ਚੰਡੀਗੜ੍ਹ: ਬਾਦਲ ਸਰਕਾਰ ਜਿਥੇ ਸਾਬਕਾ ਖਾਲਿਸਤਾਨੀਆਂ ਨੂੰ ਪੰਜਾਬ ਦੀਆਂ ਜੇਲ੍ਹਾਂ ਵਿਚ ਲਿਆ ਕੇ ਪੰਥਕ ਏਜੰਡੇ ਵੱਲ ਵਧ ਰਹੀ ਹੈ, ਉਥੇ ਇਸ ਦੀ ਭਾਈਵਾਲੀ ਭਾਜਪਾ ਇਸ ਨੂੰ ਹਿੰਦੂ ਭਾਈਚਾਰੇ ਲਈ ਖਤਰਾ ਦੱਸ ਕੇ ਅਕਾਲੀ ਦਲ ਨੂੰ ਸਿਰਫ ਸਿੱਖ ਵੋਟਰਾਂ ਤੱਕ ਹੀ ਸੀਮਤ ਕਰਨ ਵਿਚ ਜੁਟ ਗਈ ਹੈ।
ਭਾਜਪਾ, ਪੰਜਾਬ ਵਿਚ ਅਕਾਲੀਆਂ ਵਿਰੁੱਧ ਨਸ਼ਿਆਂ ਵਾਲਾ ਪੱਤਾ ਵੀ ਖੇਡਣ ਵਿਚ ਰੁੱਝ ਗਈ ਹੈ। ਪਿਛਲੇ ਵਰ੍ਹੇ ਹੋਈਆਂ ਲੋਕ ਸਭਾ ਚੋਣਾਂ ਤੋਂ ਬਾਅਦ ਤੀਜੀ ਵਾਰ ਪੰਜਾਬ ਵਿਚ ਨਸ਼ਿਆਂ ਦੇ ਮੁੱਦੇ ਨੂੰ ਲੈ ਕੇ ਪੰਜਾਬ ਸਰਕਾਰ ਵਿਚ ਭਾਈਵਾਲ ਭਾਜਪਾ ਵੱਲੋਂ ਅਕਾਲੀਆਂ ਨੂੰ ਠਿੱਠ ਕਰਨ ਦਾ ਪੱਤਾ ਖੇਡਿਆ ਜਾ ਰਿਹਾ ਹੈ। ਪਹਿਲੀ ਵਾਰ ਪਿਛਲੇ ਸਾਲ ਲੋਕ ਸਭਾ ਦੇ ਨਤੀਜਿਆਂ ਤੋਂ ਤੁਰੰਤ ਬਾਅਦ ਰਾਜ ਅੰਦਰ ਅਕਾਲੀ-ਭਾਜਪਾ ਗਠਜੋੜ ਦੀ ਮੰਦੀ ਰਹੀ ਕਾਰਗੁਜ਼ਾਰੀ ਲਈ ਭਾਜਪਾ ਲੀਡਰਸ਼ਿਪ ਨੇ ਰਾਜ ਅੰਦਰ ਨਸ਼ਿਆਂ ਦੀ ਭਰਮਾਰ ਨੂੰ ਲੈ ਕੇ ਅਕਾਲੀ ਦਲ ਉੱਪਰ ਨਿਸ਼ਾਨਾ ਸਾਧਿਆ ਸੀ। ਕੁਝ ਸਮੇਂ ਦੀ ਚੁੱਪ ਤੋਂ ਬਾਅਦ ਇਸ ਸਾਲ ਦੇ ਸ਼ੁਰੂ ਵਿਚ ਮੁੜ ਫਿਰ ਭਾਜਪਾ ਨੇ ਆਪਣੇ ਭੱਥੇ ਵਿਚੋਂ ਤੀਰ ਕੱਢਦਿਆਂ ਪੰਜਾਬ ਅੰਦਰ ਨਸ਼ਿਆਂ ਖਿਲਾਫ ਮੁਹਿੰਮ ਚਲਾਉਣ ਦਾ ਐਲਾਨ ਕਰਕੇ ਅਕਾਲੀਆਂ ਨੂੰ ਨਮੋਸ਼ੀ ਵੱਲ ਧੱਕਣ ਦਾ ਰਾਹ ਅਖਤਿਆਰ ਕੀਤਾ। ਭਾਜਪਾ ਨੇ ਯੂਥ ਮੋਰਚੇ ਦੀ ਅੰਮ੍ਰਿਤਸਰ ਕਾਨਫਰੰਸ ਸੱਦ ਕੇ ਪਾਰਟੀ ਪ੍ਰਧਾਨ ਅਮਿਤ ਸ਼ਾਹ ਵੱਲੋਂ ਪੰਜਾਬ ਭਰ ਵਿਚ ਯਾਤਰਾ ਕਰਨ ਦਾ ਐਲਾਨ ਕੀਤਾ ਗਿਆ।
ਉਸ ਸਮੇਂ ਅਕਾਲੀ ਲੀਡਰਸ਼ਿਪ ਨੇ ਵੀ ਭਾਜਪਾ ਨੂੰ ਕਰਾਰਾ ਜਵਾਬ ਦਿੰਦਿਆਂ ਸਰਹੱਦੀ ਖੇਤਰ ਵਿਚ ਵੱਡੀਆਂ ਰੈਲੀਆਂ ਕਰਕੇ ਪੰਜਾਬ ਆ ਰਹੀਆਂ ਨਸ਼ਿਆਂ ਦੀਆਂ ਖੇਪਾਂ ਲਈ ਮੋਦੀ ਸਰਕਾਰ ਨੂੰ ਜ਼ਿੰਮੇਵਾਰ ਠਹਿਰਾਇਆ। ਧੂਰੀ ਦੀ ਉਪ ਚੋਣ ਬਾਅਦ ਅਕਾਲੀ ਦਲ ਵਿਧਾਨ ਸਭਾ ਵਿਚ ਬਹੁਮੱਤ ਹਾਸਲ ਕਰਕੇ ਭਾਜਪਾ ਦੀ ਡੰਗੋਰੀ ਤੋਂ ਸੁਰਖਰੂ ਹੋਇਆ ਮਹਿਸੂਸ ਕਰ ਰਿਹਾ ਹੈ। ਤਕਰੀਬਨ 18 ਮਹੀਨੇ ਬਾਅਦ ਹੋਣ ਵਾਲੀਆਂ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਨੂੰ ਮੁੱਖ ਰੱਖਦਿਆਂ ਭਾਜਪਾ ਨੂੰ ਇਕ ਪਾਸੇ ਛੱਡ ਕੇ ਅਕਾਲੀ ਦਲ ਵੱਲੋਂ ਸਿੱਖ ਮੁੱਦਿਆਂ ਉੱਪਰ ਕੇਂਦਰਿਤ ਹੋਣ ਉਤੇ ਭਾਜਪਾ ਨੂੰ ਮੁੜ ਫਿਰ ਤੱਤੀ ਭਾਸ਼ਾ ਵਿਚ ਗੱਲ ਕਰਨ ਵਾਲੇ ਪਾਸੇ ਤੋਰ ਦਿੱਤਾ ਹੈ।
ਸ੍ਰੀ ਅਨੰਦਪੁਰ ਸਾਹਿਬ ਦੇ 350 ਸਾਲਾ ਸਥਾਪਨਾ ਦਿਵਸ ਪੰਜਾਬ ਸਰਕਾਰ ਵੱਲੋਂ ਮਨਾਏ ਜਾਣ ਦਾ ਭਾਜਪਾ ਆਗੂਆਂ ਨੇ ਅੰਦਰੇ-ਅੰਦਰ ਡਾਢਾ ਰੋਸ ਪ੍ਰਗਟ ਕੀਤਾ। ਸਮਾਗਮਾਂ ਵਿਚ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੇ ਸ਼ਾਮਲ ਹੋਣ ਤੋਂ ਇਨਕਾਰ ਨੂੰ ਭਾਜਪਾ ਦੀ ਕਿਸੇ ਨੀਤੀ ਦਾ ਨਤੀਜਾ ਸਮਝਿਆ ਜਾ ਰਿਹਾ ਹੈ। ਰਾਜਸੀ ਹਲਕਿਆਂ ਵਿਚ ਇਹ ਆਮ ਚਰਚਾ ਹੈ ਕਿ ਉਕਤ ਸਰਗਰਮੀ ਤੋਂ ਖਿਝੀ ਭਾਜਪਾ ਲੀਡਰਸ਼ਿਪ ਨੇ ਕੌਮਾਂਤਰੀ ਨਸ਼ਾ ਵਿਰੋਧੀ ਦਿਵਸ ਮੌਕੇ ਮੁੜ ਫਿਰ ਨਸ਼ਿਆਂ ਉੱਪਰ ਸਿਆਸਤ ਖੇਡਦਿਆਂ ਅਕਾਲੀ ਲੀਡਰਸ਼ਿਪ ਨੂੰ ਕਟਹਿਰੇ ਵਿਚ ਖੜ੍ਹਾ ਕਰਨ ਦੀ ਨੀਤੀ ਅਪਣਾਈ ਹੈ। ਹੁਸ਼ਿਆਰਪੁਰ ਦੇ ਰਾਜ ਪੱਧਰੀ ਸਮਾਗਮ ਵਿਚ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੇ ਕੇਂਦਰੀ ਮੰਤਰੀ ਥਾਵਰ ਚੰਦ ਗਹਿਲੋਤ ਵਿਚਕਾਰ ਨਸ਼ਿਆਂ ਦੇ ਮੁੱਦੇ ਨੂੰ ਲੈ ਕੇ ਹੋਇਆ ਤਕਰਾਰ ਇਸੇ ਗੱਲ ਦੀ ਸ਼ਾਹਦੀ ਭਰਦਾ ਹੈ। ਕੇਂਦਰੀ ਮੰਤਰੀ ਕਹਿ ਰਹੇ ਸਨ ਕਿ ਨਸ਼ਿਆਂ ਦੇ ਮਾਮਲੇ ਵਿਚ ਪੰਜਾਬ ਦੀ ਹਾਲਤ ਦੇਸ਼ ਦੇ ਸਭ ਸੂਬਿਆਂ ਤੋਂ ਬਦਤਰ ਹੈ, ਜਦਕਿ ਮੁੱਖ ਮੰਤਰੀ ਨੇ ਇਸ ਗੱਲ ਦਾ ਤਿੱਖਾ ਵਿਰੋਧ ਕਰਦਿਆਂ ਕਿਹਾ ਕਿ ਪੰਜਾਬ ਨੂੰ ਬਦਨਾਮ ਕੀਤਾ ਜਾ ਰਿਹਾ ਹੈ। ਇਸ ਤੋਂ ਇਕ ਦਿਨ ਪਹਿਲਾਂ ਇਹੀ ਗੱਲ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਵੀ ਆਪਣੇ ਭਾਸ਼ਨ ਵਿਚ ਕਹੀ ਸੀ।
ਭਾਜਪਾ ਪੰਜਾਬ ਦੇ ਪ੍ਰਧਾਨ ਕਮਲ ਸ਼ਰਮਾ ਵੱਲੋਂ ਜਲੰਧਰ ਵਿਚ ਇਕ ਦੌੜ ਦੀ ਅਗਵਾਈ ਕਰਕੇ ਅਜਿਹੇ ਹੀ ਬਿਆਨ ਵੀ ਇਸ ਗੱਲ ਦਾ ਹੀ ਸੰਕੇਤ ਦੇ ਰਹੇ ਹਨ ਕਿ ਭਾਜਪਾ ਆਗੂ ਅਕਾਲੀਆਂ ਨੂੰ ਆਪਣੀ ਔਖ ਤੇ ਨਾਰਾਜ਼ਗੀ ਦਾ ਅਹਿਸਾਸ ਕਰਵਾਉਣਾ ਚਾਹੁੰਦੇ ਹਨ, ਪਰ ਲੱਗਦਾ ਹੈ ਕਿ ਅਕਾਲੀ ਆਗੂਆਂ ਨੇ ਵੀ ਪਿਛਲੇ ਸਮੇਂ ਤੋਂ ਕੇਂਦਰੀ ਸਰਕਾਰ ਦੇ ਪੰਜਾਬ ਪ੍ਰਤੀ ਰੁੱਖੇ ਵਤੀਰੇ ਨੂੰ ਪਛਾਣਦਿਆਂ ਭਾਜਪਾ ਨਾਲ ਸਬੰਧਾਂ ਵਿਚ ਆਉਂਦੇ ਖੱਟੇ-ਮਿੱਠੇ ਉਤਰਾਅ-ਚੜ੍ਹਾਅ ਨੂੰ ਕਬੂਲ ਕੇ ਚੱਲਣ ਦਾ ਮਨ ਬਣਾ ਲਿਆ ਹੈ। ਦੋਵਾਂ ਹੀ ਪਾਰਟੀਆਂ ਅੰਦਰ ਇਹ ਗੱਲ ਵਿਆਪਕ ਤੌਰ ਉਤੇ ਪ੍ਰਵਾਨ ਕੀਤੀ ਜਾ ਰਹੀ ਹੈ ਕਿ ਬਾਵਜੂਦ ਤਕਰਾਰਾਂ ਦੇ ਉਨ੍ਹਾਂ ਦੇ ਵੱਖ ਹੋਣ ਦੀ ਸੰਭਾਵਨਾ ਘੱਟ ਹੀ ਹੈ।
ਭਾਜਪਾ ਵੱਲੋਂ ਅਕਾਲੀਆਂ ਨੂੰ ਕਟਹਿਰੇ ਵਿਚ ਖੜ੍ਹਾ ਕਰਨ ਲਈ ਉਮਰ ਕੈਦ ਤੋਂ ਵੱਧ ਸਜ਼ਾ ਭੁਗਤ ਰਹੇ ਦੋ ਕੈਦੀਆਂ ਨੂੰ ਬਾਹਰਲੇ ਰਾਜਾਂ ਤੋਂ ਪੰਜਾਬ ਤਬਦੀਲ ਕੀਤੇ ਜਾਣ ਨੂੰ ਲੈ ਕੇ ਬਵਾਲ ਖੜ੍ਹਾ ਕੀਤਾ ਜਾ ਰਿਹਾ ਹੈ। ਭਾਜਪਾ ਪ੍ਰਧਾਨ ਕਮਲ ਸ਼ਰਮਾ ਦਾ ਕਹਿਣਾ ਹੈ ਕਿ ਅਜਿਹਾ ਫੈਸਲਾ ਕਰਨ ਲੱਗਿਆਂ ਉਨ੍ਹਾਂ ਨੂੰ ਭਰੋਸੇ ਵਿਚ ਨਹੀਂ ਲਿਆ ਗਿਆ। ਭਾਜਪਾ ਦਾ ਇਸ ਮਾਮਲੇ ਉੱਪਰ ਤਿੱਖਾ ਵਿਰੋਧ ਅਕਾਲੀਆਂ ਨੂੰ ਰਾਸ ਆ ਰਿਹਾ ਹੈ। ਇਕ ਤਾਂ ਸਿੱਖ ਕੈਦੀ ਬਾਹਰਲੇ ਰਾਜਾਂ ਤੋਂ ਪੰਜਾਬ ਲਿਆ ਕੇ ਅਕਾਲੀ ਦਲ ਨੇ ਵਿਰੋਧੀ ਸਿੱਖ ਧੜਿਆਂ ਹੱਥੋਂ ਵੱਡਾ ਮਸਲਾ ਖੋਹ ਲਿਆ ਹੈ ਤੇ ਦੂਜਾ ਭਾਜਪਾ ਦਾ ਤਿੱਖਾ ਵਿਰੋਧ ਗਰਮਖਿਆਲੀਆਂ ਅੰਦਰ ਬਾਦਲ ਦਲ ਪ੍ਰਤੀ ਬਣਿਆ ਕੌੜਾਪਣ ਵੀ ਨਰਮ ਕਰ ਰਿਹਾ ਹੈ।
____________________________________________________
ਬਾਦਲ ਦਾ ਨਸ਼ੇ ਉਤੇ ਭਾਜਪਾ ਨੂੰ ਜਵਾਬ
ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਕਿ ਪੰਜਾਬ ਨਸ਼ਿਆਂ ਦੇ ਖਿਲਾਫ਼ ਆਪਣੀ ਜੰਗ ਕਾਰਨ ਸੰਤਾਪ ਭੋਗ ਰਿਹਾ ਹੈ ਜਦਕਿ ਸੂਬੇ ਵਿਚ ਇਕ ਗ੍ਰਾਮ ਵੀ ਨਸ਼ਾ ਪੈਦਾ ਨਹੀਂ ਹੁੰਦਾ। ਬੀਤੇ ਦਿਨੀਂ ਬੀæਜੇæਪੀæ ਦੇ ਕਈ ਆਗੂਆਂ ਨੇ ਪੰਜਾਬ ਸਰਕਾਰ ਨੂੰ ਨਸ਼ੇ ਉਤੇ ਘੇਰਿਆ ਸੀ ਤੇ ਬਾਦਲ ਦੇ ਨਸ਼ੇ ਉਤੇ ਬਿਆਨ ਨੂੰ ਬੀæਜੇæਪੀæ ਨੂੰ ਜਵਾਬ ਵਜੋਂ ਵੇਖਿਆ ਜਾ ਰਿਹਾ ਹੈ। ਮੁੱਖ ਮੰਤਰੀ ਨੇ ਕਿਹਾ ਕਿ ਅਫ਼ੀਮ, ਹੈਰੋਇਨ ਵਰਗੇ ਹੋਰ ਨਸ਼ੇ ਪੰਜਾਬ ਵਿਚ ਸਰਹੱਦ ਪਾਰ ਤੋਂ ਆਉਂਦੇ ਹਨ ਜਦਕਿ ਭੂੱਕੀ ਤੇ ਗਾਂਜੇ ਵਰਗੇ ਨਸ਼ੇ ਹਿਮਾਚਲ ਤੇ ਰਾਜਸਥਾਨ ਤੋਂ ਪਹੁੰਚਦੇ ਹਨ। ਜਿਥੇ ਇਹ ਨਸ਼ੇ ਖੁੱਲੇ ਤੌਰ ਤੇ ਵਿਕਦੇ ਹਨ। ਉਨ੍ਹਾਂ ਕਿਹਾ ਕਿ ਇਹ ਹੈਰਾਨੀ ਵਾਲੀ ਗੱਲ ਹੈ ਕਿ ਦੇਸ਼ ਲਈ ਨਸ਼ਿਆਂ ਖਿਲਾਫ਼ ਜੰਗ ਅੱਗੇ ਹੋ ਕੇ ਲੜਨ ਵਾਲੇ ਬਹਾਦਰ ਲੋਕਾਂ ਉਤੇ ਨਸ਼ੇੜੀ ਹੋਣ ਦਾ ਧੱਬਾ ਜਾ ਰਿਹਾ ਹੈ।
___________________________________________________
ਪੰਜਾਬ ਵਿਚ ਸੱਤਾ ਲਈ ਭਾਜਪਾ ਦਾ ਹਰਿਆਣਾ ਮਾਡਲ
ਪੰਜਾਬ ਵਿਚ ਭਾਜਪਾ ਨੇ ਐਨæਡੀæਏæ ਦੇ ਸਭ ਤੋਂ ਪੁਰਾਣੇ ਭਾਈਵਾਲ ਅਕਾਲੀ ਦਲ ਤੋਂ ਬਿਨਾਂ ਚੋਣ ਮੈਦਾਨ ਵਿਚ ਉਤਰਨ ਦੀ ਤਿਆਰੀ ਸ਼ੁਰੂ ਕਰ ਦਿੱਤੀ ਹੈ। 2017 ਵਿਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਲਈ ਰਣਨੀਤੀ ਤਿਆਰ ਕਰ ਲਈ ਗਈ ਹੈ। ਇਥੇ ਵੀ ਹਰਿਆਣਾ ਵਾਲਾ ਮਾਡਲ ਹੀ ਅਪਣਾਇਆ ਜਾਵੇਗਾ। ਹਰਿਆਣਾ ਵਿਚ ਜਿਥੇ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਤੱਕ ਭਾਜਪਾ ਦਾ ਕੋਈ ਆਧਾਰ ਨਹੀਂ ਸੀ ਪਰ ਲਗਾਤਾਰ ਜਨ ਸੰਪਰਕ ਕਾਰਨ ਲੋਕਾਂ ਨੂੰ ਆਪਣੇ ਨਾਲ ਜੋੜਨ ਵਿਚ ਕਾਮਯਾਬ ਰਹੀ ਸੀ। ਠੀਕ ਇਹੀ ਰਣਨੀਤੀ ਪੰਜਾਬ ਲਈ ਵੀ ਤਿਆਰ ਕੀਤੀ ਗਈ ਹੈ। ਇਥੇ ਪਹਿਲੀ ਵਾਰ ਭਾਜਪਾ, ਸੂਬੇ ਦੇ ਸਾਰੇ 117 ਵਿਧਾਨ ਸਭਾ ਹਲਕਿਆਂ ਵਿਚ ਲੋਕਾਂ ਦੇ ਘਰ ਜਾਵੇਗੀ। ਪਾਰਟੀ ਦੇ ਕੌਮੀ ਜਨਰਲ ਸਕੱਤਰ ਕੈਲਾਸ਼ ਵਿਜਯਵਰਗੀਆ ਨੇ ਇਸ ਸੰਪਰਕ ਮੁਹਿੰਮ ਦੀ ਸ਼ੁਰੂਆਤ ਕੀਤੀ ਹੈ। ਕੈਲਾਸ਼ ਨੂੰ ਪਹਿਲਾਂ ਹਰਿਆਣਾ ਵਿਚ ਕਮਾਨ ਸੰਭਾਲੀ ਗਈ ਸੀ ਤੇ ਹੁਣ ਪੰਜਾਬ ਵਿਚ ਉਹੀ ਰਣਨੀਤੀ ਅਪਣਾਉਣਗੇ। ਭਾਜਪਾ ਨੇ ਪੰਜਾਬ ਵਿਚ 23 ਲੱਖ ਮੈਂਬਰ ਬਣਾਉਣ ਦਾ ਦਾਅਵਾ ਕੀਤਾ ਹੈ।