…ਬਈ ਛਾ ਗਿਆ ਬੱਲੋ ਕਿਆਂ ਦਾ ਛੋਟੂ ਸਤਨਾਮ ਸਿੰਘ ਭਮਰਾ

ਚੰਡੀਗੜ੍ਹ: ਪੰਜਾਬ ਦੇ 19 ਸਾਲਾ ਸਤਨਾਮ ਸਿੰਘ ਭਮਰਾ ਦੀ ਅਮਰੀਕੀ ਪੇਸ਼ੇਵਾਰਾਨਾ ਬਾਸਕਟਬਾਲ ਲੀਗ (ਐਨæਬੀæਏæ) ਵਿਚ ਖੇਡਣ ਲਈ ਚੋਣ ਹੋ ਗਈ ਹੈ। ਉਸ ਦੀ ਚੋਣ ਡੈਲਸ ਮੈਵਰਿਕਸ ਕਲੱਬ ਨੇ ਕੀਤੀ ਹੈ। ਪੰਜ ਵਰ੍ਹਿਆਂ ਤੋਂ ਫਲੋਰਿਡਾ ਦੀ ਆਈæਐਮæਜੀæ ਅਕੈਡਮੀ ਵਿਚ ਇਸ ਭਾਰਤੀ ਖਿਡਾਰੀ ਤੇ ਸਾਲਾਨਾ ਇਕ ਲੱਖ ਡਾਲਰ ਖਰਚਾ ਕੀਤਾ ਜਾ ਰਿਹਾ ਸੀ।

ਉਹ ਭਾਰਤ ਦਾ ਜੰਮਪਲ ਪਹਿਲਾ ਖਿਡਾਰੀ ਹੈ ਜੋ ਕਿ ਐਨæਬੀæਏæ ਲੀਗ ਵਿਚ ਖੇਡੇਗਾ। ਇਸ ਭਾਰਤੀ ਖਿਡਾਰੀ ਦੇ ਪਿੰਡ ਦੇ ਲੋਕ ਸਿਰਫ ਇੰਨਾ ਜਾਣਦੇ ਹਨ ਕਿ ਉਨ੍ਹਾਂ ਦੇ ਜਾਏ ਨੇ ਅਮਰੀਕਾ ਵਿਚ ਕੋਈ ਵੱਡੀ ਮੱਲ ਮਾਰੀ ਹੈ। ਬੱਲੋ ਕੇ ਪਿੰਡ ਦੇ ਕਿਸਾਨ ਬਲਵੀਰ ਸਿੰਘ ਦੇ ਘਰ ਦੀ ਕੰਧ ਉੱਤੇ ਅੱਜ ਵੀ ਉਹ ਰਿੰਗ ਲੱਗਾ ਹੋਇਆ ਹੈ ਜਿਥੇ ਘੰਟਿਆਂ ਬੱਧੀ ਸਤਨਾਮ ਛੋਟੀ ਉਮਰੇ ਪ੍ਰੈਕਟਿਸ ਕਰਦਾ ਹੁੰਦਾ ਸੀ। ਤਪਾ ਦੇ ਰਜਿੰਦਰ ਤੋਂ ਚਾਅ ਨਹੀਂ ਚੁੱਕਿਆ ਜਾ ਰਿਹਾ ਸੀ ਜੋ ਉਂਗਲ ਫੜ ਕੇ ਸਤਨਾਮ ਸਿੰਘ ਨੂੰ ਬਾਸਕਟਬਾਲ ਦੇ ਗਰਾਊਂਡ ਵਿਚ ਪਹਿਲੀ ਦਫਾ ਛੱਡ ਕੇ ਆਇਆ ਸੀ।
ਐਨæਬੀæਏæ ਦੁਨੀਆਂ ਦੀਆਂ ਸਭ ਤੋਂ ਵੱਧ ਮਾਲਦਾਰ ਖੇਡ ਲੀਗਾਂ ਵਿਚੋਂ ਇਕ ਹੈ। ਸਤਨਾਮ ਭਮਰਾ ਨੂੰ ਡੈਲਸ ਮੈਵਰਿਕਸ ਕਲੱਬ ਵਿਚ ਸ਼ਾਮਲ ਕੀਤਾ ਗਿਆ ਹੈ। ਉਸ ਨੂੰ ਮੁੱਖ ਲੀਗ ਖੇਡਣ ਤੱਕ ਪੁੱਜਦਿਆਂ ਦੋ-ਤਿੰਨ ਸਾਲ ਲੱਗ ਜਾਣਗੇ, ਪਰ ਅਮਰੀਕਾ ਦੇ ਸਿਖਰਲੇ ਕਲੱਬ ਦੇ ਖਿਡਾਰੀਆਂ ਦੀ ਫਹਿਰਿਸਤ ਵਿਚ ਸ਼ਾਮਲ ਹੋਣਾ ਹੀ ਆਪਣੇ ਆਪ ਵਿਚ ਵੱਡਾ ਮਾਣ ਹੈ। ਸਤਨਾਮ ਦਾ ਕੱਦ ਸੱਤ ਫੁੱਟ ਦੋ ਇੰਚ ਹੈ, ਪਰ ਘਰ ਵਿਚ ਉਸ ਨੂੰ ਛੋਟੂ ਕਹਿ ਕੇ ਬੁਲਾਇਆ ਜਾਂਦਾ ਹੈ। ਬਰਨਾਲਾ ਜ਼ਿਲ੍ਹੇ ਦੇ ਪਿੰਡ ਬੱਲੋਕੇ ਕੇ ਜੰਮਪਲ ਇਸ ਮੁੰਡੇ ਦਾ ਪਰਿਵਾਰ ਨਿਮਨ ਮੱਧਵਰਗੀ ਹੈ। ਕੁਦਰਤ ਨੇ ਇਸ ਪਰਿਵਾਰ ਨੂੰ ਅਨੋਖੇਪਣ ਨਾਲ ਨਿਵਾਜਿਆ ਹੋਇਆ ਹੈ। ਪਿਤਾ ਬਲਬੀਰ ਸਿੰਘ ਆਪ ਸੱਤ ਫੁੱਟ ਇਕ ਇੰਚ ਦਾ ਹੈ। ਉਸ ਦੀ ਮਾਤਾ 6 ਫੁੱਟ 9 ਇੰਚ ਲੰਮੀ ਸੀ, ਪਰ ਪਰਿਵਾਰ ਦੇ ਬਾਕੀ ਜੀਆਂ ਦਾ ਕੱਦ ਤੇ ਕਾਠੀ ਆਮ ਲੋਕਾਂ ਵਰਗੀ ਹੈ। ਬਲਬੀਰ ਸਿੰਘ ਜਵਾਨੀ ਦੇ ਦਿਨਾਂ ਵਿਚ ਆਪ ਬਾਸਕਟਬਾਲ ਖੇਡਣਾ ਚਾਹੁੰਦਾ ਸੀ। ਉਸ ਦਾ ਸੁਪਨਾ ਤਾਂ ਪੂਰਾ ਨਾ ਹੋਇਆ, ਪਰ ਪੁੱਤਰ ਬਾਸਕਟਬਾਲ ਖਿਡਾਰੀ ਬਣ ਗਿਆ। ਅਜਿਹਾ ਬਾਸਕਟਬਾਲ ਖਿਡਾਰੀ ਜਿਸ ਨੂੰ ਐਨæਬੀæਏæ ਵਿਚ ਦਾਖ਼ਲਾ ਪਾਉਣ ਵਾਲੇ ਪਹਿਲੇ ਭਾਰਤੀ ਹੋਣ ਦਾ ਮਾਣ ਹਾਸਲ ਹੈ।
ਇਸ ਪ੍ਰਾਪਤੀ ਦਾ ਇਕ ਅਹਿਮ ਪੱਖ ਇਹ ਵੀ ਹੈ ਕਿ ਅਮਰੀਕਾ ਵਿਚ ਕਾਲਜ ਪੱਧਰ ਜਾਂ ਮੁੱਢਲੀ ਲੀਗ ਦਾ ਕੋਈ ਮੁਕਾਬਲਾ ਖੇਡੇ ਬਿਨਾਂ ਹੀ ਉਹ ਸਿੱਧਾ ਐਨæਬੀæਏæ ਲੀਗ ਖੇਡਣ ਦੇ ਕਾਬਲ ਮੰਨਿਆ ਗਿਆ। ਪਿਛਲੇ ਇਕ ਦਹਾਕੇ ਦੌਰਾਨ ਉਹ ਇਕੋ ਇਕ ਅਜਿਹਾ ਖਿਡਾਰੀ ਹੈ ਜਿਸ ਨੂੰ ਸਿੱਧਾ ਦਾਖ਼ਲਾ ਬਿਨਾ ਹੀਲ-ਹੁੱਜਤ ਦੇ ਮਿਲਿਆ। ਇਹ ਸਾਰਾ ਸਫ਼ਰ ਤੇ ਇਸ ਰਾਹੀਂ ਮਿਲੀ ਮੰਜ਼ਿਲ ਲੁਧਿਆਣਾ ਬਾਸਕਟਬਾਲ ਅਕੈਡਮੀ (ਐਲ਼ਬੀæਏæ) ਦੀ ਹੀ ਦੇਣ ਹੈ। ਇਸੇ ਅਕੈਡਮੀ ਨੇ ਉਸ ਨੂੰ 9 ਸਾਲਾਂ ਦੀ ਉਮਰ ਵਿਚ ਆਪਣੇ ਟ੍ਰੇਨੀ ਵਜੋਂ ਅਪਨਾਇਆ, ਉਸ ਅੰਦਰ ਬਾਸਕਟਬਾਲ ਖਿਡਾਰੀਆਂ ਵਾਲੀ ਹੁਨਰਮੰਦੀ ਵਿਕਸਿਤ ਕੀਤੀ, ਉਸ ਦੀ ਪੜ੍ਹਾਈ ਦਾ ਪ੍ਰਬੰਧ ਕੀਤਾ ਤੇ ਉਸ ਨੂੰ ਕੌਮਾਂਤਰੀ ਪੱਧਰ ਉਤੇ ਵਿਚਰਨ ਦੇ ਕਾਬਲ ਬਣਾਇਆ। ਇਹੀ ਕਾਰਨ ਹੈ ਕਿ ਜਦੋਂ ਆਈæਐਮæਜੀæ ਰਿਲਾਇੰਸ ਦੀ ਟੀਮ ਭਾਰਤ ਵਿਚ ਖੇਡ ਪ੍ਰਤਿਭਾਵਾਂ ਦੀ ਖੋਜ ਤੇ ਸ਼ਨਾਖ਼ਤ ਕਰਨ ਆਈ ਤਾਂ ਸਤਨਾਮ ਨੂੰ ਉਨ੍ਹਾਂ 29 ਉਭਰਦੇ ਖਿਡਾਰੀਆਂ ਵਿਚ ਸ਼ੁਮਾਰ ਕਰ ਲਿਆ ਜਿਨ੍ਹਾਂ ਨੂੰ ਫਲੋਰਿਡਾ ਸਥਿਤ ਆਈæਐਮæਜੀæ ਅਕੈਡਮੀ ਵਿਚ ਸਿਖਲਾਈ ਦਿੱਤੀ ਜਾਣੀ ਸੀ। ਉਹ 2010 ਤੋਂ ਉਥੇ ਰਹਿ ਰਿਹਾ ਹੈ ਤੇ ਇਨ੍ਹਾਂ ਉਨੱਤੀਆਂ ਵਿਚੋਂ ਉਹ ਇਕੱਲਾ ਹੀ ਐਨæਬੀæਏæ ਲਈ ਚੁਣਿਆ ਗਿਆ।
_____________________________________________________
ਤਿੰਨ ਘੰਟੇ ਉਡੀਕ ਕੇ ਵੀ ਬਾਦਲ ਨਾਲ ਮਿਲਣੀ
ਚੰਡੀਗੜ੍ਹ: ਬਰਨਾਲਾ ਨੇੜਲੇ ਪਿੰਡ ਬੱਲੋ ਕੇ ਦੇ ਬਾਸਕਟਬਾਲ ਖਿਡਾਰੀ ਸਤਨਾਮ ਸਿੰਘ ਭਮਰਾ ਦਾ ਨਾਂ ਅੱਜ ਭਾਵੇਂ ਪੰਜਾਬ ਦੇ ਘਰ-ਘਰ ਪੁੱਜ ਗਿਆ ਹੈ ਤੇ ਉਹਨੂੰ ਮਿਲਣ ਵਾਲਿਆਂ ਦੀਆਂ ਹੁਣ ਲਾਈਨਾਂ ਲੱਗੀਆਂ ਪਈਆਂ ਹਨ, ਪਰ ਇਸ ਨੌਜਵਾਨ ਨੂੰ ਲੁਧਿਆਣੇ ਵਿਚ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਮਿਲਣ ਲਈ ਤਕਰੀਬਨ ਤਿੰਨ ਘੰਟੇ ਉਡੀਕ ਕਰਨੀ ਪਈ ਸੀ ਤੇ ਮੁਲਾਕਾਤ ਫਿਰ ਵੀ ਨਹੀਂ ਸੀ ਹੋ ਸਕੀ। ਮੁੱਖ ਮੰਤਰੀ ਦੇ ਸੁਰੱਖਿਆ ਮੁਲਾਜ਼ਮਾਂ ਨੇ ਉਸ ਨੂੰ ਮਿਲਣ ਦੀ ਆਗਿਆ ਹੀ ਨਹੀਂ ਸੀ ਦਿੱਤੀ।