰਘਣੀ ਛਾਂ ਵਾਲੇ ਰੁੱਖਾਂ ਤੇ ਸ਼ਿਵਾਲਕ ਦੇ ਟਾਵੇਂ ਟਾਵੇਂ ਪੱਥਰਾਂ ਨੂੰ ਆਪਣੀ ਕਲਾ ਰਾਹੀਂ ਆਪਣੇ ਅੰਗ-ਸੰਗ ਰਖਣ ਵਿਚ ਸਾਨੂੰ ਸਭ ਨੂੰ ਮਾਤ ਪਾ ਗਿਆ।
ਅਫਸਰਾਂ ਦੇ ਅਫਸਰ ਮਹਿੰਦਰ ਸਿੰਘ ਰੰਧਾਵਾ, ਕਵੀ ਤਾਰਾ ਸਿੰਘ ਕਾਮਲ, ਕਵਿਤਰੀ ਮਨਜੀਤ ਇੰਦਰਾ, ਨਾਟਕਕਾਰ ਚਰਨ ਦਾਸ ਸਿੱਧੂ ਤੇ ਫੁਟਬਾਲਰ ਜਰਨੈਲ ਸਿੰਘ ਸਮੇਤ ਅਸੀਂ ਸਭ ਹੁਸ਼ਿਆਰਪੁਰੀਏ ਸਾਂ। ਜੇ ਚਾਹੀਏ ਤਾਂ ਈਸ਼ਵਰ ਚਿੱਤਰਕਾਰ ਨੂੰ ਵੀ ਆਪਣੇ ਵਿਚ ਸ਼ਾਮਲ ਕਰ ਸਕਦੇ ਹਾਂ ਜਿਸ ਦੇ ਦਾਦਾ ਪੜਦਾਦਾ ਪੋਸੀ ਪਿੰਡ ਦੇ ਬੇਦੀ ਸਨ। ਜਿਨ੍ਹਾਂ ਚੋਆਂ ਨੇ ਸ਼ਿਵ ਸਿੰਘ ਦੇ ਜੱਦੀ ਪਿੰਡ ਨੂੰ ਸੈਲਾ ਖੁਰਦ ਦੀ ਬੁੱਕਲ ਵਿਚ ਪੈਂਦੇ ਮੇਰੇ ਪਿੰਡ ਨਾਲ ਜੋੜਨ ਲਈ ਪੰਦਰਾਂ ਮੀਲ ਦੀ ਰੇਲਵੇ ਲਾਈਨ ਨਹੀਂ ਨਿਕਲਣ ਦਿੱਤੀ ਸ਼ਿਵ ਸਿੰਘ ਨੇ ਉਨ੍ਹਾਂ ਦੀ ਮਿੱਟੀ ਤੋਂ ਮੂਰਤਾਂ ਤੇ ਘਰੌਂਦੇ ਬਣਾ ਕੇ ਓਸ ਕਲਾ ਵਿਚ ਪੈਰ ਧਰਿਆ ਜਿਹੜੀ ਉਸਨੂੰ ਦੁਨੀਆਂ ਭਰ ਵਿਚ ਉਡਾਈ ਫਿਰਦੀ ਰਹੀ।
ਉਸ ਨੇ ਆਪਣੀ ਵਖਰੀ ਪਛਾਣ ਬਣਾਉਣ ਹਿੱਤ ਕਾਲੇ ਵਸਤਰਾਂ ਨਾਲ ਸੰਗਤਰੀ ਰੰਗ ਦੀ ਫਿਫਟੀ ਵਾਲੀ ਕਾਲੀ ਪਗ ਅੰਤਲੇ ਦਮਾਂ ਤਕ ਅਪਣਾਈ ਰੱਖੀ। ਮਹੀਨਾ ਕੁ ਪਹਿਲਾਂ ਮੈਂ ਉਸ ਨੂੰ ਮਿਲਣ ਗਿਆ ਤਾਂ ਉਸ ਦੀ ਦਿੱਖ ਉਹੀਓ ਸੀ। ਚੰਦਰਮਾ ਦੀ ਚਾਨਣੀ ਨੂੰ ਕਲੱਤਣ ਵਲ ਵਾਜਾਂ ਮਾਰਦੀ। ਮੈਂ ਉਸ ਨੂੰ ਏਸ ਹੀ ਰੂਪ ਵਿਚ ਐਮæ ਐਸ਼ ਰੰਧਾਵਾ ਦੀ ਨਵੀਂ ਦਿੱਲੀ ਵਾਲੀ ਤੀਨ ਮੂਰਤੀ ਲੇਨ ਵਾਲੇ ਘਰ ਪਹਿਲੀ ਵਾਰ ਮਿਲਿਆ ਸਾਂ। ਉਹ ਸ਼ਾਇਦ ਸੈਨਿਕ ਸਕੂਲ ਕਪੂਰਥਲੇ ਪੜਾਉਂਦਾ ਸੀ ਉਦੋਂ। ਪਹਿਰਾਵਾ ਇਹੀਓ ਸੀ, ਕਾਲਾ।
ਇਹ ਵੀ ਮੈਨੂੰ ਚੰਡੀਗੜ੍ਹ ਆਉਣ ਤੋਂ ਪਿੱਛੋਂ ਪਤਾ ਲੱਗਿਆ ਕਿ 1967 ਵਿਚ ਦਿੱਲੀ ਵਿਖੇ ਕਲਾਕਾਰਾਂ ਦੀ ਇਕ ਕਾਰਜਸ਼ਾਲਾ ਵਿਚ ਹਿੱਸਾ ਲੈਣ ਗਏ ਸ਼ਿਵ ਸਿੰਘ ਨੂੰ ਜਰਮਨ ਸਰਕਾਰ ਵਲੋਂ ਕਲਾ ਦੀ ਅਡਵਾਂਸ ਖੋਜ ਤੇ ਅਧਿਐਨ ਕਰਨ ਲਈ ਤਿੰਨ ਵਰ੍ਹੇ ਦੀ ਸਕਾਲਰਸ਼ਿਪ ਮਿਲੀ ਜਿਸ ਤੋਂ ਪਿੱਛੋਂ ਉਸ ਦੀ ਕਲਾ ਨੇ ਦੌੜਨਾ ਤੇ ਉਡਣਾ ਸ਼ੁਰੂ ਕਰ ਦਿੱਤਾ।
ਇਥੇ ਉਸ ਦਾ ਜਰਮਨ ਮੂਲ ਦੀ ਮੁਟਿਆਰ ਗਿਜ਼ੇਲਾ ਨਾਲ ਵਿਆਹ ਵੀ ਹੋਇਆ। ਉਦੋਂ ਤੋਂ ਹੁਣ ਤੱਕ ਉਸ ਦੀ ਕਲਾਕਾਰੀ ਦੀਆਂ 66 ਇੱਕ ਪੁਰਖੀ ਨੁਮਾਇਸ਼ਾਂ ਲੱਗ ਚੁੱਕੀਆਂ ਹਨ। ਭਾਰਤ ਵਿਚ ਹੀ ਨਹੀਂ, ਜਰਮਨੀ, ਡੈਨਮਾਰਕ, ਸਵੀਡਨ, ਸਕਾਟਲੈਂਡ, ਕੈਨੇਡਾ, ਇੰਗਲੈਂਡ ਤੇ ਨਾਲ ਲਗਦੇ ਹੋਰ ਯੂਰਪੀ ਦੇਸ਼ਾਂ ਵਿਚ ਵੀ। ਉਸ ਦੀ ਕਲਾ ਦਾ ਖਾਸ ਗੁਣ ਆਪ ਮੁਹਾਰਾਪਣ ਸੀ ਜੋ ਬਿੰਦੂ ਤੋਂ ਜਨਮ ਲੈ ਕੇ ਬੋਹੜ ਜਿੱਡੇ ਵੱਡੇ ਬਿਰਖਾਂ ਦਾ ਰੂਪ ਧਾਰ ਲੈਂਦਾ ਸੀ। ਉਹ ਇਸਪਾਤ ਦੇ ਸਰੀਆਂ ਨੂੰ ਫੁੱਲ ਪੱਤੀਆਂ ਪ੍ਰਦਾਨ ਕਰਦਾ ਤੇ ਲੋਹੇ ਦੇ ਸੰਗਲਾਂ ਨੂੰ ਗੁੱਛਾ ਮੁੱਛਾ ਕਰਕੇ ਥੰਮੀ ਚੜ੍ਹੇ ਬਾਟਿਆਂ ਵਿਚ ਬਿਠਾ ਦਿੰਦਾ ਸੀ। ਅਸੀਂ ਉਸ ਦੇ ਹੱਥਾਂ ਵਿਚ ਲਕੜੀ ਤੇ ਪੱਥਰ ਹੀ ਨਹੀਂ ਲੋਹੇ ਨੂੰ ਵੀ ਆਗਿਆਕਾਰੀ ਵਿਚ ਨਤਮਸਤਕ ਹੁੰਦਾ ਵੇਖਿਆ ਹੈ।
ਸ਼ੁਰੂ ਸ਼ੁਰੂ ਵਿਚ ਸ਼ਿਵ ਸਿੰਘ ਦੀ ਸ਼ਿਲਪਕਾਰੀ ਤੇ ਕਲਾਕਾਰੀ ਸਰਲ ਸਪਸ਼ਟ ਤੇ ਪ੍ਰਭਾਵੀ ਰਹੀ ਪਰ ਪਿਛਲੇ ਕੁਝ ਸਾਲਾਂ ਤੋਂ ਉਹ ਔਖੀ ਤੇ ਅਦਿੱਖ ਰੁਚੀ ਦਾ ਮਾਲਕ ਹੋ ਗਿਆ। ਅਸਲ ਵਿਚ ਉਹ ਵਾਸਨਾ ਦੀ ਸ਼ਕਤੀ ਪੇਸ਼ ਕਰਨਾ ਚਾਹੁੰਦਾ ਸੀ ਜਿਹੜੀ ਸਿੱਧੀ ਸਾਦੀ ਤੇ ਸਪਸ਼ਟ ਪੇਸ਼ਕਾਰੀ ਕੀਤਿਆਂ ਉਨ੍ਹਾਂ ਆਲੋਚਕਾਂ ਦੇ ਟੇਟੇ ਚੜ੍ਹ ਸਕਦੀ ਸੀ ਜਿਹੜੇ ਵਾਸਨਾਵਾਦੀ ਕ੍ਰਿਤਾਂ ਨੂੰ ਅਸ਼ਲੀਲਤਾ ਦਾ ਨਾਂ ਦਿੰਦੇ ਹਨ। ਜਦੋਂ ਉਸ ਨੇ ਮਹਿਲਾਵਾਂ ਤੇ ਸਾਨ੍ਹਵਾਲਾ ਚਿੱਤਰ ਬਣਾਇਆ ਤਾਂ ਉਸ ਨੂੰ ਅਜਿਹੀ ਨੁਕਤਾਚੀਨੀ ਦਾ ਟਾਕਰਾ ਕਰਨਾ ਪਿਆ ਪਰ ਉਹ ਯਰਕਿਆ ਨਹੀਂ। ਉਸ ਨੇ ਇਸ ਨੂੰ ਸਤਿਅਮ, ਸ਼ਿਵਮ ਸੁੰਦਰਮ ਦਾ ਹੀ ਕਲਾਮਈ ਰੂਪ ਦੱਸਿਆ। ਉਹ ਇਸੇ ਧਾਰਨਾ ਨੂੰ ਪਰਨਾਇਆ ਹੋਇਆ ਸੀ।
ਆਲੋਚਕਾਂ ਦੀ ਨੁਕਤਾਚੀਨੀ ਉਸ ਦੀ ਆਭਾ ਨੂੰ ਕੋਈ ਹਾਨੀ ਨਹੀਂ ਪਹੁੰਚਾ ਸਕੀ। ਉਸ ਨੇ ਯੋਨੀ ਤੇ ਲਿੰਗਮ ਦੀ ਊਰਜਾ ਸ਼ਕਤੀ ਨੂੰ ਰੁਸ਼ਨਾਇਆ ਤੇ ਲੋੜ ਅਨੁਸਾਰ ਅਦਿੱਖ ਵਾਚੀ ਤੇ ਅਮੂਰਤੀਮਾਨ ਵੀ ਕੀਤਾ। ਮੇਰੇ ਮਿੱਤਰ ਸ਼ਿਵ ਕੁਮਾਰ ਬਟਾਲਵੀ ਦੀ ਸੁਪ੍ਰਸਿੱਧ ਕਾਵਿ ਰਚਨਾ ‘ਲੂਣਾ’ ਤੇ ਮਨਜੀਤ ਇੰਦਰਾ ਦੇ ਕਾਵਿ ਸੰਗ੍ਰਹਿਆਂ ‘ਤਾਰਿਆਂ ਦਾ ਛੱਜ’ ਤੇ ‘ਤੂੰ ਆਵਾਜ਼ ਮਾਰੀ ਹੈ’ ਨੂੰ ਆਪਣੀ ਅਮੂਰਤ ਕਲਾ ਨਾਲ ਸ਼ਿੰਗਾਰਨ ਵਾਲਾ ਵੀ ਉਹੀਓ ਸੀ।
ਸ਼ਿਵ ਸਿੰਘ ਨੂੰ ਅਨੇਕਾਂ ਸਰਕਾਰੀ ਤੇ ਗੈਰ ਸਰਕਾਰੀ ਉਪਾਧੀਆਂ ਤੇ ਸਨਮਾਨ ਮਿਲੇ। ਉਹ ਦੱਸ ਵਰ੍ਹੇ ਲਲਿਤ ਕਲਾ ਅਕਾਡਮੀ ਨਵੀਂ ਦਿੱਲੀ ਦਾ ਮੈਂਬਰ ਰਿਹਾ ਤੇ 1999 ਤੋਂ 2005 ਤੱਕ ਚੰਡੀਗੜ੍ਹ ਲਲਿਤ ਅਕਾਡਮੀ ਦਾ ਚੇਅਰਮੈਨ। 2010 ਵਿਚ ਉਸ ਨੂੰ ਪੰਜਾਬ ਲਲਿਤ ਕਲਾ ਅਕਾਡਮੀ ਦਾ ਵੀ ਚੇਅਰਮੈਨ ਨਿਯੁਕਤ ਕੀਤਾ ਗਿਆ ਸੀ। 1979 ਵਿਚ ਉਸ ਨੂੰ ਪੰਜਾਬ ਕਲਾ ਪ੍ਰੀਸ਼ਦ ਨੇ ਹੀ ਨਹੀਂ ਸਨਮਾਨਿਆ, ਬੁਤ-ਤਰਾਸ਼ੀ ਦਾ ਰਾਸ਼ਟਰੀ ਸਨਮਾਨ ਵੀ ਮਿਲਿਆ। ਸਰਬ-ਭਾਰਤੀ ਨੁਮਾਇਸ਼ 1982 ਵਿਚ ਸਭ ਤੋਂ ਉਤਮ ਕਲਾਕ੍ਰਿਤ ਲਈ ਭਾਰਤ ਦੇ ਰਾਸ਼ਟਰਪਤੀ ਵਲੋਂ ਸਨਮਾਨੇ ਜਾਣ ਉਪਰੰਤ 1988 ਵਿਚ ਪੰਜਾਬ ਦੇ ਰਾਜਪਾਲ ਨੇ ਉਸ ਨੂੰ ਕਲਾ ਖੇਤਰ ਵਿਚ ਪਾਏ ਸਮੁੱਚੇ ਯੋਗਦਾਨ ਲਈ ਸਨਮਾਨਿਆ।
ਸੰਨ 2007 ਵਿਚ ਸ਼ਿਵ ਸਿੰਘ ਨੂੰ ਕੈਨੇਡੀਅਨ ਸਰਕਾਰ ਨੇ ਟੋਰਾਂਟੋ ਵਿਖੇ ਸਨਮਾਨਿਆ ਤੇ 2008 ਵਿਚ ਇੰਡੀਅਨ ਕੌਂਸਲ ਆਫ ਕਲਚਰਲ ਰਿਲੇਸ਼ਨਜ਼ ਨੇ ਭਾਰਤੀ ਕਲਾ ਦਾ ਝੰਡਾ ਸਤ ਸਮੁੰਦਰ ਪਾਰ ਉਚਾ ਕਰਨ ਲਈ ਨਿਵਾਜਿਆ। 2013 ਵਿਚ ਚੰਡੀਗੜ੍ਹ ਲਲਿਤ ਕਲਾ ਅਕਾਡਮੀ ਨੇ ਉਸ ਨੂੰ ਵਿਜ਼ੂਅਲ ਆਰਟਸ ਵਿਚ ਪਾਏ ਸਮੁੱਚੇ ਯੋਗਦਾਨ ਲਈ ਵਿਸ਼ੇਸ਼ ਤੌਰ ਤੇ ਸਨਮਾਨਿਆ।
ਸ਼ਿਵ ਸਿੰਘ ਉਨ੍ਹਾਂ ਗਿਣਵੇਂ ਪੰਜਾਬੀ ਕਲਾਕਾਰਾਂ ਵਿਚੋਂ ਇੱਕ ਸੀ ਜਿਨ੍ਹਾਂ ਦੀਆਂ ਕਲਾ ਕ੍ਰਿਤਾਂ, ਨੈਸ਼ਨਲ ਗੈਲਰੀ ਆਫ ਮਾਡਰਨ ਆਰਟ, ਨਵੀਂ ਦਿੱਲੀ, ਲਲਿਤ ਕਲਾ ਅਕਾਡਮੀ, ਨਵੀਂ ਦਿੱਲੀ, ਸਟੇਟ ਮਿਊਜ਼ੀਅਮ, ਸ਼ਿਮਲਾ, ਗੁਲਾਬ ਆਰਟ ਮਿਊਜ਼ੀਅਮ ਕੋਲਨ (ਜਰਮਨੀ), ਹਰਿਆਣਾ ਸਟੇਟ ਟੂਰਿਜ਼ਮ ਵਿਭਾਗ ਦੇ ਟੂਰਿਸਟ ਰਿਜ਼ੌਰਟਾਂ ਵਿਚ ਸੁਸ਼ੋਭਿਤ ਹਨ। ਮੇਰੇ ਪੈਰ ਵਿਚ ਚੱਕਰ ਹੈ, ਮੈਂ ਜਦੋਂ ਵੀ ਕਿਧਰੇ ਨਵਾਂ ਚੱਕਰ ਲਾ ਕੇ ਆਉਂਦਾ ਸ਼ਿਵ ਸਿੰਘ ਨੂੰ ਮਿਲਦੇ ਸਾਰ ਮੇਰੇ ਮੂੰਹ ਤੋਂ ਅਚਾਨਕ ਹੀ ਬੋਲਿਆ ਜਾਣਾ, ‘ਜਿਧਰ ਦੇਖਤਾ ਹੂੰ ਉਧਰ ਤੂ ਹੀ ਤੂ ਹੈ?’
ਸ਼ਿਵ ਸਿੰਘ ਤੁਰ ਗਿਆ ਹੈ ਪਰ ਉਸ ਦੀਆਂ ਕਲਾ ਕ੍ਰਿਤਾਂ ਚੰਡੀਗੜ੍ਹ ਦੇ ਕੋਨੇ ਕੋਨੇ ਵਿਚ ਦੇਖੀਆਂ ਤੇ ਪਛਾਣੀਆਂ ਜਾ ਸਕਦੀਆਂ ਹਨ। ਸੈਕਟਰ 16 ਦਾ ਪੰਜਾਬ ਕਲਾ ਭਵਨ ਹੀ ਨਹੀਂ, 10 ਸੈਕਟਰ ਦੇ ਅਜਾਇਬਘਰ, ਇਥੋਂ ਦੀ ਲਈਅਰ ਵੈਲੀ, ਹੋਮ ਸਾਇੰਸ ਕਾਲਜ ਦੀ ਆਰਟ ਗੈਲਰੀ, ਹੋਟਲ ਮਾਊਂਟ ਵਿਊ, ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਅਤੇ ਮਨੀਮਾਜਰਾ ਦੇ ਕਲਾਗ੍ਰਾਮ ਵਿਚ ਇਹ ਕਲਾ ਕ੍ਰਿਤਾਂ ਹਰ ਥਾਂ ਹਾਜ਼ਰ ਹਨ। ਮੇਰੇ ਵੱਲੋਂ ਹਲਕੇ-ਫੁਲਕੇ ਅੰਦਾਜ਼ ਵਿਚ ਬੋਲਿਆ ਜਾਂਦਾ ‘ਜਿਧਰ ਦੇਖਤਾ ਹੂੰ ਉਧਰ ਤੂ ਹੀ ਤੂ ਹੈ’ ਚੰਡੀਗੜ੍ਹ ਦੇ ਵਸਨੀਕਾਂ ਤੇ ਇਥੇ ਆਉਣ ਵਾਲੇ ਯਾਤਰੀਆਂ ਉਤੇ ਵੀ ਢੁਕਦਾ ਰਹੇਗਾ। ਮੇਰੀ ਚਾਹਨਾ ਹੈ ਕਿ ਸ਼ਿਵ ਸਿੰਘ ਜਿੱਥੇ ਵੀ ਗਿਆ ਹੈ, ਉਸੇ ਤਰ੍ਹਾਂ ਜ਼ਿੰਦਾ ਦਿਲੀ ਨਾਲ ਰਹੇ, ਜਿਵੇਂ ਦਾ ਸਾਡੇ ਅੰਗ ਸੰਗ ਹੁੰਦਾ ਸੀ।
ਅੰਤਿਕਾ: (ਮਿਰਜ਼ਾ ਗ਼ਾਲਿਬ)
ਚਾਹੀਏ ਅੱਛੋਂ ਕੋ ਜਿਤਨਾ ਚਾਹੀਏ
ਯੇ ਅਗਰ ਚਾਹੇਂ ਤੋ ਫਿਰ ਕਿਆ ਚਾਹੀਏ।
ਚਾਹਤੇ ਹੋ ਖੂਬ ਰੂਈਓਂ ਕੋ ਅਸਦ
ਆਪਕੀ ਸੂਰਤ ਤੋ ਦੇਖਾ ਚਾਹੀਏ।