ਅਤਿਵਾਦ ਬਾਰੇ ਮੋਦੀ ਸਰਕਾਰ ਦਾ ਪੋਲ ਖੁੱਲ੍ਹਿਆ

ਮੁੰਬਈ: ਸਾਲ 2008 ਵਿਚ ਹੋਏ ਮਾਲੇਗਾਓਂ ਧਮਾਕਿਆਂ ਵਾਲੇ ਕੇਸ ਦੀ ਵਿਸ਼ੇਸ਼ ਸਰਕਾਰੀ ਵਕੀਲ ਰੋਹਿਣੀ ਸਾਲਿਆਣ ਵੱਲੋਂ ਕੀਤੇ ਖੁਲਾਸਿਆਂ ਨੇ ਮੋਦੀ ਸਰਕਾਰ ਦਾ ਅਤਿਵਾਦ ਬਾਰੇ ਪੋਲ ਖੋਲ੍ਹ ਦਿੱਤਾ ਹੈ। ਇਸ ਕੇਸ ਦੀ ਪੈਰਵੀ ਅੱਜ ਕੱਲ੍ਹ ਕੌਮੀ ਜਾਂਚ ਏਜੰਸੀ (ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ- ਐਨæਆਈæਏæ) ਵੱਲੋਂ ਕੀਤੀ ਜਾ ਰਹੀ ਹੈ।

ਰੋਹਿਣੀ ਸਾਲਿਆਣ ਨੇ ਖੁਲਾਸਾ ਕੀਤਾ ਹੈ ਕਿ ਪਿਛਲੇ ਇਕ ਸਾਲ ਤੋਂ, ਜਦੋਂ ਤੋਂ ਕੇਂਦਰ ਵਿਚ ਨਵੀਂ ਸਰਕਾਰ ਹੋਂਦ ਵਿਚ ਆਈ ਹੈ, ਉਸ ਉਤੇ ਐਨæਆਈæਏæ ਲਗਾਤਾਰ ਦਬਆ ਪਾ ਰਹੀ ਹੈ ਕਿ ਇਸ ਕੇਸ ਵਿਚ ਨਰਮੀ ਵਰਤੀ ਜਾਵੇ। ਹੁਣ ਐਨæਆਈæਏæ ਨੇ ਇਹ ਕੇਸ ਉਸ ਕੋਲੋਂ ਵਾਪਸ ਵੀ ਲੈ ਲਿਆ ਹੈ। 12 ਜੂਨ ਨੂੰ ਇਸ ਕੇਸ ਦੀ ਤਰੀਕ ਮੌਕੇ ਉਸ ਨੂੰ ਕਹਿ ਦਿੱਤਾ ਗਿਆ ਕਿ ਇਸ ਕੇਸ ਦੀ ਪੈਰਵੀ ਹੁਣ ਕੋਈ ਹੋਰ ਵਕੀਲ ਕਰੇਗਾ। ਰੋਹਿਣੀ ਸਾਲਿਆਣ ਮੁਤਾਬਕ ਜਿਉਂ ਹੀ ਪਿਛਲੇ ਸਾਲ ਕੇਂਦਰ ਵਿਚ ਐਨæਡੀæਏæ ਦੀ ਸਰਕਾਰ ਬਣੀ, ਉਸ ਨੂੰ ਐਨæਆਈæਏæ ਦੇ ਇਕ ਸੀਨੀਅਰ ਅਫਸਰ ਦਾ ਫੋਨ ਆਇਆ ਕਿ ਉਹ ਉਸ ਨਾਲ ਗੱਲ ਕਰਨਾ ਚਾਹੁੰਦਾ ਹੈ, ਪਰ ਇਹ ਗੱਲ ਫੋਨ ਉਤੇ ਸੰਭਵ ਨਹੀਂ ਹੈ। ਇਸ ਤੋਂ ਬਾਅਦ ਇਕ ਦਿਨ ਉਹ ਅਫਸਰ ਆਇਆ ਅਤੇ ਕਿਹਾ ਕਿ ਉਪਰੋਂ ਹਦਾਇਤਾਂ ਹਨ ਕਿ ਇਨ੍ਹਾਂ ਕੇਸਾਂ ਵਿਚ ਹੁਣ ਨਰਮੀ ਵਰਤੀ ਜਾਵੇ। ਯਾਦ ਰਹੇ ਕਿ ਹਿੰਦੂ ਜਥੇਬੰਦੀਆਂ ਵੱਲੋਂ ਕੀਤੇ ਧਮਾਕਿਆਂ ਨਾਲ ਸਬੰਧਤ ਸਾਰੇ ਕੇਸਾਂ ਦੀ ਛਾਣ-ਬੀਣ ਅਤੇ ਪੈਰਵੀ ਹੁਣ ਐਨæਆਈæਏæ ਹੀ ਕਰ ਰਹੀ ਹੈ।
68 ਸਾਲਾ ਰੋਹਿਣੀ ਸਾਲਿਆਣ ਪਹਿਲਾਂ ਸਰਕਾਰੀ ਵਕੀਲ ਸੀ, ਪਰ ਬਾਅਦ ਵਿਚ ਉਸ ਨੇ ਇਹ ਨੌਕਰੀ ਛੱਡ ਕੇ ਆਪਣੀ ਪ੍ਰਾਈਵੇਟ ਵਕਾਲਤ ਸ਼ੁਰੂ ਕਰ ਦਿੱਤੀ। 29 ਸਤੰਬਰ 2008 ਨੂੰ ਹੋਏ ਮਾਲੇਗਾਓਂ ਧਮਾਕੇ ਤੋਂ ਬਾਅਦ ਇਸ ਦੀ ਜਾਂਚ ਮਹਾਂਰਾਸ਼ਟਰ ਅਤਿਵਾਦ-ਵਿਰੋਧੀ ਸਕੁਐਡ (ਏæਟੀæਐਸ਼) ਦੇ ਮੁਖੀ ਹੇਮੰਤ ਕਰਕਰੇ ਕੋਲ ਆ ਗਈ ਅਤੇ ਹੇਮੰਤ ਕਰਕਰੇ ਨੇ ਹੀ ਉਸ ਨੂੰ ਇਹ ਕੇਸ ਵਿਸ਼ੇਸ਼ ਸਰਕਾਰੀ ਵਕੀਲ ਵਜੋਂ ਲੜਨ ਲਈ ਮਨਾਇਆ ਸੀ। ਪਹਿਲਾਂ ਉਸ ਨੇ ਹੇਮੰਤ ਕਰਕਰੇ ਨੂੰ ਇਹ ਕੇਸ ਲੜਨ ਤੋਂ ਮਨਾ ਕਰ ਦਿੱਤਾ ਸੀ, ਪਰ ਕਰਕਰੇ ਵੱਲੋਂ ਜ਼ੋਰ ਪਾਉਣ ‘ਤੇ ਜਦੋਂ ਉਸ ਨੇ ਇਸ ਕੇਸ ਨਾਲ ਸਬੰਧਤ ਕਾਗਜ਼ ਪੜ੍ਹੇ, ਉਹ ਹੱਕੀ-ਬੱਕੀ ਰਹਿ ਗਈ। ਇਹ ਧਮਾਕੇ ਤਾਂ ਹਿੰਦੂਆਂ ਵੱਲੋਂ ਕੀਤੇ ਗਏ ਸਨ। ਉਦੋਂ ਤੱਕ ਹਰ ਧਮਾਕਾ ਮੁਸਲਮਾਨਾਂ ਦੇ ਨਾਂ ਲਾਇਆ ਜਾ ਰਿਹਾ ਸੀ। ਉਹ ਦੱਸਦੀ ਹੈ: “ਕਾਗਜ਼ ਵਿਚ ਦਰਜ ਤਫਸੀਲ ਪੜ੍ਹ ਕੇ ਮੇਰਾ ਰੋਣ ਨਿਕਲ ਗਿਆ। ਮੈਂ ਧੁਰ ਅੰਦਰ ਤੱਕ ਹਿੱਲ ਗਈ ਸਾਂ। ਕਾਗਜ਼ ਪੜ੍ਹਦਿਆਂ ਸਵੇਰ ਤੋਂ ਸ਼ਾਮ ਹੋ ਗਈ। ਪਤਾ ਲੱਗਿਆ ਕਿ ਸਮਝੌਤਾ ਤੇ ਮੋਦਾਸਾ ਧਮਾਕੇ ਵੀ ਹਿੰਦੂ ਜਥੇਬੰਦੀਆਂ ਨੇ ਹੀ ਕੀਤੇ ਸਨ।”
ਰੋਹਿਣੀ ਸਾਲਿਆਣ ਨੇ ਇਹ ਖੁਲਾਸਾ ਵੀ ਕੀਤਾ ਹੈ ਕਿ ਸੁਪਰੀਮ ਕੋਰਟ ਵਿਚ ਵੀ ਸਰਕਾਰੀ ਵਕੀਲ ਮਾਰੀਅਰ ਪੁੱਟਮ ਨੂੰ ਕੇਸ ਦੀ ਪੈਰਵੀ ਤੋਂ ਰੋਕ ਦਿੱਤਾ ਗਿਆ। ਸਿੱਟੇ ਵਜੋਂ ਅਦਾਲਤ ਨੇ ਜੋ ਫੈਸਲਾ ਦਿੱਤਾ, ਉਸ ਨਾਲ ਮੁਲਜ਼ਮ ਦੀ ਜ਼ਮਾਨਤ ਲਈ ਰਾਹ ਖੁੱਲ੍ਹ ਗਿਆ। ਉਸ ਮੁਤਾਬਕ, ਇਹੀ ਐਨæਆਈæਏæ ਦੇ ਅਫਸਰ ਚਾਹੁੰਦੇ ਸਨ। ਇਸੇ ਦੌਰਾਨ ਐਨæਆਈæਏæ ਨੇ ਰੋਹਿਣੀ ਸਾਲਿਆਣ ਦੇ ਦੋਹਾਂ ਦੋਸ਼ਾਂ ਦਾ ਖੰਡਨ ਕੀਤਾ ਹੈ, ਜਦਕਿ ਰੋਹਿਣੀ ਸਾਲਿਆਣ ਦਾ ਕਹਿਣਾ ਹੈ ਕਿ ਜਦੋਂ ਵੀ ਲੋੜ ਪਈ, ਉਹ ਦੋਸ਼ ਸਿੱਧ ਕਰ ਦੇਵੇਗੀ।
ਜ਼ਿਕਰਯੋਗ ਹੈ ਕਿ 29 ਸਤੰਬਰ 2008 ਨੂੰ ਮੋਦਾਸਾ (ਗੁਜਰਾਤ) ਅਤੇ ਮਾਲੇਗਾਓਂ (ਮਹਾਂਰਾਸ਼ਟਰ) ਵਿਚ ਤਿੰਨ ਧਮਾਕੇ ਹੋਏ ਸਨ ਜਿਨ੍ਹਾਂ ਵਿਚ 8 ਵਿਅਕਤੀ ਮਾਰੇ ਗਏ ਸਨ ਅਤੇ 80 ਜ਼ਖਮੀ ਹੋ ਗਏ ਸਨ। ਇਸੇ ਦਿਨ ਅਹਿਮਦਾਬਾਦ (ਗੁਜਰਾਤ) ਵਿਚ ਬੰਬ ਮਿਲੇ ਸਨ। ਹੇਮੰਤ ਕਰਕਰੇ ਨੇ ਮਾਲੇਗਾਓਂ ਕੇਸ ਦੀ ਜਾਂਚ ਕੀਤੀ ਸੀ ਅਤੇ ਪਹਿਲੀ ਵਾਰ ਇਹ ਤੱਥ ਸਾਹਮਣੇ ਲਿਆਂਦੇ ਸਨ ਕਿ ਜਿਨ੍ਹਾਂ ਲੋਕਾਂ ਨੇ ਇਹ ਧਮਾਕੇ ਕੀਤੇ ਸਨ, ਉਨ੍ਹਾਂ ਦਾ ਸਬੰਧ ਹਿੰਦੂ ਜਥੇਬੰਦੀ ‘ਅਭਿਨਵ ਭਾਰਤ’ ਹੈ। ਇਸ ਜਥੇਬੰਦੀ ਦਾ ਸਬੰਧ ਅਗਾਂਹ ਆਰæਐਸ਼ਐਸ਼ ਨਾਲ ਜੁੜਦਾ ਹੈ। ਉਦੋਂ ਇਸ ਕੇਸ ਵਿਚ 12 ਲੋਕਾਂ ਦੀ ਗ੍ਰਿਫਤਾਰੀ ਹੋਈ ਸੀ ਜਿਨ੍ਹਾਂ ਵਿਚ ਫੌਜ ਵਿਚ ਲੈਫਟੀਨੈਂਟ ਕਰਨਲ ਪ੍ਰਸਾਦ ਸ੍ਰੀਕਾਂਤ ਪੁਰੋਹਿਤ, ਸਾਧਵੀ ਪ੍ਰਗਯਾ ਸਿੰਘ ਠਾਕੁਰ, ਰਿਟਾਇਰਡ ਰਾਮੇਸ਼ ਉਪਾਧਿਆਏ ਸ਼ਾਮਲ ਸਨ। ਗੌਰਤਲਬ ਹੈ ਕਿ 26 ਨਵੰਬਰ 2008 ਵਾਲੇ ਦਿਨ ਅਤਿਵਾਦੀਆਂ ਨਾਲ ਲੜਦਿਆਂ ਹੇਮੰਤ ਕਰਕਰੇ ਦੀ ਮੌਤ ਹੋ ਗਈ ਸੀ, ਪਰ ਇਹ ਖਬਰਾਂ ਵੀ ਆਈਆਂ ਸਨ ਕਿ ਉਸ ਦੀ ਮੌਤ ਅਤਿਵਾਦੀਆਂ ਹੱਥੋਂ ਨਹੀਂ, ਸਗੋਂ ਉਸ ਨੂੰ ਆਪਣਿਆਂ ਨੇ ਹੀ ਮਾਰਿਆ ਹੈ।
________________________________________
ਹਿੰਦੂ ਜਥੇਬੰਦੀਆਂ ਦਾ ਅਤਿਵਾਦ
ਮਾਲੇਗਾਓਂ ਧਮਾਕੇ: 8 ਸਤੰਬਰ 2006, 37 ਮੌਤਾਂ 125 ਜ਼ਖਮੀ।
ਸਮਝੌਤਾ ਐਕਸਪ੍ਰੈੱਸ ਧਮਾਕਾ: 18 ਫਰਵਰੀ 2007, 68 ਮੌਤਾਂ 50 ਜ਼ਖਮੀ।
ਮੱਕਾ ਮਸਜਿਦ ਧਮਾਕਾ: 18 ਮਈ 2007, ਹੈਦਰਾਬਾਦ, 16 ਮੌਤਾਂ 100 ਜ਼ਖਮੀ।
ਅਜਮੇਰ ਧਮਾਕਾ: 11 ਅਕਤੂਬਰ 2007, 3 ਮੌਤਾਂ 17 ਜ਼ਖਮੀ।
ਮਾਲੇਗਾਓਂ ਧਮਾਕੇ (ਦੂਜੀ ਵਾਰ): 29 ਸਤੰਬਰ 2008, 7 ਮੌਤਾਂ 80 ਜ਼ਖਮੀ।
ਮੋਦਾਸਾ ਧਮਾਕੇ: 29 ਸਤੰਬਰ 2008, 1 ਮੌਤ।