ਸੰਪਾਦਕ ਜੀ,
20 ਅਕਤੂਬਰ ਦੇ ਪੰਜਾਬ ਟਾਈਮਜ਼ ਵਿਚ ਡਾæ ਗੁਰਤਰਨ ਸਿੰਘ ਨੇ ਮਰਹੂਮ ਹਰਿੰਦਰ ਸਿੰਘ ਮਹਿਬੂਬ ਬਾਰੇ ਜੋ ਲਿਖਿਆ ਹੈ, ਉਹ ਬਿਲਕੁਲ ਸਹੀ ਹੈ। ਮਹਿਬੂਬ ਸਾਹਿਬ ਦੀ ਵਿਚਾਰਧਾਰਾ ਨਾਲ ਸਹਿਮਤ ਹੋਣਾ ਜਾਂ ਨਾ ਹੋਣਾ ਇੱਕ ਬਿਲਕੁਲ ਹੀ ਵੱਖਰਾ ਸਵਾਲ ਹੈ ਪਰ ਮਹਿਬੂਬ ਸਾਹਿਬ ਇੱਕ ਫ਼ਕੀਰਾਨਾ ਤਬੀਅਤ ਦੇ ਮਾਲਕ, ਪੜ੍ਹੇ ਅਤੇ ਗੁੜ੍ਹੇ ਹੋਏ ਵਿਦਵਾਨ ਸਨ। ਮੇਰੇ ਸਮਕਾਲੀਆਂ ਵਿਚੋਂ ਉਹ ਸਿੱਖ ਜਗਤ ਦੇ ਬਹੁਤ ਹੀ ਸਤਿਕਾਰਤ ਵਿਦਵਾਨ ਸਨ ਜਿਨ੍ਹਾਂ ਨੂੰ ਇਨਾਮ ਅਤੇ ਸਤਿਕਾਰ ਲਈ ਕਿਸੇ ਦੀ ਸਿਫਾਰਸ਼ ਦੀ ਲੋੜ ਨਹੀਂ ਸੀ। ਉਨ੍ਹਾਂ ਨੇ ਜੋ ਲਿਖਿਆ, ਆਪਣੇ ਸੱਚੇ ਦਿਲੋਂ ਲਿਖਿਆ, ਮਨ ਦੀਆਂ ਡੂੰਘਾਈਆਂ ਵਿਚੋਂ ਲਿਖਿਆ, ਉਨ੍ਹਾਂ ਲਿਖਤਾਂ ਨਾਲ ਸਹਿਮਤ ਹੋਣਾ ਜਾਂ ਨਾ ਹੋਣਾ ਕਿਸੇ ਦਾ ਵੀ ਜ਼ਾਤੀ ਮਾਮਲਾ ਹੈ। ਉਹ ਵਿਦਵਾਨ ਸੀ ‘ਕਥਾਕਾਰ’ ਨਹੀਂ ਸੀ।
ਅਖਬਾਰ ਵਿਚ ਸ਼ ਅਜਮੇਰ ਸਿੰਘ ਦੀ ਤਕਰੀਰ ਦੀ ਖਬਰ ਪੜ੍ਹੀ ਜਿਸ ਵਿਚ ਉਨ੍ਹਾਂ ਸਰਦਾਰ ਭਗਤ ਸਿੰਘ ਨੂੰ ‘ਸ਼ਹੀਦ-ਏ-ਆਜ਼ਮ’ ਕਹਿਣ ‘ਤੇ ਕਿੰਤੂ ਕੀਤਾ ਹੈ। ਮੁਲਕ ਕਿਸੇ ਧਰਮ ਦਾ ਨਹੀਂ ਹੁੰਦਾ ਉਹ ਲੋਕਾਂ ਦਾ ਹੁੰਦਾ ਹੈ। ਗੁਰੂ ਨਾਨਕ ਜਦੋਂ ਕਹਿੰਦੇ ਹਨ ‘ਖੁਰਾਸਾਨ ਖਸਮਾਨਾ ਕੀਆ ਹਿੰਦੁਸਤਾਨ ਡਰਾਇਆ’ ਤਾਂ ਕੀ ਉਹ ਸਰਬਤ ਦਾ ਭਲਾ ਨਹੀਂ ਚਾਹੁੰਦੇ? ਜਾਂ ਕੀ ਉਨ੍ਹਾਂ ਦੇ ਮਨ ਵਿਚ ਆਪਣੇ ਮੁਲਕ ਵਾਸਤੇ ਦਰਦ ਨਹੀਂ ਸੀ? ਕੀ ਸੀ ਉਹ ਜਿਸ ਲਈ ਉਨ੍ਹਾਂ ਨੇ ਰੱਬ ਨੂੰ ਵੀ ਉਲਾਂਭਾ ਦਿੱਤਾ? ਬਾਬਾ ਨਾਨਕ ਅੱਗੇ ਫੁਰਮਾਉਂਦੇ ਹਨ, ‘ਮੁਸਮਾਨੀਆ ਪੜਹਿ ਕਤੇਬਾ ਕਸਟ ਮਹਿ ਕਰਹਿ ਖੁਦਾਇ ਵੇ ਲਾਲੋ॥ ਜਾਤਿ ਸਨਾਤੀ ਹੋਰਿ ਹਿਦਵਾਣੀਆ ਏਹਿ ਭੀ ਲੇਖੈ ਲਾਇ ਵੇ ਲਾਲੋ॥’ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਤਾਂ ਮਨੁੱਖ ਦੇ ਹਿਰਦੇ ਨੂੰ, ਉਸ ਦੀ ਚੇਤੰਨਤਾ ਨੂੰ ਬਹੁਤ ਵਿਸ਼ਾਲ ਬਣਾਉਂਦੀ ਹੈ, ਬੁਲੰਦੀਆਂ ਬਖਸ਼ਦੀ ਹੈ। ਸੌੜੀ ਸੋਚ ਤਾਂ ‘ਕੂੜੈ ਪਾਲਿ’ ਹੈ। ਭਗਤ ਸਿੰਘ ਨੇ ਇੱਕ ਅਹਿਦ ਲਈ ਸ਼ਹਾਦਤ ਦਿੱਤੀ। ਅਹਿਦ ਦੀ ਪਾਲਣਾ ਖਾਤਰ ਮਰਜ਼ੀ ਨਾਲ ਸਿਰ ਵਾਰ ਦੇਣਾ ਹੀ ਤਾਂ ਸ਼ਹਾਦਤ ਹੈ, ਇਹੀ ਗੁਰਬਾਣੀ ਸਿਖਾਉਂਦੀ ਹੈ। ਦੇਸ਼ ਦੀ ਅਜ਼ਾਦੀ ਲਈ ਮਰਨਾ ਕੋਈ ਛੋਟਾ ਕਾਜ ਨਹੀਂ ਹੈ। ਇਹੀ ਤਾਂ ਗ਼ਦਰੀ ਬਾਬਿਆਂ ਨੇ ਕੀਤਾ। ਆਪਣੇ ਮੁਲਕ ਨੂੰ ਗ਼ੁਲਾਮੀ ਤੋਂ ਅਜ਼ਾਦ ਕਰਾਉਣ ਲਈ ਜੂਝਣਾ ਅਤੇ ਫਿਰ ਜਾਨ ਦੇਣੀ ਕੋਈ ਸਵਾਰਥੀ ਕਰਮ ਨਹੀਂ ਹੈ, ਸਰਬੱਤ ਦਾ ਭਲਾ ਮੰਗਣਾ ਹੀ ਹੈ। ਇਸ ਨਾਲ ਸਰਦਾਰ ਭਗਤ ਸਿੰਘ ਦਾ ਤਾਂ ਕੁੱਝ ਨਹੀਂ ਵਿਗੜਦਾ ਸਾਡੀ ਸੋਚ ਹੀ ਤੰਗ ਹੁੰਦੀ ਹੈ। ਨੌਜੁਆਨਾਂ ਵਾਸਤੇ ਭਗਤ ਸਿੰਘ ਇੱਕ ਪ੍ਰੇਰਨਾ ਸਰੋਤ ਹੈ। ਸਿੱਖ ਗੁਰੂ ਦਾ ਬੱਚਾ ਹੁੰਦਾ ਹੈ। ਬੱਚੇ ਦੀ ਗੁਰੂ ਨਾਲ ਤੁਲਨਾ ਕਰਨ ਦੀ ਕਿਹੜੀ ਲੋੜ ਪੈ ਗਈ। ਆਖ਼ਰਕਾਰ ਸ਼ਹਾਦਤ ਦਾ ਰਸਤਾ ਤਾਂ ਹਿੰਦੁਸਤਾਨ ਨੂੰ ਗੁਰੂ ਨੇ ਹੀ ਸਿਖਾਇਆ ਹੈ। ਬਾਬੇ ਨਾਨਕ ਦਾ ਅਦੇਸ਼ ਹੈ, ਗੁਰਿ ਕਹਿਆ ਸਾ ਕਾਰ ਕਮਾਵਹੁ॥ਗੁਰ ਕੀ ਕਰਣੀ ਕਾਹੇ ਧਾਵਹੁ॥ (ਪੰਨਾ 933)
ਬੀਬੀ ਸੁਖਨਿੰਦਰ ਕੌਰ ਸ਼ਿਕਾਗੋ ਨੇ ‘ਮੇਰਾ ਵਸਦਾ ਰਹੇ ਪੰਜਾਬ’ ਲੇਖ ਵਿਚ ਆਪਣੇ ਨਾਲ ਵਾਪਰੀ ਘਟਨਾ ਦਾ ਜ਼ਿਕਰ ਕੀਤਾ ਹੈ। ਲੋਕਾਂ ਲਈ ਰੁਜ਼ਗਾਰ ਪੈਦਾ ਕਰਨਾ ਅਤੇ ਸਾਫ-ਸੁਥਰਾ ਰਾਜ-ਪ੍ਰਬੰਧ ਦੇਣਾ ਜਿਸ ਵਿਚ ਲੋਕਾਂ ਦੀ ਜਾਨ ਅਤੇ ਮਾਲ ਸੁਰੱਖਿਅਤ ਰਹੇ, ਸਰਕਾਰਾਂ ਦਾ ਕੰਮ ਹੁੰਦਾ ਹੈ। ਪਰ ਬੀਬੀ ਸੁਖਨਿੰਦਰ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਜਿਸ ਸੂਬੇ ਦੀ ਸਰਕਾਰ ਲੋਕਾਂ ਤੋਂ ਬੱਸਾਂ ਦਾ ਰੁਜ਼ਗਾਰ, ਕੇਬਲ ਟੀ ਵੀ ਅਤੇ ਹੋਰ ਰੁਜ਼ਗਾਰ ਖੋਹਣ ‘ਤੇ ਲੱਗੀ ਹੋਵੇ, ਮੇਰਾ ਮਤਲਬ ਜਿਥੇ ਇੱਕ ਹੁਕਮਰਾਨ ਪਰਿਵਾਰ ਦਾ ਢਿੱਡ ਹੀ ਏਡਾ ਵੱਡਾ ਹੋ ਗਿਆ ਹੋਵੇ, ਜਿਥੋਂ ਦੇ ਆਗੂ ਆਪਣੀਆਂ ਆਉਣ ਵਾਲੀਆਂ ਸੱਤ ਪੀੜੀ੍ਹਆ ਲਈ ਜਾਇਦਾਦਾਂ ਬਟੋਰਨ ‘ਤੇ ਲੱਗੇ ਹੋਣ, ਉਥੋਂ ਦੇ ਨੌਜੁਆਨ ਚੋਰੀਆਂ ਨਹੀਂ ਕਰਨਗੇ, ਨਸ਼ੇ ਨਹੀਂ ਕਰਨਗੇ ਹੋਰ ਕੀ ਕਰਨਗੇ? ਉਥੇ ਕਿਸੇ ਦੇ ਜਾਨ-ਮਾਲ-ਇੱਜ਼ਤ ਕਿਵੇਂ ਸੁਰਖਿਅਤ ਰਹਿ ਸਕਦੇ ਹਨ?
ਬੀਬੀ ਸੁਰਜੀਤ ਕੌਰ ਸੈਕਰਾਮੈਂਟੋ ਨੇ ਉਲਾਂਭਾ ਦਿੱਤਾ ਹੈ ਕਿ ‘ਸ਼ਰੁਤੀ ਅਗਵਾ ਕਾਂਡ ਬਾਰੇ ਪੰਜਾਬ ਸਰਕਾਰ ਚੁੱਪ ਕਿਉਂ?’ ਬੀਬੀ ਸੁਰਜੀਤ ਕੌਰ ਜੀ, ਪਹਿਲੀ ਗੱਲ ਤਾਂ ਇਹ ਹੈ ਕਿ ਅਜਿਹੀ ਗੁੰਡਾਗਰਦੀ ਤਾਕਤ ਦੇ ਜ਼ੋਰ ਸਰਕਾਰ ਦੇ ਨੇੜਲਿਆਂ ਦੇ ਕਾਕੇ ਹੀ ਕਰਦੇ ਹਨ, ਇਸੇ ਲਈ ਪੁਲਿਸ ਚੁੱਪ ਰਹਿੰਦੀ ਹੈ। ਅੱਜਕਲ੍ਹ ਰਾਜਨੀਤੀ ਵਿਚ ਲੀਡਰ ਸੇਵਾ ਕਰਨ ਲਈ ਨਹੀਂ ਆਉਂਦੇ ਤਾਕਤ ਭੋਗਣ ਲਈ ਆਉਂਦੇ ਹਨ। ਬੀਬੀ ਜੀ ਸਾਨੂੰ ਤਾਂ ਸ਼ੁਕਰ ਕਰਨਾ ਚਾਹੀਦਾ ਹੈ ਕਿ ਮਜੀਠਿਆਂ ਅਤੇ ਬਾਦਲ ਕਿਆਂ ਨੇ ‘ਸ਼ਰੁਤੀ ਅਗਵਾ ਕਾਂਡ’ ਨੂੰ ਵੀ ਕਿਤੇ ਕੇਂਦਰੀ ਸਰਕਾਰ ਦੇ ਨਾਮ ਨਹੀਂ ਲਾ ਦਿੱਤਾ? ਨਹੀਂ ਤਾਂ ‘ਪੰਥਕ ਸਰਕਾਰ’ ਦੇ ਹੁੰਦਿਆਂ ਪੰਜਾਬ ਵਿਚ ਜੋ ਕੁੱਝ ਵੀ ਮਾੜਾ ਹੋ ਰਿਹਾ ਹੈ, ਸਭ ਕੇਂਦਰ ਕਰਵਾ ਰਿਹਾ ਹੈ। ਹੁਣ ਨਸ਼ਿਆਂ ਬਾਰੇ ਹੀ ਦੇਖ ਲਵੋ। ਆਮ ਲੋਕ, ਸਮਾਜ-ਸੇਵੀ ਸੰਸਥਾਵਾਂ ਸਭ ਪਿੱਟ ਰਹੇ ਹਨ ਕਿ ਪੰਜਾਬ ਵਿਚ ਨਸ਼ਿਆਂ ਦਾ ਛੇਵਾਂ ਦਰਿਆ ਵੱਗ ਰਿਹਾ ਹੈ। ਸ਼ ਮਨਪ੍ਰੀਤ ਸਿੰਘ ਬਾਦਲ ਨੇ ਹੀ ਕਿਹਾ ਹੈ ਕਿ ਬਾਦਲਾਂ ਦੇ ਆਪਣੇ ਪਿੰਡ ਬਾਦਲ ਵਿਚ ਛੇ ਵਿਅਕਤੀ ਹਨ ਜੋ ਨਸ਼ਿਆਂ ਦਾ ਕਾਰੋਬਾਰ ਕਰ ਰਹੇ ਹਨ। ਮਜੀਠੀਏ ਅਤੇ ਬਾਦਲਾਂ ਨੇ ਇਸ ਨੂੰ ਜਾਂ ਕੇਂਦਰ ਦੇ ਨਾਂ ਲਾ ਦਿੱਤਾ ਹੈ ਕਿ ਉਹ ਬਾਡਰ ਤੇ ਸਮਗਲਿੰਗ ਰੋਕਣ ਵਿਚ ਨਾਕਾਮਯਾਬ ਹੈ। ਕੋਈ ਪੁੱਛੇ ਕਿ ਥਾਂ ਥਾਂ ਖੋਖਿਆਂ ਤੋਂ ਤਮਾਕੂ, ਕੈਮਿਸਟਾਂ ਤੋਂ ਨਸੇæ ਦੀਆਂ ਗੋਲੀਆਂ ਤੇ ਟੀਕੇ (ਜੋ ਰਾਜ ਸਰਕਾਰ ਦੇ ਇੰਸਪੈਕਟਰਾਂ ਨੇ ਚੈਕ ਕਰਨੇ ਹੁੰਦੇ ਹਨ) ਅਤੇ ਇੱਕ ਇੱਕ ਪਿੰਡ ਵਿਚ ਖੋਲ੍ਹੇ ਤਿੰਨ ਤਿੰਨ ਠੇਕਿਆਂ ਤੋਂ ਸ਼ਰਾਬ ਵੀ ਕੀ ਕਾਂਗਰਸੀ ਹੀ ਖਰੀਦਦੇ ਹਨ? ਸੰਗਰੂਰ ਅਤੇ ਬਠਿੰਡਾ ਜਿਲਿਆਂ ਦੀਆਂ ਤਕਰੀਬਨ 52 ਪੰਚਾਇਤਾਂ ਨੇ ਰਲ ਕੇ ਫੈਸਲਾ ਕੀਤਾ ਕਿ ਅਸੀਂ ਆਪਣੇ ਪਿੰਡਾਂ ਵਿਚ ਠੇਕੇ ਨਹੀਂ ਰਹਿਣ ਦੇਣੇ। ਪੰਥਕ ਸਰਕਾਰ ਦੀ ਪੁਲਿਸ ਨੇ ਜਿਸ ਵੀ ਪੰਚਾਇਤ ਨੇ ਠੇਕਾ ਚੁਕਾਉਣ ਦੀ ਕੋਸ਼ਿਸ਼ ਕੀਤੀ, ਉਸ ਨੂੰ ਤੰਗ ਕੀਤਾ। ਸੁਖਬੀਰ ਸਿੰਘ ਬਾਦਲ ਅਤੇ ਬਿਕਰਮ ਸਿੰਘ ਮਜੀਠੀਆ ਲੋਕਾਂ ਨੂੰ ਦੱਸਣ ਕਿ ਪੰਜਾਬ ਦੇ ਠੇਕਿਆਂ ਵਿਚ ਪਹਿਲਾਂ ਤੋਂ ਕਿੰਨੀ ਘੱਟ ਵਿਕਰੀ ਹੋਈ ਹੈ, ਸ਼ਰਾਬ ਦੀ? ਜਾਂ ਕੀ ਪੰਥਕ ਸਰਕਾਰ ਸ਼ਰਾਬ ਨੂੰ ਨਸ਼ਾ ਨਹੀਂ ਸਮਝਦੀ? ਆਵਾਜ ਉਠਾਉਣ ਲਈ ਦੋਹਾਂ ਬੀਬੀਆਂ ਦਾ ਧੰਨਵਾਦ ਕਰਨਾ ਬਣਦਾ ਹੈ।
-ਡਾæ ਗੁਰਨਾਮ ਕੌਰ, ਕੈਨੇਡਾ
Leave a Reply