ਦਹਿਸ਼ਤਵਾਦ ਦੇ ਰਾਹ ਉਤੇ ਪੈ ਰਹੇ ਨੇ ਕਸ਼ਮੀਰ ਦੇ ਨੌਜਵਾਨ

ਸ੍ਰੀਨਗਰ: ਕਸ਼ਮੀਰ ਘਾਟੀ ਵਿਚ ਸੁਰੱਖਿਆ ਬਲਾਂ ਦੇ ਸਾਹਮਣੇ ਨਵੀਂ ਚੁਣੌਤੀ ਪੈਦਾ ਹੋ ਗਈ ਹੈ ਕਿਉਂਕਿ ਘਾਟੀ ਵਿਚ ਖਾੜੀ ਦੇਸ਼ਾਂ ਤੋਂ ਵੱਡੇ ਪੱਧਰ ਉਤੇ ਹਵਾਲਾ ਦੀ ਰਕਮ ਆ ਰਹੀ ਹੈ ਤੇ ਜ਼ਿਆਦਾ ਗਿਣਤੀ ਵਿਚ ਨੌਜਵਾਨ ਅਤਿਵਾਦ ਦੀ ਰਾਹ ਫੜ ਰਹੇ ਹਨ। ਸੁਰੱਖਿਆ ਮਾਹਿਰਾਂ ਵੱਲੋਂ ਇਹ ਅਨੁਮਾਨ ਲਾਇਆ ਗਿਆ ਹੈ।

ਇਸ ਹਾਲਾਤ ਨੂੰ ਲੈ ਕੇ ਰਿਸਰਚ ਐਂਡ ਐਨਾਲਿਸਸ ਵਿੰਗ (ਰਾਅ) ਦੇ ਸਾਬਕਾ ਮੁਖੀ ਐਸ਼ਐਸ਼ ਦੁਲਟ ਦਾ ਕਹਿਣਾ ਹੈ ਕਿ ਭਵਿੱਖ ਵਿਚ ਸਮੱਸਿਆ ਪੈਦਾ ਕਰਨ ਵਾਲੀ ਸਥਿਤੀ ਹੈ ਤੇ ਕੁਝ ਚੀਜ਼ਾਂ ਬਿਲਕੁਲ ਵੀ ਸਹੀ ਨਹੀਂ ਲੱਗਦੀਆਂ ਹਨ। ਉਹ 1990 ਦੇ ਦਹਾਕੇ ਤੋਂ ਕਈ ਭੂਮਿਕਾਵਾਂ ਵਿਚ ਕਸ਼ਮੀਰ ਦੇ ਮਾਮਲੇ ਨਾਲ ਜੁੜੇ ਰਹੇ ਹਨ।
ਜੰਮੂ ਕਸ਼ਮੀਰ ਦੇ ਅਧਿਕਾਰੀ ਇਨ੍ਹਾਂ ਨਵੇਂ ਹਾਲਾਤਾਂ ਨੂੰ ਲੈ ਕੇ ਕੁਝ ਬੋਲਣ ਦੀ ਸਥਿਤੀ ਵਿਚ ਨਹੀਂ ਹਨ ਤੇ ਰਾਜ ਪੁਲਿਸ ਨਵੀਂਆਂ ਚੁਣੌਤੀਆਂ ਨੂੰ ਲੈ ਕੇ ਪਰੇਸ਼ਾਨ ਹੈ। ਅਜਿਹੇ ਵਿਚ ਸੁਰੱਖਿਆ ਸੂਤਰਾਂ ਦਾ ਕਹਿਣਾ ਹੈ ਕਿ ਅਤਿਵਾਦੀ ਦੋ ਹਿੱਸਿਆਂ, ਦੱਖਣੀ ਤੇ ਉਤਰੀ ਕਸ਼ਮੀਰ ਵਿਚ ਧਿਆਨ ਕੇਂਦਰਿਤ ਕਰ ਰਹੇ ਹਨ। ਅਤਿਵਾਦ ਨਾਲ ਲੋਹਾ ਲੈ ਰਹੇ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਦੱਖਣੀ ਕਸ਼ਮੀਰ ਵਿਚ ਤਰਾਲ, ਬਾਟਾਪੋਰਾ, ਪੰਜਗਾਉਂ ਤੇ ਯਾਰੀਪੋਰਾ ਵਿਚ ਹਿਜਬੁਲ ਮੁਜ਼ਾਹਦੀਨ ਦੀ ਪੈਠ ਦਾ ਗਵਾਹ ਬਣ ਰਹੇ ਹਨ ਜਦਕਿ ਪਾਲਹਾਲਨ ਤੋਂ ਲੈ ਕੇ ਸੋਪੋਰ ਤੱਕ ਇਹ ਅਤਿਵਾਦੀ ਸੰਗਠਨ ਤੇ ਜੈਸ਼-ਏ-ਮੁਹੰਮਦ ਦੇ ਕੁਝ ਅਤਿਵਾਦੀ ਸਰਗਰਮ ਹਨ। ਸੂਤਰਾਂ ਦਾ ਕਹਿਣਾ ਹੈ ਕਿ ਕਸ਼ਮੀਰ ਦੇ ਇਨ੍ਹਾਂ ਦੋ ਹਿੱਸਿਆਂ ਵਿਚ ਚਿੰਤਾਜਨਤ ਪਹਿਲੂ ਇਹ ਹੈ ਕਿ ਅਤਿਵਾਦ ਦੀ ਅਗਵਾਈ ਉਨ੍ਹਾਂ ਕਸ਼ਮੀਰੀ ਨੌਜਵਾਨਾਂ ਦੇ ਹੱਥ ਵਿਚ ਹੈ ਜੋ ਹਾਲ ਹੀ ਵਿਚ ਅਤਿਵਾਦ ਨਾਲ ਜੁੜੇ ਹਨ।
ਅਤਿਵਾਦੀਆਂ ਨੇ ਉੱਤਰੀ ਤੇ ਦੱਖਣੀ ਕਸ਼ਮੀਰ ਦੇ ਕੰਢਿਆਂ ਉਤੇ ਧਿਆਨ ਕੇਂਦਰਤ ਕੀਤਾ ਹੋਇਆ ਹੈ। ਕਸ਼ਮੀਰ ਵਿਆਪਕ ਇਸਲਾਮੀਕਰਨ ਦਾ ਗਵਾਹ ਬਣ ਰਿਹਾ ਹੈ। ਜਿਥੇ ਨੌਜਵਾਨ ਇਹ ਜਾਣ ਕੇ ਵੀ ਅਤਿਵਾਦ ਦਾ ਰਾਹ ਫੜ ਰਹੇ ਹਨ ਕਿ ਉੁਨ੍ਹਾਂ ਦੇ ਮਾਰੇ ਜਾਣ ਦਾ ਖ਼ਤਰਾ ਹੈ।
ਅਧਿਕਾਰੀਆਂ ਤੇ ਮਾਹਰਾਂ ਦਾ ਕਹਿਣਾ ਹੈ ਕਿ ਸੱਤਾਧਾਰੀ ਪੀæਡੀæਪੀæ ਨੂੰ ਅਤਿਵਾਦ ਵਿਰੋਧੀ ਮੁਹਿੰਮਾਂ ਲਈ ਸਪੱਸ਼ਟ ਰਣਨੀਤੀ ਬਣਾਉਣ ਵਿਚ ਮੁਸ਼ਕਲ ਹੋ ਰਹੀ ਹੈ। ਦੂਜੇ ਪਾਸੇ ਵਾਦੀ ਵਿਚ ਫਿਰ ਹਵਾਲਾ ਰਕਮ ਦੀ ਆਮਦ ਸ਼ੁਰੂ ਹੋ ਗਈ ਹੈ ਜਿਸ ਦਾ ਵੱਡਾ ਸਰੋਤ ਖਾੜੀ ਦੇ ਦੇਸ਼ ਹਨ। ਸੂਤਰਾਂ ਦਾ ਕਹਿਣਾ ਹੈ ਕਿ ਕਸ਼ਮੀਰ ਦੇ ਇਨ੍ਹਾਂ ਦੋ ਹਿੱਸਿਆਂ ਵਿਚ ਚਿੰਤਾਜਨਕ ਪਹਿਲੂ ਇਹ ਹੈ ਕਿ ਅਤਿਵਾਦ ਦੀ ਅਗਵਾਈ ਉਨ੍ਹਾਂ ਕਸ਼ਮੀਰੀ ਨੌਜਵਾਨਾਂ ਦੇ ਹੱਥ ਵਿਚ ਹੈ ਜੋ ਪਿੱਛੇ ਜਿਹੇ ਹੀ ਅਤਿਵਾਦ ਨਾਲ ਜੁੜੇ ਹਨ। ਸੁਰੱਖਿਆ ਮਾਹਰਾਂ ਨੇ ਕਿਹਾ ਕਿ ਸਥਾਨਕ ਪੱਧਰ ਉਤੇ ਅਤਿਵਾਦੀ ਸੰਗਠਨਾਂ ਵਿਚ ਨੌਜਵਾਨਾਂ ਦੀ ਸ਼ਮੂਲੀਅਤ ਘਟੀ ਸੀ ਪਰ ਇਸ ਸਾਲ ਜਨਵਰੀ ਤੋਂ ਇਸ ਵਿਚ ਅਚਾਨਕ ਤੇਜ਼ੀ ਵੇਖੀ ਗਈ। ਇਸ ਸਾਲ ਮਾਰਚ ਤੋਂ ਵਾਦੀ ਵਿਚੋਂ ਲਗਭਗ 50 ਮੁੰਡੇ ਗ਼ਾਇਬ ਹੋਏ ਹਨ। ਇਨ੍ਹਾਂ ਵਿਚ ਅਵੰਤੀਪੁਰਾ ਤੋਂ 15, ਕੁਲਗਾਮ ਤੋਂ 9, ਸ਼ੋਪੀਆਂ ਤੋਂ ਸੱਤ, ਅਨੰਤਨਾਗ ਤੋਂ ਅੱਠ ਤੇ ਉੱਤਰੀ ਕਸ਼ਮੀਰ ਤੋਂ 11 ਸ਼ਾਮਲ ਹਨ। ਲਾਪਤਾ ਮੁੰਡਿਆਂ ਦਾ ਸਬੰਧ ਆਮ ਮੱਧ ਵਰਗੀ ਪਰਿਵਾਰਾਂ ਨਾਲ ਹੈ ਤੇ ਉੁਨ੍ਹਾਂ ਨੂੰ ਕਸ਼ਮੀਰ ਵਿਚ ਅਤਿਵਾਦ ਦਾ ਨਵਾਂ ਚਿਹਰਾ ਕਿਹਾ ਜਾ ਰਿਹਾ ਹੈ। ਇਹ ਮੰਨਿਆ ਜਾ ਰਿਹਾ ਹੈ ਕਿ ਇਹ ਹਥਿਆਰਾਂ ਦੀ ਸਪਲਾਈ ਦੀ ਉਡੀਕ ਕਰ ਰਹੇ ਹਨ।
__________________________________________
ਭਾਰਤ ਵਿਚ ਇਸਲਾਮਿਕ ਸਟੇਟ ਦੀ ਦਸਤਕ!
ਸ੍ਰੀਨਗਰ: ਸ੍ਰੀਨਗਰ ਦੇ ਲਾਲ ਚੌਂਕ ਵੱਖਵਾਦੀ ਸਮਰਥਕ ਆਈæਐਸ਼ ਦੇ ਝੰਡੇ ਲਹਿਰਾਉਂਦੇ ਨਜ਼ਰ ਆਏ ਹਨ। ਆਈæਐਸ਼ ਦੇ ਝੰਡੇ ਫੜੀ ਪ੍ਰਦਰਸ਼ਨ ਕਰ ਰਹੇ ਇਨ੍ਹਾਂ ਪ੍ਰਦਰਸ਼ਨਕਾਰੀਆਂ ਨੇ ਸੁਰੱਖਿਆ ਬਲਾਂ ਉਤੇ ਪੱਥਰਬਾਜੀ ਕੀਤੀ। ਸ੍ਰੀਨਗਰ ਵਿਚ ਵੱਖਵਾਦੀਆਂ ਨੇ ਹੜਤਾਲ ਦੌਰਾਨ ਪ੍ਰਦਰਸ਼ਨ ਤੇ ਖੂਬ ਹੰਗਾਮਾ ਕੀਤਾ। ਬਜ਼ਾਰ ਪੂਰੀ ਤਰ੍ਹਾਂ ਬੰਦ ਰਹੇ। ਪ੍ਰਦਰਸ਼ਨਕਾਰੀਆਂ ਨੇ ਸੁਰੱਖਿਆ ਬਲਾਂ ਤੇ ਪੱਥਰਬਾਜੀ ਵੀ ਕੀਤੀ। ਸਥਿਤੀ ਉਤੇ ਕਾਬੂ ਪਾਉਣ ਲਈ ਸੁਰੱਖਿਆ ਬਲਾਂ ਨੇ ਵੀ ਅੱਥਰੂ ਗੈਸ ਦੇ ਗੋਲੇ ਚਲਾਏ। ਪ੍ਰਦਰਸ਼ਨਕਾਰੀਆਂ ਤੇ ਸੁਰੱਖਿਆ ਦਸਤਿਆਂ ਵਿਚ ਹੋਈ ਇਸ ਝੜਪ ਦੌਰਾਨ ਨੌਹਟਾ ਇਲਾਕੇ ਵਿਚ ਖਤਰਨਾਕ ਅਤਿਵਾਦੀ ਸੰਗਠਨ ਆਈæਐਸ਼ ਤੇ ਪਾਕਿਸਤਾਨ ਦੇ ਝੰਡੇ ਲਹਿਰਾਏ ਗਏ।
____________________________
ਫਿਦਾਈਨ ਹਮਲੇ ਵਿਚ ਦੋ ਭਾਰਤੀਆਂ ਦੀ ਵੀ ਮੌਤ
ਕੁਵੈਤ ਸ਼ਹਿਰ: ਇਥੇ ਇਸਲਾਮਿਕ ਸਟੇਟ ਨਾਲ ਸਬੰਧਤ ਫਿਦਾਈਨ ਵੱਲੋਂ ਸ਼ੀਆ ਮਸਜਿਦ ਵਿਚ ਕੀਤੇ ਹਮਲੇ ਵਿਚ ਦੋ ਭਾਰਤੀਆਂ ਸਮੇਤ 26 ਲੋਕ ਮਾਰੇ ਗਏ। ਸੁਰੱਖਿਆ ਬਲਾਂ ਨੇ ਉਸ ਮਕਾਨ ਦੇ ਮਾਲਕ ਨੂੰ ਗ੍ਰਿਫਤਾਰ ਕਰਨ ਦਾ ਦਾਅਵਾ ਕੀਤਾ ਹੈ ਜਿਥੇ ਫਿਦਾਈਨ ਹਮਲਾਵਰ ਰਹਿੰਦਾ ਸੀ। ਜਾਣਕਾਰੀ ਅਨੁਸਾਰ 26 ਜੂਨ ਨੂੰ ਕੁਵੈਤ ਸ਼ਹਿਰ ਦੀ ਇਮਾਮ ਸਾਦਿਕ ਮਸਜਿਦ ਉਤੇ ਹੋਏ ਹਮਲੇ ਵਿਚ ਜਿਹੜੇ ਦੋ ਭਾਰਤੀ ਮਾਰੇ ਗਏ ਹਨ, ਉਨ੍ਹਾਂ ਦੀ ਸ਼ਨਾਖ਼ਤ ਰਿਜ਼ਵਾਨ ਹੁਸੈਨ (31) ਤੇ ਇਬਨੇ ਅੱਬਾਸ (25) ਵਜੋਂ ਹੋਈ ਹੈ। ਰਿਜ਼ਵਾਨ ਹੁਸੈਨ ਉਤਰ ਪ੍ਰਦੇਸ਼ ਦੇ ਜ਼ਿਲ੍ਹੇ ਸੁਲਤਾਨਪੁਰ ਦੇ ਪਿੰਡ ਵਲੀਪੁਰ ਦਾ ਰਹਿਣਾ ਵਾਲਾ ਸੀ ਤੇ ਮਸਜਿਦ ਵਿਚ ਚੌਕੀਦਾਰ ਵਜੋਂ ਕੰਮ ਕਰਦਾ ਸੀ। ਇਬਨੇ ਅੱਬਾਸ ਉਤਰ ਪ੍ਰਦੇਸ਼ ਦੇ ਅੰਬੇਦਕਰ ਨਗਰ ਵਿਚ ਪੈਂਦੇ ਪਿੰਡ ਜਲਾਲਪੁਰ ਦਾ ਵਸਨੀਕ ਸੀ।