ਦਰਬਾਰ ਸਾਹਿਬ ਨੂੰ ਵਿਸ਼ਵ ਵਿਰਾਸਤ ਦਰਜੇ ਦੀ ਤਜਵੀਜ਼ ਨਹੀਂ

ਨਵੀ ਦਿੱਲੀ: ਸਿੱਖਾਂ ਦੇ ਕੇਂਦਰੀ ਧਾਰਮਿਕ ਅਸਥਾਨ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਨੂੰ ਯੂਨੈਸਕੋ ਵੱਲੋਂ ਵਿਸ਼ਵ ਵਿਰਾਸਤ ਦਾ ਦਰਜਾ ਦੇਣ ਬਾਰੇ ਦੇਸ-ਵਿਦੇਸ ਵਿਚ ਚਲ ਰਹੀਆਂ ਗੰਭੀਰ ਚਰਚਾਵਾਂ ਦੇ ਮੱਦੇਨਜ਼ਰ ਕੌਮੀ ਘੱਟ ਗਿਣਤੀ ਕਮਿਸ਼ਨ ਦੇ ਸਾਬਕਾ ਚੇਅਰਮੈਨ ਤਰਲੋਚਨ ਸਿੰਘ ਵੱਲੋਂ ਭੇਜੇ ਗਏ ਪੱਤਰ ਦੇ ਜਵਾਬ ਵਿਚ ਭਾਰਤ ਸਰਕਾਰ ਨੇ ਸਥਿਤੀ ਸਪੱਸ਼ਟ ਕਰਦਿਆਂ ਕਿਹਾ ਕਿ ਉਸ ਵੱਲੋਂ ਅਜਿਹੀ ਕੋਈ ਕਾਰਵਾਈ ਸ਼ੁਰੂ ਨਹੀਂ ਕੀਤੀ ਗਈ।

ਇਸ ਬਾਰੇ ਸ਼ ਤਰਲੋਚਨ ਸਿੰਘ ਨੇ ਦੱਸਿਆ ਕਿ ਪਿਛਲੇ ਕਾਫੀ ਸਮੇਂ ਤੋਂ ਸ੍ਰੀ ਦਰਬਾਰ ਸਾਹਿਬ ਨੂੰ ਯੂਨੈਸਕੋ ਵਿਚ ਵਿਸ਼ਵ ਵਿਰਾਸਤ ਦਾ ਦਰਜਾ ਦੁਆਉਣ ਦੇ ਮਸਲੇ ਬਾਰੇ ਨਾ ਸਿਰਫ ਵੱਡੀ ਪੱਧਰ ‘ਤੇ ਗੰਭੀਰ ਚਰਚਾਵਾਂ ਦਾ ਸਿਲਸਿਲਾ ਜਾਰੀ ਸੀ ਬਲਕਿ ਕਈ ਸਿੱਖ ਜਥੇਬੰਦੀਆਂ ਵੱਲੋਂ ਇਸ ਦਾ ਭਾਰੀ ਵਿਰੋਧ ਕਰਦਿਆਂ ਆਨਲਾਈਨ ਪਟੀਸ਼ਨ ਮੁਹਿੰਮ ਵੀ ਸ਼ੁਰੂ ਕੀਤੀ ਹੋਈ ਸੀ, ਇਹੀ ਨਹੀਂ ਸਗੋਂ ਆਮ ਸਿੱਖਾਂ ਵੱਲੋਂ ਵੀ ਉਨ੍ਹਾਂ (ਤਰਲੋਚਨ ਸਿੰਘ) ਨੂੰ ਭੇਜੇ ਜਾਣ ਵਾਲੇ ਸੁਨੇਹਿਆਂ ਰਾਹੀਂ ਕਾਫੀ ਚਿੰਤਾ ਜਤਾਈ ਜਾ ਰਹੀ ਸੀ।
ਇਸ ਮਸਲੇ ਬਾਰੇ ਸਿੱਖਾਂ ਵਿਚ ਵਧ ਰਹੀ ਸ਼ਸ਼ੋਪੰਜ ਦੀ ਸਥਿਤੀ ਨੂੰ ਖਤਮ ਕਰਨ ਲਈ ਉਨ੍ਹਾਂ ਨੇ ਸਭਿਆਚਾਰਕ ਮਾਮਲਿਆਂ ਬਾਰੇ ਮੰਤਰੀ ਡਾæ ਮਹੇਸ਼ ਸ਼ਰਮਾ (ਸੁਤੰਤਰ ਕਾਰਜਭਾਰ) ਨਾਲ ਮੁਲਾਕਾਤ ਕੀਤੀ। ਸਾਰੀ ਗੱਲਬਾਤ ਸੁਣਨ ਉਪਰੰਤ ਕੇਂਦਰੀ ਮੰਤਰੀ ਨੇ ਸਾਰੇ ਮਸਲੇ ਨੂੰ ਲਿਖਤੀ ਰੂਪ ਵਿਚ ਭੇਜਣ ਲਈ ਕਿਹਾ, ਜਿਸ ਤੋਂ ਬਾਅਦ ਉਨ੍ਹਾਂ (ਤਰਲੋਚਨ ਸਿੰਘ) ਨੇ ਇਕ ਪੱਤਰ ਭੇਜ ਕੇ ਕੇਂਦਰੀ ਮੰਤਰੀ ਨੂੰ ਇਸ ਸਾਰੇ ਮਸਲੇ ਤੇ ਸਿੱਖਾਂ ਦੀ ਚਿੰਤਾ ਤੋਂ ਜਾਣੂ ਕਰਵਾਇਆ।
ਇਸ ਪੱਤਰ ਵਿਚ ਇਹ ਵੀ ਪੁੱਛਿਆ ਗਿਆ ਕਿ ਜਦ ਸ਼੍ਰੋਮਣੀ ਕਮੇਟੀ ਨੇ ਭਾਰਤ ਸਰਕਾਰ ਨੂੰ ਇਸ ਬਾਰੇ ਕਿਹਾ ਹੀ ਨਹੀਂ ਤੇ ਸਿੱਖਾਂ ਦੀ ਕੋਈ ਮੰਗ ਵੀ ਨਹੀਂ ਤਾਂ ਫਿਰ ਸਰਕਾਰ ਆਪਣੇ ਵੱਲੋਂ ਹੀ ਸ੍ਰੀ ਦਰਬਾਰ ਸਾਹਿਬ ਨੂੰ ਵਿਸ਼ਵ ਵਿਰਾਸਤ ਦਾ ਦਰਜਾ ਦਿਵਾਉਣ ਸਬੰਧੀ ਕਾਰਵਾਈ ਕਿਵੇਂ ਸ਼ੁਰੂ ਕਰ ਸਕਦੀ ਹੈ? ਜਾਇੰਟ ਸਕੱਤਰ ਸੰਜੀਵ ਮਿੱਤਲ ਵੱਲੋਂ ਭੇਜੇ ਗਏ ਜਵਾਬੀ ਪੱਤਰ ਰਾਹੀਂ ਸਾਰੇ ਖਦਸ਼ਿਆਂ ਨੂੰ ਦਰਕਿਨਾਰ ਕਰਦੇ ਹੋਏ ਕਿਹਾ ਗਿਆ ਹੈ ਕਿ ਸ੍ਰੀ ਦਰਬਾਰ ਸਾਹਿਬ ਨੂੰ ਵਿਸ਼ਵ ਵਿਰਾਸਤ ਦਾ ਦਰਜਾ ਦਿਵਾਉਣ ਸਬੰਧੀ ਸਰਕਾਰ ਦੀ ਕੋਈ ਯੋਜਨਾ ਨਹੀਂ ਹੈ ਤੇ ਇਸ ਸਬੰਧੀ ਕੋਈ ਕਾਰਵਾਈ ਵੀ ਨਹੀਂ ਕੀਤੀ ਗਈ ਹੈ।
ਸ਼ ਤਰਲੋਚਨ ਸਿੰਘ ਨੇ ਦੱਸਿਆ ਕਿ ਦਰਅਸਲ ਸਰਕਾਰ ਨੇ ਪੂਰੇ ਦੇਸ਼ ਵਿਚ 100 ਦੇ ਕਰੀਬ ਅਜਿਹੀਆਂ ਇਤਿਹਾਸਕ ਯਾਦਗਾਰਾਂ ਦੀ ਸੰਭਾਵਿਤ ਸੂਚੀ ਬਣਾਈ ਹੈ, ਜਿਨ੍ਹਾਂ ਬਾਰੇ ਲਿਖਿਆ ਗਿਆ ਹੈ ਕਿ ਇਨ੍ਹਾਂ ਨੂੰ ਵਿਰਾਸਤੀ ਦਰਜਾ ਮਿਲਣਾ ਚਾਹੀਦਾ ਹੈ ਤੇ ਇਸ ਸੂਚੀ ਵਿਚ ਦਰਬਾਰ ਸਾਹਿਬ ਦਾ ਨਾਂ ਵੀ ਸ਼ਾਮਲ ਹੈ ਪਰ ਸਰਕਾਰ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਸ੍ਰੀ ਦਰਬਾਰ ਸਾਹਿਬ ਨੂੰ ਵਿਰਾਸਤੀ ਦਰਜਾ ਦਿਵਾਉਣ ਵਾਸਤੇ ਯੂਨੈਸਕੋ ਕੋਲ ਭੇਜਣ ਦਾ ਕੋਈ ਇਰਾਦਾ ਨਹੀਂ ਹੈ। ਇਕ ਹੋਰ ਜਾਣਕਾਰੀ ਸਾਂਝੀ ਕਰਦੇ ਹੋਏ ਸ਼ ਤਰਲੋਚਨ ਸਿੰਘ ਨੇ ਦੱਸਿਆ ਕਿ ਪਿਛੋਕੜ ਵਿਚ ਇਕ ਵਾਰੀ ਸ਼੍ਰੋਮਣੀ ਕਮੇਟੀ ਮੈਂਬਰ ਕਿਰਨਜੋਤ ਕੌਰ ਦੇ ਕਹਿਣ ਉਤੇ ਵਿਰਾਸਤੀ ਦਰਜਾ ਦਿਵਾਉਣ ਬਾਰੇ ਤਜਵੀਜ਼ ਰੱਖੀ ਗਈ ਸੀ ਤਦ ਤਤਕਾਲੀ ਪ੍ਰਧਾਨ ਬੀਬੀ ਜਗੀਰ ਕੌਰ ਨੇ ਇਸ ਨੂੰ ਰੱਦ ਕਰਵਾ ਦਿੱਤਾ ਸੀ ਪਰ ਉਸ ਵੇਲੇ ਦਾ ਸਰਕਾਰ ਦੀ ਸੂਚੀ ਵਿਚ ਨਾਂ ਪਿਆ ਹੋਇਆ ਹੈ।
ਜ਼ਿਕਰਯੋਗ ਹੈ ਕਿ ਸੋਸ਼ਲ ਮੀਡੀਆ ਉਤੇ ਸਿੱਖਾਂ ਦੇ ਇਸ ਪਵਿੱਤਰ ਅਸਥਾਨ ਨੂੰ ਵਿਸ਼ਵ ਵਿਰਾਸਤ ਦਾ ਦਰਜਾ ਦੇਣ ਵਿਰੁੱਧ ਇਕ ਮੁਹਿੰਮ ਚੱਲ ਰਹੀ ਹੈ ਤੇ ਇਕ ਸਿੱਖ ਜਥੇਬੰਦੀ ਵੱਲੋਂ ਇਸ ਦੇ ਵਿਰੋਧ ਵਿਚ ਆਨ ਲਾਈਨ ਪਟੀਸ਼ਨ ਵੀ ਦਰਜ ਕਰਵਾਈ ਗਈ ਹੈ। ਸਿੱਖਾਂ ਦੀ ਚਿੰਤਾ ਹੈ ਕਿ ਸ੍ਰੀ ਦਰਬਾਰ ਸਾਹਿਬ ਨੂੰ ਵਿਸ਼ਵ ਵਿਰਾਸਤ ਦਾ ਦਰਜਾ ਮਿਲਣ ਨਾਲ ਇਸ ਦੇ ਪ੍ਰਬੰਧ ਵਿਚ ਸਰਕਾਰੀ ਦਖਲਅੰਦਾਜ਼ੀ ਦਾ ਰਾਹ ਖੁੱਲ ਜਾਵੇਗਾ।