ਬੌਬੀ ਜਿੰਦਲ ਵੱਲੋਂ ਰਾਸ਼ਟਰਪਤੀ ਚੋਣ ਲਈ ਉਮੀਦਵਾਰੀ ਦਾ ਐਲਾਨ

ਵਾਸ਼ਿੰਗਟਨ: ਭਾਰਤੀ ਮੂਲ ਦੇ ਅਮਰੀਕੀ ਬੌਬੀ ਜਿੰਦਲ ਨੇ ਸਾਲ 2016 ਵਿਚ ਹੋਣ ਵਾਲੀ ਅਮਰੀਕੀ ਰਾਸ਼ਟਰਪਤੀ ਦੀ ਚੋਣ ਲਈ ਉਮੀਦਵਾਰੀ ਦਾ ਐਲਾਨ ਕਰ ਦਿੱਤਾ ਹੈ। 44 ਸਾਲਾ ਬੌਬੀ ਜਿੰਦਲ ਵ੍ਹਾਈਟ ਹਾਊਸ ਲਈ ਦੌੜ ਵਿਚ 13ਵੇਂ ਰਿਪਬਲਿਕਨ ਉਮੀਦਵਾਰ ਹਨ। ਉਹ ਭਾਰਤੀ ਮੂਲ ਦੇ ਪਹਿਲੇ ਵਿਅਕਤੀ ਹਨ ਜੋ ਰਾਸ਼ਟਰਪਤੀ ਦੀ ਚੋਣ ਲਈ ਮੈਦਾਨ ਵਿਚ ਆਏ ਹਨ।

ਬੌਬੀ ਜਿੰਦਲ ਨੂੰ 36 ਸਾਲ ਦੀ ਛੋਟੀ ਉਮਰ ਵਿਚ 2007 ਵਿਚ ਪਹਿਲੇ ਅਮਰੀਕੀ-ਭਾਰਤੀ ਤੇ ਰਿਪਬਲਿਕਨ ਪਾਰਟੀ ਦੇ ਨੁਮਾਇੰਦੇ ਵਜੋਂ ਅਮਰੀਕਾ ਦੇ ਸੂਬੇ ਲੂਸੀਆਨਾ ਦਾ ਗਵਰਨਰ ਬਣਨ ਦਾ ਮਾਣ ਪ੍ਰਾਪਤ ਹੋਇਆ ਸੀ। 2012 ਵਿਚ ਵੀ ਬੌਬੀ ਜਿੰਦਲ ਦੇ ਰਾਸ਼ਟਰਪਤੀ ਦੇ ਅਹੁਦੇ ਲਈ ਦਾਅਵੇਦਾਰੀ ਦੀਆਂ ਕਿਆਸਅਰਾਈਆਂ ਸਨ ਪਰ ਉਹ 2014 ਵਿਚ ਹੀ ਅਮਰੀਕਾ ਦੀ ਕੌਮੀ ਸਿਆਸਤ ਵਿਚ ਉਭਰ ਕੇ ਸਾਹਮਣੇ ਆਇਆ। ਗਵਰਨਰ ਵਜੋਂ ਉਸ ਦਾ ਪਹਿਲਾ ਕਾਰਜਕਾਲ ਕਾਫ਼ੀ ਪ੍ਰਭਾਵਸ਼ਾਲੀ ਰਿਹਾ ਪਰ 2011 ਵਿਚ ਸ਼ੁਰੂ ਹੋਈ ਤੇ ਅਗਲੇ ਸਾਲ ਜਨਵਰੀ ਵਿਚ ਖ਼ਤਮ ਹੋਣ ਵਾਲੀ ਉਸ ਦੀ ਦੂਜੀ ਪਾਰੀ ਦੀ ਕਾਰਗੁਜ਼ਾਰੀ ਤਸੱਲੀਬਖਸ਼ ਨਹੀਂ ਰਹੀ। ਇਸ ਸਮੇਂ ਦੌਰਾਨ ਉਸ ਦੀ ਹਰਮਨਪਿਆਰਤਾ ਪਹਿਲਾਂ ਨਾਲੋਂ ਘਟੀ ਹੈ। ਉਸ ਨੇ ਰਾਸ਼ਟਰਪਤੀ ਬਰਾਕ ਓਬਾਮਾ ਦੀ ਸਿਹਤ ਸੰਭਾਲ ਯੋਜਨਾ ਤੇ ਆਰਥਿਕ ਸੁਧਾਰਾਂ ਦਾ ਵੀ ਦਲੀਲਾਂ ਨਾਲ ਤਿੱਖਾ ਵਿਰੋਧ ਕੀਤਾ ਸੀ। ਅਤਿਵਾਦ ਦੇ ਮੁੱਦੇ ਉਤੇ ਉਹ ਸਖ਼ਤ ਨੀਤੀਆਂ ਦੇ ਹੱਕ ਵਿਚ ਹੈ।
ਰਾਸ਼ਟਰਪਤੀ ਦੇ ਅਹੁਦੇ ਲਈ ਆਪਣੀ ਦਾਅਵੇਦਾਰੀ ਪੇਸ਼ ਕਰਨ ਨਾਲ ਉਹ ਕੌਮੀ ਤੇ ਕੌਮਾਂਤਰੀ ਪੱਧਰ ਉਤੇ ਚਰਚਾ ਦਾ ਵਿਸ਼ਾ ਬਣ ਗਿਆ ਹੈ। ਉਸ ਨੂੰ ਰਿਪਬਲਿਕਨ ਪਾਰਟੀ ਵੱਲੋਂ ਉਮੀਦਵਾਰ ਬਣਾਏ ਜਾਣ ਦੀ ਸੰਭਾਵਨਾ ਭਾਵੇਂ ਮੱਧਮ ਹੈ, ਫਿਰ ਵੀ ਭਾਰਤੀਆਂ ਵੱਲੋਂ ਉਸ ਨੂੰ ਆਪਣੇ ਮੁਲਕ ਦਾ ਆਪਣਾ ਵਿਅਕਤੀ ਕਹਿ ਕੇ ਵਡਿਆਇਆ ਜਾ ਰਿਹਾ ਹੈ।
ਦੂਜੇ ਪਾਸੇ ਬੌਬੀ ਜਿੰਦਲ ਨੇ ਆਪਣੀਆਂ ਭਾਰਤੀ ਜੜ੍ਹਾਂ ਤੋਂ ਦੂਰੀ ਲਗਾਤਾਰ ਬਰਕਰਾਰ ਹੈ। ਉਸ ਨੇ ਕਿਹਾ ਕਿ ਉਹ ਅਮਰੀਕੀ ਹੈ ਨਾ ਕਿ ਭਾਰਤੀ-ਅਮਰੀਕੀ।
______________________
ਹਿਲੇਰੀ ਕਲਿੰਟਨ ਮਜ਼ਬੂਤ ਦਾਅਵੇਦਾਰ
ਵਾਸ਼ਿੰਗਟਨ: ਅਮਰੀਕਾ ਦੇ ਰਾਸ਼ਟਪਤੀ ਦੇ ਅਹੁਦੇ ਲਈ ਚੋਣਾਂ ਵਿਚ ਹਿਲੇਰੀ ਕਲਿੰਟਨ ਦੇ ਡੈਮੋਕਰੇਟਿਕ ਪਾਰਟੀ ਦੀ ਉਮੀਦਵਾਰ ਵਜੋਂ ਚੁਣੇ ਜਾਣ ‘ਤੇ ਅਮਰੀਕਾ ਦੀ ਪਹਿਲੀ ਮਹਿਲਾ ਰਾਸ਼ਟਰਪਤੀ ਬਣਨ ਦੀਆਂ ਸੰਭਾਵਨਾਵਾਂ ਹਨ। ਵਾਲ ਸਟ੍ਰੀਟ ਰਸਾਲੇ/ਐਨæਬੀæਸੀæ ਦੇ ਸਰਵੇਖਣ ਅਨੁਸਾਰ ਸ੍ਰੀਮਤੀ ਕਲਿੰਟਨ ਵੱਲੋਂ ਇਸ ਮਹੀਨੇ ਵਿਚ ਕੀਤੀ ਗਈ ਜਨਤਕ ਰੈਲੀ ਦੌਰਾਨ ਉਸ ਦੀ ਹਰਮਨਪਿਆਰਤਾ ਸਾਹਮਣੇ ਆਈ ਹੈ ਤੇ ਉਸ ਨੇ ਆਪਣੇ ਆਪ ਨੂੰ ਰਾਸ਼ਟਪਤੀ ਚੋਣਾਂ ਲਈ ਇਕ ਮਜ਼ਬੂਤ ਦਾਅਵੇਦਾਰ ਵਜੋਂ ਪੇਸ਼ ਕੀਤਾ ਹੈ। ਡੈਮੋਕਰੇਟਿਕ ਪਾਰਟੀ ਦੇ ਇਕ ਤਿਹਾਈ ਵੋਟਰਾਂ ਨੇ ਸ੍ਰੀਮਤੀ ਕਲਿੰਟਨ ਨੂੰ ਰਾਸ਼ਟਰਪਤੀ ਚੋਣਾਂ ਲਈ ਸਭ ਤੋਂ ਸਿਖਰਲੀ ਉਮੀਦਵਾਰ ਦੱਸਿਆ ਹੈ ਜਦਕਿ 15 ਫੀਸਦੀ ਨੇ ਬੇਰਨੀ ਸੈਨਰਜ਼ ਨੂੰ ਚੁਣਿਆ ਹੈ। ਸਰਵੇਖਣ ਅਨੁਸਾਰ 1000 ਵੋਟਰਾਂ ਤੋਂ ਰਾਸ਼ਟਰਪਤੀ ਦੇ ਅਹੁਦੇ ਲਈ ਰਿਪਬਲਿਕਨ ਤੇ ਡੈਮੋਕਰੇਟ ਉਮੀਦਵਾਰਾਂ ਬਾਰੇ ਰਾਏ ਲਈ ਗਈ। 48 ਫੀਸਦੀ ਵੋਟਰਾਂ ਨੇ ਸ੍ਰੀਮਤੀ ਕਲਿੰਟਨ ਨੂੰ ਜਦਕਿ 40 ਫੀਸਦੀ ਵੋਟਰਾਂ ਨੇ ਉਨ੍ਹਾਂ ਦੇ ਵਿਰੋਧੀ ਰਿਪਬਲਿਕਨ ਪਾਰਟੀ ਦੇ ਉਮੀਦਵਾਰ ਫਲੋਰਿਡਾ ਦੇ ਸਾਬਕਾ ਗਵਰਨਰ ਜੇਬ ਬੁਸ਼ ਨੂੰ ਹਮਾਇਤ ਦਿੱਤੀ।