ਚੰਡੀਗੜ੍ਹ: ਸਾਬਕਾ ਮੁੱਖ ਮੰਤਰੀ ਤੇ ਲੋਕ ਸਭਾ ਵਿਚ ਕਾਂਗਰਸ ਦੇ ਉਪ ਨੇਤਾ ਕੈਪਟਨ ਅਮਰਿੰਦਰ ਸਿੰਘ ਦੀ ਰਣਨੀਤੀ ਹਾਈ ਕਮਾਨ ‘ਤੇ ਭਾਰੀ ਪੈਣ ਲੱਗੀ ਹੈ। ਪੰਜਾਬ ਕਾਂਗਰਸ ਦੇ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਨੂੰ ਪ੍ਰਧਾਨਗੀ ਤੋਂ ਲਾਂਭੇ ਕਰਨ ਬਾਰੇ ਹਾਈ ਕਮਾਨ ਦੀ ਟਾਲ-ਮਟੋਲ ਦਾ ਜਵਾਬ ਦੇਣ ਲਈ ਕੈਪਟਨ ਨੇ ਟੇਢਾ ਰਾਹ ਚੁਣਿਆ ਹੈ ਤੇ ਤਾਕਤ ਪ੍ਰਦਰਸ਼ਨ ਰਾਹੀਂ ਕੇਂਦਰੀ ਆਗੂਆਂ ਨੂੰ ‘ਗਲਤੀ’ ਦਾ ਅਹਿਸਾਸ ਕਰਵਾਉਣ ਸ਼ੁਰੂ ਕਰ ਦਿੱਤਾ ਹੈ।
ਉਨ੍ਹਾਂ ਪਾਰਟੀ ਦੇ 50 ਨੇਤਾਵਾਂ ਨਾਲ ਮੀਟਿੰਗ ਕਰ ਕੇ ਸ਼ ਬਾਜਵਾ ਵੱਲੋਂ ਵਿੱਢੇ ਪ੍ਰੋਗਰਾਮ ਦੇ ਬਰਾਬਰ ਪਹਿਲੀ ਜੁਲਾਈ ਤੋਂ ਸੂਬੇ ਵਿਚ ਲੋਕ ਸੰਪਰਕ ਮੁਹਿੰਮ ਛੇੜ ਕੇ ਹਾਈ ਕਮਾਨ ਨੂੰ ਅਸਿੱਧੇ ਢੰਗ ਨਾਲ ਚੁਣੌਤੀ ਦੇ ਦਿੱਤੀ ਹੈ। ਪਾਰਟੀ ਦੇ ਅੱਠ ਵਿਧਾਇਕਾਂ, ਤਕਰੀਬਨ ਅੱਧੀ ਦਰਜਨ ਸਾਬਕਾ ਮੰਤਰੀਆਂ ਤੇ ਕਾਂਗਰਸ ਵਿਧਾਇਕ ਦਲ ਦੇ ਆਗੂ ਸੁਨੀਲ ਜਾਖੜ ਨੂੰ ਲੰਚ ਮੀਟਿੰਗ ਵਿਚ ਸ਼ਾਮਲ ਕਰ ਕੇ ਉਨ੍ਹਾਂ ਕੇਂਦਰੀ ਆਗੂਆਂ ਨੂੰ ਆਪਣੀ ਤਾਕਤ ਵੀ ਦਿਖਾ ਦਿੱਤੀ ਹੈ। ਬੇਅੰਤ ਸਿੰਘ ਪਰਿਵਾਰ ਦੇ ਮੁੱਖ ਆਗੂ ਤੇਜ ਪ੍ਰਕਾਸ਼ ਸਿੰਘ ਦੇ ਵੀ ਕੈਪਟਨ ਦੀ ਲੰਚ ਡਿਪਲੋਮੇਸੀ ਵਿਚ ਸ਼ਾਮਲ ਹੋਣ ਨਾਲ ਇਸ ਧਿਰ ਨੂੰ ਤਾਕਤ ਮਿਲੀ ਹੈ। ਕੈਪਟਨ ਧੜੇ ਨੇ 117 ਵਿਧਾਨ ਸਭਾ ਹਲਕਿਆਂ ਵਿਚ ਪ੍ਰੋਗਰਾਮ ਉਲੀਕੇ ਹਨ। ਇਨ੍ਹਾਂ ਰਾਹੀਂ ਹਾਈ ਕਮਾਨ ਨੂੰ ਇਹ ਦੱਸਣ ਦਾ ਯਤਨ ਕੀਤਾ ਗਿਆ ਹੈ ਕਿ ਪੰਜਾਬ ਵਿਚ ਕੈਪਟਨ ਦੀ ਹੀ ਤੂਤੀ ਬੋਲਦੀ ਹੈ।
ਦਰਅਸਲ ਕੈਪਟਨ ਵੱਲੋਂ ਪਾਰਟੀ ਪ੍ਰਧਾਨ ਸੋਨੀਆ ਗਾਂਧੀ ਤੇ ਮੀਤ ਪ੍ਰਧਾਨ ਰਾਹੁਲ ਗਾਂਧੀ ਨਾਲ ਕੀਤੀ ਮੀਟਿੰਗ ਦੌਰਾਨ ਹਾਈ ਕਮਾਨ ਨੇ ਪੰਜਾਬ ਇਕਾਈ ਵਿਚ ਫੌਰੀ ਤਬਦੀਲੀ ਨਾ ਕਰਨ ਦੇ ਸੰਕੇਤਾਂ ਪਿਛੋਂ ਸਰਗਰਮੀਆਂ ਵਿੱਢ ਕੇ ਬਾਜਵਾ ਧੜੇ ਨੂੰ ਲਾਂਭੇ ਕਰਨ ਦੀ ਰਣਨੀਤੀ ਬਣਾਈ ਗਈ ਹੈ। ਹਾਈ ਕਮਾਨ ਨੇ ਵੀ ਕੈਪਟਨ ਦੀ ਤਾਕਤ ਨੂੰ ਭਾਂਪਦਿਆਂ ਇਸ ਆਗੂ ਦੀ ਹਾਂ ਵਿਚ ਹਾਂ ਮਿਲਾਉਣੀ ਸ਼ੁਰੂ ਕਰ ਦਿੱਤੀ ਹੈ। ਕੈਪਟਨ ਸ਼ੁਰੂ ਤੋਂ ਹੀ ਸ਼ ਬਾਜਵਾ ਦੇ ਹਰ ਫੈਸਲੇ ਦੇ ਵਿਰੁੱਧ ਖੜ੍ਹਦੇ ਰਹੇ ਹਨ। ਜਦੋਂ ਪੰਜਾਬ ਦੇ ਡਰੱਗ ਮਾਫੀਆ ਨਾਲ ਮਾਲ ਮੰਤਰੀ ਬਿਕਰਮ ਸਿੰਘ ਮਜੀਠੀਆ ਦਾ ਨਾਂ ਜੁੜਿਆ ਸੀ ਤਾਂ ਕਾਂਗਰਸ ਹਾਈ ਕਮਾਨ ਨੇ ਅਕਾਲੀ ਦਲ-ਭਾਜਪਾ ਗੱਠਜੋੜ ਸਰਕਾਰ ਨੂੰ ਘੇਰਨ ਲਈ ਡਰੱਗਜ਼ ਦਾ ਮਾਮਲਾ ਕੇਂਦਰੀ ਜਾਂਚ ਬਿਊਰੋ (ਸੀæਬੀæਆਈæ) ਦੇ ਹਵਾਲੇ ਕਰਨ ਦੀ ਮੰਗ ਉਠਾ ਕੇ ਸ਼ ਬਾਜਵਾ ਰਾਹੀਂ ਪੰਜਾਬ ਵਿਚ ਭੁੱਖ ਹੜਤਾਲਾਂ ਦੀ ਲੜੀ ਚਲਾਈ ਸੀ। ਕੈਪਟਨ ਨੇ ਇਹ ਕਹਿ ਕੇ ਹਾਈ ਕਮਾਨ ਦੀ ਬਾਦਲ ਸਰਕਾਰ ਵਿਰੁੱਧ ਮੁਹਿੰਮ ਦੀ ਫੂਕ ਕੱਢ ਦਿੱਤੀ ਸੀ ਕਿ ਡਰੱਗਜ਼ ਦਾ ਮੁੱਦਾ ਸੀæਬੀæਆਈæ ਹਵਾਲੇ ਕਰਨ ਦੀ ਕੋਈ ਤੁਕ ਨਹੀਂ ਹੈ।
ਕੈਪਟਨ ਦਾ ਦਲਿਤ ਕੁਨੈਕਸ਼ਨ: ਕੈਪਟਨ ਅਮਰਿੰਦਰ ਸਿੰਘ ਨੇ ਪਹਿਲੀ ਜੁਲਾਈ ਤੋਂ ਜਨ ਸੰਪਰਕ ਮੁਹਿੰਮ ਸ਼ੁਰੂ ਕਰ ਦਿੱਤੀ ਹੈ। ਮੁਹਿੰਮ ਲਈ ਜਲੰਧਰ ਦੀ ਚੋਣ ਇਸ ਕਰ ਕੇ ਕੀਤੀ, ਕਿਉਂਕਿ ਦੋਆਬਾ ਖੇਤਰ ਪੰਜਾਬ ਵਿਚ ‘ਦਲਿਤਾਂ ਦੇ ਗੜ੍ਹ’ ਵਜੋਂ ਉਤੇ ਜਾਣਿਆ ਜਾਂਦਾ ਹੈ। ਪੰਜਾਬ ਦੇ ਦਲਿਤ ਭਾਈਚਾਰੇ ਦਾ 33 ਫੀਸਦੀ ਵੋਟ ਬੈਂਕ ਹੈ ਜੋ ਪੰਜਾਬ ਦੇ ਕਿਸੇ ਵੀ ਭਾਈਚਾਰੇ ਤੋਂ ਕਿਤੇ ਜ਼ਿਆਦਾ ਹੈ। ਦਰਅਸਲ ਪਿਛਲੀਆਂ ਵਿਧਾਨ ਸਭਾ ਚੋਣਾਂ ਵਿਚ ਕਾਂਗਰਸ ਨੂੰ ਸਭ ਤੋਂ ਵੱਡਾ ਝਟਕਾ ਦੁਆਬੇ ਵਿਚੋਂ ਹੀ ਲੱਗਿਆ ਸੀ।