ਨਸਲੀ ਨਫ਼ਰਤ, ਅਮਰੀਕਾ ਤੇ ਪਰਵਾਸੀ

ਹਰਜਿੰਦਰ ਦੁਸਾਂਝ
ਫੋਨ: 530-301-1753
18 ਜੂਨ 2015 ਦੀ ਸ਼ਾਮ ਨੂੰ ਨਸਲੀ ਨਫ਼ਰਤ ਦੀ ਅੱਗ ਵਿਚ ਝੁਲਸੀ ਬੁੱਧੀ ਵਾਲੇ ਗੋਰੇ ਨੇ ਕਾਲ਼ੇ ਮੂਲ ਦੇ ਤਵਾਰੀਖ਼ੀ ਚਰਚ ਵਿਚ ਵੜ ਕੇ ਨੌਂ ਇਨਸਾਨਾਂ ਨੂੰ ਗੋਲੀਆਂ ਮਾਰ ਕੇ ਸਿਰਫ਼ ਇਸ ਲਈ ਮਾਰ ਦਿੱਤਾ ਕਿ ਉਹ ਅਫ਼ਰੀਕੀ ਮੂਲ ਦੇ ਅਮਰੀਕੀ ਸਨ। ਅਮਰੀਕਾ ਵਿਚ ਗ਼ੁਲਾਮ ਪ੍ਰਥਾ ਖਿਲਾਫ਼ ਅਤੇ ਮਨੁੱਖੀ ਅਧਿਕਾਰਾਂ ਦੇ ਹੱਕ ਲਈ ਲੜੇ ਲੰਮੇ ਕਾਨੂੰਨੀ ਸੰਘਰਸ਼ ਨਾਲ ਜੁੜੇ ਰਹੇ ਇਸ ਚਰਚ ਵਿਚ ਮਰਨ ਵਾਲੇ ਦਾਨਸ਼ਮੰਦਾਂ ‘ਚ ਸਟੇਟ ਸੈਨੇਟਰ ਜੋ ਇਸੇ ਚਰਚ ਦੇ ਪਾਦਰੀ ਵੀ ਸਨ, ਮਿਸਟਰ ਕਰੀਅੰਤਾਂ ਪਿੰਕਨੀ ਵੀ ਸ਼ਾਮਲ ਹੈ।

ਭਾਣਾ ਵਾਪਰਿਆ ‘ਸਾਊਥ ਕੈਰੋਲਾਈਨਾ’ ਸਟੇਟ ਵਿਚ ਜਿਥੋਂ ਦੀ ਗਵਰਨਰ ਪੰਜਾਬੀ ਸਿੱਖ ਮਾਪਿਆਂ ਦੀ ਧੀ ਨਿੱਕੀ ਰੰਧਾਵਾ ਹੇਲੀ ਹੈ। ਕਾਲ਼ੀ ਨਸਲ ਦੇ ਲੋਕਾਂ ਦੇ ਧਾਰਮਿਕ ਸਥਾਨ ਉਪਰ ਇਹ ਕੋਈ ਪਹਿਲਾ ਹਮਲਾ ਨਹੀਂ। ਇਸ ਤੋਂ ਵੀ ਘਿਨਾਉਣੇ ਤੇ ਦਰਦਨਾਕ ਵੱਡੇ ਹਮਲੇ ਹੁੰਦੇ ਰਹੇ ਹਨ। ਬੋਧੀਆਂ, ਯਹੂਦੀਆਂ ਤੇ ਇਸਾਈਆਂ ਦੇ ਕਈ ਵੱਖਰੇ ਧੜਿਆਂ ਵਿਚ ਵੀ ਭਾਵੇਂ ਸਮੂਹਿਕ ਮੌਤਾਂ ਹੋਈਆਂ ਹਨ, ਪਰ ਹੁਣ ਕਾਲ਼ੇ ਮੂਲ ਦੇ ਲੋਕਾਂ ਦੇ ਧਾਰਮਿਕ ਸਥਾਨ ਉਤੇ ਇਹ ਹਮਲਾ ਲੰਮੇ ਅਰਸੇ ਬਾਅਦ ਹੋਇਆ ਹੈ। ਹੋਇਆ ਵੀ ਉਦੋਂ ਜਦੋਂ ਅਮਰੀਕਾ ਦਾ ਰਾਸ਼ਟਰਪਤੀ ਖ਼ੁਦ ਅਫ਼ਰੀਕੀ ਮੂਲ ਦੇ ਪਿਤਾ ਤੇ ਗੋਰੀ ਮਾਂ ਦਾ ਜਨਮਿਆ ਪੁੱਤਰ ਹੈ।
ਇਸ ਤੋਂ ਪਹਿਲਾਂ ਅਮਰੀਕਾ ਦੀ ਧਰਤੀ ਉਪਰ ਨਸਲੀ ਤੇ ਮਜ਼ਹਬੀ ਹਮਲਾ ਵਿਸਕਾਨਸਿਨ ਸਟੇਟ ਦੇ ਓਕ ਕਰੀਕ ਦੇ ਗੁਰਦੁਆਰੇ ਵਿਚ 5 ਅਗਸਤ 2012 ਨੂੰ ਹੋਇਆ ਸੀ। ਚਰਚ ਵਿਚ ਹੋਏ ਹਮਲੇ ਨੇ ਗੁਰਦੁਆਰੇ ਅੰਦਰ ਵਾਪਰੀ ਦਰਦਨਾਕ ਘਟਨਾ ਨੂੰ ਇਕ ਵਾਰ ਫਿਰ ਅਮਰੀਕੀ ਸਿਆਸਤ ਅਤੇ ਮੀਡੀਆ ਵਿਚ ਉਘਾੜਿਆ ਹੈ। ਮਾਰੇ ਗਏ ਨਿਰਦੋਸ਼ ਕਾਲ਼ੇ ਲੋਕਾਂ ਵਾਂਗ ਨਿਰਦੋਸ਼ ਮਰੇ ਸਿੱਖਾਂ ਨੂੰ ਚੇਤੇ ਕਰਦਿਆਂ ਉਸ ਕਾਰੇ ਦੀ ਮੁੜ ਨਿਖੇਧੀ ਹੋ ਰਹੀ ਹੈ। ਰਾਸ਼ਟਰਪਤੀ ਬਰਾਕ ਓਬਾਮਾ ਚਰਚ ‘ਤੇ ਹੋਏ ਹਮਲੇ ਸਬੰਧੀ ਗੱਲਬਾਤ ਜਾਂ ਤਕਰੀਰ ਕਰਦਿਆਂ ਅਕਸਰ ਨਿਰਦੋਸ਼ ਸਿੱਖਾਂ ਦੇ ਕਤਲਾਂ ਦੀ ਮੁੜ ਨਿਖੇਧੀ ਕਰਦੇ ਹਨ। ਵ੍ਹਾਈਟ ਹਾਊਸ ਤੇ ਕੈਪੀਟਲ ਹਿੱਲ ਤੋਂ ਲੈ ਕੇ ਸਥਾਨਕ ਸੋਗ ਸਭਾਵਾਂ ਵਿਚ ਓਕ ਕਰੀਕ ਦੇ ਗੁਰਦੁਆਰੇ ਅੰਦਰ ਮਾਰੇ ਗਏ ਸਿੱਖਾਂ ਨੂੰ ਯਾਦ ਕਰਦਿਆਂ ਨਿਖੇਧੀ ਹੋ ਰਹੀ ਹੈ, ਪਰ ਦੁੱਖਦਾਈ ਗੱਲ ਹੈ ਕਿ ਅਮਰੀਕਾ ਵਿਚ ਨਾਮ-ਨਿਹਾਦ ਬਣੀਆਂ ਵੱਡੀਆਂ ਵੱਡੀਆਂ ਸਿੱਖ ਜਥੇਬੰਦੀਆਂ ਵਿਚੋਂ ਕਿਸੇ ਨੇ ਵੀ ਅਫ਼ਰੀਕੀ ਮੂਲ ਦੇ ਚਰਚ ‘ਤੇ ਹੋਏ ਹਮਲੇ ਦੀ ਨਿਖੇਧੀ ਨਹੀਂ ਕੀਤੀ। ਇਥੋਂ ਤੱਕ ਕਿ ਵੱਡੇ ਵੱਡੇ ਦਾਅਵੇ ਕਰਨ ਵਾਲੇ ਅਤੇ ਆਪਣੇ ਆਪ ਨੂੰ ਵੱਡੇ ਸਿੱਖ ਆਗੂ ਅਖਵਾਉਣ ਵਾਲੇ ਕਿਸੇ ਸੱਜਣ ਨੇ ਅਜੇ ਤੱਕ ਹਾਅ ਦਾ ਨਾਹਰਾ ਵੀ ਨਹੀਂ ਮਾਰਿਆ। ਯਾਦ ਰਹੇ ਕਿ ਜਦ ਓਕ ਕਰੀਕ ਦੇ ਗੁਰਦੁਆਰੇ ਵਿਚ ਹਮਲਾ ਹੋਇਆ ਸੀ ਤਾਂ ਮੁਲਕ ਭਰ ਦੀਆਂ ਤਮਾਮ ਕੌਮੀ ਅਤੇ ਸਥਾਨਕ ਸਮਾਜਕ, ਧਾਰਮਿਕ ਤੇ ਸਮਾਜ ਸੇਵੀ ਸੰਸਥਾਵਾਂ ਸਿੱਖ ਦਰਦ ਨੂੰ ਮੱਠਾ ਕਰਨ ਲਈ ਨਾਲ ਆ ਖੜੋਤੀਆਂ ਸਨ। ਹੈਰਾਨੀ ਹੈ ਕਿ ਬਹੁਤ ਸਾਰੀਆਂ ਜਥੇਬੰਦੀਆਂ ਅਮਰੀਕਾ ‘ਚ ਸਿੱਖਾਂ ਖਿਲਾਫ਼ ਹੁੰਦੇ ਨਸਲੀ ਵਿਤਕਰੇ ਨੂੰ ਤਾਂ ਵਧਾ ਚੜ੍ਹਾ ਕੇ ਪੇਸ਼ ਕਰਦੀਆਂ ਹਨ, ਇੱਥੋਂ ਤੱਕ ਕਿ ਕਈ ਵਾਰ ਸਿੱਖਾਂ ਦੇ ਦੂਜੇ ਲੋਕਾਂ ਨਾਲ ਹੁੰਦੇ ਨਿੱਜੀ ਝਗੜਿਆਂ ਨੂੰ ਵੀ ਨਸਲੀ ਤੇ ਮਜ਼ਹਬੀ ਨਫ਼ਰਤ ਦੀ ਪੁੱਠ ਚਾੜ੍ਹ ਦਿੱਤੀ ਜਾਂਦੀ ਹੈ, ਪਰ ਜਦ ਅਜਿਹਾ ਵਿਤਕਰਾ ਦੂਜੇ ਲੋਕਾਂ ਜਾਂ ਭਾਈਚਾਰਿਆਂ ਨਾਲ਼ ਹੁੰਦਾ ਹੈ, ਤਾਂ ਇਹ ਖਾਮੋਸ਼ ਰਹਿੰਦੇ ਹਨ।
ਹੈਰਾਨੀ ਇਹ ਵੀ ਹੈ ਕਿ ਬਹੁਤ ਸਾਰੇ ਸਿੱਖ ਆਗੂ ਤੇ ਜਥੇਬੰਦੀਆਂ ਆਪਣੇ ਬਾਰੇ ਇਹੋ ਪ੍ਰਚਾਰ ਕਰ ਰਹੀਆਂ ਹਨ ਕਿ ਉਹ ਮੁਸਲਮਾਨ ਨਹੀਂ ਹਨ, ਉਨ੍ਹਾਂ ਉਤੇ ਮੁਸਲਮਾਨਾਂ ਦੇ ਭੁਲੇਖੇ ਹਮਲਾ ਕਰਨਾ ਗ਼ਲਤ ਹੈ। ਕੀ ਮੁਸਲਮਾਨਾਂ ਨਾਲ ਹੁੰਦਾ ਧੱਕਾ ਜਾਂ ਵਿਤਕਰਾ ਫਿਰ ਜਾਇਜ਼ ਹੈ? ਸਿੱਖਾਂ ਨੂੰ ਸਿੱਖ ਸਿਧਾਂਤਾਂ ਮੁਤਾਬਿਕ ਹਰ ਕਿਸੇ ਨਾਲ ਹੁੰਦੇ ਕਿਸੇ ਵੀ ਤਰ੍ਹਾਂ ਦੇ ਵਿਤਕਰੇ ਖਿਲਾਫ਼ ਡਟਣਾ ਚਾਹੀਦਾ ਹੈ। ਹੈਰਾਨੀ ਹੋ ਰਹੀ ਹੈ ਕਿ ਜਦ ਇੰਗਲੈਂਡ ਦੀ ਰਾਜ ਕੁਮਾਰੀ ਡਾਇਨਾ ਕਾਰ ਹਾਦਸੇ ਵਿਚ ਮਰੀ ਤਾਂ ਕਈ ਗੁਰਦੁਆਰਿਆਂ ‘ਚ ਉਸ ਦੀ ਆਤਮਿਕ ਸ਼ਾਂਤੀ ਲਈ ਅਖੰਡ ਪਾਠ ਰੱਖੇ ਗਏ। ਇਨ੍ਹਾਂ ‘ਚ ਮੇਰੇ ਆਪਣੇ ਪਿੱਤਰੀ ਸ਼ਹਿਰ ਯੂਬਾ ਸਿਟੀ ਦਾ ਇੱਕ ਗੁਰਦੁਆਰਾ ਵੀ ਸ਼ਾਮਲ ਹੈ। ਅਖੰਡ ਪਾਠ ਕਰਵਾਉਣਾ ਕੋਈ ਮਾੜੀ ਗੱਲ ਨਹੀਂ, ਪਰ ਸਵਾਲ ਹੈ ਕਿ ਹੁਣ ਅਸੀਂ ਕਾਲ਼ਿਆਂ ਦੇ ਚਰਚ ਉਤੇ ਹੋਏ ਹਮਲੇ ਵੇਲੇ ਕਿਉਂ ਚੁੱਪ ਹਾਂ? ਕੀ ਸਿੱਖ ਹੁਣ ਦੋਹਰੇ ਕਿਰਦਾਰ ਵਾਲ਼ੇ ਹੋ ਗਏ ਹਨ? ਜਿਸ ਸਟੇਟ ਵਿਚ ਭਾਣਾ ਵਾਪਰਿਆ, ਉਥੋਂ ਦੀ ਗਵਰਨਰ ਵੀ ਸਿੱਖ ਧੀ ਹੈ, ਫਿਰ ਵੀ ਸਿੱਖ ਚੁੱਪ ਹਨ।
ਖੈਰ! ਗੱਲ ਅਮਰੀਕਾ ‘ਚ ਨਸਲੀ ਵਿਤਕਰੇ ਅਤੇ ਚਰਚ ਉਤੇ ਹੋਏ ਹਮਲੇ ‘ਤੇ ਕੇਂਦਰਿਤ ਕਰਦਿਆਂ ਇਥੇ ਇਹ ਜ਼ਿਕਰ ਕਰਨਾ ਲਾਜ਼ਮੀ ਹੈ ਕਿ ਹਮਲਾਵਰ ਨੇ ਜਿਸ ਚਰਚ ਨੂੰ ਨਿਸ਼ਾਨਾ ਬਣਾਇਆ, ਉਹ ਕੋਈ ਸਾਧਾਰਨ ਚਰਚ ਨਹੀਂ, ਸਗੋਂ ਇਸ ਦਾ ਅਮਰੀਕੀ ਸਮਾਜ ਵਿਚੋਂ ਵਿਤਕਰਿਆਂ ਭਰੀ ਸੋਚ ਖ਼ਤਮ ਕਰ ਕੇ ‘ਅਮਰੀਕਾ ਸਭ ਲਈ’ ਦੇ ਸੁਪਨਿਆਂ ਦੀ ਧਰਤੀ ਸਿਰਜਣ ਦੇ ਸੰਘਰਸ਼ ਵਿਚ ਵੱਡਾ ਯੋਗਦਾਨ ਹੈ।
ਇਹ ਚਰਚ 1816 ਵਿਚ 35 ਕਾਲ਼ੇ ਗ਼ੁਲਾਮਾਂ ਨੇ, ਗ਼ੁਲਾਮਾਂ ਦੀ ਆਜ਼ਾਦੀ ਲਈ ਸ਼ਹੀਦ ਹੋਣ ਵਾਲੇ ਡੈਨਮਾਰਕ ਵੀਜ਼ੀ ਦੀ ਅਗਵਾਈ ‘ਚ ਬਣਾਇਆ ਸੀ। ਯਾਦ ਰਹੇ ਕਿ ਡੈਨਮਾਰਕ ਵੀਜ਼ੀ ਨੂੰ 14 ਸਾਲ ਦੀ ਉਮਰ ‘ਚ ਨੇਵੀ ਕੈਪਟਨ ਅਤੇ ਗ਼ੁਲਾਮਾਂ ਦਾ ਵਪਾਰੀ ਜੋਸਫ਼ ਵੀਜ਼ੀ ਅੱਜ ਦੇ ਦੱਖਣੀ ਅਫ਼ਰੀਕਾ ਇਲਾਕੇ ਵਿਚੋਂ ਲਿਆਇਆ ਸੀ। ਵੀਜ਼ੀ ਨਾਂ ਉਸ ਨੂੰ ਆਪਣੇ ਵਪਾਰੀ ਤੋਂ ਹੀ ਮਿਲਿਆ। ਇਥੇ ਉਸ ਨੇ ਡੈਨਮਾਰਕ ਨੂੰ ਇੱਕ ਫਰਾਂਸੀਸੀ ਸ਼ਾਹੂਕਾਰ ਕੋਲ ਵੇਚ ਦਿੱਤਾ। ਆਪਣੇ ਮਾਲਕ ਕੋਲ ਗ਼ੁਲਾਮ ਵਜੋਂ ਕੰਮ ਕਰਦਿਆਂ ਉਹ ਲੱਕੜ ਦਾ ਕਾਰੀਗਰ ਬਣ ਗਿਆ, ਪਰ ਆਜ਼ਾਦ ਹੋਣਾ ਚਾਹੁੰਦਾ ਸੀ। ਇਸ ਲਈ ਉਹ ਆਪਣੇ ਮਾਲਕ ਤੋਂ ਬਿਨਾਂ ਕੁੱਝ ਹੋਰ ਲੋਕਾਂ ਲਈ ਕੰਮ ਕਰ ਕੇ ਕੁੱਝ ਪੈਸੇ ਬਚਾ ਕੇ ਲਾਟਰੀ ਖਰੀਦਣ ਲੱਗਾ। ਉਸ ਦਾ ਸੁਪਨਾ ਸੀ ਕਿ ਜੇ ਉਹ ਲਾਟਰੀ ਜਿੱਤ ਜਾਂਦਾ ਹੈ ਤਾਂ ਉਸ ਪੈਸੇ ਨਾਲ ਉਹ ਆਪਣਾ ਮੁੱਲ ਤਾਰ ਕੇ ਆਜ਼ਾਦੀ ਹਾਸਲ ਕਰ ਸਕਦਾ ਹੈ। ਉਸ ਦਾ ਸੁਪਨਾ ਸਾਕਾਰ ਹੋ ਗਿਆ। ਉਸ ਨੂੰ 1500 ਡਾਲਰ ਦੀ ਲਾਟਰੀ ਨਿਕਲ ਆਈ। ਇਸ ਵਿਚੋਂ 600 ਡਾਲਰ ਆਪਣੀ ਕੀਮਤ ਦੇ ਕੇ ਬੱਤੀ ਸਾਲ ਦੀ ਉਮਰ ‘ਚ ਉਹ 9 ਨਵੰਬਰ 1799 ਨੂੰ ਆਜ਼ਾਦ ਹੋ ਗਿਆ, ਪਰ ਉਹ ਕਦੇ ਵੀ ਆਪਣੇ ਬੱਚਿਆਂ ਤੇ ਪਤਨੀ ਨੂੰ ਆਜ਼ਾਦ ਨਾ ਕਰਵਾ ਸਕਿਆ, ਕਿਉਂਕਿ ਉਸ ਦੇ ਮਾਲਕ ਨੇ ਉਨ੍ਹਾਂ ਦੀ ਕੀਮਤ ਲੈ ਕੇ ਆਜ਼ਾਦੀ ਦੇਣ ਤੋਂ ਇਨਕਾਰ ਕਰ ਦਿੱਤਾ। ਉਸ ਨੇ 35 ਹੋਰ ਹਮਖ਼ਿਆਲ ਗ਼ੁਲਾਮਾਂ ਨਾਲ ਰਲ ਕੇ 1816 ਵਿਚ ਚਰਚ ਸਥਾਪਤ ਕਰ ਕੇ ਗ਼ੁਲਾਮੀ ਤੋੜਨ ਲਈ ਮਾਲਕਾਂ ਦੇ ਖਿਲਾਫ਼ ਬਗ਼ਾਵਤ ਕਰਨ ਲਈ ਗ਼ੁਲਾਮਾਂ ਨੂੰ ਲਾਮਬੰਦ ਕਰਨਾ ਸ਼ੁਰੂ ਕਰ ਦਿੱਤਾ। ਜੂਨ 1822 ਵਿਚ ਸਿਟੀ ਕੋਰਟ ਨੇ 131 ਲੋਕਾਂ ਨੂੰ ਬਗ਼ਾਵਤ ਕਰਨ ਦੇ ਦੋਸ਼ ਤਹਿਤ ਗ੍ਰਿਫਤਾਰ ਕਰ ਲਿਆ ਜਿਨ੍ਹਾਂ ਵਿਚੋਂ 67 ਲੋਕਾਂ ਨੂੰ ਦੋਸ਼ੀ ਗਰਦਾਨਿਆ ਗਿਆ ਅਤੇ ਡੈਨਮਾਰਕ ਵੀਜ਼ੀ ਸਮੇਤ 35 ਲੋਕਾਂ ਨੂੰ ਦੋ ਜੁਲਾਈ 1822 ਨੂੰ ਫਾਂਸੀ ਲਾ ਦਿੱਤਾ ਗਿਆ। ਨਸਲੀ ਗੋਰਿਆਂ ਨੇ ਇਸ ਚਰਚ ਨੂੰ ਭੰਨ-ਤੋੜ ਕੇ ਅੱਗ ਲਾ ਦਿੱਤੀ। 1834 ਵਿਚ ਲੋਕ ਇਸ ਚਰਚ ਦੇ ਨਾਂ ‘ਤੇ ਇਕੱਠੇ ਹੋ ਕੇ ਗੁਪਤ ਮੀਟਿੰਗਾਂ ਕਰਨ ਲੱਗੇ ਅਤੇ 1865 ‘ਚ ਚਰਚ ਦੀ ਇਮਾਰਤ ਫਿਰ ਉਸਾਰ ਲਈ, ਪਰ 1886 ਵਿਚ ਆਏ ਭੂਚਾਲ ਨੇ ਇਕ ਵਾਰ ਫਿਰ ਇਹ ਚਰਚ ਤਬਾਹ ਕਰ ਦਿੱਤਾ। ਚਰਚ ਦੀ ਮੌਜੂਦਾ ਇਮਾਰਤ 1891 ਨੂੰ ਉਸਾਰੀ ਗਈ ਅਤੇ1995 ਵਿਚ ਇਸ ਚਰਚ ਨੂੰ ਅਮਰੀਕਾ ਦੀ ਇਤਿਹਾਸਕ ਯਾਦਗਰ ਐਲਾਨਿਆ ਗਿਆ।
ਸਾਊਥ ਕੈਰੋਲਾਈਨਾ ਦੀ ਗਵਰਨਰ ਭਾਵੇਂ ਭਾਰਤੀ ਮੂਲ ਦੀ ਹੈ, ਪਰ ਇਸ ਸੂਬੇ ਨੂੰ ਅੱਜ ਵੀ ਵੱਧ ਨਸਲੀ ਵਿਤਕਰੇ ਵਾਲੇ ਸਟੇਟਾਂ ‘ਚ ਸ਼ੁਮਾਰ ਕੀਤਾ ਜਾਂਦਾ ਹੈ। ਕਾਲ਼ਿਆਂ ਦੀ ਗ਼ੁਲਾਮੀ ਖ਼ਤਮ ਕਰਨ ਜਾਂ ਨਾ ਕਰਨ ਦੇ ਮੁੱਦੇ ਉਪਰ ਜਦ ਅਮਰੀਕਾ ਅੰਦਰ ਖਾਨਾਜੰਗੀ ਲੱਗੀ ਤਾਂ ਇਹ ਰਾਜ ਗ਼ੁਲਾਮੀ ਚਾਲੂ ਰੱਖਣ ਦੇ ਹੱਕ ਵਿਚ ਸੀ। ਅੱਜ ਵੀ ਇਸ ਸਟੇਟ ਦੀ ਰਾਜਧਾਨੀ ਦੀ ਇਮਾਰਤ ਉਤੇ ਦੋ ਝੰਡੇ ਝੂਲ ਰਹੇ ਹਨ; ਇੱਕ ਸਟੇਟ ਦਾ ਝੰਡਾ ਤੇ ਦੂਜਾ ਖਾਨਾਜੰਗੀ ਵੇਲੇ ਦਾ ਕਨਫੈਡਰੇਸ਼ਨ ਫਲੈਗ ਜਿਸ ਨੂੰ ਅਫ਼ਰੀਕੀ ਮੂਲ ਦੇ ਅਮਰੀਕੀ ਤੇ ਹੋਰ ਅਗਾਂਹਵਧੂ ਲੋਕ ਗ਼ੁਲਾਮੀ ਦਾ ਪ੍ਰਤੀਕ ਸਮਝਦੇ ਹੋਏ ਉਤਾਰਨ ਦੀ ਮੰਗ ਕਰਦੇ ਆ ਰਹੇ ਹਨ, ਪਰ ਸੱਜੇ-ਪੱਖੀ ਇਸ ਨੂੰ ਇਤਿਹਾਸ ਦਾ ਹਿੱਸਾ ਦੱਸਦੇ ਹੋਏ ਝੁਲਾ ਰਹੇ ਹਨ। ਨਿੱਕੀ ਰੰਧਾਵਾ ਹੇਲੀ ਦੇ ਇਸ ਸਟੇਟ ਦੀ ਗਵਰਨਰ ਬਣਨ ‘ਤੇ ਭਾਰਤੀ ਮੂਲ ਦੇ ਲੋਕ ਭਾਵੇਂ ਜ਼ਰੂਰ ਮਾਣ ਮਹਿਸੂਸ ਕਰਦੇ ਹਨ, ਪਰ ਉਸ ਨੇ ਗਵਰਨਰ ਬਣਨ ਲਈ ਜਿਵੇਂ ਸਿਰੇ ਦੇ ਸੱਜੇ-ਪੱਖੀਆਂ ਦਾ ਸਹਾਰਾ ਲਿਆ, ਅਮਰੀਕਾ ਦੇ ਤਮਾਮ ਅਗਾਂਹਵਧੂ ਹਲਕਿਆਂ ਨੇ ਉਸ ਨੂੰ ਕਦੇ ਸਲਾਹਿਆ ਨਹੀਂ। ਗੋਲੀ ਕਾਂਡ ਤੋਂ ਬਾਅਦ ਗਵਰਨਰ ਨਿੱਕੀ ਨੇ ਆਖਿਆ ਕਿ ਇਸ ਘਟਨਾ ਨਾਲ਼ ਸਾਊਥ ਕੈਰੋਲਾਈਨਾ ਰਾਜ ਮਾਨਸਿਕ, ਬੌਧਿਕ ਤੇ ਇਖ਼ਲਾਕੀ ਪੱਖੋਂ ਟੁੱਟ ਗਿਆ ਹੈ ਤੇ ਉਹ 21 ਸਾਲਾ ਕਾਤਲ ਡੈਨਿਲ ਰੂਫ ਨੂੰ ਮੌਤ ਦੀ ਸਜ਼ਾ ਦੇਣ ਦੀ ਮੰਗ ਕਰੇਗੀ।
ਠੀਕ ਹੈ ਕਿ ਅਜਿਹੀਆਂ ਵਾਰਦਾਤਾਂ ਕਰਨ ਵਾਲਿਆਂ ਨੂੰ ਕਾਨੂੰਨ ਮੁਤਾਬਕ ਸਖ਼ਤ ਸਜ਼ਾਵਾਂ ਹੋਣੀਆਂ ਚਾਹੀਦੀਆਂ ਹਨ। ਨਾਲ ਹੀ ਸਵਾਲ ਉਠ ਰਿਹਾ ਹੈ ਕਿ ਕਿਸੇ ਇਕ ਨੂੰ ਮੌਤ ਦੀ ਸਜ਼ਾ ਦੇ ਕੇ ਨਸਲੀ ਵਿਤਕਰਾ ਖ਼ਤਮ ਹੋ ਸਕਦਾ ਹੈ? ਸਾਡੀ ਸਮਝ ਮੁਤਾਬਕ, ਨਿੱਕੀ ਰੰਧਾਵਾ ਸਮੇਤ ਸਭ ਧਿਰਾਂ ਦੇ ਰਾਜਸੀ ਲੋਕਾਂ, ਧਾਰਮਿਕ ਤੇ ਸਮਾਜਕ ਕਾਰਕੁਨਾਂ ਨੂੰ ਨਿੱਜੀ ਤੌਰ ‘ਤੇ ਵੀ, ਤੇ ਜਥੇਬੰਦਕ ਤੌਰ ‘ਤੇ ਵੀ ਸੰਜੀਦਗੀ ਨਾਲ ਉਨ੍ਹਾਂ ਮੁੱਦਿਆਂ ਉਪਰ ਵਿਚਾਰ ਕਰਨਾ ਪਵੇਗਾ ਜਿਹੜੇ ਅਜਿਹੀਆਂ ਵਾਰਦਾਤਾਂ ਤੋਂ ਬਾਅਦ ਅਕਸਰ ਉਭਰਦੇ ਹਨ।
ਇਹ ਗੱਲ ਇਕ ਵਾਰ ਫਿਰ ਸੱਚੀ ਸਾਬਤ ਹੋਈ ਹੈ ਕਿ ਅਜਿਹੀਆਂ ਵਾਰਦਾਤਾਂ ਗ਼ੇਰ-ਕਾਨੂੰਨੀ ਗੰਨਾਂ ਨਾਲ ਨਹੀਂ ਸਗੋਂ ਲਾਇਸੈਂਸੀ ਗੰਨਾਂ ਨਾਲ ਹੁੰਦੀਆਂ ਹਨ। ਤੱਤਕਾਲੀ ਵਾਰਦਾਤ ਦਾ ਮੁਜਰਮ ਡੈਨਿਲ ਰੂਫ ਲੰਘੀ 3 ਅਪਰੈਲ ਨੂੰ 21 ਸਾਲ ਦਾ ਹੋਇਆ ਹੈ ਤੇ ਉਸ ਦੇ ਪਿਉ ਨੇ ਉਸ ਨੂੰ ਜਨਮ ਦਿਨ ਦੇ ਤੋਹਫ਼ੇ ਵਜੋਂ 45 ਕੈਲੀਬਰ ਦੀ ਗੰਨ ਲੈ ਕੇ ਦਿੱਤੀ। ਇਸ ਗੰਨ ਨਾਲ ਉਸ ਨੇ 18 ਜੂਨ ਦੀ ਰਾਤ ਨੂੰ ਪੀੜਤ ਪਰਿਵਾਰਾਂ ਲਈ ਕਦੇ ਨਾ ਮੁੱਕਣ ਵਾਲੀ ਰਾਤ ਲਿਆ ਦਿੱਤੀ। ਖੇਡ ਵਜੋਂ ਗੰਨ ਖਰੀਦਣਾ ਵੱਖਰਾ ਵਿਸ਼ਾ ਹੈ ਪਰ ਫੌਜ ਦੇ ਬਰਾਬਰ ਦੀਆਂ ਗੰਨਾਂ ਆਮ ਲੋਕਾਂ ਵੱਲੋਂ ਰੱਖਣ ਪਿਛੇ ਆਖਰਕਾਰ ਤਰਕ ਕੀ ਹੈ? ਪਿਛਲੀਆਂ ਚੋਣਾਂ ਦੌਰਾਨ ਪੰਜ ਮਿਲੀਅਨ ਮੈਂਬਰਾਂ ਵਾਲੀ ਅਮਰੀਕਨ ਰਾਈਫ਼ਲ ਐਸੋਸੀਏਸ਼ਨ ਨੇ 18 ਮਿਲੀਅਨ ਤੋਂ ਵੱਧ ਡਾਲਰ ਗੰਨ ਕਲਚਰ ਦੇ ਹੱਕ ਵਿਚ ਪ੍ਰਚਾਰ ਕਰਨ ਲਈ ਖ਼ਰਚੇ ਸਨ।
ਦੂਜਾ ਮੁੱਦਾ ਇਹ ਉਭਰਿਆ ਹੈ ਕਿ ਨਸਲੀ ਹਿੰਸਾ ਕਰਨ ਵਾਲਿਆਂ ਵਿਚੋਂ ਜ਼ਿਆਦਾ 25 ਸਾਲ ਦੇ ਆਸ-ਪਾਸ ਦੇ ਉਹ ਲੋਕ ਹਨ ਜਿਹੜੇ ਮੰਦਬੁੱਧੀ ਵਾਲੇ ਨਿਰਾਸ਼ ਤੇ ਜ਼ਿੰਦਗੀ ‘ਚ ਫੇਲ੍ਹ ਹੋਏ ਲੋਕ ਹੁੰਦੇ ਹਨ। ਅਜਿਹੇ ਲੋਕ ਵਾਰਦਾਤ ਕਰਨ ਤੋਂ ਪਹਿਲਾਂ ਆਸ-ਪਾਸ ਦੇ ਲੋਕਾਂ ਨੂੰ ਦੱਸਦੇ ਵੀ ਹਨ। ਉਹ ਆਪਣੇ ਫੇਲ੍ਹ ਹੋਣ ਦਾ ਦੋਸ਼ ਦੂਜੇ ਲੋਕਾਂ ਨੂੰ ਦਿੰਦੇ ਹਨ। ਮੌਜੂਦਾ ਘਟਨਾ ਨੂੰ ਇਲਜ਼ਾਮ ਦੇਣ ਵਾਲਾ ਡੈਨਿਲ ਰੂਫ ਦਸਵੀਂ ਤੋਂ ਬਾਅਦ ਸਕੂਲ ਨਹੀਂ ਗਿਆ। ਪਿਛਲੇ ਸਾਲ ਦੋ ਵਾਰ ਡਰੱਗ ਲਈ ਚਾਰਜ ਹੋਇਆ। ਕੋਈ ਕੰਮ ਨਹੀਂ ਸੀ ਕਰਦਾ, ਫਿਰ ਵੀ ਮਾਪਿਆਂ ਵੱਲੋਂ ਉਸ ਨੂੰ ਜਨਮ ਦਿਨ ਸੌਗਾਤ ਗੰਨ ਲੈ ਕੇ ਦੇਣ ਦੀ ਕੀ ਤੁੱਕ ਬਣਦੀ ਸੀ? ਗੰਨ ਮਿਲਣ ਤੋਂ ਬਾਅਦ ਉਸ ਨੇ ਆਪਣੇ ਦੋਸਤਾਂ ਨੂੰ ਕਹਿਣਾ ਚਾਲੂ ਕਰ ਦਿੱਤਾ ਕਿ ਕਾਲ਼ੇ ਲੋਕ ਉਨ੍ਹਾਂ ਦੀਆਂ (ਗੋਰੀਆਂ) ਕੁੜੀਆਂ ਨਾਲ ਬਦਸਲੂਕੀ ਕਰਦੇ ਹਨ, ਇਸ ਲਈ ਉਹ ਕੁਝ ਕਰਨਾ ਚਾਹੁੰਦਾ ਹੈ। ਇਸ ਦੇ ਨਾਲ਼ ਹੀ ਉਸ ਨੇ ਸੋਸ਼ਲ ਮੀਡੀਆ ਉਪਰ ਨਸਲਪ੍ਰਸਤੀ ਵਾਲਾ ਮੈਟਰ ਤੇ ਫ਼ੋਟੋਆਂ ਪੋਸਟ ਕਰਨੀਆਂ ਸ਼ੁਰੂ ਕਰ ਦਿੱਤੀਆਂ, ਪਰ ਸਭ ਨੇ ਇਸ ਨੂੰ ਮਖ਼ੌਲ ਵਜੋਂ ਹੀ ਲਿਆ। ਨਸਲੀ ਨਫ਼ਰਤ ਤੋਂ ਵੱਧ ਇਹ ਮਾਨਸਿਕ ਮਸਲਾ ਹੈ। ਜਿਨ੍ਹਾਂ ਦਿਨਾਂ ‘ਚ ਇਹ ਘਟਨਾ ਵਾਪਰੀ, ਉਨ੍ਹਾਂ ਦਿਨਾਂ ਵਿਚ ਹੀ ਸਾਬਕਾ ਰਾਸ਼ਟਰਪਤੀਆਂ ਦਾ ਪੁੱਤ ਤੇ ਭਰਾ ਜੈਬ ਬੁਸ਼ ਅਗਲੇ ਰਾਸ਼ਟਰਪਤੀ ਦੀ ਚੋਣ ਲਈ ਰਿਪਬਲਿਕਨ ਉਮੀਦਵਾਰੀ ਜਿੱਤਣ ਲਈ ਇਸ ਸ਼ਹਿਰ ਆਉਣ ਵਾਲਾ ਸੀ।
ਅਮਰੀਕੀ ਸਮਾਜ ‘ਚ ਇਹ ਮਸਲਾ ਵੀ ਜ਼ੋਰ ਫੜਦਾ ਜਾ ਰਿਹਾ ਹੈ ਕਿ ਰਾਜਸੀ ਲੀਡਰਾਂ ਨੂੰ ਦੋਹਰੇ ਅਰਥਾਂ ਵਾਲੀ ਭਾਸ਼ਾ ਵਰਤਣ ਤੋਂ ਗੁਰੇਜ਼ ਕਰਨਾ ਚਾਹੀਦਾ, ਖ਼ਾਸ ਕਰ ਕੇ ਨਸਲੀ ਵਖਰੇਵਿਆਂ ਦੇ ਮਾਮਲੇ ਵਿਚ ਮੁਲਕ ਭਰ ‘ਚ ਮੰਗ ਉਠ ਰਹੀ ਹੈ ਕਿ ਦੱਖਣੀ ਕੈਰੋਲਾਈਨਾ ਦੀ ਰਾਜਧਾਨੀ ਦੀ ਇਮਾਰਤ ਤੋਂ ਗ਼ੁਲਾਮੀ ਦਾ ਪ੍ਰਤੀਕ ਸਮਝਿਆ ਜਾਂਦਾ ‘ਕਨਫੈਡਰੇਸ਼ਨ ਝੰਡਾ’ ਉਤਾਰਿਆ ਜਾਵੇ। ਇਥੇ ਇਹ ਜ਼ਿਕਰ ਕਰਨਾ ਬਣਦਾ ਹੈ ਕਿ ਸਿਰਫਿਰੇ ਗੋਰੇ ਨੇ ਅਫ਼ਰੀਕੀ ਮੂਲ ਦੇ 9 ਅਮਰੀਕੀ ਮਾਰ ਦਿੱਤੇ, ਪਰ ਉਹ ਫਿਰ ਵੀ ਸ਼ਾਂਤ ਹਨ, ਪੀੜਤ ਪਰਿਵਾਰ ਬਿਆਨ ਦੇ ਰਹੇ ਹਨ ਕਿ ਉਹ ਕਾਤਲ ਦਾ ਜੁਰਮ ਮੁਆਫ਼ ਕਰਦੇ ਹਨ, ਪਰ ਇਸੇ ਸ਼ਹਿਰ ਵਿਚ ਦੋ ਕੁ ਹਫ਼ਤੇ ਪਹਿਲਾਂ ਗੋਰੇ ਪੁਲੀਸ ਅਫ਼ਸਰ ਨੇ ਨਿਹੱਥੇ ਕਾਲ਼ੇ ਨੂੰ ਮਾਰ ਦਿੱਤਾ ਸੀ। ਲੋਕਾਂ ਦਾ ਹਜ਼ੂਮ ਸਾੜ ਫੂਕ ‘ਤੇ ਉਤਰ ਆਇਆ ਸੀ। ਸਪਸ਼ਟ ਹੈ ਕਿ ਲੋਕ ਲੋਕਾਂ ਖਿਲਾਫ਼ ਨਹੀਂ, ਜਦ ਪੁਲੀਸ ਕੋਈ ਗ਼ਲਤ ਕੰਮ ਕਰਦੀ ਹੈ ਤਾਂ ਲੋਕਾਂ ਦਾ ਗੁੱਸਾ ਸਰਕਾਰੀ ਅਫ਼ਸਰਾਂ ਤੇ ਰਾਜਸੀ ਨੇਤਾਵਾਂ ਦੇ ਖਿਲਾਫ਼ ਨਿਕਲਦਾ ਹੈ। ਇਹ ਤਲਖ਼ ਹਕੀਕਤ ਹੈ ਕਿ ਸਖ਼ਤ ਕਾਨੂੰਨਾਂ ਦੇ ਬਾਵਜੂਦ ਅੱਜ ਵੀ ਨਸਲੀ ਵਿਤਕਰੇ ਦਾ ਸਭ ਤੋਂ ਵੱਧ ਸ਼ਿਕਾਰ ਕਾਲ਼ੇ ਲੋਕ ਹੀ ਹੁੰਦੇ ਹਨ। ਅਜੇ ਵੀ ਇਨ੍ਹਾਂ ਨੂੰ ਬਹੁਤ ਲੋਕ ਜਾਹਲ ਹੀ ਸਮਝ ਰਹੇ ਹਨ। ਕਈ ਹੋਰ ਦੂਜੇ ਭਾਈਚਾਰਿਆਂ ਵਿਚ ਗਿਣਤੀ ਪੱਖੋਂ ਜੁਰਮ ਦਰ ਕਾਫ਼ੀ ਉਤੇ ਹੈ, ਪਰ ਸਭ ਦੀਆਂ ਨਜ਼ਰਾਂ ਕਾਲ਼ਿਆਂ ‘ਤੇ ਹੁੰਦੀਆਂ ਹਨ, ਇਨ੍ਹਾਂ ਖਿਲਾਫ਼ ਹੁੰਦੀ ਹਿੰਸਾ ਖਿਲਾਫ਼ ਦੂਜੇ ਲੋਕ ਅਕਸਰ ਚੁੱਪ ਜਾਂ ਵੱਖ ਹੀ ਰਹਿੰਦੇ ਹਨ।
ਐਫ਼ਬੀæਆਈæ ਦੇ 2013 ਵਾਲੇ ਅੰਕੜਿਆਂ ਮੁਤਾਬਕ ਨਫ਼ਰਤ ਨਾਲ ਸਬੰਧਤ ਕੁੱਲ ਜੁਰਮਾਂ ਵਿਚੋਂ 48æ5 ਫ਼ੀਸਦੀ ਨਸਲੀ, 20æ8 ਲਿੰਗ ਨਾਲ ਸਬੰਧਤ, 17æ4 ਧਾਰਮਿਕ ਨਫ਼ਰਤ, 11æ1 ਸਭਿਆਚਾਰਕ ਤੇ ਦਿੱਖ ਵਗੈਰਾ ਦੇ ਵਖਰੇਵੇਂ, 1æ4 ਫ਼ੀਸਦੀ ਸਰੀਰਕ ਪੱਖੋਂ ਅੰਗਹੀਣ ਅਤੇ 8 ਫੀਸਦੀ ਸਮਲਿੰਗੀ ਤੇ ਹੋਰ ਨਫ਼ਰਤ ਨਾਲ ਸਬੰਧਤ ਹੁੰਦੇ ਹਨ। ਇਨ੍ਹਾਂ ‘ਚੋਂ ਸਭ ਤੋਂ ਵੱਧ 32æ7 ਫ਼ੀਸਦੀ ਅਪਰਾਧ ਕਾਲ਼ਿਆਂ ਖਿਲਾਫ਼, 19æ8 ਫ਼ੀਸਦੀ ਖੁਸਰਿਆਂ ਜਾਂ ਸਮਲਿੰਗੀਆਂ ਖਿਲਾਫ਼, 10æ4 ਫ਼ੀਸਦੀ ਗੋਰਿਆਂ, 10æ2 ਯਹੂਦੀਆਂ, 6 ਫ਼ੀਸਦੀ ਮੈਕਸੀਕਨ ਤੇ ਹੋਰ ਦੱਖਣੀ ਅਮਰੀਕਾ ਦੇ ਲੋਕਾਂ ਖਿਲਾਫ਼, 2æ3 ਮੁਸਲਮਾਨਾਂ ਦੇ ਖਿਲਾਫ਼ ਤੇ 18 ਫ਼ੀਸਦੀ ਬਾਕੀ ਸਭ ਲੋਕਾਂ ਦੇ ਵਿਰੁੱਧ।
ਦਿਲਚਸਪ ਗੱਲ ਹੈ ਕਿ ਜਿਨ੍ਹਾਂ ਲੋਕਾਂ ਨੂੰ ਘੱਟ ਨਫ਼ਰਤ ਦਾ ਸ਼ਿਕਾਰ ਹੋਣਾ ਪਿਆ, ਉਹੀ ਸਭ ਤੋਂ ਵੱਧ ਰੌਲਾ ਪਾਉਂਦੇ ਹਨ। ਵਿਤਕਰੇ ਖ਼ਤਮ ਕਰਨ ਲਈ ਸਖ਼ਤ ਕਾਨੂੰਨਾਂ ਦੇ ਨਾਲ ਨਾਲ ਲੋਕਾਂ ਦੇ ਦਿਮਾਗ਼ਾਂ ਨੂੰ ਲੱਗੇ ਜਾਲ਼ੇ ਅਤੇ ਮਨਾਂ ਦੀ ਧੁੰਦ ਵੀ ਸਾਫ਼ ਕਰਨੀ ਪੈਣੀ ਹੈ। ਇਸ ਲਈ ਧਾਰਮਿਕ, ਸਮਾਜਕ, ਸਭਿਆਚਾਰਕ ਤੇ ਹੋਰ ਮਨੁੱਖੀ ਅਦਾਰਿਆਂ ਨੂੰ ਰਲ ਕੇ ਮਨੁੱਖੀ ਚੇਤਨਾ ਲਈ ਹੰਭਲੇ ਮਾਰਨ ਦੀ ਲੋੜ ਹੈ। ਇਹ ਤਾਂ ਹੀ ਸੰਭਵ ਹੈ, ਜੇ ਗੁਆਂਢੀ ਦੇ ਘਰ ਲੱਗੀ ਅੱਗ ਬੁਝਾਉਣ ਲਈ ਅਸੀਂ ਖੁਦ ਪਾਣੀ ਦੀ ਬਾਲਟੀ ਲੈ ਕੇ ਜਾਈਏ; ਨਹੀਂ ਤਾਂ ਅੱਗ ਕਦੇ ਵੀ ਸਾਡੇ ਘਰ ਆ ਸਕਦੀ ਹੈ। ਪੰਜਾਬੀ ਅਖਾਣ ਹੈ- ਬਿਗਾਨੀ ਅੱਗ ਨੂੰ ਬਸੰਤਰ ਨਹੀਂ ਸਮਝਣਾ ਚਾਹੀਦਾ।