ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਮਿਆਨ ਵਿਚੋਂ ਤਲਵਾਰ ਆਖਰਕਾਰ ਕੱਢ ਕੇ ਸੂਤ ਲਈ ਹੈ। ਆਪਣੇ ਧੜੇ ਦੀਆਂ ਵੱਖਰੀਆਂ ਸਿਆਸੀ ਸਰਗਰਮੀਆਂ ਦੀ ਸ਼ੁਰੂਆਤ ਕਰ ਕੇ ਉਨ੍ਹਾਂ ਪੰਜਾਬ ਕਾਂਗਰਸ ਵਿਚ ਚਿਰਾਂ ਤੋਂ ਚੱਲ ਰਹੀ ਧੜੇਬੰਦਕ ਖਿੱਚ-ਧੂਹ ਨੂੰ ਇਕ ਮੁਕਾਮ ਉਤੇ ਪਹੁੰਚਾ ਦਿੱਤਾ ਹੈ। ਇਨ੍ਹਾਂ ਸਰਗਰਮੀਆਂ ਦੀ ਸ਼ੁਰੂਆਤ ਉਨ੍ਹਾਂ ਇਹ ਆਖ ਕੇ ਕੀਤੀ ਹੈ ਕਿ ਬਾਦਲਾਂ ਨੂੰ ਹੋਰ 5 ਸਾਲਾਂ ਲਈ ਸੂਬੇ ਦੀ ਸੱਤਾ ਉਤੇ ਕਾਬਜ਼ ਹੋਣ ਲਈ ਇਕ ਹੋਰ ਮੌਕਾ ਨਹੀਂ ਦਿੱਤਾ ਜਾ ਸਕਦਾ।
ਉਨ੍ਹਾਂ ਦੇ ਇਸ ਬਿਆਨ ਦਾ ਸਿੱਧਾ ਤੇ ਸਪਸ਼ਟ ਮਤਲਬ ਹੈ ਕਿ ਪੰਜਾਬ ਕਾਂਗਰਸ ਦੇ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਦੀ ਅਗਵਾਈ ਵਿਚ 2017 ਵਾਲੀਆਂ ਵਿਧਾਨ ਸਭਾ ਚੋਣਾਂ ਜਿੱਤੀਆਂ ਨਹੀਂ ਜਾ ਸਕਦੀਆਂ। ਕੁਝ ਸਿਆਸੀ ਵਿਸ਼ਲੇਸ਼ਕਾਂ ਵੱਲੋਂ ਉਨ੍ਹਾਂ ਦੀਆਂ ਇਨ੍ਹਾਂ ਕਾਰਵਾਈਆਂ ਨੂੰ ਪਾਰਟੀ ਹਾਈ ਕਮਾਨ ਖਿਲਾਫ ਸਿੱਧੀ ਬਗਾਵਤ ਵੀ ਕਰਾਰ ਦਿੱਤਾ ਜਾ ਰਿਹਾ ਹੈ। ਉਂਜ ਉਨ੍ਹਾਂ ਦੇ ਇਸ ਬਿਆਨ ਵਿਚ ਕੁਝ ਨਾ ਕੁਝ ਵਜ਼ਨ ਵੀ ਜ਼ਰੂਰ ਜਾਪਦਾ ਹੈ। ਅਸਲ ਵਿਚ ਸ਼ ਬਾਜਵਾ ਪੰਜਾਬ ਕਾਂਗਰਸ ਦਾ ਧੜੇਬੰਦਕ ਵਿਵਾਦ ਸੁਲਝਾਉਣ ਵਿਚ ਨਾਕਾਮ ਰਹੇ ਹਨ। ਉਨ੍ਹਾਂ ਦਾ ਪੰਜਾਬ ਕਾਂਗਰਸ ਦੇ ਪ੍ਰਧਾਨ ਵਾਲਾ ਜਲੌਅ ਇਕ ਦਿਨ ਵੀ ਲੋਕਾਂ ਦੇ ਸਾਹਮਣੇ ਨਹੀਂ ਆ ਸਕਿਆ। ਲੰਘੀਆਂ ਲੋਕ ਸਭਾ ਚੋਣਾਂ ਵਿਚ ਵੀ ਪਾਰਟੀ ਦੀ ਹਾਲਤ ਬਹੁਤੀ ਚੰਗੀ ਨਹੀਂ ਸੀ। ਸਭ ਨੂੰ ਅਜੇ ਕੱਲ੍ਹ ਵਾਂਗ ਚੇਤੇ ਹੈ ਕਿ ਉਸ ਚੋਣ ਪਿੜ ਵਿਚ ਕੈਪਟਨ ਅਮਰਿੰਦਰ ਸਿੰਘ ਦੀ ਆਮਦ ਤੋਂ ਬਾਅਦ ਹੀ ਕਾਂਗਰਸ ਦੇ ਪੈਰ ਲੱਗੇ ਸਨ ਅਤੇ ਰਾਤੋ-ਰਾਤ ਪਾਰਟੀ ਦੇ ਹੱਕ ਵਿਚ ਹਵਾ ਬਣੀ ਸੀ। ਹੁਣ ਪਿਛਲੇ ਕੁਝ ਸਮੇਂ ਤੋਂ ਕੈਪਟਨ ਅਮਰਿੰਦਰ ਸਿੰਘ ਵੱਲੋਂ ਵੱਖਰੀ ਪਾਰਟੀ ਬਣਾਉਣ ਜਾਂ ਭਾਜਪਾ ਨਾਲ ਰਲ ਕੇ ਕੋਈ ਮੋਰਚਾ ਖੜ੍ਹਾ ਕਰਨ ਬਾਰੇ ਵੀ ਚੁੰਝ ਚਰਚਾ ਚੱਲਦੀ ਰਹੀ ਹੈ। ਅਜਿਹੀ ਕਿਸੇ ਵੀ ਸੂਰਤ ਵਿਚ ਪੰਜਾਬ ਦੇ ਚੋਣ ਪਿੜ ਵਿਚ ਹੀ ਨਹੀਂ, ਪੰਜਾਬ ਦੀ ਸਮੁੱਚੀ ਸਿਆਸਤ ਵਿਚ ਵੀ ਨਵੀਆਂ ਸਿਆਸੀ ਸਫਬੰਦੀਆਂ ਲਈ ਰਾਹ ਖੁੱਲ੍ਹੇਗਾ।
ਭਾਜਪਾ ਵਾਲੇ ਫਰੰਟ ਉਤੇ ਤਾਂ ਇਨ੍ਹਾਂ ਨਵੀਆਂ ਸਫਬੰਦੀਆਂ ਬਾਰੇ ਤਿੱਖੀ ਸਰਗਰਮੀ ਕਾਫੀ ਸਮੇਂ ਤੋਂ ਚੱਲ ਰਹੀ ਹੈ। ਇਸ ਪਾਰਟੀ ਦੀ ਲੋਕ ਸਭਾ ਚੋਣਾਂ ਦੌਰਾਨ ਹੋਈ ਚੜ੍ਹਤ ਅਤੇ ਫਿਰ ਕੇਂਦਰ ਵਿਚ ਸਰਕਾਰ ਦੀ ਕਾਇਮੀ ਤੋਂ ਬਾਅਦ ਹਰਿਆਣਾ, ਮਹਾਂਰਾਸ਼ਟਰ ਤੇ ਜੰਮੂ ਕਸ਼ਮੀਰ ਵਰਗੇ ਸੂਬਿਆਂ ਵਿਚ ਜਿੱਤ ਮਗਰੋਂ ਪਾਰਟੀ ਦੀ ਪੰਜਾਬ ਇਕਾਈ ਦੇ ਆਗੂਆਂ ਨੇ ਵੀ ਸੂਬੇ ਵਿਚ ਵੱਡੀ ਭੂਮਿਕਾ ਲਈ ਪਰ ਤੋਲਣੇ ਸ਼ੁਰੂ ਕਰ ਦਿੱਤੇ। ਇਹ ਪਾਰਟੀ ਪੰਜਾਬ ਹੀ ਨਹੀਂ, ਬਿਹਾਰ ਅਤੇ ਪੱਛਮੀ ਬੰਗਾਲ ਦੀਆਂ ਵਿਧਾਨ ਸਭਾ ਚੋਣਾਂ ਉਤੇ ਵੀ ਨਜ਼ਰਾਂ ਗੱਡੀ ਬੈਠੀ ਹੈ। ਪੰਜਾਬ ਵਿਚ ਜਿਸ ਤਰ੍ਹਾਂ ਦੀਆਂ ਸਰਗਰਮੀਆਂ ਭਾਜਪਾ ਦੀ ਮਾਂ ਜਥੇਬੰਦੀ- ਆਰæਐਸ਼ਐਸ਼ ਵੱਲੋਂ ਕੀਤੀਆਂ ਜਾ ਰਹੀਆਂ ਹਨ ਅਤੇ ਨਾਲ ਹੀ ਕੇਂਦਰ ਸਰਕਾਰ ਤੇ ਭਾਜਪਾ ਦੀ ਕੌਮੀ ਲੀਡਰਸ਼ਿਪ ਦਾ ਜੋ ਵਿਹਾਰ ਸ਼੍ਰੋਮਣੀ ਅਕਾਲੀ ਦਲ ਪ੍ਰਤੀ ਸਾਹਮਣੇ ਆ ਰਿਹਾ ਹੈ, ਉਸ ਤੋਂ ਸੰਕੇਤ ਇਹੀ ਮਿਲਦੇ ਹਨ ਕਿ ਭਾਜਪਾ ਪੰਜਾਬ ਵਿਚ ਇਕੱਲਿਆਂ ਜਾਂ ਘੱਟੋ-ਘੱਟ ਅਕਾਲੀ ਦਲ ਤੋਂ ਬਗੈਰ ਚੋਣ ਪਿੜ ਵਿਚ ਨਿਤਰਨ ਲਈ ਇਕ ਕਦਮ ਹੋਰ ਅੱਗੇ ਵਧ ਗਈ ਹੈ। ਪਾਰਟੀ ਦੇ ਪੰਜਾਬ ਦੇ ਆਗੂ ਤਾਂ ਨਿੱਤ ਬਿਆਨ ਦੇ ਰਹੇ ਹਨ ਕਿ ਪਾਰਟੀ ਦੀ ਜਿੱਤ ਲਈ ਹਰਿਆਣਾ ਵਾਲੇ ਮਾਡਲ ਉਤੇ ਗੰਭੀਰਤਾ ਨਾਲ ਵਿਚਾਰਾਂ ਚੱਲ ਰਹੀਆਂ ਹਨ। ਇਹ ਗੱਲ ਪੱਕੀ ਹੈ ਕਿ ਇਸ ਪਾਰਟੀ ਕੋਲ ਚੋਣਾਂ ਜਿੱਤਣ ਲਈ ਲੋੜੀਂਦਾ ਹਰ ਸਾਮਾਨ ਮੌਜੂਦ ਹੈ। ਪੈਸੇ ਅਤੇ ਬਾਹੂਬਲ ਤੋਂ ਲੈ ਕੇ ਨੀਤੀਆਂ-ਰਣਨੀਤੀਆਂ ਤੱਕ ਘੜਨ ਵਿਚ ਇਸ ਪਾਰਟੀ ਦੇ ਆਗੂਆਂ ਕੋਲ ਮੁਹਾਰਤ ਹੈ। ਉਂਜ ਵੀ ਪਿਛਲੇ ਸਮੇਂ ਦੌਰਾਨ ਸਿਆਸੀ ਭਾਈਵਾਲ ਸ਼੍ਰੋਮਣੀ ਅਕਾਲੀ ਦਲ ਦੀਆਂ ਕਮਜ਼ੋਰੀਆਂ ਨੇ ਭਾਜਪਾ ਦੇ ਇਨ੍ਹਾਂ ਆਗੂਆਂ ਦਾ ਕੰਮ ਰਤਾ ਕੁ ਸੁਖਾਲਾ ਵੀ ਕਰ ਦਿੱਤਾ ਹੈ।
ਅੱਜ ਸ਼੍ਰੋਮਣੀ ਅਕਾਲੀ ਦਲ ਅਤੇ ਇਸ ਦੇ ਕੁਝ ਆਗੂ ਵੀ ਖੁਦ ਨੂੰ ਹਾਸ਼ੀਏ ‘ਤੇ ਧੱਕਿਆ ਮਹਿਸੂਸ ਕਰ ਰਹੇ ਹਨ। ਬਾਦਲ ਪਿਉ-ਪੁੱਤਰ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨਾਲ ਨਿੱਜੀ ਸਾਂਝ ਦੀਆਂ ਫੜ੍ਹਾਂ ਅਕਸਰ ਮਾਰਦੇ ਸਨ, ਪਰ ਹੁਣ ਇਕੱਲੇ ਮੋਦੀ ਦਾ ਹੀ ਨਹੀਂ, ਭਾਜਪਾ ਦੀ ਸਮੁੱਚੀ ਕੇਂਦਰੀ ਲੀਡਰਸ਼ਿਪ ਦਾ ਵਿਹਾਰ ਅਕਾਲੀਆਂ ਪ੍ਰਤੀ ਬਦਲਿਆ ਹੋਇਆ ਹੈ। ਉਂਜ ਵੀ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਵਿਚਕਾਰ ਸਿਆਸੀ ਭਾਈਵਾਲੀ ਦਾ ਸਮੁੱਚਾ ਸਿਹਰਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਹੀ ਜਾਂਦਾ ਹੈ। ਉਨ੍ਹਾਂ ਦੇ ਫਰਜ਼ੰਦ ਤੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਪ੍ਰਤੀ ਭਾਜਪਾ ਆਗੂਆਂ ਦਾ ਰਵੱਈਆ ਮੁੱਢ ਤੋਂ ਹੀ ਤਣਾਅ-ਭਰਪੂਰ ਰਿਹਾ ਹੈ। ਦੋਹਾਂ ਭਾਈਵਾਲਾਂ ਵਿਚਕਾਰ ਸੁਖਬੀਰ ਕਾਰਨ ਪਏ ਹਰ ਰੱਫੜ ਨੂੰ ਪ੍ਰਕਾਸ਼ ਸਿੰਘ ਬਾਦਲ ਹੀ ਸੁਲਝਾਉਂਦੇ ਰਹੇ ਹਨ, ਪਰ ਹੁਣ ਉਮਰ ਕਾਰਨ ਕਈ ਮਾਮਲਿਆਂ ਵਿਚ ਉਨ੍ਹਾਂ ਦੀ ਪਕੜ ਢਿੱਲੀ ਪੈ ਰਹੀ ਹੈ। ਹਰ ਸਿਆਸੀ ਵਿਸ਼ਲੇਸ਼ਕ ਇਹ ਸਵੀਕਾਰ ਕਰਦਾ ਹੈ ਕਿ ਉਹ ਔਖੇ ਤੋਂ ਔਖੇ ਸਮਿਆਂ ਵਿਚ ਵੀ ਆਪਣੀ ਸਿਆਸਤ ਲਈ ਕੋਈ ਨਾ ਕੋਈ ਰਾਹ ਕੱਢ ਲੈਂਦੇ ਰਹੇ ਹਨ ਅਤੇ ਬਹੁਤੀ ਵਾਰ ਸਿਆਸੀ ਵਿਸ਼ਲੇਸ਼ਕਾਂ ਦੀਆਂ ਗਿਣਤੀਆਂ-ਮਿਣਤੀਆਂ ਵੀ ਉਲਟਾ ਦਿੰਦੇ ਰਹੇ ਹਨ, ਪਰ ਹੁਣ ਬਹੁਤ ਸਾਰੇ ਮਾਮਲਿਆਂ ਵਿਚ ਉਹ ਬਹੁਤ ਬੇਵੱਸ ਹੋਏ ਪਏ ਹਨ। ਇਸ ਬੇਵਸੀ ਦਾ ਸਭ ਤੋਂ ਵੱਡਾ ਕਾਰਨ ਬਿਨਾਂ ਸ਼ੱਕ ਭਾਜਪਾ ਲੀਡਰਸ਼ਿਪ ਦਾ ਰਵੱਈਆ ਹੀ ਹੈ। ਭਾਜਪਾ ਦੀ ਕੇਂਦਰੀ ਲੀਡਰਸ਼ਿਪ ਨੇ ਹੁਣ ਤੱਕ ਪੰਜਾਬ ਜਾਂ ਸਿੱਖਾਂ ਨਾਲ ਸਬੰਧਤ ਕਿਸੇ ਵੀ ਮੁੱਦੇ ਦਾ ਸਿਆਸੀ ਲਾਹਾ ਅਕਾਲੀ ਦਲ ਨੂੰ ਲੈਣ ਨਹੀਂ ਦਿੱਤਾ। ਹੁਣ ਸ੍ਰੀ ਅਨੰਦਪੁਰ ਸਾਹਿਬ ਦੇ ਸਾਢੇ ਤਿੰਨ ਸੌ ਸਾਲਾ ਸਮਾਗਮਾਂ ਵਿਚ ਜਿਸ ਤਰ੍ਹਾਂ ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਸੂਬੇ ਵਿਚ ਨਸ਼ਿਆਂ ਦਾ ਮੁੱਦਾ ਉਠਾਇਆ ਅਤੇ ਜਿਸ ਢੰਗ ਨਾਲ ਪਾਰਟੀ ਦੇ ਹੋਰ ਆਗੂਆਂ ਨੇ ਮਗਰੋਂ ਹੋਰ ਥਾਈਂ ਇਸੇ ਮੁੱਦੇ ਨੂੰ ਰਿੜਕਿਆ, ਉਸ ਤੋਂ ਸੰਕੇਤ ਮਿਲ ਰਹੇ ਹਨ ਕਿ ਆਉਂਦੇ ਦਿਨਾਂ ਵਿਚ ਪੰਜਾਬ ਦੀ ਸਿਆਸਤ ਵਿਚ ਵਾਹਵਾ ਉਥਲ-ਪੁਥਲ ਲਈ ਪਿੜ ਬੱਝ ਗਿਆ ਹੈ। ਇਸ ਉਥਲ-ਪੁਥਲ ਵਿਚ ਕਿਹੜੀ ਧਿਰ ਦੀ ਕੀ ਭੂਮਿਕਾ ਹੋਵੇਗੀ, ਇਸ ਬਾਰੇ ਆਉਣ ਵਾਲਾ ਸਮਾਂ ਹੀ ਦੱਸੇਗਾ।